ਕਿਸਾਨ ਮੋਰਚੇ ਦੀਆਂ ਅੰਤਰ-ਤੈਹਾਂ  - ਗੁਰਬਚਨ

ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ ਦੇ ਰੂਪ ਵਿਚ ਕ੍ਰਿਸ਼ਮਾ ਵਾਪਰ ਰਿਹਾ ਹੈ। ਇਸ ਵਰਤਾਰੇ ਨੂੰ ਕੁੱਲ ਸੰਸਾਰ ਦੇ ਸੂਝਵਾਨ ਨੀਝ ਲਗਾ ਕੇ ਦੇਖ ਰਹੇ ਹਨ ਤੇ ਇਹਨੂੰ ਲਘੂ ਕ੍ਰਾਂਤੀ ਦੀ ਸੰਗਿਆ ਨਾਲ ਚਿਤਾਰ ਰਹੇ ਹਨ। ਇਹਨੂੰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਵੀ ਦੱਸਿਆ ਜਾ ਰਿਹਾ।

        ਇਸ ਅੰਦੋਲਨ ਪਿੱਛੇ ਅਜਿਹੇ ਤਸੱਵਰ ਹਨ ਜਿਸ ਦੀਆਂ ਅੰਤਰ-ਤਹਿਆਂ ਤੱਕ ਸੱਤਾਧਾਰੀਆਂ ਦੀ ਪਹੁੰਚ ਹੋ ਨਹੀਂ ਸਕਦੀ। ਉਨ੍ਹਾਂ ਦੀ ਸਿਆਸਤ ਦਾ ਜੋ ਕੇਂਦਰੀ ਪ੍ਰਾਜੈਕਟ ਹੈ ਉਹੀ ਅੰਦੋਲਨ ਨੂੰ ਸਮਝਣ ਨਹੀਂ ਦੇ ਰਿਹਾ। ਉਹ ਕਿਸਾਨਾਂ ਦੇ ਫ਼ਿਕਰਾਂ, ਸ਼ੰਕਿਆਂ ਅਤੇ ਤੌਖਲਿਆਂ ਨੂੰ ਆਰਥਿਕ ਤਰਕ ਤੱਕ ਮਨਫ਼ੀ ਕਰਦੇ ਦਿਖ ਰਹੇ ਹਨ। ਵਰਨਾ ਅੰਦੋਲਨ ਦੀ ਕਾਰਜ ਸ਼ੈਲੀ, ਜਿਸ ਨੂੰ ਕ੍ਰਿਸ਼ਮਈ ਵਰਤਾਰਾ ਮੰਨਿਆ ਜਾ ਚੁੱਕਾ, ਨੂੰ ਦੇਖ ਕੇ ਹੀ ਅੰਦੋਲਨ ਦੇ ਸੱਚ-ਸੁੱਚ ਦੀ ਪਛਾਣ ਹੋ ਜਾਂਦੀ ਤੇ ਮਸਲਾ ਹੱਲ ਹੋ ਜਾਂਦਾ।

       ਅੜਿੱਕਾ ਕਾਇਮ ਹੈ। ਇਹਦੇ ਨਾਲ ਕਈ ਗੱਲਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੀ ਅਹਿਮੀਅਤ ਸਾਡੇ ਦੇਸ ਦੀ ਲੋਕਾਈ ਲਈ ਅਕੱਥ ਹੈ। ਪਹਿਲੀ ਗੱਲ, ਜਿਸ ਤਸੱਵਰ ਨੂੰ ਲੈ ਕੇ ਸੰਘਰਸ਼ ਜਾਰੀ ਹੈ ਤੇ ਕਿਸਾਨ ਲੰਮੇ ਸਮੇਂ ਲਈ ਇਹਨੂੰ ਜਾਰੀ ਰੱਖਣ ਲਈ ਤਿਆਰ ਹਨ, ਉਹ ਤਸੱਵਰ ਦੂਰ ਦਰਾਜ਼ ਤੱਕ ਫੈਲ ਰਿਹਾ ਹੈ। ਜਿਉਂ ਹੀ ਇਹਨੇ ਹੋਰ ਫੈਲਣਾ ਉਸ ਸਿਆਸਤ ਨੇ ਬੇਨਕਾਬ ਹੋਈ ਜਾਣਾ ਜਿਸ ਵਿਰੁੱਧ ਇਹ ਮੋਰਚਾ ਡਟਿਆ ਹੋਇਆ। ਦੂਜੀ ਗੱਲ, ਕਿਸਾਨ ਖੇਤੀ ਕਾਨੂੰਨਾਂ ਰਾਹੀਂ ਆਪਣੇ ਹੋਣੇ ਉੱਤੇ ਪੈਣ ਵਾਲੇ ਮਾਰੂ ਅਸਰਾਂ ਦੀ ਗੱਲ ਕਰ ਰਿਹਾ ਤੇ ਉਹਨੂੰ ਸੁਣਨ ਵਾਲਿਆਂ ਦੀ ਗਿਣਤੀ ਵਿਚ ਨਿਤ ਵਾਧਾ ਹੋ ਰਿਹਾ। ਤੀਜੀ ਅਹਿਮ ਗੱਲ ਇਹ ਕਿ ਸ਼ਿਸ਼ਤ ਲਗਾਈ ਬੈਠੀ ਉਹ ਧਿਰ ਬੇਨਕਾਬ ਹੋ ਰਹੀ ਹੈ ਜੋ ਦੇਸ਼ ਦੀ ਆਰਥਿਕਤਾ ਨੂੰ ਆਪਣੇ ਮੱਕੜ-ਜਾਲ ਵਿਚ ਫਸਾਉਣਾ ਚਾਹੁੰਦੀ ਹੈ।

ਏਨਾ ਕੁਝ ਜੇ ਮੋਰਚੇ ਦੌਰਾਨ ਪਤਾ ਲੱਗ ਚੁੱਕਾ ਤਾਂ ਇਹ ਕੋਈ ਮਾਮੂਲੀ ਗੱਲ ਨਹੀਂ।

* * *

      ਕਿਸਾਨ ਇਸ ਅੰਦੋਲਨ ਦੀ ਸਫ਼ਲਤਾ ਨੂੰ ਜ਼ਿੰਦਗੀ ਮੌਤ ਦਾ ਸੁਆਲ ਬਣਾਈ ਬੈਠੇ ਹਨ - ਕਿਉਂ? ਉਹ ਇਸ ਲਈ ਕਿ ਉਹ ਖੇਤੀ ਕਾਨੂੰਨਾਂ ਦੇ ਆਰ-ਪਾਰ ਦੇਖ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੋ ਸਿਆਸਤ ਇਨ੍ਹਾਂ ਨੂੰ ਤੇਜ਼ ਗਤੀ ਨਾਲ ਲਿਆਈ ਹੈ ਉਹਦਾ ਭਵਿੱਖੀ ਟ੍ਰੈਕ ਕੀ ਹੋਵੇਗਾ। ਕਿਸਾਨ ਆਰਥਿਕ ਤਰਕ ਤੋਂ ਪਾਰ ਦੇਖ ਰਹੇ ਹਨ। ਕੋਈ ਆਰਥਿਕਤਾ ਮਨੁੱਖ ਦੇ ਜੀਣ-ਥੀਣ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਉਂਦੀ ਹੈ, ਇਹ ਕੋਈ ਮਾਮੂਲੀ ਸੁਆਲ ਨਹੀਂ। ਕਿਸਾਨ ਸੂਝਵਾਨ ਹੈ। (ਕਿਸਾਨ ਨੇਤਾਵਾਂ ਨਾਲ ਸੰਵਾਦ ਸਾਹਮਣੇ ਕੋਈ ਧਿਰ ਸਹਿਜੇ ਕਿਤੇ ਨਹੀਂ ਟਿਕਦੀ। ਆਮ ਕਿਸਾਨ ਨੂੰ ਇਨ੍ਹਾਂ ਕਿਸਾਨਾਂ ਉੱਤੇ ਪੂਰਨ ਭਰੋਸਾ ਇਸੇ ਲਈ ਹੈ।) ਉਹ ਕਿਸਾਨ ਤੁਰੰਤ ਪੈਦਾ ਹੋਣ ਵਾਲੇ ਮਸਲਿਆਂ ਤੋਂ ਪਾਰ ਵੀ ਸੋਚਦਾ ਹੈ।

ਮਸਲੇ ਨੂੰ ਮੈਂ ਇਸ ਤਰ੍ਹਾਂ ਦੇਖਦਾ ਹਾਂ: ਆਮ ਸਰਲ ਸਾਧਾਰਣ ਕਿਸਾਨ, ਜੇ ਉਹ ਆਪਣੇ ਨਿਸ਼ਚੇ ਵਿਚ ਅਮੋੜ ਦਿਸਦਾ ਹੈ ਤਾਂ ਇਸ ਲਈ ਕਿ ਉਹ ਆਪਣੇ ਜੀਣ ਥੀਣ ਦੀ ਮਾਸੂਮ ਅਥਵਾ ਅਲਪ ਜਿਹੀ ਸਿਆਸਤ ਤੋਂ ਟੁੱਟਣਾ ਨਹੀਂ ਚਾਹੁੰਦਾ, ਕਿਉਂਕਿ ਇਸ ਸਿਆਸਤ ਦਾ ਨਾਤਾ ਉਹਦੀ ਸਭਿਆਚਾਰ ਅਤੇ ਆਰਥਿਕਤਾ ਨਾਲ ਹੈ। ਕੁੱਲ ਮਿਲਾ ਕੇ ਇਹ ਉਹਦੇ ਹੋਣੇ ਦੀ ਸਿਆਸਤ ਹੈ। ਇਹ ਉਹਦੇ ਮਾਈਕ੍ਰੋ ਸੰਸਾਰ ਨੂੰ ਊਰਜਿਤ ਕਰੀ ਰੱਖਦੀ ਹੈ ਤੇ ਉਹਨੂੰ ਆਪਣੀ ਚੋਣ ਦਾ ਹੱਕ ਦੇਂਦੀ ਹੈ। ਇਹੀ ਉਹਦੀ ਸਵੈ-ਸੱਤਾ ਦੀ ਧਰੋਹਰ ਬਣਦੀ ਹੈ।

       ਇਹਨੂੰ ਹੋਰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਮਿੱਟੀ ਨਾਲ ਮਿੱਟੀ ਹੋ ਕੇ ਕਿਸਾਨ ਜਦ ਆਪਣੇ ਨਿੱਕੇ ਜਿਹੇ ਸੰਸਾਰ ਦੀ ਬਣਤ ਬਣਾਉਂਦਾ, ਉਹ ਅਜਿਹਾ ਸੰਸਾਰ ਸਿਰਜਦਾ ਹੈ ਜਿਸ ਨੂੰ ਉਹ ਆਪਣਾ ਕਹਿ ਸਕਦਾ। ਉਹ ਆਪਣੀ ਸਥਾਨਿਕਤਾ ਵਿਚ ਰਹਿ ਕੇ, ਇਹਦੇ ਨਾਲ ਖਹਿ ਕੇ, ਆਪਣੀ ਸਵੈ-ਸੱਤਾ ਨੂੰ ਹੰਢਾਉਂਦਾ ਹੈ। ਦੁਖ ਸੁਖ ਦੀ ਸੱਦ ਛੇੜਦਾ। ਜੈਕਾਰੇ ਛੱਡਦਾ। ਅਗਲੀ ਵਾਢੀ ਦੀ ਉਡੀਕ ਕਰਦਾ ਆਪਣੇ ਆਪ ਤੋਂ ਬੇਗ਼ਾਨਾ ਹੋਇਆ ਮਹਿਸੂਸ ਨਹੀਂ ਕਰਦਾ। ਇਹੀ ਉਹਦੇ ਹੋਣੇ ਦੀ ਸਿਆਸਤ ਹੈ। ਇਸ ਸਿਆਸਤ ਵਿਚ ਵਿਚਰਦਿਆਂ ਉਹਦੇ ਤੰਤ ਮਘਣ ਲੱਗ ਪੈਂਦੇ ਹਨ।

       ਖੇਤੀ ਕਾਨੂੰਨਾਂ ਰਾਹੀਂ ਕਿਸਾਨ ਆਉਣ ਵਾਲੇ ਕਿਸੇ ਵੱਡੇ ਖ਼ਤਰੇ ਨੂੰ ਭਾਂਪ ਗਿਆ ਹੈ। ਤਦ ਹੀ ਉਸ ਨੇ ਖੇਤੀ ਬਿਲਾਂ ਦੀ ਵਾਪਸੀ ਨੂੰ ਜ਼ਿੰਦਗੀ ਮੌਤ ਦਾ ਸੁਆਲ ਸਮਝ ਲਿਆ ਹੈ।

      ਜਦ ਕਿਸਾਨ ਨੇਤਾ ਰਾਕੇਸ਼ ਟਿਕੈਤ ਆਖਦਾ ਹੈ ਕਿ ਖੇਤੀ ਬਿੱਲਾਂ ਦੀ ਜੇ ਵਾਪਸੀ ਨਹੀਂ ਤਾਂ ਸਾਡੀ ਘਰ ਵਾਪਸੀ ਵੀ ਨਹੀਂ। ਦੂਜੇ ਸ਼ਬਦਾਂ ਵਿਚ ਟਕੈਤ ਕਹਿੰਦਾ ਦਿਖਾਈ ਦੇਂਦਾ ਹੈ ਕਿ ਘਰ ਨੂੰ ਬਚਾਉਣ ਲਈ ਹੀ ਕਿਸਾਨ ਸਿੰਘੂ ਜਾਂ ਟੀਕਰੀ ਜਾਂ ਗਾਜ਼ੀਪੁਰ ਦੇ ਮੋਰਚਿਆਂ ਉੱਤੇ ਬੈਠਾ ਹੋਇਆ ਹੈ।

        ਅਸਲ ਨੁਕਤਾ ਇਹ ਹੈ : ਜਿਸ ਤਰਜ਼ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਉਹਨੇ ਮਨੁੱਖ ਨੂੰ ਗਲ-ਵੱਢ ਯੰਤਰੂ ਪ੍ਰਾਣੀ ਬਣਾਇਆ ਹੈ। ਉਹ ਸਭਿਆਚਾਰਕ ਭਰਪੂਰਤਾ ਤੋਂ ਟੁੱਟ ਚੁੱਕਾ ਹੈ। ਮਨੁੱਖ ਨੂੰ ਕੋਈ ਅਦਿੱਖ ਆਟੋ-ਸ਼ਕਤੀ ਚਲਾ ਰਹੀ ਦਿਸਦੀ ਹੈ। ਕਿਸਾਨ ਤਾਂ ਪਹਿਲਾਂ ਹੀ ਸ਼ਹਿਰੀਕਰਨ ਦੀ ਅਮਾਨਵੀ ਯੰਤਰਤਾ ਤੋਂ ਹਤਾਸ਼ ਹੈ। ਲੁੱਟ ਖਸੁੱਟ ਕਰਨ ਵਾਲਾ ਮੁਨਾਫ਼ਾਖੋਰ ਵਰਤਾਰਾ ਉਹਨੂੰ ਆਪਣੇ ਅਸਲ ਤੋਂ ਤੋੜ ਰਿਹਾ ਹੈ। ਉਹ ਸੰਸਿਆਂ ਅਤੇ ਅਵਿਸ਼ਵਾਸਾਂ ਨਾਲ ਭਰਿਆ ਪਿਆ ਹੈ। ਜੋ ਸਿਆਸਤ ਵਿਕਾਸ ਦੇ ਨਾਂ ਉੱਤੇ ਸੁਧਾਰ ਕਰ ਰਹੀ ਹੈ ਉਹਦੀ ਖਸਲਤ ਤੋਂ ਹੀ ਚਿੜ੍ਹ ਹੈ। ਅਜਿਹੀ ਸਥਿਤੀ ਵਿਚ ਉਹ ਸਿਰਫ਼ ਆਪਣੇ ਨੇਤਾਵਾਂ ਦੀ ਗੱਲ ਸੁਣਨਾ ਚਾਹੁੰਦਾ ਹੈ ਜੋ ਉਹਦੇ ਹੋਣੇ ਦੀ ਸਿਆਸਤ ਨੂੰ ਸਮਝਦੇ ਹਨ। ਜੋ ਉਹਦੀ ਸੰਵੇਦਨਾ ਨੂੰ ਮਸਲਦਿਆਂ ਹੋਇਆਂ ਉਸਦੇ ਖਦਸ਼ਿਆਂ, ਸੰਸਿਆਂ ਨੂੰ ਠਿਠ ਕਰਦੇ ਹਨ, ਉਹਦੇ ਰੋਸ ਮੁਜ਼ਾਹਰੇ ਨੂੰ ਪਿਕਨਿਕ ਕਹਿੰਦੇ ਹਨ, ਉਨ੍ਹਾਂ ਦੀ ਗੱਲ ਉਹ ਕਿਉਂ ਸੁਣੇ?

* * *

       ਕਿਸਾਨ ਅੰਦੋਲਨ ਦੀ ਕਾਰਜ-ਸ਼ੈਲੀ ਵੱਲ ਪਰਤਦੇ ਹਾਂ ਜਿਸ ਨੂੰ ਕ੍ਰਿਸ਼ਮਈ ਵਰਤਾਰਾ ਕਿਹਾ ਜਾ ਰਿਹਾ ਹੈ। ਕਿਸਾਨ ਨੇਤਾ ਕਹਿੰਦੇ ਹਨ ਕਿ ਬਿਨਾਂ ਜਿੱਤ ਪ੍ਰਾਪਤ ਕੀਤੇ ਉਨ੍ਹਾਂ ਘਰ ਨਹੀਂ ਮੁੜਨਾ। ਇਸ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਅਦਭੁਤ ਤਰਜ਼ ਦੀ ਕਾਰਜ-ਸ਼ੈਲੀ ਸਿਰਜੀ ਹੈ।

       ਦਿਸਦਾ ਪਿਆ ਹੈ ਕਿ ਅਸਲ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਕੁਝ ਇਕ ਜਿੱਤਾਂ ਪ੍ਰਾਪਤ ਹੋ ਚੁੱਕੀਆਂ ਹਨ। ਪੰਜਾਬੀ ਕਿਸਾਨ ਦੀ ਜਿੱਤ ਦਾ ਬਿਗਲ ਪਹਿਲੇ ਦਿਨ ਤੋਂ ਵੱਜਣਾ ਸ਼ੁਰੂ ਹੋ ਗਿਆ ਸੀ ਜਦ ਸ਼ੰਭੂ ਬਾਰਡਰ ਪਾਰ ਕਰਦਿਆਂ ਉਹਨੇ ਦਿੱਲੀ ਵਲ ਕੂਚ ਕੀਤਾ। ਤਦੋਂ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਗਲਵਕੜੀ ਵਿਚ ਲੈ ਕੇ ਉਹਨੂੰ ਬੜਾ ਭਾਈ ਕਿਹਾ ਤੇ ਹਰਿਆਣਾ ਦੇ ਕਿਸਾਨ ਬੜੇ ਭਾਈ ਦੇ ਨਾਲ ਹੋ ਤੁਰੇ। ਅੱਜ ਹਰਿਆਣਾ ਦੇ ਖੇਤਾਂ ਦੀ ਕੁੱਲ ਊਰਜਾ ਸਿੰਘੂ, ਟੀਕਰੀ ਬਾਰਡਰਾਂ ਵੱਲ ਮੂੰਹ ਕਰੀ ਬੈਠੀ ਹੈ। ਰਣ-ਤੱਤੇ ਵਿਚ ਮੋਰਚਾ ਗੱਡੀ ਭੈਣਾਂ ਭਾਈਆਂ ਨੂੰ ਅਹਾਰ ਤੇ ਦੁੱਧ ਪਹੁੰਚਾਇਆ ਜਾ ਰਿਹੈ।

        ਪੰਜਾਬੀ ਬੰਦਾ ਅੱਜ ਆਪਣੇ ਹੋਣੇ ਦੇ ਮੂਲ ਮੰਤਰ ਸਮੇਤ ਕਿਸਾਨ ਮੋਰਚੇ ਵਿਚ ਹੋ-ਵਾਪਰ ਰਿਹਾ ਤਾਂ ਪੰਜਾਬ-ਬਾਹਰੇ ਮਨੁੱਖ ਸਾਹਮਣੇ ਉਹਦੇ ਅਸਲ ਦੀ ਮਹਿਮਾ ਪ੍ਰਗਟ ਹੋਣ ਲੱਗੀ। ਪੰਜਾਬ ਵਿਚ ਹੀ ਨਵੀਂ ਚੇਤਨਾ ਨਹੀਂ ਉਗਮੀ, ਪੰਜਾਬ ਬਾਰੇ ਵੀ ਨਵੀਂ ਚੇਤਨਾ ਪੈਦਾ ਹੋਈ ਦਿਖੀ।

      ਅਗਲੀ ਗੱਲ : ਪੰਜਾਬ, ਹਰਿਆਣਾ, ਯੂ ਪੀ ਅਤੇ ਹੋਰ ਥਾਵਾਂ ਤੋਂ ਪੁੱਜਾ ਕਿਸਾਨ ਇਹ ਦੱਸਣ ਲਈ ਦਿੱਲੀ ਦੇ ਬਾਰਡਰਾਂ ਉੱਤੇ ਬੈਠਾ ਹੈ ਕਿ ‘‘ਦੇਖ ਲਉ ਮੈਂ ਕੀ ਹਾਂ। ਮੈਂ ਆਪਣੇ ਤਸੱਵਰਾਂ ਵਿਚ ਅਮੋੜ ਕਿਉਂ ਹਾਂ।” ਸਿੰਘੂ ਬਾਰਡਰ ਉੱਤੇ ਅਮਨ ਚੈਨ ਨਾਲ ਡੇਰੇ ਲਗਾਉਣ ਵਾਲੇ ਕਿਸਾਨ ਜੈਕਾਰੇ ਲਗਾਉਂਦੇ ਹੋਏ ਵੀ ਪੂਰੇ ਸੰਜਮ ਅਤੇ ਮਰਿਆਦਾ ਵਿਚ ਰਹਿ ਰਹੇ ਹਨ। ਸੁੱਘੜ ਢੰਗ ਨਾਲ ਉਹ ਜਥੇਬੰਦਕ ਹੋਏ ਦਿਸਦੇ ਹਨ। ਉਹ ਆਪਣੇ ਵਿਹਾਰ ਨਾਲ ਵਿਰੋਧੀਆਂ ਦੇ ਭੰਡੀ ਪਰਚਾਰ ਦਾ ਜੁਆਬ ਦੇਂਦੇ ਹਨ। ਇਸ ਦ੍ਰਿਸ਼ਪਟ ਵੱਲ ਧਿਆਨ ਦਿਉ (ਜਿਵੇਂ ਅੰਗਰੇਜ਼ੀ ਵਿਚ ਕਿਸੇ ਅਚਰਜ/ਅਦਭੁਤ ਵਰਤਾਰੇ ਨੂੰ ਦੇਖ ਕੇ ਕਿਹਾ ਜਾਂਦਾ: It is a sight for angels to see) : ਦੋ ਡਿਗਰੀ ਸੈਲਸੀਅਸ ਤਾਪਮਾਨ ਹੈ ਤੇ ਕਿਸਾਨ ਟਰਾਲੀ ਵਿਚ ਸੁੱਤਾ ਹੈ। ਅੱਧੀ ਰਾਤ ਦਾ ਸਮਾਂ ਹੈ ਤੇ ਲੰਗਰ ਪਾਣੀ ਦੀ ਸੇਵਾ ਕਰਨ ਵਾਲਾ ਉੱਠ ਖੜ੍ਹਿਆ ਹੈ। ਬਾਰਸ਼ ਹੋ ਰਹੀ ਹੈ। ਖੁੱਲ੍ਹੇ ਮੈਦਾਨ ਵਿਚ ਕਿਸਾਨ ਇਸ਼ਨਾਨ ਕਰ ਰਿਹਾ ਹੈ। ਸੂਰਜ ਦੀ ਕਿਰਨ ਦਿਸਣ ਤੋਂ ਪਹਿਲਾਂ ਕਿਸੇ ਟਰਾਲੀ ਵਿਚੋਂ ਜਪੁਜੀ ਸਾਹਿਬ ਦੀ ਧੁਨ ਸੁਣਾਈ ਦੇ ਰਹੀ ਹੈ। ਲਾਗਲੇ ਪਿੰਡਾਂ ਤੋਂ ਦੁੱਧ ਦੇ ਡਰੰਮ ਪੁੱਜ ਰਹੇ ਹਨ। ਪਤਾ ਚੱਲਦਾ ਮੋਗੇ ਤੋਂ ਕੁਝ ਜਵਾਨ ਦੋ ਸੌ ਮੰਜਿਆਂ ਦਾ ਸਾਮਾਨ ਲਿਆਏ ਹਨ ਤੇ ਮੰਜੇ ਨੂੰ ਔਜ਼ਾਰਾਂ ਨਾਲ ਠੋਕ ਟਿਕਾ ਰਹੇ ਹਨ। ਦਿੱਲੀ ਵਾਲੇ ਪਾਸਿਉਂ ਰਸਦ ਨਾਲ ਭਰੇ ਟਰੱਕ ਪੁੱਜੇ ਹਨ। ਦਿੱਲੀ ਦੇ ਹੀ ਕਿਸੇ ਹਿਤੈਸ਼ੀ ਨੇ ਕੰਬਲਾਂ ਦੀ ਸੇਵਾ ਭੇਜੀ ਹੈ। ਕਿਸੇ ਨੇ ਆਪਣੇ ਹੋਟਲ ਦਾ ਖਾਣਾ ਮੁਫ਼ਤ ਕਰ ਦਿੱਤਾ ਹੈ। ਇੱਧਜ ਆਵਾਜ਼ ਆਉਂਦੀ ਹੈ : ਚਾਹ ਦਾ ਲੰਗਰ ਛਕ ਲਉ ਜੀ। ਦੂਜੇ ਪਾਸਿਉਂ ਕੋਈ ਬੋਲ ਰਿਹਾ : ਬਦਾਮਾਂ ਗਿਰੀਆਂ ਦਾ ਲੰਗਰ ਟੈਂਟਾਂ ਦੇ ਦੂਜੇ ਪਾਸੇ ਹੈ।

     ਬਠਿੰਡਾ, ਮੁਹਾਲੀ, ਜਲੰਧਰ ਤੋਂ ਕਾਰਾਂ ਦੌੜਾਈ ਗਾਇਕ ਪੁੱਜ ਰਹੇ ਹਨ। ਬਜ਼ੁਰਗ ਕੁਝ ਦਿਨ ਮੋਰਚੇ ਵਿਚ ਗੁਜ਼ਾਰ ਕੇ ਪਿੰਡ ਪੁੱਜਦੇ ਹਨ, ਕਹਿੰਦੇ ਹਨ, ਮੈਂ ਤਾਂ ਵਾਪਸ ਮੁੜ ਚੱਲਿਆਂ ਮੋਰਚੇ ਵਿਚ, ਆਪਾਂ ਏਥੇ ਕੀ ਕਰਨਾ, ਫਤਿਹ ਪ੍ਰਾਪਤ ਕਰ ਕੇ ਹੀ ਮੁੜੂੰ ...।

     ਸੰਗਤ ਪੰਗਤ ਰਾਹੀਂ ਸਰਬ ਸਾਂਝੀਵਾਲਤਾ ਦਾ ਵਰਤਾਰਾ ਸਵੇਰੇ ਸ਼ਾਮ ਜਾਰੀ ਹੈ। ਸਰਬੱਤ ਦੇ ਭਲੇ ਦਾ ਚਿਤਵਨ ਹੈ। ਬੋਲੇ ਸੋ ਨਿਹਾਲ ਦਾ ਜੈਕਾਰਾ ਹੈ। ਕੋਈ ਮੰਚ ਤੋਂ ਆਖ ਰਿਹਾ, ਅਸਾਂ ਸਭਨਾਂ ਨੇ ਜੋਸ਼ ਤਾਂ ਦਿਖਾਉਣਾ, ਹੋਸ਼ ਵੀ ਪੂਰੀ ਕਾਇਮ ਰੱਖਣੀ ਹੈ, ਵਿਰੋਧੀ ਬਹੁਤ ਚਤੁਰ ਹੈ, ਆਪਾਂ ਪ੍ਰਵੋਕ ਨਹੀਂ ਹੋਣਾ।

       ਸ਼ਹੀਦੀਆਂ ਦੇ ਬਾਵਜੂਦ ਕਿਤੇ ਥਿੜਕਣ ਨਹੀਂ ਦਿਖਾਈ ਦੇਂਦੀ। ਮਾੜੀ ਭਾਵਨਾ ਵਿਰੋਧੀ ਲਈ ਵੀ ਨਹੀਂ। ਕਰੋਧ, ਰੋਹ ਕੁਝ ਵੀ ਅਜਿਹਾ ਨਹੀਂ ਕਿਤੇ।

    ਕਿਸਾਨ ਨੇਤਾ ਮੰਚ ਉੱਤੇ ਕਹਿ ਰਹੇ ਹਨ : ਹਿੰਸਾ ਨਹੀਂ ਕਰਨੀ, ਇੱਕਜੁੱਟ ਹੋ ਕੇ ਅਮਨ ਚੈਨ ਨਾਲ ਹੀ ਸਰਕਾਰ ਦੀਆਂ ਗੋਡਨੀਆਂ ਲਵਾ ਦੇਣੀਆਂ ਹਨ। ਸਾਡਾ ਵਿਸ਼ਵਾਸ ਡਾਇਲਾਗ ਵਿਚ ਹੈ। ਦਲੀਲ, ਸੰਜਮ, ਸੂਝ, ਸੰਤੁਲਨ ਨਾਲ ਬਚਨ ਬਿਲਾਸ ਹੀ ਕਰਨਾ ਹੈ। ਜੇ ਸਰਕਾਰ ਡਾਇਲਾਗ ਨਹੀਂ ਸੁਣਦੀ ਤਾਂ ਅੰਦੋਲਨ ਜਾਰੀ ਰਹਿਣਾ।

* * *

       ਬਿਨਾਂ ਸਵੈ-ਸੱਤਾ ਵਾਲੀ ਅਣਖ ਦੇ ਅਜਿਹੇ ਵਿਸ਼ਵਾਸ ਜਾਗ ਨਹੀਂ ਸਕਦੇ। ਤਦ ਪਤਾ ਚਲਦਾ ਕਿ ਪੰਜਾਬ ਦਾ ਕਿਸਾਨ ਉਸ ਕ੍ਰਿਸ਼ਮੇ ਦੀ ਖਾਤਰ ਲੜ ਰਿਹਾ ਜਿਸ ਦਾ ਨਾਇਕ ਬਣ ਕੇ ਉਹ ਸਿੰਘੂ ਬਾਰਡਰ ਦੇ ਮੋਰਚਾ ਗੱਡੀ ਬੈਠਾ ਹੈ। ਗੂੜ੍ਹ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਕਹਾਂਗੇ ਕਿ ਪੰਜਾਬੀ ਬੰਦਾ ਸਿਆਸਤ ਦਾ ਨਵਾਂ ਪ੍ਰਵਚਨ ਸਿਰਜ ਰਿਹਾ। ਜੋ ਖੜੋਤ, ਨਿਰਾਸ਼ਾ ਅਤੇ ਨਿਘਾਰ 1984 ਤੋਂ ਬਾਅਦ ਇਹਦੇ ਵਿਚ ਪਨਪਣ ਲੱਗ ਪਿਆ ਸੀ ਉਸ ਤੋਂ ਇਹਨੇ ਛੁਟਕਾਰਾ ਪਾ ਲਿਆ ਹੈ। ਉਹ ਠਰ੍ਹੰਮੇ, ਸਵੈ-ਪੜਚੋਲ, ਡਾਇਲਾਗ ਅਤੇ ਦਲੀਲ ਵੱਲ ਪਰਤਿਆ ਹੈ। ਉਸ ਕਾਰਪੋਰੇਟ ਸੰਸਾਰ ਤੱਕ ਇਹਦੀ ਨਜ਼ਰ ਜਾ ਪੁੱਜੀ ਹੈ ਜੋ ਆਪਣੇ ਮੱਕੜ-ਜਾਲ ਵਿਚ ਦੇਸ ਦੀ ਆਰਥਿਕਤਾ ਨੂੰ ਫਸਾਉਣਾ ਚਾਹੁੰਦਾ ਹੈ। ਮੱਕੜ-ਜਾਲ ਵਿਚ ਸਿਆਸੀ ਜਮਾਤ ਫਸ ਸਕਦੀ ਹੈ ਪਰ ਆਪਣੀ ਸਵੈ-ਸੱਤੇ ਉੱਤੇ ਫ਼ਖਰ ਕਰਨ ਵਾਲਾ ਕਿਸਾਨ ਨਹੀਂ ਫਸਦਾ। ਉਹੀ ਇਹਦੇ ਵਿਰੁੱਧ ਖੜ੍ਹ ਸਕਦਾ ਸੀ। ਇਹ ਖੜ੍ਹ ਗਿਆ ਹੈ। ਅਜਿਹੀ ਸ਼ਕਤੀ ਦੀ ਖਾਤਰ ਹੀ ਉਹ ਲੜ ਰਿਹਾ।

        ਇਹ ਵੀ ਪਤਾ ਚਲਦਾ ਕਿ ਪੰਜਾਬੀ ਬੰਦੇ ਨੇ ਪੰਜਾਬ ਫਲਸਫ਼ੇ ਦੀ ਪਛਾਣ ਕਰ ਲਈ ਹੈ। ਇਹ ਫਲਸਫ਼ਾ ਕੀ ਹੈ? ਇਹਦਾ ਉੱਤਰ ਬਾਬਾ ਨਾਨਕ ਦੀ ਸਿਰਜੀ ਬਾਣੀ ਤੋਂ ਲਿਆ ਜਾ ਸਕਦਾ ਹੈ ਜੋ ਨਿਤਾਣਿਆਂ ਦਾ ਤਾਣ ਬਣੀ ਤੇ ਜਿਸਨੇ ਇਸ ਭੋਇੰ ਵਿਚ ਕਿਰਤ ਕਮਾਈ ਦੀ ਬੁਲੰਦੀ ਦਾ ਪੈਗ਼ਾਮ ਬੀਜਿਆ। ਜੋ ਕਿਰਤ ਕਰਦਾ ਹੈ, ਉਹੀ ਵੰਡ ਛਕਦਾ ਹੈ। ਜੋ ਵੰਡ ਛਕਦਾ ਹੈ ਉਹਦਾ ਹੋਣਾ ਸੁੱਚਾ ਹੈ। ਉਹ ਲੋਭ ਤੋਂ ਮੁਕਤ ਹੁੰਦਾ, ਮੁਨਾਫ਼ਾਖੋਰ ਨਹੀਂ। ਅਜਿਹਾ ਬੰਦਾ ਨਾ ਕਿਸੇ ਨੂੰ ਆਪਣੇ ਅਧੀਨ ਕਰਨਾ ਲੋਚਦਾ, ਨਾ ਅਧੀਨਗੀ ਸਹਿੰਦਾ। ਸਰਲ ਸਾਧਾਰਣ ਮਨੁੱਖ ਦੇ ਇਹ ਅਕੀਦੇ ਹੀ ਪੰਜਾਬ ਦਾ ਫਲਸਫ਼ਾ ਹੈ। ਇਸ ਫਲਸਫ਼ੇ ਨੇ ਪੰਜਾਬੀ ਬੰਦੇ ਨੂੰ ਹਰ ਦੁਸ਼ਟ ਵਿਰੁੱਧ ਖੜ੍ਹਨਾ ਸਿਖਾਇਆ; ਇਹਦੇ ਅੰਦਰ ਆਜ਼ਾਦੀ ਦੀ ਚਿਣਗ ਜਗਾਈ। ਜੋ ਸੰਵੇਦਨਾ ਸਿੰਘੂ ਬਾਰਡਰ ਉੱਤੇ ਦਿਖਾਈ ਦੇ ਰਹੀ ਹੈ ਉਹੀ ਇਕ ਸਦੀ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ਦੇ ਪੱਛਮੀ ਤੱਟ ਉੱਤੇ ਪੈਦਾ ਹੋਣ ਵਾਲੀ ਗ਼ਦਰ ਲਹਿਰ ਵੇਲੇ ਦਿਖਾਈ ਦਿੱਤੀ ਸੀ। ਜਿਸ ਤਰ੍ਹਾਂ ਇਸ ਅੰਦੋਲਨ ਦੌਰਾਨ ਲੰਗਰ/ਪੰਗਤ ਨੇ ਸਭ ਭੇਦਭਾਵ ਮਿਟਾਏ ਹਨ, ਉਸੇ ਤਰ੍ਹਾਂ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਕੈਲੀਫੋਰਨੀਆ ਵਿਚ ਬਾਬਾ ਜਵਾਲਾ ਸਿੰਘ ਦੇ ਫਾਰਮ ਉੱਤੇ ਲੰਗਰ ਪੰਗਤ ਦਾ ਵਰਤਾਰਾ ਵਾਪਰਿਆ ਸੀ।

* * *

        ਪਿੱਛੇ ਜਿਹੇ ਤੱਕ ਅਸੀਂ ਪੰਜਾਬ ਦੀ ਬਰਬਾਦੀ ਦੀ ਗੱਲ ਕਰਦੇ ਰਹੇ। ਪੰਜਾਬ ਨੂੰ ਉੜਤਾ ਪੰਜਾਬ ਦੇ ਲਕਬ ਨਾਲ ਜੋੜਿਆ ਜਾਂਦਾ ਰਿਹਾ, ਅਖੇ ਪੰਜਾਬ ਨਸ਼ਿਆਂ ਦੀ ਮਾਰ ਹੇਠ ਹੈ। ਮੈਂ ਖ਼ੁਦ ਪੰਜਾਬ ਦੀ ਨਿਰਾਸ਼ ਕਰਨ ਵਾਲੀ ਸਥਿਤੀ ਬਾਰੇ ਲਿਖਦਾ ਰਿਹਾ। ਪੰਜਾਬੀ ਭਾਸ਼ਾ ਦੇ ਅਪ੍ਰਸੰਗਿਕ ਹੋਣ ਦੀ ਗੱਲ ਕਈ ਵੇਰ ਕੀਤੀ। ਪਰ ਸਿੰਘੂ ਬਾਰਡਰ ਉੱਤੇ ਜੋ ਕ੍ਰਾਂਤੀ ਵਰਤ ਰਹੀ ਹੈ ਉਸ ਤੋਂ ਜਾਪਦਾ ਪੰਜਾਬ ਨਵੇਂ ਪ੍ਰਸੰਗਾਂ ਅਨੁਕੂਲ ਆਪਣੇ ਆਪ ਨੂੰ ਪ੍ਰਭਾਸ਼ਿਤ ਕਰਨ ਵੱਲ ਮੁੜਿਆ ਹੈ। ਸਿਰਜੇ ਜਾ ਰਹੇ ਨੈਰੇਟਿਵ ਦੀ ਬਣਤ ਸ਼ੁੱਧ ਪੰਜਾਬੀ ਹੈ। ਪੰਜਾਬ ਦੇ ਲਹੂ-ਮਿੱਟੀ ਦੀ ਭਾਸ਼ਾ ਪੰਜਾਬੀ ਹੀ ਹੋ ਸਕਦੀ ਹੈ।

ਅੰਤ ਵਿਚ : ਚੇਤਨਾ ਦੀ ਪੱਧਰ ਉੱਤੇ ਉਤਪੰਨ ਹੋਣ ਵਾਲੇ ਵੱਢ (ruptures) ਕਦੇ ਕਦਾਈਂ ਦਿਖਾਈ ਦੇਂਦੇ ਹਨ। ਤਦ ਹੀ ਦੇਸ ਬਦੇਸ਼ ਤੋਂ ਹਰ ਤਰਜ਼ ਦਾ ਪੰਜਾਬੀ ਬੰਦਾ ਸਿੰਘੂ ਬਾਰਡਰ ਦੇ ਮੋਰਚੇ ਵਿਚ ਸ਼ਰੀਕ ਹੋਣ ਦਾ ਇੱਛੁਕ ਹੈ।

ਸੰਪਰਕ : 98725-06926