ਇਕ ਖ਼ੱਤ  ਉਸ ਦੀਨ ਦੁਨੀ ਦੇ ਸ਼ਾਹ ਦੇ ਸਿਰਨਾਂਵੇਂ - ਰਣਜੀਤ ਕੌਰ ਗੁੱਡੀ ਤਰਨ ਤਾਰਨ।

'' ਇਕ ਖ਼ੱਤ  ਉਸ ਦੀਨ ਦੁਨੀ ਦੇ ਸ਼ਾਹ ਦੇ ਸਿਰਨਾਂਵੇਂ''
     ਤੇਰੇ ਕੋਲ ਲਾਉਣੀ ਏ ਅੱਜ ਤੇਰੀ ਸ਼ਕਾਇਤ ਸ਼ਾਹ ਜੀ।
     ' ਜਾ ਬੰਦਿਆ ਧਰਤੀ ਤੇ ਤੂੰ ਮੈਨੂੰ ਆਪਣੇ ਤੋਂ ਵੱਖ ਕਦੀ ਨਹੀਂ ਪਾਵੇਂਗਾ,ਮੈ ਤੇਰੇ ਰੋਮ ਰੋਮ ਵਿੱਚ ਰਮਾਇਆ ਹਾਂ ,ਮੈਂ ਜ਼ਰੇ ਜ਼ਰੇ ਵਿੱਚ ਹਾਂ।ਮੈਂ ਸੱਭ ਲਈ ਬਰਾਬਰ ਹਾਂ ਤੇ ਸਾਰੇ ਮੇਰੀ ਨਜ਼ਰ ਵਿੱਚ ਬਰਾਬਰ ਹਨ।ਤੂੰ ਇਹ ਵੀ ਕਿਹਾ ਸੀ ਮੈਂ ਸੱਭ ਨੂੰ ਇਕ ਅੱਖ ਨਾਲ ਵੇਖਦਾ ਹਾਂ।'
ਤੇ ਫਿਰ ਅੱਜ ਦੱਸ ਦੇ ਆਹ ਕਾਣੀ ਵੰਡ ਕਿਹਨੇ ਕੀਤੀ,ਆਹ ਅਲੱਗ ਅਲੱ ਗ ਤਕਦੀਰ ਕਿਹਨੇ ਬਣਾਈ ਹੈ।ਸਾਨੂੰ ਤੇ ਜਾਪਦਾ ਤੇਰੀ ਹੈ ਹੀ ਇਕ ਅੱਖ।ਸ਼ਾਹਜੀ ਤੇਰੀ ਅੱਖ ਦੇ ਨੀਚੇ ਹੰਸ ਦਾਨਾ ਚੁਗ ਰਿਹੈ ਤੇ ਕਾਂ ਮੋਤੀ ਖਾ ਰਿਹੈ,ਬਾਜ ਕਿਤੇ ਛੁਪ ਗਿਐ,ਬਗਲੇ ਭਗਤ ਤੇਰੇ ਆਲੇ ਦੁਆਲੇ ਹਨ।
 '' ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸੱਭ ਬੰਦੇ
  ਏਕ ਨੂਰ ਤੇ ਸੱਭ ਜੱਗ ਉਪਜਿਆ ਕੋਣ ਭਲੇ ਕੌਣ ਮੰਦੇ॥
   ਇਹ ਵੀ ਤੇ ਤੇਰੇ ਹੀ ਬਚਨ ਹਨ ''।                
     ਸ਼ਾਹਜੀ ਮੈਨੂੰ ਪਤਾ ਹੈ ਤੂੰ ਕਿਸੇ ਨੂੰ ਉਨਨਾ ਹੀ ਦੁੱਖ ਦਿੰਨੈ ਜਿੰਨਾ ਉਹ ਸਹਿ ਸਕੇ ਪਰ ਇਸ ਵਾਰ ਤੇ ਹੱਦ ਹੋ ਗਈ ਹੈ,ਇੰਤਹਾ ਹੋ ਗਈ ਹੈ,ਹੁਣ ਤੇ ਸਬਰ ਵੀ ਉੱਛਲ ਗਿਆ ਹੈ,ਤੇ ਤੂੰ ਭਾਰਤੀ ਡਾਢਿਆਂ ਦੀ ਬਹਿਣੀ ਬਹਿ ਕੇ ਮੂਕਦਰਸ਼ਕ ਬਣਿਆ ਬੈਠਾ ਹੈਂ।ਇਹ ਠੀਕ ਹੈ ਕਿ ਮਨੁੱਖ ਨੂੰ ਤੂੰ ਆਪਣੀ ਸ੍ਰਸ਼ਿਟੀ ਦਾ ਇੰਨਚਾਰਜ ਬਣਾਇਆ ਤੇ ਉਸਨੇ ਤੇਰੀ ਚੁਰਾਸੀ ਨੂੰ ਬੜੇ ਦੁੱਖ ਦਿੱਤੇ,ਉਹ ਤੇਰੀਆਂ ਸਿਖਿਆਵਾਂ ਨੇਹਮਤਾਂ ਤੇ ਰਹਿਮਤਾਂ ਨੂੰ ਵਿਸਾਰ ਤੇਰੇ ਨਾਲ ਹੀ ਸੱਟਾ ਲਾ ਗਿਆ।
        ਪਰ ਸ਼ਾਹ ਜੀ ਤੂੰ ਤਾਂ ਜਾਣੀਜਾਣ ਹੈ ਬੰਦਾ ਭੁਲਣਹਾਰ ਹੈ ਤੇ ਤੂੰ ਬਖ਼ਸ਼ਣਹਾਰ-ਮੂੰਹ ਵਿੱਚ ਘਾਹ ਤੇ ਗਲ ਵਿੱਚ ਪੱਲਾ ਲੈ ਕੇ ਅਰਜ਼ੋਈ ਕਰਦੇ ਹਾਂ ਸੱਭ ਗਲਤੀਆਂ,ਗੁਸਤਾਖੀਆਂ ਨੂੰ ਬਖ਼ਸ਼ ਦੇ,ਬੇਸ਼ੱਕ ਤੂੰ ਬੇਪਰਵਾਹ ਹੈਂ,ਲੁਟਾ ਦੇ ਆਪਣੀਆਂ ਬੇਪਰਵਾਹੀਆਂ,ਤੇ ਲੈ ਜਾ ਇਸ ਕਰੋਨਾ ਨੂੰ ਲੱਖ ਪਾਤਾਲ ਦੇ ਹੇਠਾਂ, ਲੱਖ ਅਕਾਸ਼ਾਂ ਤੋਂ ਪਰੇ ਦੂਰ ਲੈ ਜਾ ਕੇ ਦੱਬ ਦੇ ਜਲਾ ਦੇ ਇਹਦੀ ਨਸਲਕੁਸ਼ੀ ਕਰ ਦੇ। ਸ਼ਾਹਜੀ ਇਸ ਤੋਂ ਇਲਾਵਾ ਜਿੰਨੀਆਂ ਵੀ ਸ਼ਾਮਤਾਂ/ ਆਫ਼ਤਾਂ / ਬੁਰੀਆਂ ਅਲਾਮਤਾਂ ਹਨ ਜੋ ਤੇਰੀ ਹਸਤੀ ਤੇ ਉਂਗਲੀ ਉਠਾਉਂਦੀਆਂ ਹਨ ਉਹਨਾਂ ਸੱਭ ਦਾ ਵੀ ਸਤਿਆਨਾਸ ਮਾਰ ਦੇ।
       ਹੁਣ ਤੇ ਅੱਤ ਹੋ ਗਈ ਹੈ ਤੇ ਸ਼ਾਹ ਜੀ ਤੂੰ ਜਾਣੇ ਹੈ,'ਅੱਤ ਤੇ ਅੱਤ ਦਾ ਵੈਰ ਹੁੰਦਾ ਹੈ,ਇਸ ਵੈਰ ਨੂੰ ਵੱਧਣ ਤੋਂ ਬਚਾ ਲੈ।ਆਪਣੇ ਸਵਾਰਥਾਂ ਖਾਤਿਰ ਮਨੁੱਖ ਤੇ  ਮਨੁੱਖ ਨਾਲੋਂ ਪਹਿਲਾਂ ਹੀ ਦੂਰ ਹੋ ਗਿਆ ਸੀ ਹੁਣ ਤੇ ਜੋ ਥੋੜੀ ਜਿਹੀ ਡੋਰ ਬਾਕੀ ਸੀ ਉਹਦੀ ਗੰਢ ਵੀ ਖੁਲ੍ਹਣ ਨੂੰ ਤਿਆਰ ਹੈ।
      ਆਰਥਿਕ ਫਾਸਲਾ ਹੋਰ ਲੰਬਾ ਹੋ ਗਿਆ ਹੈ,ਪੈਸੇ ਵਾਲੇ ਨੂੰ ਪੈਸਾ ਰੱਖਣ ਦੀ ਥਾਂ ਥੋੜੀ ਪੈ ਗਈ ਹੈ ਤੇ ਕਿਰਤੀ ਨੂੰ ਕਸ਼ਕੋਲ ਫੜਨੀ ਪੈ ਗਈ ਹੈ।
    ਦੇਸ਼ ਦਾ ਉਸੱਰਈਆ ਤਪਦੀਆਂ ਸੜਕਾਂ ਦਾ ਰਾਹੀ ਬਣ ਗਿਆ ਹੈ।ਕੁਝ ਨੇ ਭੁੱਖ ਤੋਂ ਤੰਗ ਆ ਰੇਲ ਦੀ ਪਟੜੀ ਨੂੰ ਸੀਸ ਦੇ ਦਿੱਤਾ ਤੇ ਕੁਝ ਨੇ ਉਸੇ ਟਰੱਕ ਵਿੱਚ ਜਾਨ ਦੇ ਦਿੱਤੀ ਜਿਹੜਾ ਉਹਨਾ ਆਪ ਬਣਾਇਆ ਸੀ।ਇਹ ਉਚੀਆਂ ਇਮਾਰਤਾਂ ਇਹ ਕਾਰਖਾਨੇ ਇਹ ਰੇਲਾਂ ਬਸਾਂ ਕਾਰਾਂ ਜਹਾਜ ਟਰੱਕ ਟਰਾਲੇ ਤੂੰ ਜਾਣਦਾ ਹੈਂ ਕਿ ਧਨਾਢ ਨੇ ਕਿਰਤ ਨਹੀਂ ਕੀਤੀ ਇਹ ਸਾਰਾ ਕੁਝ ਉਸੀ ਨੇ ਬਣਾਇਆ  (ਜੋ ਰੁਲ ਰਿਹੈ) ਤੇ ਜਿਸਦੀ ਮਿਹਨਤ ਖਾ ਉਹ ਧਨਾਢ ਹੋਇਆ ਸੀ।
        ਨਰੇਗਾ ਮਨਰੇਗਾ ਦੀ ਬਗਾਰ ਵੀ ਮਿਹਨਤੀ ਮਜ਼ਦੂਰਾਂ ਨੂੰ ਨਹੀਂ ਦਿੱਤੀ ਗਈ,ਤੇ ਸੜਕੇ ਸੜਕ ਕਰ ਦਿੱਤਾ ਗਿਆ। 
    ਸ਼ਾਹਜੀ ਅੱਜ ਕੋਈ ਜਾਦੂ ਦੀ ਛੜੀ ਘੁੰਮਾ ਦੇ,ਕੋਈ ਕ੍ਰਸ਼ਿਮਾ ਵਿਖਾ ਦੇ,ਜੋ ਠੱਗਾਂ,ਮਿਲਾਵਟਖੌਰਾਂ ਰਿਸ਼ਵਤਖੌਰਾਂ ਬੇਈਮਾਨਾਂ ਦੇ ਛੱਕੇ ਛੁੜਾ ਦੇਵੇ,ਤੂੰ ਛੱਡ ਦੇ ਮਲਕਾਂ ਦੀ ਸੰਗਤ ਨੂੰ ਤੂੰ ਭਾਈ ਲਾਲੋ ਦਾ ਸਾਥ ਦੇ।ਵੈਸੇ ਸ਼ਾਹਜੀ ਕਦੇ ਕਦੇ ਤੇਰੇ ਤੇ ਵੀ ਸਾਨੂੰ ਬੜਾ ਤਰਸ ਜਿਹਾ ਆ ਜਾਂਦੈ ,ਡਾਕਟਰ ਤੇ ਜੱਜ ਤੇ ਮਨਿਸਟਰ ਨੂੰ ਤੂੰ ਧਰਤੀ ਤੇ ਆਪਣਾ ਦੂਜਾ ਦਰਜਾ ਦਿੱਤਾ ਤੇ ਉਹ ਤੈਨੂੰ ਪਰੋਟੋਕੋਲ ਦੇ ਖੋਲ ਵਿੱਚ ਕੈਦ ਕਰ ਆਪ ਰੱਬ ਬਣ ਗਏ। ,ਵੇਖ ਲੈ ਦੁਨੀਆ ਵਿੱਚ ਤੇਰਾ ਕਿੰਨਾ ਨਾਮ ਹੈ,ਇਸ ਵੇਲੇ ਤੇਰਾ ਰਸੂਲ ਤੇਰੇ ਤੋਂ ਬਹੁਤ ਦੁਖੀ ਹੈ,ਉਸਦਾ ਤੇਰੇ ਤੋਂ ਯਕੀਨ ਉਠਦਾ ਜਾ ਰਿਹੈ।ਮਸਕੀਨ ਜਾਣ ਗਿਆ ਹੈ ਕਿ ਘਸੁੰਨ ਬਹੁਤ ਨੇੜੇ ਹੈ ਤੇ ਰੱਬ ਦੂਰ ਬਹੁਤ ਦੂਰ। ਸ਼ਾਹਜੀ ਸੁਣ ਤੇਰਾ ਹਰ ਬੰਦਾ ਕੀ ਗੁਹਾਰ ਲਾ ਰਿਹੈ-
    ਦੁਨੀਆਂ ਮੇਂ ਹੈ ਤੇਰਾ ਬੜਾ ਨਾਮ
   ਆਜ ਹਮੇਂ ਭੀ ਪੜ ਗਿਆ ਤੁਝ ਸੇ ਕਾਮ।
    ਮ੍ਹਾਰੀ ਵਿਨਤੀ ਸੁਨੇ ਤੋ ਜਾਨੂੰ-ਮਾਨੂੰ ਤੁਝੈ ਰਾਮ
    ਨਹੀਂ ਸਾਰੇ ਜੱਗ ਮੇਂ ਹੋ ਜਾਏਗਾ ਬਦਨਾਮ॥
    ਦਿਲ ਰੂਹ ਤੇ ਕਾਬਜ਼ ਸ਼ਾਹਜੀ ਸਾਦਰਪ੍ਰਨਾਮ।