ਕੋਰੀ - ਕਰਾਰੀ ਗੱਲ : ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ? - ਮਨਦੀਪ ਖੁਰਮੀ ਹਿੰਮਤਪੁਰਾ

ਕਹਿੰਦੇ ਹਨ ਕਿ ਇੱਕ ਪੁੱਤ ਨੇ ਆਪਣੇ ਸਿਆਸਤਦਾਨ ਪਿਓ ਕੋਲੋਂ ਸਿਆਸਤ ਦੇ ਗੁਰ ਸਿੱਖਣ ਦੀ ਰਟ ਲਾ ਰੱਖੀ ਸੀ। ਉਹਦਾ ਆਪਣੇ ਪਿਓ ਅੱਗੇ ਹਰ ਵਾਰ ਇਹੀ ਰੋਣਾ ਰਹਿੰਦਾ ਕਿ ਉਹਨੇ ਵੀ ਸਿਆਸਤਦਾਨ ਬਣਨਾ ਹੈ ਤੇ ਉਸਨੂੰ ਸਿਆਸੀ ਬਿਸਾਤ ਦੀਆਂ ਚਾਲਾਂ ਚੱਲਣ ਦਾ ਵੱਲ ਸਿਖਾਇਆ ਜਾਵੇ। ਨਿਰੋਲ ਸਿਆਸੀ ਪਿਓ ਐਨਾ ਕੁ ਮਜ਼ਬੂਰ ਹੋ ਗਿਆ ਕਿ ਉਸਨੇ ਮੁੰਡੇ ਦੀ ਜ਼ਿਦ ਅੱਗੇ ਗੋਡੇ ਟੇਕ ਦਿੱਤੇ। ਪੁੱਤਰ ਨੂੰ ਸਿਆਸੀ ਕਾਇਦੇ ਦੇ ਪਹਿਲੇ ਸਬਕ ਦਾ ਗਿਆਨ ਦੇਣ ਲਈ ਹੁਕਮ ਦਿੱਤਾ ਕਿ ਪੌੜੀ ਰਾਂਹੀਂ ਕੋਠੇ ਦੀ ਛੱਤ 'ਤੇ ਚੜ੍ਹ ਜਾਵੇ। ਮੁੰਡੇ ਦੇ ਛੱਤ 'ਤੇ ਚੜ੍ਹਨ ਤੋਂ ਬਾਅਦ ਪਿਓ ਨੇ ਪੌੜੀ ਚੁੱਕ ਲਈ ਅਤੇ ਮੁੰਡੇ ਨੂੰ ਛੱਤ ਤੋਂ ਵਿਹੜੇ 'ਚ ਛਾਲ ਮਾਰਨ ਦਾ ਹੁਕਮ ਕੀਤਾ। ਮੁੰਡਾ ਡੌਰ ਭੋਰ ਕੇ ਬਾਪੂ ਅੱਜ ਲੱਤਾਂ ਬਾਂਹਾਂ ਜ਼ਰੂਰ ਤੁੜਵਾਵੇਗਾ। ਪਿਓ ਨੇ ਉਹਦਾ ਫਿਕਰ ਦੂਰ ਕਰਨ ਲਈ ਬਾਂਹਾਂ ਖਿਲਾਰ ਲਈਆਂ ਕਿ "ਤੂੰ ਛਾਲ ਮਾਰ, ਮੈਂ ਆਪਣੀਆਂ ਬਾਂਹਾਂ ਵਿੱਚ ਬੋਚ ਲਵਾਂਗਾ।" ਮੁੰਡੇ ਨੇ ਪਿਓ 'ਤੇ ਯਕੀਨ ਕਰਦਿਆਂ ਛਾਲ ਮਾਰ ਦਿੱਤੀ ਪਰ ਪਿਓ ਛੜੱਪਾ ਮਾਰ ਕੇ ਪਿਛਾਂਹ ਹਟ ਗਿਆ। ਮੁੰਡੇ ਦੇ ਗੋਡੇ ਗਿੱਟੇ ਛਿੱਲੇ ਗਏ ਤੇ ਹੋਰ ਵੀ ਸੱਟਾਂ ਵੱਜੀਆਂ। ਕੁਰਲਾਉਂਦਾ ਹੋਇਆ ਬੋਲਿਆ, "ਬਾਪੂ, ਆਹ ਕੀ ਕੀਤਾ? ਮੈਨੂੰ ਛਾਲ ਮਾਰਨ ਲਈ ਕਹਿ ਕੇ ਆਪ ਮੈਨੂੰ ਬਚਾਇਆ ਕਿਉਂ ਨਹੀਂ?" ਤਾਂ ਬਾਪੂ ਦਾ ਦਿੱਤਾ ਜਵਾਬ ਹਰ ਸਮੇਂ ਦੀ ਸਿਆਸਤ 'ਤੇ ਢੁਕਦਾ ਆ ਰਿਹਾ ਹੈ ਤੇ ਢੁਕਦਾ ਹੀ ਰਹੇਗਾ। ਬਾਪੂ ਦਾ ਜਵਾਬ ਸੀ ਕਿ "ਇਹੀ ਸਿਆਸਤ ਦਾ ਪਹਿਲਾ ਸਬਕ ਹੈ ਕਿ ਜੋ ਦਿਸਦੀ ਹੈ, ਓਹ ਹੁੰਦੀ ਨਹੀਂ। ਜੋ ਹੁਦੀ ਹੈ, ਓਹ ਦਿਸਦੀ ਨਹੀਂ।"
ਸਚਮੁੱਚ ਹੀ ਅਜਿਹੀ ਸਿਆਸਤ ਦੇ ਪੈਂਤੜੇ ਹੀ ਬੀਤੇ ਦਿਨੀਂ ਹੋਏ ਭਾਰਤ ਸਰਕਾਰ ਵੱਲੋਂ ਆਯੋਜਿਤ ਲਾਂਘਾ ਸਮਾਗਮਾਂ ਵਿੱਚ ਦੇਖਣ ਨੂੰ ਮਿਲੇ। ਸਿਆਸਤ ਤਾਂ ਸਕੇ ਪੁੱਤ ਦੀ ਸਕੀ ਨਹੀਂ ਹੁੰਦੀ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਬਖ਼ਸ਼ ਦਿੰਦੀ? ਸਮਾਗਮਾਂ ਵਿੱਚ ਕੋਈ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਹੋਵੇ? ਪਾਠਕ ਵੀ ਜਵਾਬ ਵਜੋਂ ਸਿਰ ਨਾਂਹ 'ਚ ਹੀ ਹਿਲਾਵੇਗਾ। ਭਾਗੋ ਦੇ ਪਕਵਾਨ ਠੁਕਰਾ ਕੇ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰਨ ਵਾਲੇ ਬਾਬੇ ਦੀ ਕਿਹੜੀ ਸਿੱਖਿਆ ਦਾ ਅਸੀਂ ਪਾਲਣ ਕੀਤਾ ਹੈ? ਫਾਸਟ ਫੁਡ, ਕੋਲਡ ਡਰਿੰਕ ਦੇ ਸਟਾਲ ਕਦੋਂ "ਲੰਗਰ" ਦਾ ਰੁਤਬਾ ਹਾਸਲ ਕਰ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ? ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਵੇਗਾ 550 ਤਰ੍ਹਾ ਦੇ ਪਕਵਾਨ ਦੇਖ ਕੇ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਗੈਸੀ ਜਲ ਪਦਾਰਥਾਂ ਨੂੰ ਲੰਗਰ ਕਹਿ ਵਰਤਾਏ ਜਾਂਦੇ ਦੇਖ ਕੇ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੂਹ ਗੁਰਮੁਖੀ ਅੰਦਰ ਵਸਦੀ ਹੈ, ਪਰ ਭਾਰਤ ਸਰਕਾਰ ਵੱਲੋਂ ਸਮਾਗਮ ਹਿਤ ਪੰਜਾਬ ਦੀ ਹਿੱਕ 'ਤੇ ਗੱਡੇ ਗਏ ਨੀਂਹ ਪੱਥਰ ਵਿੱਚੋਂ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੱਭਦਾ ਹੈ ਤੇ ਨਾ ਹੀ ਗੁਰਮੁਖੀ। ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਹੈ ਤੇ ਸਿਆਸਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ ਸਗੋਂ ਹਰ ਘਟਨਾ ਹਰ ਬਿਆਨ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਕੀ ਦਿੱਲੀ ਦੀ ਨਜ਼ਰਸਾਨੀ ਹੇਠ ਤਿਆਰ ਹੋ ਕੇ ਪੰਜਾਬ ਦੇ ਸਿਆਸੀ ਆਗੂ ਸਾਰੇ ਹੀ ਸਿਆਸਤ ਦੀ ਚਕਾਚੌਂਧ 'ਚ ਐਨੇ ਅੰਨ੍ਹੇ ਹੋ ਗਏ ਸਨ ਕਿ ਉਹਨਾਂ ਨੂੰ ਸਿਰਫ ਆਪਣੇ ਨਾਂਵਾਂ ਤੋਂ ਬਗੈਰ ਨਾ ਤਾਂ ਨੀਂਹ ਪੱਥਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਨਾਂ ਅੰਕਿਤ ਕਰਨਾ ਜ਼ਰੂਰੀ ਸਮਝਿਆ ਤੇ ਨਾ ਹੀ ਗੁਰਮੁਖੀ? ਕੀ ਸਿਆਸਤ ਐਨੀ ਹੀ ਮਤਲਬੀ ਹੁੰਦੀ ਹੈ ਕਿ ਉਸ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗਵਰਨਰ ਬੀ ਪੀ ਸਿੰਘ ਬਦਨੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਸੰਨੀ ਦਿਓਲ ਐਨੇ ਹੀ ਉੱਚ ਕਿਰਦਾਰਾਂ ਦੇ ਮਾਲਕ ਹਨ ਕਿ ਉਸ ਨੀਂਹ ਪੱਥਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਹੀ ਦਰਕਿਨਾਰ ਕਰ ਦਿੱਤਾ ਗਿਆ? ਆਪੋ ਆਪਣੀਆਂ ਸਟੇਜਾਂ ਲਾਉਣ ਪਿੱਛੇ ਹੋਈ ਬਿਆਨਬਾਜ਼ੀ, ਆਪੋ ਆਪਣੀ ਪਾਰਟੀ ਦੇ ਵਰਕਰਾਂ ਦੇ ਜੱਥਿਆਂ ਦੀਆਂ ਤਸਵੀਰਾਂ ਰਾਂਹੀਂ ਸਿਰਫ ਤੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਹੀ ਕੀਤੀ ਗਈ ਕਿ ਜਿਵੇਂ ਇਸ ਸਮਾਗਮ ਰਾਂਹੀਂ ਵੀ ਵੋਟ ਬੈਂਕ ਪੱਕਾ ਕਰਨ ਚੱਲੇ ਹੋਣ। ਬੇਸ਼ੱਕ ਭਾਰਤ ਪਾਕਿਸਤਾਨ ਦੇ ਸੁਖਦ ਸੰਬੰਧਾਂ ਲਈ ਇਹ ਲਾਂਘਾ ਇੱਕ ਉਮੀਦ ਬਣ ਸਕਦਾ ਹੈ ਪਰ ਸਿਆਸਤ ਕਦੋਂ ਚਾਹੇਗੀ ਕਿ ਲੋਕ ਦੋਵਾਂ ਦੇਸ਼ਾਂ ਦੀ ਕਥਿਤ ਦੁਸ਼ਮਣੀ ਦੇ ਬਿਆਨਾਂ ਨੂੰ ਭੁੱਲ ਕੇ ਹਾਕਮਾਂ ਕੋਲੋਂ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਮੰਗ ਕਰਨ। ਸਗੋਂ ਸਿਆਸਤ ਦਾ ਨਿੱਜੀ ਲਾਭ ਹੀ ਇਸ ਗੱਲ 'ਚ ਹੈ ਕਿ ਲੋਕ ਆਪਣੇ ਭਲੇ ਦੀਆਂ ਲੋੜਾਂ ਨੂੰ ਭੁੱਲ ਕੇ ਸਿਆਸਤ ਦੇ ਹੱਥ-ਠੋਕੇ ਬਣੇ ਰਹਿਣ। ਇਹੀ ਉਦਾਹਰਣ ਸੂਬੇ ਦੇ ਮੁੱਖ ਮੰਤਰੀ ਨੇ ਪੇਸ਼ ਕੀਤੀ ਜਦੋਂ ਉਹਨਾਂ ਬਾਬਾ ਨਾਨਕ ਦੇਵ ਦੇ ਨਾਂਅ 'ਤੇ ਸਜ਼ਾਈ ਸਟੇਜ਼ ਤੋਂ ਪਾਕਿਸਤਾਨ ਨੂੰ ਮੂਧਾ ਮਾਰਨ, ਚੂੜੀਆਂ ਨਾ ਪਹਿਨੀਆਂ ਹੋਣ ਵਰਗੇ ਬਚਕਾਨਾ ਬਿਆਨ ਦਿੱਤੇ। ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱæਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ਆ ਰਹੀਆਂ ਸਨ ਪਰ ਮੁੱਖ ਮੰਤਰੀ ਸਾਹਿਬ ਕੁਝ ਕੁ ਲਲਕਾਰੇ ਮਾਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬੱਸ ਵਿੱਚ ਖੜ੍ਹੇ ਨਜ਼ਰ ਆਏ। ਲਲਕਾਰੇ ਮਾਰਨ ਤੋਂ ਬਾਅਦ ਜਿੱਥੇ ਸੰਗਤ ਪੰਗਤ ਵਿੱਚ ਬੈਠ ਕੇ ਗੁਰੂ ਦੇ ਲੰਗਰਾਂ ਦੀ ਨਿਆਮਤ ਛਕ ਰਹੀ ਸੀ, ਉਦੋਂ ਮੁੱਖ ਮੰਤਰੀ ਕੋਲ ਧਰਤੀ 'ਤੇ ਥਾਲ ਰੱਖ ਕੇ ਬੁਰਕੀ ਲਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ ਤੇ ਉਹ ਪੰਗਤ ਵਿੱਚ ਬੈਠੇ ਹਿੱਕ ਤੱਕ ਉੱਚੇ ਮੇਜਨੁਮਾ ਡੱਬੇ 'ਤੇ ਥਾਲ ਰੱਖ ਕੇ ਪ੍ਰਸ਼ਾਦਾ ਛਕਦੇ ਦੇਖੇ ਗਏ।
ਸਮਾਗਮ ਪਾਕਿਸਤਾਨ ਵਿੱਚ ਵੀ ਹੋਇਆ ਹੈ, ਜੇ ਸਮਝਣ ਤਾਂ ਭਾਰਤੀ ਸਿਆਸਤਦਾਨਾਂ ਲਈ ਸਬਕ ਵਰਗਾ ਸੀ ਉਹ ਸਮਾਗਮ। ਸਟੇਜ 'ਤੇ ਬੈਠਣ ਲਈ ਖਿੱਚਧੂਹ ਨਹੀਂ ਸੀ ਹੋ ਰਹੀ, ਸਗੋਂ ਜਿਸ ਬੁਲਾਰੇ ਦਾ ਨਾਂ ਬੋਲਿਆ ਜਾਂਦਾ ਸੀ, ਸਿਰਫ ਉਹੀ ਮੰਚ 'ਤੇ ਖੜ੍ਹਾ ਨਜ਼ਰ ਆਉਂਦਾ ਸੀ। ਬਾਕੀ ਸਭ "ਉੱਚੇ ਲੋਕ" ਆਮ ਲੋਕਾਂ ਵਿੱਚ ਚੌਂਕੜੀ ਮਾਰ ਕੇ ਬੈਠੇ ਸਨ। ਪੰਜਾਬ ਸਮੇਤ ਭਾਰਤ ਦੇ ਸਮੂਹ ਸਿਆਸਤਦਾਨਾਂ ਨੂੰ ਇਸ ਉਦਾਹਰਣ ਤੋਂ ਸਬਕ ਲੈ ਕੇ ਅਹਿਦ ਕਰਨਾ ਬਣਦਾ ਹੈ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਧਾਰਮਿਕ ਮੰਚਾਂ ਨੂੰ ਤਾਂ ਬਖਸ਼ਣ ਦੀ ਖੇਚਲ ਕਰਨ। ਬੇਸ਼ੱਕ ਸਮਾਗਮਾਂ ਵਿੱਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਸਰਕਾਰਾਂ ਦੀ ਕੋਈ ਵੀ ਮਜ਼ਬੂਰੀ ਹੈ ਪਰ ਹੁਣ ਵੀ ਇਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਸਥਾਪਿਤ ਕੀਤੇ ਨੀਂਹ ਪੱਥਰ ਵਿੱਚ ਕੋਈ ਬਦਲਾਅ ਕਰਨ ਤੋਂ ਮੁਨਕਰ ਹੁੰਦੀ ਹੈ ਤਾਂ ਘੱਟੋ ਘੱਟ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸੇ ਨੀਂਹ ਪੱਥਰ ਦੇ ਬਿਲਕੁਲ ਨਾਲ ਉਸੇ ਆਕਾਰ ਹੋਰ ਨੀਂਹ ਪੱਥਰ ਸਥਾਪਿਤ ਕਰੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ਅਤੇ ਗੁਰਮੁਖੀ ਦੀ ਮੌਜ਼ੂਦਗੀ ਯਕੀਨੀ ਹੋਵੇ।