ਡੈਡੀ ਜੀ ਦੇ ਨਾਮ ਖ਼ੱਤ - ਰਣਜੀਤ ਕੌਰ ਤਰਨ ਤਾਰਨ

ਮਾਨਯੋਗ ਡੈਡੀ ਜੀ ,
ਸਤਿਕਾਰ ਸਾਹਿਤ ਪ੍ਰਨਾਮ ।
ਉਸ ਵਕਤ ਡੈਡੀ ਜੀ ਜਦ ਤੁਸੀਂ ਵੀਰ ਦੇ ਕਾਰਨ ਪਰੇਸ਼ਾਂਨ ਹੁੰਦੇ ਸੀ ਤਾਂ ਮੇਰਾ ਮਨ ਉਬਲ ਉਬਲ ਪੈਂਦਾ ਸੀ,ਤੁਹਾਡੇ ਨਾਲ ਸਵਾਲ ਜਵਾਬ ਕਰਾਂ ਤੇ ਤੁਹਾਨੂੰ ਅਹਿਸਾਸ ਕਰਾਵਾਂ ਕਿ ਇਹ ਦੁੱਖ ਤੁਸੀਂ ਲੱਖਾਂ ਕਰੋੜਾਂ ਦੇ ਇਵਜ਼ ਆਪ ਸਹੇੜਿਆ ਹੈ। ਪਰ ਤੁਸੀਂ ਕਦੇ ਧੀਆਂ ਨੂੰ ਇੰਨਾ ਦਰਜਾ ਹੀ ਨਹੀਂ ਦਿੱਤਾ ਸੀ ਕਿ ਉਹ ਆਪਣੀ ਹੋਂਦ ਦਾ ਅਹਿਸਾਸ ਤੱਕ ਵੀ ਕਰਾ ਸਕਣ।
ਦੋ ਧੀਆਂ ਤੇ ਤੀਜੀ ਵਾਰ ਤੁਸੀਂ.....ਕੋਈ ਓਹੜ ਪੋਹੜ ਨਾਂ ਛੱਡਿਆ,ਕੋਈ ਅਲੀ ਔੋਲੀਆ,ਕੋਈ ਪੀਰ ਪੈਗੰਬਰ,ਮੜ੍ਹੀ ਮਸਾਣੀ,ਜਿਥੇ ਕਿਤੇ ਵੀ ਮੁੰਡੇ ਪੁੱਤਰ ਦੀ ਦਾਤ ਪੁੜੀਆਂ ਤਵੀਤਾਂ ਚ ਬੰਂ੍ਹਨ ਕੇ ਵੰਡਣ ਦੀ ਦੱਸ ਪਾਈ ਜਾਂਦੀ ਤੁਸੀਂ ਨੰਗੇ ਪੈਰ ਨਿਰਆਹਾਰ ਤੁਰ ਪੈਂਦੇ,ਦੁਪਹਿਰਾਂ ਦੀ ਆਨੇ ਕੱਢਣੀ ਧੁੱਪ ਚਾਹੇ ਸਾਉਣ ਭਾਦੋਂ ਦੀ ਲੰਮੀ ਝੜੀ,ਤੇ ਚਾਹੇ ਪੋਹ ਦਾ ਕੱਕਰ ਕੁਝ ਵੀ ਤੁਹਾਡੇ ਆੜੈ ਆਉਣ ਦੀ ਹਿੰਮਤ ਨਾਂ ਕਰ ਸਕਦਾ।ਤੇ ਖ਼ਵਰੇ ਕਿੰਨੀਆਂ ਧੀਆਂ ਦੀ ਬਲੀ।ਤੇ ਫੇਰ ਤੁਹਾਨੂੰ ਉਪਰਵਾਲੇ ਨੇ ਇਸ ਅਣਮੁੱਲੀ ਦਾਤ ਨਾਲ ਨਿਵਾਜ ਹੀ ਦਿੱਤਾ।
ਕਾਕੇ ਦੇ ਸਿਰ ਤੇ ਜਿੰਨੇ ਵਾਲ ਸਨ ਉਤਨੀਆਂ ਤੁਹਾਡੇ ਸਿਰ ਸੁਖਣਾ ਸਨ,ਜੋ ਤੁਸੀਂ ਅੱਜ ਤੱਕ ਵੀ ਪੂਰੀਆਂ ਨਹੀਂ ਲਾਹ ਸਕੇ। ਡੈਡੀ ਜੀ ਕਾਕੇ ਦੇ ਜਨਮ ਤੇ ਤੁਸੀਂ ਆੜ੍ਹਤੀਏ ਕੋਲੋਂ ਜੋ ਕਰਜਾ ਲਿਆ ਸੀ ਜਸ਼ਨ ਮਨਾਉਣ ਲਈ,ਉਹ ਵੀ ਦੂਣ ਸਵਾਇਆਂ ਹੋ ਤੁਹਾਡੇ ਗਲ ਦਾ ਤੌਖ਼ ਬਣ ਗਿਆ।ਅੱਧਾ ਕਿੱਲਾ ਗਹਿਣੇ ਪਾ ਉਹ ਕਰਜਾ ਉਤਰਿਆ,ਤੇ ਗਹਿਣੇ ਦੀ ਰਕਮ ਪੂਰੀ ਨਾਂ ਹੋਈ ਤੇ ਉਹ ਤੂੜੀ ਦੇ ਭਾੳ ਬੈਅ ਹੋ ਗਿਆ,ਇੰਨੇ ਨੂੰ ਕਾਕਾ ਵੱਡਾ ਹੋ ਗਿਆ,ਖਰਚ ਤੇ ਉਹਦੇ ਪਹਿਲਾਂ ਵੀ ਵਿਤੋਂ ਵੱਧ ਸੀ ਜਿਉਂ ਹੀ ਉਹ ਥੋੜਾ ਹੋਸ਼ ਸੰਭਲਿਆ ਤੇ ਉਹਦੇ ਖਰਚੇ ਤੁਹਾਡੀ ਚਾਦਰ ਤੋਂ ਵੀ ਬਾਹਰ ਨਿਕਲਣ ਲਗੇ।
ਅਸੀਂ ਦੋਵੇਂ ਭੇੈਣਾਂ ਤੰਗੀ ਤੁਰਸ਼ੀ ਵਿੱਚ ਮਰਦੀਆਂ ਜਿਉਂਦੀਆਂ ਦਸਵੀਂ ਜਮਾਤ ਚੰਗੇ ਨੰਬਰਾਂ ਵਿੱਚ ਪਾਸ ਕਰ ਹੀ ਗਈਆਂ। ਹੁਣ ਮਸਲਾ ਸੀ ਅਗੋਂ ਪੜ੍ਹਨ ਦਾ,ਤਸਾਂ ਤੇ ਕਦੀ ਸਾਨੂੰ ਏਨਾ ਹੱਕ ਹੀ ਨਹੀਂ ਸੀ ਦਿੱਤਾ ਕਿ ਅਸੀਂ ਤੁਹਾਡੇ ਸਾਹਮਣੇ ਉੱਚ ਸਿਖਿਆ ਦੀ ਗਲ ਵੀ ਕਰ ਸਕਦੇ,ਮੁੱਖ ਅਧਿਆਪਕ ਦਾ ਘਰ ਭਰ ਕੇ ਤੁਸੀਂ ਕਾਕੇ ਦਾ ਪ੍ਰਾਇਮਰੀ ਪਾਸ ਦਾ ਸਰਟੀਫੀਕੇਟ ਲੈ ਲਿਆ।ਉਹਨੂੰ ਛੇਵੀਂ ਜਮਾਤ ਚ ਦਾਖਲ ਕਰਾਉਣ ਲਈ ਤੁਹਾਨੂੰ ਦਿਨੇ ਤਾਰੇ ਦਿਸੇ ਪਰ ਤੁਸੀਂ ਬਿਲ ਆਖਰ ਦੋ ਨੰਬਰ ਚ ਕਾਕੇ ਦਾ ਦਾਖਲਾ ਵੱਡੇ ਸਕੂਲੇ ਕਰਾ ਹੀ ਲਿਆ।
ਅੱਜ ਜਦੋਂ ਤੁਹਾਡਾ ਲਾਡਲਾ ਪੁੱਤ ਜਿਉਣ ਦੀ ਜੰਗ ਲੜ ਰਿਹਾ ਹੈ,ਤੇ ਮੈਨੂੰ ਅਕਸਰ ਯਾਦ ਅਉਂਦੈ,' ਕਾਕਾ ਥੌੜਾ ਥੋੜਾ ਤੁਰਨ ਲਗਾ ਸੀ ਤੇ ਦਾਦੀ ਉਹਨੂੰ ਡੰਡਾ ਚੁੱਕ ਲਿਆਉਣ ਲਈ ਕਹਿੰਦੀ,ਉਹਨੂੰ ਬਹਾਦਰ ਬਣਾਉਣ ਲਈ ਇਹ ਡੰਡਾ ਭੈੇਣਾਂ ਨੂੰ ਮਾਰਨ ਲਈ ਉਕਸਾਇਆ ਜਾਂਦਾ,ਉਹਦੇ ਕੋਲੋਂ ਜਿਥੇ ਵੱਜਦਾ ਉਹ ਸਾਡੇ ਡੰਡਾ ਲਾ ਦੇਂਦਾ ਅਸੀਂ ਚੀਖਦੀਆਂ ਤੇ ਸਾਰੇ ਹੱਸ ਹੱਸ ਲੋਟ ਪੋਟ ਹੁੰਦੇ ਸਾਡੀਆਂ ਗੁੱਤਾਂ ਪੁਟਦਾ ਵਾਲ ਖੋਹ ਛੱਡਦਾ,ਉਹ ਬੋਲਣਾ ਸਿਖਿਆ ਤਾਂ ਉਹਨੂੰ ਮੋਟੀਆਂ ਗਾਲਾਂ ਕੱਢਣ ਤੋਂ ਕਿਸੇ ਨਾਂ ਟੋਕਿਆ ਸਗੋਂ ਖੁਸ਼ੀ ਮਨਾਈ ਜਾਂਦੀ,ਕਿ ਉਹ ਥੱਥਾ ਨਹੀਂ ਹੈ।ਉਹਦੇ ਕਾਰਨਾਮਿਆਂ ਦੇ ਉਲ੍ਹਾਂਭੈ ਆਂਢੌਂ ਗਵਾਂਢੌਂ ਤੇ ਸਕੂਲੋਂ ਆਉਣ ਲਗੇ,ਤੇ ਤੁਸਾਂ ਉਹਨੂੰ ਰਾਹੇ ਰਾਹ ਲਾਉਣ ਦੇ ਥਾਂ ਗਵਾਂਢ ਨਾਲ ਹੀ ਥਾਣੇ ਪਥਾਣੇ ਹੋ ਜਾਂਦੇ,ਸਕੂਲ ਦੇ ਮੁਖੀ ਦੀ ਸ਼ਕਾਇਤ ਲਾ ਉਹਨੂੰ ਘਰੋ ਬੇਘਰ ਕਰਵਾ ਦਿੱਤਾ।ਕਾਕੇ ਦੀ ਕਰਤੂਤ ਨੂੰ ਤੁਸੀਂ ਬਹਾਦਰੀ ਦਾ ਅਹੁਦਾ ਦੇਂਦੇ ਤੇ ਉਹਨੂੰ ਇਨਾਮਾਂ ਨਾਲ ਨਵਾਜਦੇ।
ਬਾਰਾਂ ਸਾਲ ਦਾ ਵੀ ਨਹੀਂ ਸੀ ਕਿ ਤੁਸੀਂ ਚਾਅ ਵਿੱਚ ਹੀ ਉਹਨੂੰ ਟਰੇਕਟਰ ਦਾ ਸਟੇਰਿੰਗ ਫੜਾ ਦਿੱਤਾ,ਤੇ ਉਸ ਟਰੇਕਟਰ, ਸੱਜਰ ਗਾਂ ਵਛੜੇ ਸਮੇਤ ਚੜਾ੍ਹ ਦਿੱਤਾ ਬਾਜੀ ਲਗੀ ਉਹ ਵੀ ਥਲੇ ,ਕਿੰਨਾ ਚਿਰ ਮੰਜੇ ਤੇ ਰਿਹਾ ਤੇ ਕਿੰਨਾ ਪੈਸਾ ਲਗਾ,ਜੋ ਮਾਂ ਵਰਗੀ ਜਮੀਨ ਨੂੰ ਬੈਅ ਕਰਕੇ ਪੂਰਾ ਕੀਤਾ।ਉਸ ਵਕਤ ਨਾ ਤੁਹਾਨੂੰ ਤੇ ਨਾਂ ਦਾਦੀ ਨੂੰ ਮਾਂ ਨੂੰ ਇਹ ਖਿਆਲ ਆਇਆ ਕਿ ਜਮੀਨ ਹੀ ਸੱਭ ਦਾ ਪੇਟ ਭਰਦੀ ਹੈ,ਤੁਸਾਂ ਇਹੋ ਕਿਹਾ ਪੁੱਤ ਤੋਂ ਵਾਰ ਦਿੱਤਾ ਸੱਭ ਇਹਦਾ ਹੀ ਹੈ ਅੱਜ ਲੈ ਲਿਆ ਤਾਂ ਕੀ।ਉਹ ਮਸਾਂ ਉਠਿਆ ਹੀ ਸੀ ਕਿ ਉਸ ਮੋਟਰਬਾਈਕ ਮੰਗ ਲਿਆ।
ਮਾਂ ਨੇ ਕਿਹਾ ਮੈਨੂੰ ਬੜਾ ਚਾਅ ਮੇਰਾ ਪੁੱਤ ਮੋਟਰਸੈਕਲ ਤੇ ਮੈਨੂੰ ਚੜ੍ਹਾ ਕੇ ਲਜਾਵੇ ਤੇ ਵਿਆਜੀ ਕਿਸ਼ਤਾਂ ਤੇ ਓਦਣ ਹੀ ਮੋਟਰਸੈਕਲ ਵੀ ਤੁਸਾਂ ਲੈ ਦਿੱਤਾ।ਮੋਟਰਬਾਈਕ ਲੈਂਦੇ ਹੀ ਉਸਦੀ ਸੰਗਤ ਵੀ ਬਦਲ ਗਈ ਤੇ ਉਹ ਢਾਣੀਆਂ ਚ ਬਹਿ ਕੇ ਲੁਟਾਂ ਖੋਹਾਂ ਦੀ ਜੁਗਤ ਵੀ ਸਿੱਖ ਗਿਆ,ਤੇ ਇਸ ਤਰਾਂ ਉਸਦੇ ਐੇਬ ਵਧਦੇ ਗਏ ਉਹ ਕਦੇ ਸਕੂਲ਼ ਨਾਂ ਵੜਦਾ।
ਤੁਹਾਨੂੰ ਆਪਣੀਆਂ ਧੀਆਂ ਦੀ ਗੈਰਤ ਅਣਖ ਤਾਂ ਪਤਾ ਸੀ ਪਰ ਪਰਾਈਆਂ ਧੀਆਂ ਤੁਹਾਨੂੰ ਪੱਥਰ ਦੀਆਂ ਲਗਦੀਆਂ। ਕਾਕਾ ਨਾਬਾਲਗ ਵੀ ਬਾਲਗਾਂ ਵਾਲ਼ੀਆਂ ਹਰਕਤਾ ਕਰਨ ਲਗਾ।ਤੁਸੀਂ ਕਦੇ ਉਸਨੂੰ ਨਾਂ ਟੋਕਿਆ,ਨਾਂ ਕਿਸੇ ਧੀ ਤੋਂ ਮਾਫ਼ੀ ਮੰਗੀ।ਤੁਸਾਂ ਕਦੇ ਨਾਂ ਉਸ ਨੂੰ ਉਹਨਾਂ ਸੁਖਣਾ ਦਾ ਵਾਸਤਾ ਪਾਇਆ ਜੋ ਅੱਜ ਵੀ ਉਤਾਰ ਰਹੇ ਹੋ।ਕਿਸਾਨ ਬੀਜ ਬੋਂਦਾ ਹੈ ਤਾਂ ਬੂਟਾ ਬਣਨ ਤੱਕ ਉਸਦੀ ਨਿਗਰਾਨੀ ਕਰਦਾ ਹੈ,ਪਰ ਤੁਸੀਂ ......
ਜਿਸ ਜਮੀਨ ਦਾ ਤੁਹਾਨੂੰ ਵਾਰਸ ਚਾਹੀਦਾ ਸੀ ਉਹ ਲਾਵਾਰਸ ਹੋ ਰਹੀ ਸੀ,ਤੇ ਵਾਰਸ ਉਹਦੀ ਕਬਰ ਤੇ ਅਯਾਸ਼ੀ ਮਾਣ ਰਿਹਾ ਸੀ।ਤੁਹਾਨੂੰ ਫੇਰ ਵੀ ਕੁਝ ਨਾਂ ਖੁੜਕੀ।

       
ਅਸੀਂ ਜਿਵੇਂ ਨਾ ਕਿਵੇਂ ਜੇ ਬੀ ਟੀ ਕਰ ਲੀ ਤੇ ਨੌਕਰੀ ਵੀ ਲਗ ਗਈਆਂ ਜਿਥੇ ਤੁਸੀਂ ਵਿਆਹ ਦਿੱਤਾ ਤੁਹਾਡੀ ਰਜ਼ਾ ਵਿੱਚ ਰਾਜ਼ੀ ਹਾਂ।
ਕਾਕਾ ਸਿੰਘ ਨੇ ਇਕ ਹੋਰ ਰੱਟ ਲਾ ਦਿੱਤੀ ਕਿ ਉਹ ਵਿਦੇਸ਼ ਜਾ ਕੇ ਆਪਣੀ ਗੀਤਾਂ ਦੀ ਅਲਬਮ ਕੱਢੇਗਾ।ਤਸਾਂ ਭੱਜ ਨੱਸ ਕਰਕੇ ਤੇ ਪੈਸਾ ਲਾ ਕੇ ਉਸਦੀ ਦੇਸ਼ ਵਿੱਚ ਇਕ ਅੇਲਬਮ ਤਾਂ ਕਢਵਾ ਦਿੱਤੀ ਪਰ ਉਸਨੇ ਬਾਹਰ ਜਾਣ ਦੀ ਜਿੱਦ ਫੜ ਲਈ।ਫਿਰ ਤੁਸਾਂ ਏਜੰਟ ਦੇ ਝਾਂਸੇ ਵਿੱਚ ਆ ਕੇ ਇਕ ਆਈਲਟ ਪਾਸ ਕੁੜੀ ਦੇ ਮਾਪਿਆਂ ਨਾਲ ਪੰਦਰਾਂ ਸੋਲਾਂ ਲੱਖ ਵਿੱਚ ਸੌਦਾ ਕਰ ਲਿਆ,ਪੜ੍ਹਿਆ ਤਾ ਹੈ ਨਹੀਂ ਸੀ ਕਦੇ ਉਹ ਪਰ ਬਾਰਾਂ ਜਮਾਤਾਂ ਪਾਸ ਦੀ ਸੰਨਦ ਵੀ ਲੈ ਦਿੱਤੀ ਤੁਸੀਂ।
ਇਹ ਜੋ ਕੁਝ ਮੈਂ ਕਿਹੈ,ਇਹ ਸੱਭ ਤੁਸੀਂ ਜਾਣਦੇ ਹੋ,ਤੇ ਸੱਭ ਜਾਣਦੇ ਹੋਏ ਇਸ ਵਾਰ ਵੀ ਤੁਸੀਂ ਆਪਣੇ ਲਾਡਲੇ ਨੂੰ ਰਾਹੇ ਨਾਂ ਪਾ ਸਕੇ ਉਹ ਤੇ ਆਪਣੀ ਜੁੰਡਲੀ ਤੇ ਏਜੰਟ ਨੂੰ ਹੀ ਆਪਣਾ ਖੇਰਖਵਾਹ ਸਮਝਦਾ ਸੀ ਤੇ ਤੁਹਾਡੇ ਇੰਨੀ ਕੁਰਬਾਨੀ ਨੂੰ ਉਸ ਮਿੱਟੀ ਵੀ ਨਾ ਜਾਣਿਆ ਤੇ ਜੋ ਟੋਟਾ ਜਮੀਨ ਦਾ ਬਚਿਆ ਸੀ ਉਹ ਬੈਂਕ ਦੇ ਹਵਾਲੇ ਕਰ ਕੁੜੀ ਵਾਲਿਆਂ ਤੇ ਏਜੰਟ ਦਾ ਘਰ ਭਰ ਦਿੱਤਾ ਤੇ ਫੇਰ ਸੱਭ ਟੂਮ ਛੱਲਾ ਵੇਚ ਧੁਮ ਧਾਮ ਨਾਲ ਕਾਕਾ ਸਿੰਘ ਦਾ ਵਿਆਹ ਹੋ ਗਿਆ।
ਜਿਸਨੂੰ ਤੁਸੀਂ ਸਿਕਿਆਂ ਨਾਲ ਤੋਲ ਕੇ ਨੂ੍ਹੰਹਰਾਣੀ ਬਣਾ ਕੇ ਲਿਆਂਦਾ ਸੀ,ਉਹਦਾ ਤੇ ਖ਼ਵਰੇ ਤੁਸੀਂ ਪਿਛਲੇ ਜਨਮ ਦਾ ਕਰਜ਼ਾ ਦੇਣਾ ਸੀ।ਉਹ ਕਾਕਾ ਸਿੰਘ ਨੂੰ ਬੁਲਾਉਣ ਦਾ ਦਿਲਾਸਾ ਦੇ ਕੇ ਫਲਾਈ ਕਰ ਗਈ।
ਕਾਕਾਸਿੰਘ ਬਾਹਰ ਜਾਂਦਾ ਜਾਂਦਾ ਅੰਦਰ ਚਲਾ ਗਿਆ,ਸ਼ਾਇਦ ਹੀ ਹੁਣ ਉਹ ਇਸ ਵਿਹੜੇ ਖੁਲੀ ਹਵਾ ਵਿੱਚ ਮੁੜ ਸਕੇ।
ਬੈਂਕ ਦੇ ਕਰਜੇ ਵਿੱਚ ਪੰਦਰਾਂ ਕਿਲੇ ਕੁਰਕ ਹੋ ਗਏ ।
ਸਾਡਾ ਅਰਸ਼ਾਂ ਦਾ ਰਾਜਾ ਬਾਬਲ ਫਰਸ਼ ਤੇ ਆਣ ਪਿਆ।
ਡੈਡੀ ਅਸੀਂ ਤੁਹਾਨੂੰ ਰੋਟੀ ਤੋਂ ਆਤੁਰ ਤਾਂ ਨਹੀਂ ਸੀ ਰਹਿਣ ਦੇਣਾ ਤੁਹਾਨੂੰ ਕੀ ਲੋੜ ਸੀ ਜਹਿਰ ਖਾਣ ਦੀ।ਤੁਹਾਡੀ ਅੋਲਾਦ ਹਾਂ ਅਸੀਂ।ਜਮੀਂਨ ਛੁਡਾਉਣ ਦੀ ਹੈਸੀਅਤ ਨਹੀਂ ਹੈ ਸਾਡੀ ਪਰ ਅਸੀਂ ਤੁਹਾਡੀ ਦੇਖ ਰੇਖ ਪੂਰੈ ਇਜ਼ਤ ਮਾਣ ਨਾਲ ਕਰਾਂਗੀਆਂ,ਰੱਬ ਨੇ ਤੁਹਾਨੂੰ ਨਵਾਂ ਜਨਮ ਦਿੱਤਾ,ਅਸੀਂ ਤੁਹਾਨੂੰ ਅੱਜ ਤੋਂ ਨਵੀਂ ਜਿੰਦਗੀ ਦੇਵਾਂਗੀਆਂ।ਵਾਹਿਗੁਰੂ ਦੀ ਮਿਹਰ ਹੋਵੇਗੀ ਤੇ ਵੀਰ ਵੀ ਘਰ ਆਜੇਗਾ।
ਡੈਡੀ ਜੀ , ਕਲ ਦੀ ਰਾਤ ਕਾਲੀ ਸੀ,ਪਰ ਰਾਤ ਹੀ ਤਾਂ ਸੀ "॥

ਆਪ ਜੀ ਦੀਆਂ ਧੀਆਂ
ਸੁਸ਼ਮਾ ਤੇ ਸਵੇਰਾ.........
ਚਲਦੇ ਚਲਦੇ-ਅਧੁਨਿਕਤਾ ਦੀ ਅੰਨ੍ਹੀ ਹਨੇਰੀ ਉੜਾ ਲੈ ਗਈ-
ਪੁੱਤਾਂ ਦੀ ਤੋਤਲੀ ਕਵਿਤਾ,ਧੀਆਂ ਦੇ ਅਲ੍ਹੜ ਹਾਸੇ॥.........
ਰਣਜੀਤ ਕੌਰ   ਤਰਨ ਤਾਰਨ 9780282816

18 Nov. 2016