' ਕੁਸ਼ਲ / ਸਕੁਸ਼ਲ ' - ਰਣਜੀਤ ਕੌਰ  ਤਰਨ ਤਾਰਨ

ਪਿਆਰੇ ਦੋਸਤ,
ਕਿਤੇ ਚਿੱਤ ਚੇਤਾ ਵੀ ਨਹੀਂ ਸੀ ਕਿ ਕਦੀ ਤੂੰ ਸਾਨੂੰ ਯਾਦ ਕਰੇਂਗਾ  ਤੇ ਤੇਰਾ ਖ਼ਤ ਆਵੇਗਾ।ਸੱਚ ਮੰਨ ਆੜੀ ਮੈਥੋਂ ਖੂਸ਼ੀ ਸੰਭਾਲੀ ਨੀ੍ਹ ਜਾ ਰਹੀ।ਤੇਰੇ ਨਾਲ ਗੁਜਾਰੇ ਉਹ ਸਕੂਲ ਦੇ ਦਿਨ ਫਿਲਮ ਵਾਂਗ ਅੱਖਾਂ ਅੱਗੇ ਘੂੰਮਣ ਲਗੇ।ਕਿਆ ਦਿਨ ਥੇ ਵੋ-    "ਪਤਾ ਨਹੀਂ ਸੀ ਆਪਣੇ ਹਾਲ ਦਾ,ਤੂੰ ਪੁਛਿਆ ਤੇ ਯਾਦ ਆ ਗਿਆ"।
"  ਦਸਤਕ ਸੁਣ ਲਈ ਹੈ ਦੋਸਤਾ, ਰਤਾ ਉਡੀਕ-ਬਰੂਹਾਂ ਚੁੰਮ ਕੇ,ਦਿਲ ਦਾ ਵਿਹੜਾ ਸਜਾ ਲਵਾਂ............. ਅ                          ਤੇਰੇ ਬੈਠਣ ਵਾਸਤੇ, ਮੋਹ ਦਾ ਰੰਗਲਾ ਪਲੰਘ ਡਾਹ ਲਵਾਂ।
ਤੂੰ ਸੋਚੇਂਗਾ ਜਵਾਬ ਵਿੱਚ ਇੰਨੀ ਦੇਰੀ ਕਿਉਂ?   ਇਥੇ ਸੱਭ ਕੁਸ਼ਲ ਹੈ, ਤੇ ਤੇਰੀ ਸਕੁਸ਼ਲਤਾ ਦੀ ਸੋਹਣੇ ਰੱਬ ਕੋਲੋ ਦੁਆ ਮੰਗਦੇ ਹਾਂ।ਂਤੇਰਾ ਇਹ ਖ਼ਤ ਸਾਨੂੰ ਪਰਸੋਂ ਹੀ ਮਿਲਿਆ ਤੇ ਕਲ ਮੈਂ ਤੇਰੇ ਘਰ ਗਿਆ।ਦਰਅਸਲ ਸਾਡੇ ਪੋਸਟ ਆਫਿਸ ਅਲੋਪ ਹੋਣ ਦੀ ਕਗਾਰ ਤੇ ਹਨ ਪਿੰਡਾਂ ਤਸੀਲਾਂ ਵਿਚੋਂ ਤੇ ਖ਼ਤਮ ਹੋ ਹੀ ਗਏ ਹਨ।ਬੱਸ ਉਥੇ ਮਾੜਾ ਮੋਟ ਆਫਿਸ ਹੈ ਜਿਥੇ ਸਰਕਾਰੀ ਦਫ਼ਤਰ ਹਨ,ਤੇ ਇਹਨਾਂ ਵਿੱਚ ਵੀ ਸਟਾਫ਼ ਬਚਿਆ ਖੁਚਿਆ ਹੈ ।ਹੁਣ ਤਾਂ ਕਿਸੇ ਨੂੰ ਡਾਕੀਏ ਦਾ ਇੰਤਜ਼ਾਰ ਹੀ ਨਹੀਂ ਹੁੰਦਾ ਅੱਗੇ ਡਾਕੀਏ ਦੀ ਰਾਹ ਵੇਖੀ ਦੀ ਸੀ,ਡਾਕੀਏ ਦੀ ਵਾਹਵਾ ਆਓਭਗਤ ਵੀ ਹੁੰਦੀ ਸੀ ਮਨੀਆਰਡਰ ਆਉਂਦੇ ਸੀ ਹੁਣ ਸੱਭ ਕੁਝ ਆਨਲਾਈਨ ਹੈ,ਤੇਰੀ ਚਿੱਠੀ ਪਤਾ ਨੀ੍ਹ ਕਿਵੇਂ ਭੂੱਲੀ ਭਟਕੀ ਰੁਲਦੀ ਖੁਲਦੀ ਦੱਸ ਮਹੀਨੇ ਬਾਦ ਮਿਲੀ,ਇਹ ਤਾਂ ਪਤਾ ਸੀ ਕਿ ਤੂੰ ਬਹੁਤ ਸੌਖਾ ਹੈਂ ਉਤੇੇ ਤੇਰੀ ਚਿੱਠੀ ਪਾ ਕੇ ਸਬੂਤ ਮਿਲ ਗਿਆ ਕਿ ਤੇਰੀਆਂ ਜੜ੍ਹਾਂ ਇਥੇ ਹੀ ਹਨ।ਸੱਭ ਰਾਜ਼ੀ ਖੂਸ਼ੀ ਹੈ ਇਥੇ ਬੱਸ ਉਹ ਸਕੂਲ਼ ਜਿਥੇ ਆਪਾਂ ਪੜ੍ਹੇ ਸੀ ਡੰਗਰਵਾੜਾ ਬਣਿਆ ਪਿਆ ਹੈ,ਪੰਦਰਾਂ ਵੀਹ ਨਿਆਣੇ ਮਿਡ ਡੇ ਮੀਲ ਦੀ ਲਾਲਸਾ ਵਿੱਚ ਸਕੂਲ਼ ਆਉਂਦੇ ਹਨ ਦੁਪਹਿਰੇ ਖਾ ਪੀ ਕੇ ਘਰਾਂ ਨੂੰ ਚਲੇ ਜਾਂਦੇ ਹਨ,ਇਕ ਅਧਿਆਪਕ ਹੈ।ਅੰਗਰੇਜੀ ਸਕੂਲਾਂ ਚ ਪੜ੍ਹਦੇ ਹਨ ਇਲਾਕੇ ਦੇ ਬੱਚੇ ਬੱਸ ਦਸਵੀਂ ਬਾਰਵੀਂ ਦਾ ਇਮਤਿਹਾਨ ਸਰਕਾਰੀ ਸਕੂਲ਼ ਵਿੱਚ ਦੇਂਦੇ ਹਨ ਕਿਉਂਕਿ ਉਥੇ ਨਕਲ ਦੀ ਇਜ਼ਾਜ਼ਤ ਹੁੰਦੀ ਹੈ,ਧੱਕੇ ਸ਼ਾਹੀ ਵੀ ਚਲ ਜਾਂਦੀ ਹੈ।ਕੁਸ਼ਲ ਸਕੁਸ਼ਲ ਹੈ ਵੈਸੇ।
ਮੇਰਾ ਹਾਲ ਪੁਛਿਆ-ਪੈਨਸ਼ਨਰ ਹਾਂ।ਸਵੇਰੇ ਛੇ ਵਜੇ ਸੁੱਤੇ ਪੋਤੇ ਤੇ ਪੋਤੀ ਨੂੰ ਚੁੱਕ ਮੋਢੈ ਤੇ ਉਹਨਾਂ ਦੇ ਭਾਰੀ ਸਕੂਲ਼ ਬੈਗ ਲਟਕਾ ਸਕੂਲ਼ ਵੈਂਨ ਵਿੱਚ ਬਹਿ ਜਾਨਾਂ ਹਾਂ,ਰਾਹ ਵਿੱਚ ਨਿਆਣਿਆਂ ਦੇ ਮੂੰਹ ਸਵਾਰ ਕੇਸ ਵਾਹ ਦੇਨਾਂ ਹਾਂ,ਖਾਣ ਨੂੰ ਕੁਝ ਦੇ ਦਿੰਨਾ ਹਾਂ ਸਕੂਲ਼ ਪਹੁੰਚ ਉਹ ਕਲਾਸਾਂ ਚ ਵੜ ਜਾਂਦੇ ਹਨ ਤੇ ਮੈਂ ਆਪਣੇ ਵਰਗੇ ਹੋਰ ਬਾਬੇ ਦਾਦੀਆਂ ਨਾਲ ਇਧਰ ਉਧਰ ਛਾਂ ਲੱਭ ਕੇ ਬਹਿ ਜਾਈਦਾ ਹੈ।ਕਈ ਵਾਰ ਗੁਰਦਵਾਰੇ ਚਲੇ ਜਾਈਦਾ ਹੈ।ਸਕੂਲੋਂ ਛੁਟੀ ਹੋਣ ਤੇ ਘਰੋ ਪੱਲੇ ਬੰਨ੍ਹਿਆ ਮਿੱਸਾ ਰਿੱਸਾ ਨਿਆਣੇ ਤੇ ਮੈਂ ਖਾ ਕੇ ਫੇਰ ਟਿਉਸ਼ਨ ਵਾਲੀ ਮੈਡਮ ਦੇ ਘਰ ਨਿਆਣੇ ਪੁਚਾ ਦੇਨਾਂ ਹਾਂ ਤੇ ਆਪ ਬਾਹਰ ਗਲੀ ਚ ਕੰਧ ਨਾਲ ਲਗ ਜਾਨਾਂ ਹਾਂ।ਛੇ ਵਜੇ ਬੱਚੇ ਬਾਹਰ ਆਉਂਦੇ ਹਨ ਤੇ ਬੱਸ ਅੱਡੇ ਪਹੁੰਚ ਘਰ ਵਲ ਰੁਖ ਕਰੀਦਾ ਹੈ।ਬੱਸ ਇਹੋ ਸਮਝ ਲੈ ਵੀਰਿਆ,ਨੂੰਹਾਂ ਪੁੱਤਾਂ ਨੇ ਮੁੜ ਤੋਂ ਪੜ੍ਹਨੇ ਪਾ ਦਿੱਤੈ,ਊਂ ਵਾਹਵਾ ਵਕਤ ਪਾਸ ਹੋ ਜਾਂਦਾ।ਅੱਜ ਕਲ ਦੀਆਂ ਪੜ੍ਹਾਈਆਂ, ਨਿਆਣਿਆਂ ਤੇ ਤਰਸ ਆੳਂਦੈ,-ਸੱਭ ਠੀਕ ਚਲੀ ਜਾਂਦਾ
ਮੇਰੇ ਬੱਚਿਆਂ ਬਾਰੇ ਪੁਛਦੈਂ...ਬੜਾ ਜੋਰ ਲਾਇਆ ਉਹਨਾਂ ਪੜ੍ਹਾਈ ਤੇ ਡਿਗਰੀਆਂ ਦੇ ਬੰਡਲ ਬਣਾਏ, ਨੌਕਰੀ ਕਿਤੇ ਨਹੀਂ ਠੇਕੇ ਤੇ ਲਗੇ ਤੇ ਠੇਕੇ ਤੇ ਜਾਂਦੇ।ਨਹੀਂ ਸਮਝਿਆ, ਮੈਂ ਸਮਝਾਉਨੈਂ ਤੈਨੂੰ,ਬਈ ਸਰਕਾਰ ਕੋਲ ਕੰਮ ਨਹੀਂ ਹੈ ਸਾਰੇ ਕੰੰਮਾਂ ਲਈ ਕੰਮਪਨੀਆਂ ਬਣਾ ਤੀਆਂ,ਤੇ ਕੰਪਮਨੀ ਨੇ ਅੱਗੋਂ ਠੇਕੇਦਾਰ ਰੱਖੇ,ਉਹ ਆਪ ਤੇ ਕਦੇ ਸਕੂਲ਼ ਗਏ ਨੀ੍ਹ ਸੀ ਪਰ ਪਾੜ੍ਹਿਆਂ ਨੂੰ ਉਹੋ ਕੰੰਮ ਦੇਂਦੇ।ਹਾਂ ਸਰਕਾਰ ਨੇ ਸ਼ਰਾਬ ਦੇ ਠੇਕੇ ਆਪਣੇ ਕੋਲ ਰੱਖੇ ਹਨ,ਪੜ੍ਹੇ,ਅੱਧਪੜ੍ਹੇ,ਕੋਰੇ,ਸਾਰੇ ਜੋ ਵੀ ਠੇਕੇ ਤੋਂ ਕਮਾਉਂਦੇ ਹਨ ਠੇਕੇ ਤੇ ਵਟਾ ਆਉਂਦੇ ਹਨ। ਬਹੁਤੇ ਨਸ਼ਿਆਂ ਚ ਗ੍ਰਸੇ ਹਨ,ਅੋਰਤਾਂ ਬੱਚੇ ਭੁੱਖੇ ਪਿਆਸੇ ਦੜ ਵੱਟ ਦਿਨ ਕਟੀ ਜਾਂਦੇ ਹਨ-ਊਂ ਸੱਭ ਸਹੀ ਹੈ..।
ਦੇਸ਼ ਕੌੰਮ ਦਾ ਹਾਲ ਪੁਛਿਆ ਈ-ਤੇਰੇ ਤੱਕ ਸੱਭ ਖਬਰਾਂ ਪੁਜਦੀਆਂ ਹਨ,ਬੜਾ ਖੁਸ਼ਹਾਲ ਹੈ ਤੇਰਾ ਮੁਲਕ,ਕਰਮਾ ਵਾਲਾ ਹੈਂ ਤੂੰ,ਬੱਸ ਭਰਾ,''ਮੈਂ ਬੋਲਾਂ ਤੇ ਕੁਪੱਤੀ,'ਬਾਈ ਕਾਰਪੋਰੇਟਾਂ ਦੇ ਹੱਥ ਸਵਾ ਕਰੋੜ ਦੀ ਡੋਰ ਹੈ।ਵੋਟਰ ਦਾ ਦੀਨ ਈਮਾਨ ਪੈਸਾ,ਆਸ,ਸਵਾਸ ਸੱਭ ਇਹਨਾਂ ਦੀ ਜੇਬ ਵਿੱਚ ਹੈ।ਆਜ਼ਾਦ ਦੇਸ਼ ਦੇ ਗੁਲਾਮ ਵਸਨੀਕਾਂ ਦਾ ਲੋਕ ਤੰਤਰ,ਅੰਂਨ੍ਹਾ ਕਾਨੂੰਂਨ,ਬੋਲਾ ਹਾਕਮ,ਯਕੀਨ ਜਾਣ ਹਕੂਮਤ ਕਾਰਪੋਰੇਟ ਦੀ ਜ਼ਰ ਖਰੀਦ ਹੈ ਤੇ ਨਜ਼ਰਬੰਦ ਹੈ,ਵੋਟਰ ਤੇ ਬਤਾਲੀ ਤਰਾਂ ਦੇ ਟੈਕਸ ਠੁਕੇ ਹਨ,ਮਹਿੰਗਾਈ ਨੇ ਅੰਬਰ ਛੂ੍ਹਹ ਲਿਆ ਹੈ। ਤੈਨੂੰ ਸ਼ਾਇਦ ਯਾਦ ਹੋਵੇਗਾ ਆਪਣਾ ਸਾਇੰਸ ਦਾ ਮਾਸਟਰ ਦਸਿਆ ਕਰਦਾ ਸੀ,'ਕਿਸੇ ਕੋੰਮ ਦੀ ਤਬਾਹੀ ਲਈ ਬਾਰੂਦ ਦੀ ਲੋੜ ਨਹੀਂ ਬੱਸ ਕੌਮ ਨੂੰ ਤਾਲੀਮ ਤੋਂ ਦੂਰ ਰੱਖੋ'.ਚੇਤਨਤਾ ਦੇ ਨੇੜੇ ਨਾਂ ਜਾਣ ਦਿਓ'ਕਿਰਤ ਖੋਹ ਕੇ ਮੁਫ਼ਤ ਸਹੂਲਤਾਂ ਦੇ ਆਹਰੇ ਲਾ ਦਿਓ।ਭਾਰਤ ਮਾਤਾ ਦੇ ਸਪੂਤ ਇਸ ਵੇਲੇ ਬਾਬਿਆ, ਜੋਤਸ਼ੀਆਂ,ਤਾਂਤਰਿਕਾਂ,ਗੈਂਗਸਟਰਾਂ ਦੀਆਂ ਜਾਹਲਸਾਜ਼ੀਆਂ ਦੇ ਅਧੀਨ ਗ੍ਰਸੇ ਹਨ,ਸੱਚ ਪੁਛੈਂ ਤਾਂ ਦੇਸ਼ ਨੂੰ ਇਹੋ ਚਲਾਈ,ਕੀ ਨਚਾਈ ਫਿਰਦੇ ਹਨ,ਤੇ ਬੋਲਿਆ ਸੋ ਮਰ ਗਿਆ'।ਸੱਭ ਅੱਛਾ ਹੈ।
ਇੰਨੇ ਵਰ੍ਹਿਆਂ ਬਾਦ ਤੇਰਾ ਖ਼ਤ ਮਿਲਿਆ ਤੇ ਮੈਂ ਕਲ ਤੇਰੇ ਘਰ ਗਿਆ,ਤੇਰੇ ਮਾਂ ਤੇ ਪਿਤਾ ਮਿਲੇ,ਬੜਾ ਚਿਰ ਲਗਾ ਉਹਨਾਂ ਨੂੰ ਮੈਂਨੂੰ ਪਛਾਣਨ ਚ,ਚਲੋ ਖੇੈਰ,ਵੀਰਿਆ ਬਹੁਤ ਉਦਾਸ ਨੇ ਉਹ,ਆਖਣ ਲਗੇ ਜੇ ਕਿਤੇ ਸਾਡੇ ਪੁੱਤਰ ਵੀ ਤੇਰੀ ਤਰਾਂ ਸਕੂਲ਼ ਟੀਚਰ ਬਣਦੇ ਤੇ ਸਾਡੇ ਕੋਲ ਰਹਿੰਦੇ ਅਸਾਂ ਤੇ ਅੇਵੇਂ ਡਾਕਟਰ ਬਣਾ ਲਏ,ਤੇਰੀ ਮਾਂ ਤੇ ਤੁਹਾਡੀ ਵਾਜ਼ ਸੁਣਨ ਲਈ ਮੰਜਾ ਵੀ ਫੋਨ ਸਰਾਹਣੇ ਡਾਹੂੰਦੀ ਹੈ। ਆਖਣ ਲਗੀ ਤੇਰੇ ਮਾਂ ਬਾਪ ਤਾਂ ਪੋਤੇ ਪੋਤੀਆਂ ਵੇਖਣ ਤੋਂ ਪਹਿਲਾਂ ਤੁਰ ਗਏ,ਸਾਡੀ ਨਸਲ ਨੂੰ ਤੇ ਸਾਡੀ ਜਾਣਕਾਰੀ ਹੀ ਨਹੀਂ।ਮੈਂ ਤੁਰਨ ਲਗਾ ਤੇ ਉਸ ਮੇਰੇ ਸਿਰ ਤੇ ਹੱਥ ਰੱਖ ਕਿਹਾ,ਮੇਰੇ ਪੁੱਤਾਂ ਨੂੰ ਕਹੀਂ ਮੂੰਹ ਤੇ ਵੇਖ ਜਾਣ' ਸ਼ਾਮ ਹੋਣ ਵਾਲੀ ਹੈ।ਸਾਡੇ ਦੋ ਪੁੱਤ ਵੱਡੇ ਡਾਕਟਰ ਨੇ ਤੇ ਅਸੀਂ ਤਰਸਦੇ ਹਾਂ ਕੋਈ ਸਾਨੂੰ ਡਾਕਟਰ ਨੂੰ ਦਿਖਾ ਲਿਆਵੇ,।ਵੈਸੇ ਸੁਖ ਸ਼ਾਂਦ ਹੈ,ਵੀਰਿਆ ਕਿਤੇ ਗੇੜੀ ਲਾ ਜਾਓ!
ਹਾਂ ਹੈਗੇ ਨੇ ਇਥੇ ਵੀ ਓਲਡ ਏਜ ਹੋਮ,ਸਰਕਾਰੀ ਕੋਈ ਨਹੀਂ ਨਾਂ ਸਰਕਾਰੀ ਬੁਢਾਪਾ ਜਨਸ਼ਾਧਨ ਹਨ,ਸਵੈ ਸੇਵੀ ਸੰਸਥਾਂਵਾਂ ਨੇ ਇਸ ਖੇਤਰ ਵਿੱਚ ਵੀ ਆਪਣਾ ਰੰਗ ਜਮਾਇਆ ਹੈ,ਤੇ ਕਈ ਬ੍ਰਿਧ ਘਰ ਤਾਂ ਖੁਸ਼ਹਾਲ ਹਨ,ਪੈਸੇ ਵਾਲੇ ਤੇ ਪੈਨਸ਼ਨਰਾਂ ਦਾ ਉਥੇ ਚੰਗਾ ਵਕਤ ਲੰਘ ਰਿਹਾ ਹੈ,ਪਰ ਤੇਰੇ ਮਾਤਾ ਪਿਤਾ ਆਪਣੀ ਮਿੱਟੀ ਚ ਜਿਉਣਾ ਮਰਨਾ ਲੋਚਦੇ ਹਨ।ਤਰਨ ਤਾਰਨ ਵਿੱਚ ਚੀਫ਼ ਕਾਲਸਾ ਦੀਵਾਨ ਨੇ ਇਕ ਸਦੀ ਪਹਿਲਾਂ ਭਾਈ ਵੀਰ ਸਿੰਘ ਬ੍ਰਿਧ ਘਰ ਬਨਾਇਆ ਸੀ,ਪਰ ਅੰਦਰਲੀ ਸਰਦ ਜੰਗ ਦੇ ਦਖ਼ਲ ਨੇ ਉਹ ਵਿਕਸਿਤ ਨਹੀਂ ਹੋਣ ਦਿੱਤਾ।ਖਾਲੀ ਜੇਬ ਨੂੰ ਉਥੇ ਦਾਖਲਾ ਨਹੀਂ ਮਿਲਦਾ। ਤੂੰ ਚਿੱਤ ਮਾੜਾ ਨਾ ਕਰ ਸੱਭ ਸਹੀ ਹੈ,ਮੈਂ ਧਿਆਨ ਰੱਖਾਂਗਾ ਤੇਰੇ ਮਾਤਾ ਪਿਤਾ ਦਾ,ਉਹਨਾਂ ਨੂੰ ਤਾ ਹੇਰਵਾ ਹੈ ਤੁਹਾਡਾ,ਉਹ ਨਹੀਂ ਜਾਣਦੇ ਕਿ ਜੇ ਤੁਸੀਂ ਵਿਦੇਸ਼ ਨਾ ਨਿਕਲਦੇ ਤੇ ਅੱਜ ਤੁਹਾਡੇ ਬੱਚੇ,ਸਾਡੇ ਬੱਚਿਆਂ ਵਾਂਗ ਇਸ ਦੇਸ਼ ਵਿੱਚ ਜਿਉਣ ਯੋਗ ਨਾਂ ਹੁੰਦੇ।ਮੰਨ ਲੈ ਤੂੰ ਵੀ ਕਿ ਸੱਭ ਸਹੀ ਹੈ।
" ਕੋਈ ਮਰੇ ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ'  ਅਨੁਸ਼ਾਸਨ ਚੀਕ ਰਿਹਾ ਹੈ,ਪ੍ਰਸ਼ਾਸਨ ਬੰਸੀ ਵਜਾ ਰਿਹਾ ਹੈ"ਸਕਾ ਘਰ ਫੁਕ ਤਮਾਸ਼ਾ ਵੇਖ ਰਹਾ ਹੈ'।ਗੁਰੂ ਘਰ ਮਲਕ ਭਾਗੋ ਦੇ ਮਾਲ ਬਣ ਚੁਕੇ ਹਨ,
" ਜਿੰਦਗੀ ਐ ਜਿੰਦਗੀ ਕਹਾਂ ਖੋ ਗਈ ਹੈ ਤੂੰ,ਯਹਾਂ ਡਸ ਰਹਾ ਹੈ ਇੰਨਸਾਂ,ਇੰਨਸਾਂ ਕੋ """
ਨਸ਼ਿਆਂ ਬਾਰੇ ਤੂੰ ਸੱਭ ਸਹੀ ਸੁਣਿਆ,ਇਹ ਵੀ ਸਿਆਸੀ ਕੌਢੀ ਹੈ, ਪੰਜਾਬ ਵਿੱਚ ਫੈਸ਼ਨਪ੍ਰਸਤੀ ਵਿੱਚ ਕਿਸਾਨ ਕਰਜੇ ਚ ਗ੍ਰਸਿਤ ਹੈ ਨੌਜਵਾਨ ਤੇ ਛੋਟਾ ਕਿਸਾਨ ਤੇ ਇਸਤ੍ਰੀਜਾਤੀ ਤਿੰਨੇ ਕੋਝੀ ਰਾਜਨੀਤੀ ਦੇ ਸ਼ਿਕੰਜੇ ਚ ਹਨ,ਘਰਾਂ ਦੀਆਂ ਦੀਵਾਰਾਂ ਚ ਦਰਾਰਾਂ ਪਾ ਦਿਤੀਆਂ ਹਨ,ਕੋਈ ਚਮਤਕਾਰੀ ਸੂਈ ਹੀ ਇਹ ਦਰਾਰ ਸੀ ਸਕਦੀ ਹੈ।ਪੰਜਾਬ ਚੋਣਾਂ ਦਾ ਬਿਗਲ ਵੱਜ ਗਿਆ ਹੈ ਇਧਰ ਅੋਰਤਾਂ ਦਾ ਦਿਲ ਵੱਜ ਗਿਆ ਹੈ,ਕਿਵੇ ਬਚਣਾ ਹੈ ਚੋਣ ਨਸ਼ਾ ਅੱਤਵਾਦ ਤੋਂ।ਨਸ਼ਿਆਂ ਦਾ ਅੱਤਵਾਦ ਅੱਤ ਪਾਰ ਕਰ ਗਿਆ ਹੈ।ਪੂਰੇ ਸੂਬੇ ਵਿੱਚ ਇਸਦੀ ਸੁਰੰਗ ਵਿਛ ਗਈ ਹੈ।ਅੋਰਤ ਜਾਤ ਚੱਕੀ ਦੇ ਪੁੜਾਂ ਵਿੱਚ ਫਸੀ ਹੈ,ਉਪਰ ਨਸ਼ੇ ਨੀਚੇ ਕੂਟਨੀਤੀ।ਬੇਰੁਜਗਾਰੀ ਦਾ ਕੋਬਰਾ ਸਰੇਰਾਹ ਜਾਨਾਂ ਲਈ ਜਾਂਦਾ। ਉਂਜ ਸਕੁਸ਼ਲ ਹੈ........ਲੈ ਸੁਣ ਤੈਨੂੰ ਸੱਭ ਸਮਝ ਆਜੇਗਾ---
ਟੀਚਰ ਇਕ ਵਿਦਿਆਰਥੀ ਨੂੰ-ਕਿਟੂ ਤੂੰ ਕਲ ਸਕੂਲ਼ ਕਿਉਂ ਨਹੀਂ ਆਇਆ ਸੀ?
ਵਿਦਿਆਰਥੀ-ਮੈਡਮ ਜਿਹੜੈ ਆਏ ਸੀ ਉਹਨਾਂ ਨੂੰ ਤੁਸੀਂ ਸਰਕਾਰੀ ਨੌਕਰੀ ਲਵਾ ਦਿੱਤੈ? ----ਸੱਭ ਸਹੀ ਹੈ ।
ਮਿਲਾਵਟ,ਕਾਲਾ ਧਨ,ਬੇਈਮਾਨੀ,ਭਰਸ਼ਿਟਾਚਾਰੀ,ਜੋ ਤੂੰ ਨੇੱਟ ਤੇ ਵੇਖਿਆ ਜਾ ਸੁਣਿਐ-ਮਿਤਰਾ ਈਮਾਨਦਾਰ,ਭੂੱਖੇ ਪਿਆਸੇ ਕੋਲ ਕਿਥੇ ਵਿਹਲ ਹੈ ਇਹ ਸੱਭ ਜਾਣਨ ਦੀ,ਚੁੱਪ ਭਲੀ ਤੇ ....ਊਂ ਇਹ ਵੀ ਪਤਾ ਲਗਾ ਕਿ -ਵੱਡੇ ਘਰੋਂ ਬਿੱਲੀ ਰੋਂਦ ਰੋਂਦੀ ਆਈ,ਕੁੱਤੇ ਪੁਛਿਆ, ਕੀ ਹੋਇਆ,ਆਖਣ ਲਗੀ ਨਾਲੇ  ਇਹਨਾਂ ਮੇਰਾ ਚੂਹਾ ਖੋਹ ਲਿਆ ਨਾਲੇ ਮੈਨੂੰ ਕੁਟਿਆ-ਸੱਚੀਂ ਸਹੀ ਹੈ ਸੱਭ..।
ਸਦਾ ਸੁਖੀ ਰਹੋ ਦੂਰ ਵਸੇਂਦੇ ਵੀਰ..........ਰੱਬ ਰਾਖਾ
ਹਸਦ ਨਹੀਂ ਹੈ ਦੋਸਤਾ,ਪਰ ਖ਼ਤ ਤੇਰਾ ਚੋਟ ਗਹਿਰੀ ਦੇ ਗਿਆ
ਵਕਤ ਦੀ ਮਾਰ ਡਾਢੀ,ਇਸ ਲਈ ਦਿਲ ਰੋ ਪਿਆ।।।।

ਰਣਜੀਤ ਕੌਰ   ਤਰਨ ਤਾਰਨ    9780282816

7 June 2016