ਅੰਗਰੇਜੀ - ਰਣਜੀਤ ਕੌਰ ਤਰਨ ਤਾਰਨ

ਜਦ ਅੰਗਰੇਜੀ ਨੇ ਲੱਜ ਰੱਖ ਲਈ।
ਬਾਤ ਆਪ ਬੀਤੀ ਹੈ -----ਕੁਝ ਸਾਲ ਪਹਿਲਾਂ ਦੀ ਬਾਤ ਹੈ,ਸਮੇਂ ਅਨੁਸਾਰ ਬੇਰੁਜ਼ਗਾਰੀ ਉਦੋਂ ਵੀ ਬਹੁਤ ਸੀ,
ਨਵੀਆਂ ਨਿਜੀ ਕੰਪਨੀਆਂ ਦੀ ਸ਼ੁਰੂਆਤ ਹੋ ਗਈ ਸੀ।ਮੇਰੀ ਜਮਾਤਣ ਤੇ ਸਹੇਲੀ 'ਨੀਲੂ'ਨੂੰ ਨੌਕਰੀ ਦਾ ਬੜਾ ਚਾਅ ਸੀ,ਉਹ ਰੋਜ਼ ਗੁਰਦਵਾਰੇ ਜਾ ਕੇ ਅਰਦਾਸ ਕਰਦੀ,ਵਰਤ ਰੱਖਦੀ, ਜੋ ਵੀ ਉਪਾਅ ਕੋਈ ਦਸਦਾ ਉਹ ਕਰ ਗੁਜਰਦੀ।ਮੰਦਰ ਮਸਜਿਦ ਮੱਥੇ ਰਗੜਦੀ,ਰੱਬ ਜੀ ਨੌਕਰੀ ਦੇਦੇ ਭਾਵੇ ਸੌ ਰੁਪਏ ਦੀ ਹੋਵੇ।ਘਰੇਲੂ ਨਿਜੀ ਸਕੂਲ ਵਿੱਚ ਵੀ ਕਦੇ ਮਹੀਨਾ ਦੋ ਮਹੀਨੇ ਲਾ ਆਉਂਦੀ।
ਮੈਂ ਉਸ ਨੂੰ ਪੁਛਿਆ,ਤੈਨੂੰ ਨੌਕਰੀ ਦੀ ਲੋੜ ਤਾਂ ਹੈ ਨਹੀਂ,ਕਿਉਂ ਤਰਲੋ ਮੱਛੀ ਹੋ ਰਹੀ ਹੈਂ?
ਨੀਲੂ ਬੋਲੀ-ਤੈਨੂੰ ਨੀ ਪਤਾ-ਫਿਲਮ ਵੇਖਣ ਵੇਲੇ ਪੈਸੇ ਨੀ ਮੰਗਣੇ ਪੈਂਦੇ,ਨਾਲੇ ਬਾਹਰੋਂ ਬਾਹਰ ਚਲੇ ਜਾਈਦਾ।
ਇਕ ਵਾਰ ਉਸ ਨੇ ਗੁਰਦਵਾਰੇ ਸੁਖਣਾ ਸੁਖੀ,ਕਿ ਹੇ ਵਾਹਿਗੁਰੂ ਜੇ ਤੂੰ ਮੈਂਨੂੰ ਨੌਕਰੀ ਮਿਲਾ ਦੇਂਵੇ,ਤੇ ਮੈਂ ਪਹਿਲੀ ਤਨਖਾਹ ਸ੍ਰੀ ਹਰਮਿੰਦਰ ਸਾਹਿਭ ਚੜ੍ਹਾ ਦਿਆਂਗੀ"।ਵਾਹਿਗੁਰੂ ਨੂੰ ਸ਼ਾਇਦ ਤਰਸ ਆ ਗਿਆ,ਜਾਂ ਲਾਲਚ...
ਜਾਂ ਦੁਆ ਪੁਗਣ ਦਾ ਵੇਲਾ ਆ ਗਿਆ!ਉਸ ਨੂੰ ਸਰਕਾਰੀ ਨੌਕਰੀ ਮਿਲ ਗਈ,ਪਹਿਲੀ ਤਨਖਾਹ ਮਿਲੀ ਤਾਂ ਪੂਰੇ ਪੈਸੇ ਲੈ ਕੇ ਮੇਰੇ ਕੋਲ ਆਈ ਤੇ ਆਖਣ ਲਗੀ,ਚਲ ਮੇਰੇ ਨਾਲ ਦਰਬਾਰ ਸਾਹਿਬ,ਸੁਖਣਾ ਲਾਹ ਆਈਏ,ਫਿਰ ਰਹਿੰਦੀ ਰਹਿ ਜਾਂਦੀ ਹੈ,ਕੀ ਪਤਾ ਕਲ ਦਾ ਕੀ ਹੋ ਜਾਵੇ/,
ਸ਼ਨੀਵਾਰ ਦੀ ਛੂੱਟੀ ਤੇ ਅਸੀਂ ਰੇਲ ਗੱਡੀ ਤੇ ਅੰਮ੍ਰਿਤਸਰ ਚਲ ਪਈਆਂ,ਸਟੇਸ਼ਨ ਤੋਂ ਦਰਬਾਰ ਸਾਹਿਬ ਵਲ ਜਾਣ ਨਿਕਲੀਆਂ ਕਿ ਅਗੋਂ ਇਕ ਅੰਗਰੇਜ਼ ਮੁਟਿਆਰ (ਮੇਮ ਸਹਿਬ) ਘਬਰਾਈ ਜਿਹੀ ਸਾਡੇ ਵਲ ਵਧੀ ਤੁਰੀ ਆ ਰਹੀ ਸੀ,ਜੋ ਕੋਈ ਵੀ ਉਥੇ ਸੀ ਚਾਹੇ ਰਿਕਸ਼ਾ ਵਾਲਾ ਚਾਹੇ ਰੇੜ੍ਹੀ ਵਾਲਾ,ਉਸ ਤੇ ਅਵਾਜ਼ੇ ਕੱਸ ਰਹੇ ਸੀ,
ਉਸ ਨੂੰ ਤਾਂ ਕੁਝ ਸਮਝ ਨਹੀ ਸੀ ਆ ਰਹੀ ਪੰਜਾਬੀ ਕਮੇਂਟਸ ਦੀ,ਪਰ ਸਾਨੂੰੰ ਸਾਫ ਸੁਣਾਈ ਦੇ ਰਹੇ ਸੀ।ਕੋਈ ਕਹਿ ਰਿਹਾ ਸੀ,ਓਏ ਤੇਰੀ ਭਾਬੀ ਰੁੱਸ ਕੇ ਚਲੀ ਗਈ,ਦੂਜਾ ਓਏ ਮੇਰੀ ਭੂਆ ਈ ਸੋਚ ਕੇ ਬੋਲ,ਕੋਈ ਕਹਿ ਰਿਹਾ ਸੀ,ਮਾਰ ਸੁਟਿਆ,ਲੈ ਗਈ ਦਿਲ ਕੱਢ ਕੇ"।ਹੋਰ ਵੀ ਬੜਾ ਊਲ਼ ਜਲੂਲ਼,....ਪਰ ਉਹ ਵਿਚਾਰੀ,
ਅਜਨਬੀਆਂ ਵਿੱਚ ਮੁਸੀਬਤ ਦੀ ਮਾਰੀ ਪਈ,ਬਹੁਤ ਉਦਾਸ ਸੀ-ਉਹ ਸਾਡੇ ਨੇੜੈ ਆਈ,ਸ਼ਾਇਦ ਉਸ ਨੂੰ ਉਮੀਦ ਲਗੀ ਕਿ ਅਸੀਂ ਉਸ ਦੀ ਕੁਝ ਮਦਦ ਕਰ ਸਕੀਏ,ਉਹ ਸਾਨੂੰ ਮੁਖਾਤਿਬ ਹੋਈ,ਨਿਮਰਤਾ ਸਾਹਿਤ
" ਅਸਕਿਉਜ਼ ਮੀ,ਡੂ ਯੂ ਨੋ ਇੰਗਲਿਸ਼?
ਨੀਲੂ ਨਾਂ ਸਮਝੀ,ਪਰ ਮੈਂ ਕਿਹਾ 'ਏ ਬਿਟ ਲਿਟਲ" ਇਫ ਅਈ ਕੈਨ ਹੇਲਪ ਯੂ?
ਬਹੁਤੀ ਅੰਗਰੇਜ਼ੀ ਤਾਂ ਮੈਨੂੰ ਵੀ ਬੋਲਣੀ ਨਹੀਂ ਆਉਂਦੀ ਉਸ ਨੂੰ ਮੁਸ਼ਕਲ ਵਿੱਚ ਵੇਖ ਕੇ ਮੇਰਾ ਦਿਲ ਕਰਦਾ ਸੀ ਉਸ ਨੂੰ ਮਦਦ ਦੀ ਲੋੜ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਸ ਨੇ ਆਪਣੀ ਭਾਸ਼ਾ ਵਿੱਚ ਆਪਣੀ ਵਿਥਿਆ ਕੁਝ ਇਸ ਤਰਾ ਸੁਣਾਈ-ਕਿ ਉਹ ਫਰਾਂਸ ਤੋਂ ਇੰਡੀਆ ਦੀ ਸੈਰ ਤੇ ਆਏ ਹਨ ,ਉਹ ਛੇ ਜਣੇ ਹਨ,ਤਿੰਨ ਕੁੜੀਆਂ ਤੇ ਤਿੰਨ ਮੁੰਡੇ।ਉਹ ਆਪਣੇ ਸਾਥੀਆਂ ਨਾਲ ਸਰਾਂ
(ਦਰਬਾਰ ਸਾਹਿਬ) ਠਹਿਰੇ ਹਨ,ਉਹ ਤੇ ਉਸਦਾ ਸਾਥੀ ਸ਼ਹਿਰ ਦੀ ਸੈਰ ਤੇ ਨਿਕਲੇ ਸਨ,ਤੇ ਖਾਣਾ ਵੀ ਖਾਣਾ ਸੀ,ਘੁੰਮਦੇ ਹੋਏ ਉਸ ਦਾ ਸਾਥੀ ਉਸ ਨਾਲੋਂ ਵਿਛੜ ਗਿਆ ਹੈ,ਉਹ ਰਿਕਸ਼ਾ ਲੈ ਕੇ ਦਰਬਾਰ ਸਾਹਿਬ ਸਰਾਂ ਪਹੁੰਚੀ, ਸ਼ਾਇਦ ਉਹ ਕਮਰੇ ਵਿੱਚ ਪਹੁੰਚ ਗਿਆ ਹੋਵੇ,ਪਰ ਕਮਰਾ ਬੰਦ ਸੀ,ਉਹ ਨਹੀਂ ਸੀ ਪਹੁੰਚਿਆ ਤੇ ਕਮਰੇ ਦੀ ਚਾਬੀ ਵੀ ਉਹਦੇ ਕੋਲ ਸੀ,ਅਗੇ ਉਸ ਨੇ ਦਸਿਆ ਕਿ ਉਸ ਨੇ ਡਿਉਟੀ ਮੈਨ ਨੂੰ ਬਹੁਤ ਵਾਰ ਆਪਣੀ ਗਲ ਸਮਝਾਉਣ ਦੀ ਕੋਸ਼ਿਸ਼ ਕੀਤੀ,ਤੇ ਡੁਪਲੀਕੇਟ ਚਾਬੀ ਨਾਲ ਕਮਰਾ ਖੌਲ਼੍ਹ ਦੇਣ ਦੀ ਬੇਨਤੀ ਕੀਤੀ,ਪਰ ਉਹ ਹਸੀ ਜਾਂਦੇ ਕੋਈ ਮਦਦ ਨੀਂ ਕਰਦੇ, ਪਲੀਜ਼ ਹੇਲਪ ਮੀ,
ਆਮ ਤੌਰ ਤੇ ਦੇਸੀ ਲੋਕਾਂ ਨਾਲ ਵੀ ਦਰਬਾਰ ਸਾਹਿਬ ਵਿੱਚ ਕਮਰਾ ਦੇਣ ਲਈ ਕਮੇਟੀ ਕਰਮੀਆਂ ਵਲੋਂ ਕੀਤੀ ਜਾਂਦੀ ਬਦਸਲੂਕੀ ਬਾਰੇ ਕਈ ਵਾਰ ਪਤਰਕਾਵਾਂ ਵਿੱਚ ਪੜਿਆਂ ਹੋਣ ਕਰਕੇ ਮੈਨੂੰ ਉਸ ਵਿਦੇਸ਼ੀ ਦੀ ਵਿਥਿਆ ਪ੍ਰੱਤੱਖ ਲਗੀ,ਇਸ ਲਈ ਭਾਸ਼ਾ ਦੀ ਮੁਸ਼ਕਲ ਹੋਣ ਤੇ ਵੀ ਮੈ ਯਤਨਸ਼ੀਲ ਹੋ ਗਈ,ਜਾਣਾ ਤਾਂ ਅਸੀ ਸੀ ਹੀ,ਦਰਬਾਰ ਸਾਹਿਬ,ਅਸੀਂ ਉਸ ਨਂੂੰ ਤਸੱਲੀ ਦੇ ਕੇ ਨਾਲ ਲੈ ਲਿਆ।
ਸਰਾਂ ਵਿੱਚ ਪਹੁੰਚੇ ਤੇ ਉਥੇ ਡਿਉਟੀ ਤੇ ਚਾਰ ਸੇਵਾਦਾਰ ਬੈਠੈ ਸੀ ਤੇ ਉਹਨਾਂ ਨਾਲ ਛੇ ਗਭਰੂ ਜਵਾਨ ਮਨਚਲੇ ਜਿਹੇ ਹੋਰ ਬੈਠੈ ਸੀ,ਉਹਨਾਂ ਕੋਲ ਪੱਤੇ ਤਾ ਨਹੀਂ ਸੀ ਪਰ ਤਾਸ਼ ਵਰਗੀ ਹੀ ਕੋਈ ਖੇਡ ਖੇਡ ਰਹੇ ਸੀ,।
ਉਹ ਸਾਨੂੰ ਵੇਖ ਹੱਸਣ ਲਗੇ।ਮੈਂ ਇਕ ਸੇਵਾਦਾਰ ਨੂੰ ਪੂਰੀ ਗਲ ਦਸੀ ਤੇ ਚਾਬੀ ਦਾ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ।
ਉਹ ਬੋਲਿਆ,ਇਹਦੀ ਪਸ਼ਤੋ ਸਾਨੂੰ ਸਮਝ ਨਹੀਂ ਆਈ,ਉਸ ਨੇ ਸਾਨੂੰ ਦੋ ਰਜਿਸਟਰ ਫੜਾ ਦਿੱਤੇ,ਤੇ ਕਿਹਾ ਆਪੇ ਲੱਭ ਲਓ ਇਹਦਾ ਕਮਰਾ ਨੰਬਰ।ਮੈਂ ਲੜੀਵਾਰ ਦੇਖਦੀ ਚਲੀ ਗਈ ਤੇ ਦੂਜੇ ਰਜਿਸਟਰ ਤੇ ਜਾ ਕੇ ਇਕ ਜਗਾਹ ਉਹ ਫਰਾਸੀਸੀ ਲੜਕੀ ਆਪਣੇ ਤੇ ਆਪਣੇ ਸਾਥੀ ਦੇ ਦਸਤਖਤ ਵੇਖ ਕੇ ਉਛਲ਼ ਪਈ,"ਯਾ,ਯਾ,ਯਾ
ਮੈ ਕਮਰਾ ਨੰਬਰ ਵੇਖ ਕੇ ਸੇਵਾਦਾਰ ਨੂੰ ਖੋਲ੍ਹ ਦੇਣ ਦੀ ਬੇਨਤੀ ਕੀਤੀ,ਉਹ ਭਲਾ ਪੁਰਸ਼ ਸੀ ਨਹੀਂ ਤੇ ਸਾਡਾ ਕੀ ਹਸ਼ਰ ਹੁੰਦਾ,ਡਰ ਤਾਂ ਬੜਾ ਸੀ ,ਉਹ ਚਾਬੀ ਲੈ ਕੇ ਸਾਨੂੰ ਲੈ ਤੁਰਿਆ,ਅਸੀਂ ਮੇਮ ਦਾ ਹੱਥ ਫੜੀ ਰੱਖਿਆ,ਬਹੁਤ ਘੱਟ ਦੂਰੀ ਤੇ ਬਿਲਕੁਲ ਸਾਹਮਣੇ ਉਹਨਾਂ ਵਿਦੇਸ਼ੀਆਂ ਯਾਤਰੀਆਂ ਨੂੰ ਤਿੰਨ ਕਮਰੇ ਅਲਾਟ ਕੀਤੇ ਗਏ ਸਨ
ਤੇ ਉਸ ਮਾਸੂੰਮ ਭੋਲੇ ਪੰਛੀ ਨੂੰ ਇਸ ਤਰਾਂ ਭਜਾਈ ਫਿਰਨਾਂ ਇਨਸਾਨੀ ਫਿਤਰਤ ਨੂੰ ਫਿਟਕਾਰ ਪਾ ਰਿਹਾ ਸੀ।
ਕਮਰਾ ਖੁਲ ਗਿਆ ਪਰ ਆਪਣੇ ਸਾਥੀ ਦੇ ਵਿਛੌੜੈ ਵਿੱਚ ਉਹ ਫਿਰ ਰੋਣ ਲਗੀ,ਬੂਹੇ ਦੇ ਖੜਾਕ ਨਾਲ ਨਾਲ ਦੇ ਕਮਰੇ ਵਾਲੇ ਉਸ ਦੇ ਸਾਥੀ ਆ ਗਏ ਤੇ ਉਹ ਤਿੰਨ ਜਣੇ ਇੰਜ ਇਕ ਦੂਸਰੇ ਨੂੰ ਚੁੰਮਣ ਲਗੇ ਜਿਵੇਂ ਚਿਰਾਂ ਦੇ ਗਵਾਚੇ ਲੱਭ ਪਏ ਹੋਣ,ਸਾਡੀ ਸਾਥਣ ਮੇਮ ਦੇ ਚਿਹਰੇ ਤੇ ਕੁਝ ਤਸੱਲੀ ਦਿਸੀ,ਤੇ ਉਹ ਕੁਝ ਖੁਸ਼ੀ ਵਿੱਚ ਸਾਡੇ ਹੱਥ ਚੁੰਮਣ ਲਗੀ,ਫਿਰ ਥੋੜੇ ਹੌਂਸਲੇ ਵਿੱਚ ਆ ਕੇ ਉਸ ਨੇ ਆਪਣੇ ਸਾਥੀਆਂ ਨੂੰ ਆਪਣੇ ਨਾਲ ਹੋਈ ਬੀਤੀ ਕਹਿ ਸੁਣਾਈ,ਸੁਣਦੇ ਹੀ ਉਹਦੇ ਸਾਥੀ ਸਾਨੂੰ ਗਲ ਨਾਲ ਲਾ ਕੇ ਸਾਡੇ ਹੱਥ ਚੁੰਮਣ ਲਗੇ।
ਕਹਿੰਦੇ ਨੇ ਪੰਜਾਬੀ ਬੜੈ ਮਹਿਮਾਨ ਨਿਵਾਜ਼ ਹੂੰਦੇ ਨੇ,ਤੇ ਮਹਿਮਾਨ ਨੂੰ ਭਗਵਾਨ ਸਮਝਦੇ ਨੇ,ਸਾਡੇ ਸਾਹਮਣੇ ਅਸਲ ਤਸਵੀਰ ਸੀ,ਉਹਨਾ ਦਾ ਦਿਲ ਕਰ ਰਿਹਾ ਸੀ ਉਹ ਸਾਨੂੰ ਹੱਥਾਂ ਤੇ ਚੁੱਕ ਲੈਣ।ਚਾਕਲੇਟ,ਬਿਸਕੁਟ ਦਾ ਡੱਬਾ ਉਹਨਾਂ ਸਾਡੇ ਅੱਗੇ ਕੀਤਾ,ਅਸੀ ਧੰਨਵਾਦ ਸਾਹਿਤ ਮੂੰਹ ਮਿੱਠਾ ਕੀਤਾ,ਉਹ ਕਹਿਣ ਇਹ ਡੱਬਾ ਤੋਹਫਾ ਕਬੂਲ਼ ਕਰੋ,ਮੈਂ ਆਪਣੀ ਗੁਲਾਬੀ ਅੰਗਰੇਜ਼ੀ ਵਿੱਚ ਉਹਨਾਂ ਨੂੰ ਇੰਨਾ ਕੁਝ ਕਰਨ ਤੋਂ ਮਨਾ ਹੀ ਲਿਆ।
ਇਹ ਕਿਹੜਾ ਦਾਲ ਰੋਟੀ ਖਾਂਦੇ ਹਨ,ਬਿਸਕਟ,ਬਰੈਡ ਵੀ ਜੇ ਅਸੀਂ ਲੈ ਲਈ ਤੇ ਉਹ ਗੁਜਾਰਾ ਕਿਵੇਂ ਕਰਨਗੇ।
ਮੇਰਾ ਧਿਆਂਨ ਉਹਨਾਂ ਦੇ ਗਵਾਚੇ ਸਾਥੀ ਵੱਲ ਸੀ,ਤੇ ਮੇਰੀ ਪੇਸ਼ ਨਹੀਂ ਸੀ ਜਾ ਰਹੀ ਕਿ ਮੈ ਉਸ ਨੂੰ ਲੱਭ ਕੇ ਲੈ ਆਉਂਦੀ,ਉਸ ਵਕਤ ਮੋਬਾਇਲ ਫੋਨ ਨਹੀਂ ਸੀ ਹੁੰਦੇ।ਮੈਂ ਉਹਨਾਂ ਨੂੰ ਕਿਹਾ," ਵੀ ਸ਼ੁਡ ਇਨਫਾਰਮ ਟੂ ਡਿਉਟੀ ਮੈਨ,ਉਹ ਸਹਿਮਤੀ ਨਾਲ ਸ਼ਰੋਮਣੀ ਕਮੇਟੀ ਦੇ ਕਰਮੀ ਕੋਲ ਆ ਗਏ,ਮੈਂ ਸੇਵਾਦਾਰ ਨੂੰ ਪੰਜਾਬੀ ਵਿੱਚ ਦਸਿਆ ਤੇ ਉਹਨਾ ਵਲੋਂ ਬੇਨਤੀ ਕੀਤੀ ਕਿ ਇਹਨਾਂ ਦੇ ਸਾਥੀ ਦੀ ਭਾਲ ਕਰਨ ਵਿੱਚ ਕੁਝ ਕਰੋ!
ਇਕ ਮੈਂਬਰ ਬੜੀ ਖੂਸ਼ਕੀ ਨਾਲ ਬੋਲਿਆ,'ਅਸੀਂ ਨਾ ਜਾਣੀਏ,ਨਾ ਪਛਾਣੀਏ ਥਾਣੇ ਜਾ ਕੇ ਗਲ ਕਰੋ,ਰਪਟ ਲਿਖਾਓ।ਇਹ ਬਹੁਤ ਔਖਾ ਕੰਮ ਸੀ ਮੇਰੇ ਲਈ।ਮੈਨੂੰ ਤਾਂ ਵਰਦੀ ਵਾਲੇ ਹਊਆ ਲਗਦੇ ਹਨ।ਘਰ ਵਾਪਸੀ ਦੀ ਭਚਤਰੀ ਵੀ ਲਗੀ ਹੋਈ ਸੀ।ਇੰਨੇ ਨੂੰ ਇਕ ਮੁੰਡਾ ਬੋਲਿਆ,ਮੈ ਲੈ ਜਾਨਾ ਇਹਨਾ ਨੂੰ ਥਾਣੇ।ਮੈਂਨੂੰ ਸ਼ੱਕ ਹੋਇਆ,ਮੈਂ ਮੇਮ ਸਾਹਿਬ ਨੂੰ ਕਿਹਾ,'
ਯੂ ਪਲੀਜ਼ ਵੇਟ ਫਾਰ ਟੂ ਥਰੀ ਆਵਰਜ਼,ਦੈਂਨ ਟੈੱਲ ਦੈੰਮ ਐਂਡ ਿਇਨਫੌਰਮ ਟੂ ਪੋਲੀਸ।
ਪਰੇਸ਼ਾਨੀ ਤਾਂ ਸੀ ਤੇ ਉਹ ਹੋਰ ਪਰੇਸ਼ਾਨ ਹੋ ਗਏ,ਅਸੀਂ ਇਜ਼ਾਜ਼ਤ ਲਈ ਤੇ ਤੁਰ ਪਏ,ਪਰ ਉਹ ਦੇਰ ਤੱਕ ਸਾਡਾ ਧੰਨਵਾਦ ਕਰਦੇ ਰਹੇ।ਅਸੀਂ ਦੱਸ ਕਦਮ ਹੀ ਨਿਕਲੇ ਸੀ ਕਿ ਇਕ ਅੰਗਰੇਜ਼ ਆਉਂਦਾ ਵੇਖਿਆ,ਮੈਨੂੰ ਲਗਾ ਇਹ ਉਹ ਹੀ ਹੋਵੇ,ਰੱਬ ਕਰੇ,-ਨੀਲੂ ਮੇਰੀ ਸਹੇਲੀ ਨੂੰ ਕਮਰੇ ਦੀ ਚਾਬੀ ਤੱਕ ਦੀ ਗਲ ਤਾ ਪਤਾ ਸੀ ਪਰ ਉਸ ਦੇ ਸਾਥੀ ਦੇ ਰਾਹ ਭਟਕ ਜਾਣ ਵਾਲੀ ਗਲ ਉਹ ਦੇ ਪਲੇ ਨਹੀਂ ਸੀ ਪਈ।ਮੈਂ ਉਸ ਨੂੰ ਕਿਹਾ ਚਲ ਇਹਨੂੰ ਪੁਛੀਏ,ਕੌਣ ਹੈ?,ਫਿਰ ਮੈ ਦੇਖਿਆ ਉਹ ਉਧਰ ਹੀ ਕਮਰੇ ਵੱਲ ਜਾ ਰਿਹਾ ਸੀ,ਅਸੀ ਵੀ ਮਗਰ ਹੋ ਲਿਆ।
ਟਿਕਾਣੇ ਪਹੁੰਚ ਉਹ ਸਾਰੇ ਗਲੇ ਮਿਲ ਇਕ ਦੂਜੇ ਨੂੰ ਚੁੰਮਣ ਲਗੇ,ਇਹ ਉਹਨਾਂ ਦੀ ਸਭਿਅਤਾ ਹੈ।ਅਸੀਂ ਖਿਸਕਣ ਦੀ ਕੀਤੀ।,
ਘਰੌਂ ਜੁੱਤੀਆਂ ਪੈਣ ਦਾ ਡਰ ਤਾਂ ਸੀ,ਪਰ ਮਨ ਨੂੰ ਪੂਰੀ ਸ਼ਾਤੀ ਸੀ ਕਿ ਅੱਜ ਅੰਗਰੇਜ਼ੀ ਨੇ ਲੱਜ ਰੱਖ ਲਈ ਹੈ ਤੇ ਅਸੀਂ ਕਿਸੇ ਦੇ ਕੰਮ ਆ ਸਕੇ ਹਾਂ।ਪੂਰੀ ਨਾ ਸਹੀ ਕੁਝ ਕੁ ਤਾਂ ਕਰ ਹੀ ਸਕੀ ਸਾਡੀ ਅੰਗਰੇਜੀ ਤਾਲੀਮ।ਗੁਲਾਬੀ ਹੀ ਸੀ ਭਾਂਵੇ...
ਨੀਲੂ ਆਖੇ-ਰੰਜੀਤਾ ਅੱਜ ਤੇਰੀ ਮਨੀਟਰੀ ਬੜੀ ਕੰਮ ਆਈ।ਹਾਏ ਜੇ ਮੈਨੂੰ ਵੀ ਇੰਨੀ ਅੰਗਰੇਜੀ ਆ ਜਾਂਦੀ
( ਕਿਉਂਕਿ ਮੈਂ ਦਸਵੀ ਜਮਾਤ ਤੱਕ ਕਲਾਸ ਦੀ ਮਨੀਟਰ ਦਾ ਠੇਕਾ ਵੀ ਨਿਭਾਇਆ ਸੀ )
ਇਸ ਆਪ ਬੀਤੀ ਨੂੰ ਯਾਦ ਕਰ ਅਸੀਂ ਕਈ ਵਾਰ ਐਂਵੇ ਹੀ ਖੌਫ ਖਾ ਜਾਂਦੀਆਂ,ਜੇ ਸਾਡੇ ਨਾਲ ਕੋਈ ਧੌਖਾ ਹੋ ਜਾਂਦਾ,ਜੇ ਉਹਦੇ ਕਾਰਨ ਸਾਨੂੰ ਵੀ ਅਗਵਾ ਕਰ ਲਿਆ ਜਾਂਦਾ !
ਪਰ ਸ਼ੁਕਰ ਹੈ ਰੱਬ ਦਾ,ਉਹ ਵਿਦੇਸ਼ੀ ਸਾਡੇ ਦਰਬਾਰ ਸਾਹਿਬ ਦਾ ਬੁਰਾ ਪ੍ਰਭਾਵ ਮਨ ਤੇ ਨਾਂ ਲੈ ਜਾ ਸਕੇ!
"ਸ਼ਾਵਾ ਨੀ ਅੰਗਰੇਜੀੇਏ,ਮਾਂ ਜੈਸੀ ਮਾਸੀ ਤਾਂ ਸਾਬਿਤ ਹੋਈ।
ਰਣਜੀਤ ਕੌਰ ਤਰਨ ਤਾਰਨ

08 Aug. 2017