ਹੰਝੂ ਬਣ ਗਏ ਮੋਤੀ - ਰਣਜੀਤ ਕੌਰ ਤਰਨ ਤਾਰਨ

'ਪਹਾੜ ਵੀ ਕਦੇ ਹਿਲਦੈਅ'? ਜੀ ਹਾਂ ਪਹਾੜ ਵੀ ਹਿੱਲ ਜਾਂਦੈ,ਬਸ਼ਰਤੇ ਕਿ 'ਦਸ਼ਰਥ ਮਾਂਝੀ 'ਜੈਸਾ ਫੌਲਾਦੀ ਸੀਨਾ ਤੇ ਫੋਲਾਦੀ ਬਾਹਾਂ ਹੋਣ,ਤੇ ਦਿਲ ਵਿੱਚ ਮੁਹੱਬਤ ਦੀ ਚਿੰਗਾਰੀ ਮੱਘਦੀ ਹੋਵੇ।
ਚਟਾਨੀ ਪਹਾੜ ਦੇ ਸਾਏ ਤਲੇ ਵਸਿਆ ਬਿਹਾਰ ਦਾ ਨਿਕਾ ਜਿਹਾ ਪਿੰਡ 'ਗੇਹਲੋਰ'ਹੈ,' ਦਸ਼ਰਥ ਮਾਂਝੀ ਇਸੀ ਪਿੰਡ ਦਾ ਬਾਸਿੰਦਾ ਸੀ ,ਸੀ ਨਹੀਂ ਬਲਕਿ ਹੈ ਕਿਉਂਕਿ ਉਹ ਹਮੇਸ਼ਾਂ ਇਸ ਸੜਕ ਦੇ ਰੂਪ ਵਿੱਚ ਸਦੀਆਂ ਜਿੰਦਾ ਰਹੇਗਾ।
ਫਰਿਹਾਦ ਨੇ ਸ਼ੀਰੀ ਦੀ ਮੁਹੱਬਤ ਵਿੱਚ ਪਹਾੜਾਂ ਚੋਂ ਨਦੀ ਖੋਦ ਲਈ ਸੀ,ਇੰਨੇ ਵਰ੍ਹਿਆਂ ਬਾਦ ਉਸਦਾ ਲਾਸਾਨੀ ਪੈਦਾ ਹੋਇਆ,ਜਿਸਨੇ ਆਪਣੀ ਬੇਗਮ ''ਫਾਲਗੁਣੀ' ਦੀ ਮੁਹੱਬਤ ਵਿੱਚ ਪਹਾੜ ਚੀਰ ਚੀਰ ਕੇ ਚੂਰਾ ਕਰ ਦਿੱਤੇ ਤੇ ਉਹ ਰਾਹ ਬਣਾ ਲਈ ਜੋ ਫਿਰ ਕਦੀ ਕੋਈ ਜਾਲਮ ਪਹਾੜ ਪ੍ਰੇਮ ਦੀ ਰਾਹ ਵਿੱਚ ਅੜਨ ਦੀ ਹਿੰਮਤ ਨਹੀਂ ਕਰ ਸਕੇਗਾ।
ਦਸ਼ਰਥ ਮਾਂਝੀ ਜਿੰਮੀਦਾਰ ਨਾਲ ਖੇਤੀ ਦਾ ਸੇਪੀ ਸੀ।ਫਾਲਗੁਣੀ ਹਰ ਰੋਜ਼ ਉਸ ਲਈ ਖੇਤਾਂ ਵਿੱਚ ਭੱਤਾ ਲੈ ਕੇ ਜਾਂਦੀ ਸੀ।ਮਟਕੀ ਵਿੱਚ ਲੱਸੀ ਪਾਣੀ ਸਿਰ ਤੇ ਟਿਕਾ,ਰੋਜ਼ ਕੋਹ ਪੈੰਡਾ ਮਾਰਦੀ ਤੇ ਘਰ ਦੀ ਵਰਤੋਂ ਲਈ ਪਾਣੀ ਦੇ ਘੜੇ ਵੀ ਭਰ ਲਿਆਉਂਦੀ। ਰੋਜ਼ ਵਾਂਗ ਉਸ ਦਿਨ ਵੀ ਉਹ ਆਪਣੇ ਪੀਆ ਲਈ ਭੱਤਾ ਲਿਜਾ ਰਹੀ ਸੀ,ਪਤਾ ਨਹੀਂ ਕਿਵੇਂ ਉਸਨੂੰ ਠੇਡਾ ਲਗਾ ਤੇ ਉਹ ਪੱਥਰ ਨਾਲ ਜਾ ਵੱਜੀ,ਉਹ ਬੇਹੋਸ਼ ਹੋ ਗਈ ।ਇਹ 1959 ਦਾ ਸਾਲ ਸੀ ਜਦ ਕਿ ਸੰਚਾਰ ਤੇ ਆਵਾਜਾਈ ਦੇ ਸਾਧਨ ਅੱਜ ਵਾਂਗ ਨਹੀਂ ਸਨ।ਦਸ਼ਰਥ ਨੂੰ ਬਹੁਤ ਭੁੱਖ ਲਗੀ ਸੀ,ਉਹ ਮਨ ਹੀ ਮਨ ਬੀਵੀ ਨੂੰ ਕੋਸ ਰਿਹਾ ਸੀ,ਕੇ ਇੰਨੀ ਦੇਰ ਕਿਉਂ ਲਾਈ-ਉਹ ਘਰ ਵਲ ਨੂੰ ਤੁਰ ਪਿਆ ਤੇ ਉਹਨੂੰ ਟੁੱਟੀ ਮਟਕੀ ਦੀਆਂ ਚਿਪਰਾਂ ਤੇ ਡੁਲ੍ਹੀ੍ਹ ਲੱਸੀ ਵੇਖ ਉਸਦਾ ਮੱਥਾ ਠਣਕਿਆ ਕਿ ਕੋਈ ਭਾਣਾ ਵਰਤ ਗਿਆ।ਅਗਾਂਹ ਤੱਕਿਆ ਤੇ ਫਾਲਗੁਣੀ ਜਖ਼ਮੀ ਪਈ ਸੀ।ਉਹ ਤੜਪਨ ਲਗਾ ਕੇ ਕਿਸੇ ਵਸੀਲੇ ਉਹ ਆਪਣੀ ਪਿਆਰੀ ਨੂੰ ਹਸਪਤਾਲ ਪੁਚਾ ਸਕੇ।ਹਸਪਤਾਲ ਉਥੋਂ 70 ਕਿਲੋਮੀਟਰ ਦੀ ਦੁਰੀ ਤੇ ਸੀ ,ਜੋ ਉਸਦਾ ਤੜਪਨਾ ,ਉਸਦੀ ਦੁਆ  ਕੁਸ਼ ਵੀ ਕੰਮ ਨਾਂ ਆਇਆ,ਤੇ ਫਾਲਗੁਣੀ ਇਕ ਬੱਚੀ ਨੂੰ ਜਨਮ ਦੇ ਕੇ,ਇਸ ਨਿਰਦਈ ਜਹਾਨ ਨੂੰ ਅਲਵਿਦਾ ਕਹਿ ਗਈ।
"ਤੂੰ ਤੇੇ ਸੌਂਂ ਗਈਓਂ ਗੂੜ੍ਹੀ ਨੀਂਦਰੇ=
ਮਾਂਝੀ ਤੇਰਾ ਕਿਵੇਂ ਜੀਏ ਕੀ ਕਰੇ?
ਦਸਰਥ ਮਾਂਝੀ ਨੂੰ ਇਸ ਮਾਜੂਰੀ ਨੇ ਇਕ ਚੇਟਕ ਲਾ ਦਿੱਤੀ ਕਿ ਹੁਣ ਕੋਈ ਹੋਰ ਫਾਲਗੁਣੀ ਨਹੀਂ ਮਰੇਗੀ। ਮਾਂਝੀ ਨੇ ਰਗਾਂ ਵਿੱਚ ਹੰਝੂਆਂ ਦੇ ਮੋਤੀ ਪਰੋ ਲਏ।ਉਸ ਨੇ ਆਪਣੀਆਂ ਪਿਆਰੀਆਂ ਬਕਰੀਆਂ ਵੇਚੀਆਂ,ਸੰਦ ਖਰੀਦੇ।ਅੱਠ ਵਜੇ ਤੋਂ ਇਕ ਵਜੇ ਤੱਕ ਉਹ ਖੇਤ ਿਿਵੱਚ ਕੰੰਮ ਕਰਦਾ ਤੇ ਬਾਕੀ ਸਾਰਾ ਵਕਤ ਉਹ ਛੇੈਣੀ ਹਥੌੜੀ ਨਾਲ ਪਹਾੜੀ ਦੇ ਪੱਥਰ ਕਟਦਾ ਰਹਿੰਦਾ।ਚੂਰ ਹੋ ਚੁਕੇ ਪੱਥਰਾਂ ਨੂੰ ਕੰਧਾਲੀ ਨਾਲ ਪਾਸੇ ਕਰੀ ਜਾਂਦਾ।ਉਹਦੀ ਭੁੱਖ ਪਿਆਸ,ਓੜਨਾ ਬਿਛੋਣਾ ਸੱਭ ਉਹ ਅੜੀਅਲ ਪਹਾੜੀ ਸੀ।ਉਸਨੇ ਜਿੱਦ ਲਾ ਲਈ ਕੇ ਜਾਂ ਪਹਾੜ ਨਹੀਂ ਜਾਂ ਦਸ਼ਰਥ ਨਹੀਂ।
ਉਸਦੇ ਇਲਾਕੇ ਦੇ ਲੋਕ ਬੋਲਦੇ 'ਪਗਲਾ ਗਿਆ ਹੈ'।ਉਹ ਯਮਲਾ ਪਗਲਾ ਸ਼ੁਦਾਈ,ਆਪਣੀ ਦੀਵਾਨਗੀ ਸੰਭਾਲੇ ਆਪਣੀ ਧੁਨ ਵਿੱਚ ਆਪਣਾ ਇਸ਼ਟ ਮਨਾਉਂਦਾ ਰਿਹਾ।ਪਿੰਡ ਵਾਲੇ ਉਸਦਾ ਸਿਰੜ ਵੇਖ ਉਹਨੂੰ ਖਾਣ ਨੂੰ ਕੁਝ ਨਾਂ ਕੁਝ ਦੇ ਦੇਂਦੇ।ਉਸਦੇ ਤਨ ਦੇ ਵਸਤਰ ਵੀ ਚੀਥੜੈ ਹੋ ਗਏ ਪਰਿਵਾਰ ਵਿੱਚ ਕੋਈ ਇੰਨੀ ਸਾਖ ਵਾਲਾ ਨਹੀਂ ਸੀ ਕੇ ਉਸ ਦਾ ਪਹਿਨਣ ਬਣਵਾ ਦਿੰਦਾ।ਹੁਣ ਤੱਕ ਉਹਨੇ ਪਹਾੜ ਦਾ ਕਾਫੀ ਹਿੱਸਾ ਢਾਹ ਲਿਆ ਸੀ।ਤੇ ਲੋਕ ਉਸਨੂੰ ਬਾਬਾ ਕਰਕੇ ਜਾਣਨ ਲਗ ਗਏ ਸਨ।
ਕੌਨ ਕਹਤਾ ਹੈ ਆਸਮਾਂ ਮੇਂ ਛੇਦ ਨਹੀਂ ਹੋਤਾ
ਏਕ ਪੱਥਰ ਤੋ ਦਿਲ ਸੇ ਉਛਾਲੋ ਯਾਰੋ=
ਦਸ਼ਰਥ ਮਾਂਝੀ' ਵਨ ਮੈਂਨ ਆਰਮੀ'  ਉਸਦਾ ਇਸ਼ਟ ਹੀ  ਉਸਦੀ ਆਕਸੀਜਨ।ਦੋ ਦੋ ਦਿਨ ਖਾਣ ਨੂੰ ਕੁਝ ਵੀ ਨਾਂ ਮਿਲਦਾ ਤਦ ਵੀ ਉਹਦੀ ਹਥੌੜੀ ਛੈੇਣੀ ਖੜਕਦੀ ਰਹਿੰਦੀ।ਫਿਰ ਉਸਨੂੰ ਦੀਵਾਨਾ ਬਾਬਾ ਸਮਝ ਪਿੰਡ ਦੇ ਪਰਿਵਾਰਾਂ ਨੇ ਵਾਰੀ ਬੰਨ੍ਹ ਲਈ ਤੇ ਉਸਨੂੰ ਰੋਜ ਖਾਣ ਨੂੰ ਮਿਲਣ ਲਗਾ।
ਪਹਾੜ ਚੋਂ ਰਾਹ ਕੱਢਣ ਦਾ ਵਿਰੋਧ ਕਰਨ ਵਾਲੇ ਵੀ ਘੱਟ ਨਹੀਂ ਸਨ।ਸਰਪੰਚ ਨੇ ਸਹਾਇਤਾ ਕਰਨ ਦੇ ਥਾਂ ਦਸ਼ਰਥ ਨੂੰ ਜੇਹਲ ਭਿਜਵਾ ਦਿਤਾ।ਉਹ ਗੁਮਸੁਮ ਰਿਹਾ ਕੋਈ ਉਹਦੀ ਹਮਾਇਤ ਲਈ ਅਗੇ ਨਾ ਆਇਆ।ਉਹ ਜਾਣ ਗਿਆ ਸੀ ਕਿ 'ਮੁਰਦੇ ਨੂੰ ਪੂਜਣ ਵਾਲੀ ਖੁਦਾਈ ਚੋਂ ਜਿਉਂਦੇ ਨੂੰ ਕੋਈ ਉਮੀਦ ਲੱਭਣੀ ਫ਼ਜ਼ੂਲ ਹੈ। ਲਗਾਤਾਰ 22 ਸਾਲ ਤਕ ਚਲਿਆ ਸੱਬਲ,ਛੈੇੇਣੀ, ਹਥੌੜੀ ਤੇ ਆਖਰ ਦਸ਼ਰਥ ਦਾ ਬਾਹੂਬਲ ਜਿਤਿਆ,70 ਕਿਲੋਮੀਟਰ ਦਾ ਫਾਸਲਾ ਕੇਵਲ 7 ਕਿਲੋਮੀਟਰ ਬਣ ਗਿਆ।
ਯੇ ਸਹੀ ਹੈ ਕਿ ਹਮ ਫੁਲੋਂ ਸੇ ਕਰਤੇ ਹੈਂ ਕਮਾਲ,
ਵਖ਼ਤ ਪੜ ਜਾਏ ਤੋ ਪੱਥਰ ਭੀ ਤੋੜਾ ਕਰਤੇ ਹੈਂ-
ਸਿਖਰ ਦੁਪਹਿਰੇ ਮੁਹੱਬਤ ਦੇ ਡੁਬ ਗਏ ਸੂਰਜ ਨੇ ਉਸਦੇ ਅੰਦਰ ਹਸਪਤਾਲ ਬਣਾਉਣ ਤੇ ਸਕੂਲ ਖੋਲਣ ਦੀ ਚੇਟਕ ਦਾ ਦੀਵਾ ਜਗਾ ਦਿੱਤਾ। ਉਹ ਡਾਂਡੇ ਮੀਂਡੇ ਨੰਗੇ ਪੈਰ ਤੁਰਦਾ ਸਿਹਤ, ਸਿਖਿਆ ਵਿਭਾਗਾਂ ਦੇ ਅਫ਼ਸਰਾਂ ਕੋਲ ਮੰਗ ਲੈ ਕੇ ਜਾਂਦਾ ਰਿਹਾ।ਪਰ ਉਸ, ਦੀ ਗਲ ਸੁਣਨ ਦੀ ਤੌਫ਼ੀਕ ਕਿਸੇ ਕੋਲੋਂ ਨਾਂ ਹੋਈ।ਮਨ ਨੂੰ ਸਮਝਾ ਉਹ ਹਥੌੜੀ ਸੱਬਲ ਚਲਾਉਂਦਾ ਰਿਹਾ ਤੇ 22 ਸਾਲ ਦੀ ਅਣਥੱਕ ਮਿਹਨਤ ਰੰਗ ਲੈ ਆਈ ।ਗਹਿਲੋਰ ਤੋਂ ਵਜ਼ੀਰਗੰਜ ਤੱਕ ਦੇ 70 ਕਿਲੋਮੀਟਰ ਦੇ ਵਿੰਗੇ ਟੇਢੇ ਵਲਾਂਵੇਦਾਰ ਫਾਸਲੇ ਨੂੰ ਉਸਨੇ ਪੱਥਰ ਚੂਰਾ ਕਰ ਕੇ 7 ਕਿਲੋਮੀਟਰ ਬਣਾ ਦਿਤਾ।22 ਸਾਲ ਤੱਕ ਚੋਣਾ ਵੀ ਹੋਈਆਂ ਨੇਤਾ ਵੋਟਾਂ ਬਟੋਰਦੇ ਰਹੇ ਗਹਿਲੋਰ ਚ ਹਰ ਕਿਸੇ ਨੂੰ ਵੋਟਾਂ ਦਾ ਸੱਦਾ ਦੇਣ ਵੀ ਆਉਂਦੇ ਰਹੇ ਪਰ ਕਿਸੇ ਨੇਤਾ ਨੇ ਦਸ਼ਰਥ ਨੂੰ ਇਸ ਅਰਸੇ ਦੌਰਾਨ ਸਲਾਮ ਨਾਂ ਕੀਤੀ।
ਰਸਤਾ ਬਣ ਗਿਆ-ਮਕਬੂਲ ਅੇੈਕਟਰ ਆਮਿਰ ਖਾਨ ਆਪਣੇ ਸੀਰਿਅਲ ਸਤਿਅ ਮੇਵ ਜਿਉਤੇ ਵਿੱਚ ਦਸ਼ਰਥ ਦੇ ਕਾਰਨਾਮੇ ਨੂੰ ਪਰੋਮੋਟ ਕਰਨ ਲਈ ਗਹਿਲੋਰ ਗਿਆ।ਸਾਡੀ ਜਹਿਨੀਅਤ ਵੇਖੌ,ਆਮਿਰ ਖਾਨ ਨੂੰ ਵੇਖਣ ਲਈ ਇੰਨੀ ਭੀੜ ਇਕੱਠੀ ਹੋ ਗਈ ਕਿ ਸਕਿਉਰਟੀ ਪੱਖ ਤੋਂ ਉਸਨੂੰ ਪਿੰਡ ਨਾਂ ਵੜਨ ਦਿਤਾ ਗਿਆ।ਕਿੰਨਾ ਫਰਕ ਹੈ ਇਕ ਦੇਸ਼ ਸੇਵਕ ਤੇ ਇਕ ਫਿਲਮੀ ਅੇਕਟਰ ਦੀ ਕੀਮਤ ਵਿੱਚ!
ਇਕ ਸਰਕਾਰੀ ਮਹਿਕਮੇ ਦੇ ਫਜ਼ੂਲ ਅੜਿਕੇ ਕਾਰਨ ਦਸ਼ਰਥ ਮਾਂਝੀ ਨੂੰ 'ਭਾਰਤ ਰਤਨ' ਦੇਣ ਦੀ ਸਿਫ਼ਰਸ਼ ਵੀ ਰੱਦ ਹੌ ਗਈ।ਕਾਗਜ਼ਾਂ ਤੇ ਕਲਮ ਝਰੀਟਣ ਵਾਲਿਆਂ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਜਾਂਦਾ ਹੈ।ਇਹ ਹੈ ਭਾਰਤ ਮਾਤਾ ਦਾ ਸੇਕੁਲਰ ਹੋਣ ਦਾ ਨਮੂਨਾ।
ਹਾਂ ,'ਜੀਤਨ ਰਾਮ ਮਾਂਝੀ' ਜਦੌ ਕੁਝ ਅਰਸੇ ਲਈ ਮੁਖ ਮੰਤਰੀ ਬਣਿਆ ਤਾਂ ਉਸ ਨੇ ਗਹਿਲੋਰ ਆ ਕੇ ਦਸ਼ਰਥ ਮਾਂਝੀ ਦੇ ਨਾਮ ਦਾ ਸਮਾਗਮ ਕਰਾਇਆ,ਇਹ ਉਸਦੀ ਮੋਤ ਤੋਂ ਬਾਦ ਦਾ ਵਕਤ ਸੀ।
'ਨਿਤੀਸ਼ ਕੁਮਾਰ' ਦੇ ਜਨਤਾ ਦਰਬਾਰ ਵਿੱਚ ਮਾਂਝੀ ਇਕ ਵਾਰੀ ਪਟਨਾ ਗਿਆ ਸੀ ਤਾਂ ਨਿਤੀਸ਼ ਕੁਮਾਰ ਨੇ ਉਸਨੂੰ ਆਪਣੀ ਕੁਰਸੀ ਤੇ ਬੈਠਣ ਦਾ ਅੇਜ਼ਾਜ਼ ਬਖ਼ਸ਼ਿਆ।
73 ਸਾਲ ਦੀ ਉਮਰ ਵਿੱਚ 2007 ਵਿੱਚ ਮਾਂਝੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਬਿਹਾਰ ਸਰਕਾਰ ਨੇ ਸਰਕਾਰੀ ਸਨਮਾਨਾ ਨਾਲ ਉਸਨੂੰ ਅੰਤਿਮ ਵਿਦਾਇਗੀ ਦਿੱਤੀ।
ਬੱਸ ਇਹੀ ਸੀ ਜੋ ਉਸਨੂੰ ਮੁਆਵਜ਼ਾ ਨਸੀਬ ਹੋੲਆ।ਉਹ ਰਾਹ ਜੋ ਉਸਨੇ ਬਣਾਈ ਸੀ ਪੱਕੀ ਸੜਕ ਬਣ ਗਈ ਤੇ ਉਸੇਦੇ ਇਕ ਪਾਸੇ ਮਾਂਝੀ ਦਾ ਬੁੱਤ ਲਗਾ ਦਿਤਾ ਗਿਆ ਹੈ,ਸੜਕ ਦਾ ਨਾਮ ਮਾਂਝੀ ਮਾਰਗ ਲਿਖਿਆ ਹੈ,ਉਸਦਾ ਪਰਿਵਾਰ ਗਹਿਲੋਰ ਤੋਂ ਇਕ ਕਿਲੋਮੀਟਰ ਦੀ ਵਿੱਥ ਤੇ ਵਸਦਾ ਹੈ ਤੇ ਇਸ ਜਗਾਹ ਦਾ ਨਾਮ 'ਦਸ਼ਰਥ ਨਗਰ' ਰੱਖ ਦਿੱਤਾ ਗਿਆ ਹੈ।ਗਹਿਲੋਰ ਸਮਾਧੀ ਵਾਲੀ ਥਾਂ ਕੋਲ 'ਮਾਂਝੀ ਦੁਆਰ' ਬਣਿਆ ਹੈ।ਸਮਾਧੀ ਉਤੇ 'ਪਰਬਤ ਪੁਰਸ਼''ਦਸ਼ਰਥ ਉਕਰਿਆ ਸੀ,ਜਿਸ ਵਿਚੋ ਕੁਝ ਅੱਖਰ ਭੁਰ ਗਏ ਹਨ ਤੇ ਦੁਬਾਰਾ ਲਿਖਣੇ ਬਣਦੇ ਹਨ।
ਇਹ ਸੱਭ ਦਾ ਉਸਦੇ ਪੁੱਤਰ 'ਭਾਗੀਰਥ ਮਾਝੀ' ਨੂੰ ਹੇਰਵਾ ਹੈ ਕਿ ਉਸਦੇ ਬਾਬਾ ਨੂੰ ਜਿਉਂਦੇ ਜੀਅ ਕਿਸੇ ੇ ਗੌਲਿਆ ਹੀ ਨਹੀਂ ਬੇਸ਼ੱਕ ਹੁਣ ਉਹ ਅਮਰ ਹੈ।
ਦਸ਼ਰਥ ਮਾਂਝੀ ਦੇ ਦੋਸਤ 'ਰਾਮਚਰਿਤ ਪ੍ਰਸ਼ਾਦ'ਤੇ ਹੋਰ ਹਮਦਰਦਾਂ ਦੀ ਕੋਸ਼ਿਸ਼ ਸਦਕਾ ਗਹਿਲੋਰ ਵਿੱਚ ਇਕ ਸਕੂਲ ਖੁਲ੍ਹ ਗਿਆ ਹੈ,ਤੇ ਇਹ ਪਿੰਡ ਸੈਲਾਨੀ ਸਥਾਨ ਵਜੋ ਉਭਰ ਰਿਹਾ ਹੈ।ਇਕ ਅਤਿ ਸ਼ਲਾਘਾਯੋਗ ਉਪਰਾਲਾ ਇਹ ਕੀਤਾ ਗਿਆ ਹੈ ਕਿ ਹਰ ਸਾਲ 17 ਅਗਸਤ ਨੂੰ'ਦਸ਼ਰਥ ਮਾਂਝੀ ਉਤਸਵ  ਮਨਾ ਕੇ ਫੌੋਲਾਦੀ ਸੀਨਾ 'ਪਰਬਤ ਪੁਰਸ਼' ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ।
ਇਸ ਤੇ ਇਕ 'ਬਾਇਓਪਿਕ' ਨਾਮ ਦੀ ਫਿਲਮ ਵੀ ਬਣ ਕੇ ਹਿਟ ਹੋ ਚੁਕੀ ਹੈ।ਪਰ ਮਾਂਝੀ ਦੇ ਪਰਿਵਾਰ ਤੇ ਗਹਿਲੋਰ ਦੇ ਕਿਰਤੀਆਂ ਦੀ ਹਾਲਤ ਵਿੱਚ ਬਹੁਤਾ ਫਰਕ ਨਹੀਂ ਪਿਆ।
ਦਸ਼ਰਥ ਮਾਂਝੀ ਦੀ ਇਬਾਦਤ ਬਾਬਾ ਨਜ਼ਮੀ ਦੇ ਸ਼ਬਦਾਂ ਵਿੱਚ-
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ  ॥

ਕੁਝ ਗਿਆਨਵਾਨ ਦਸ਼ਰਥ ਦੀ ਤੁਲਨਾ ਸ਼ਾਹਜਹਾਂ ਨਾਲ ਕਰਦੇ ਹਨ,ਪਰ ਮੇਰੀ ਨਜ਼ਰ ਵਿੱਚ ਸ਼ਾਹਜਹਾਂ ਦਸ਼ਰਥ ਦੇ ਮੁਕਾਬਲੇ ਬੌਣਾ ਹੈ।ਦਸ਼ਰਥ ਦੀ ਮੁਹੱਬਤ ਚਾਲੀ ਪੰਜਾਹ ਲਾਗਲੇ ਪਿੰਡਾਂ ਲਈ ਰੰਗ ਲੈ ਕੇ ਆਈ ਜਦ ਕੇ ਸ਼ਾਹਜਹਾਂ ਨੇ ਜਨਤਾ ਦੇ ਪੈਸੇ ਤੇ ਵੀਹ ਹਜਾਰ ਕਾਮਿਆਂ ਦਾ ਘਾਣ ਕੀਤਾ। ਹਾਂ ਫਰਿਹਾਦ ਦਾ ਕੱਦ  ਮਾਂਝੀ ਦੇ ਬਰਾਬਰ ਹੋ ਜਾਂਦਾ ਹੈ।
" ਫੌਲਾਦੀ ਹੈਂ ਸੀਨੇ ਅਪਨੇ,ਫੌਲਾਦੀ ਹੈਂ ਬਾਹੇਂ-
ਹ੍ਹਮ ਚਾਹੇਂ ਤੋ ਪੈਦਾ ਕਰਦੇਂ ਚਟਾਨੋਂ ਮੇਂ ਰਾਹੇਂ"॥॥॥
ਸੋਚਣ ਯੋਗ--------
ਕਿਨਾ ਚੰਗਾ ਹੁੰਦਾ ਜੇ ਸਰਕਾਰ ਪਹਾੜੀ ਨੂੰ ਵੱਜੀ ਪਹਿਲੀ ਚੋਟ ਸੁਣ ਲੈਂਦੀ
ਆਮਿਰ ਖਾਨ ਨੂੰ ਵੇਖਣ ਇਨੀ ਜਨਤਾ ਉਮੜ ਪਈ ਕਿ ਉਹ ਦਸਰਥ ਮਾਂਝੀ ਨੂੰ ਵੇਖ ਵੀ ਨਾ ਸਕਿਆ
ਅਸੀਂ ਕਿੰਨੀ ਸੌੜੀ ਸੋਚ ਦੇ ਮਾਲਕ ਹਾਂ ਕਿ ਸੇਲਬਿਰਿਟੀ ਨੂੰ ਵੇਖਣ ਲਈ ਮਹਿੰਗੀ ਟਿਕਟ ਵੀ ਲੈ ਲੈਂਦੇ ਹਾਂ ਤੇ ਲੋਕ ਸੇਵਕ ਦੇ ਪਾਸੇ ਤੋਂ ਲੰਘ ਜਾਂਦੇ ਹਾਂ ਕਿਤੇ ਉਹ ਕੁਝ ਮੰਗ ਨਾ ਲਵੇ ਜਾਂ ਫਿਰ ਉਹ ਪਾਗਲ ਹੇੈ।  ਮਰੇ ਨੂੰ ਪੰਜ ਲੱਖ ਤੇ ਜਿਉਂਦੇ ਨੂੰ ਪੰਜਾਹ ਹਜਾਰ।ਜਿਉਂਦੇ ਮਨ ਹੀ ਮਨ   ਦੁਆ ਮੰਗਦੇ ਹਨ ਕੇ ਉਹਨਾਂ ਨੂੰ ਅਗਲਾ ਸਾਹ ਆਖਰੀ ਹੋ ਜਾਵੇ ਤੇ ਪੰਜ ਲੱਖ ਖਰਾ ਹੋ ਜਾਵੇ।

ਰਣਜੀਤ ਕੌਰ ਗੁੱਡੀ ਤਰਨ ਤਾਰਨ
28 June 2018