...ਸਿੱਖ ਧਰਮ ਸਿਕੁੜ ਰਿਹਾ ਹੈ? - ਜਸਵੰਤ ਸਿੰਘ 'ਅਜੀਤ'

ਬੀਤੇ ਕਾਫੀ ਸਮੇਂ ਤੋਂ ਸਿੱਖ ਬੁਧੀਜੀਵੀਆਂ ਅਤੇ ਧਾਰਮਕ ਸੰਸਥਾਵਾਂ ਦੇ ਮੁਖੀਆਂ ਦੇ ਇਕ ਵਰਗ, ਜਿਨ੍ਹਾਂ ਦੇ ਨਾਲ ਕੁਝ ਰਾਜਸੀ ਸਿੱਖ ਵੀ ਸ਼ਾਮਲ ਹਨ, ਵਲੋਂ 'ਬ੍ਰਾਹਮਣਵਾਦੀ' ਪ੍ਰਭਾਵ ਤੋਂ ਸਿੱਖੀ ਨੂੰ ਮੁਕਤ ਕਰਾਉਣ ਦੇ ਨਾਂ ਤੇ ਇਕ ਅੰਦੋਲਣ ਸ਼ੁਰੂ ਕੀਤਾ ਗਿਆ ਹੋਇਆ ਹੈ। ਇਨ੍ਹਾਂ ਸੁਧਾਰਵਾਦੀਆਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਨੇ ਜਿਸ 'ਬ੍ਰਾਹਮਣਵਾਦੀ' ਪ੍ਰਭਾਵ ਤੋਂ ਮਨੁਖੀ-ਸਮਾਜ ਨੂੰ ਮੁਕਤ ਕਰਨ ਲਈ ਸਿੱਖ-ਪੰਥ ਦੀ ਸਿਰਜਨਾ ਕੀਤੀ ਸੀ, ਉਹੀ 'ਬ੍ਰਾਹਮਣਵਾਦੀ' ਪ੍ਰਭਾਵ ਮੁੜ ਸਿੱਖ-ਪੰਥ ਰਾਹੀਂ ਮਨੁਖੀ-ਸਮਾਜ ਪੁਰ ਹਾਵੀ ਹੁੰਦਾ ਜਾ ਰਿਹਾ ਹੈ। ਜਿਸਦੇ ਫਲਸਰੂਪ ਉਨ੍ਹਾਂ ਸਿਖਾਂ ਦੀ ਵੀ ਅੱਡਰੀ ਪਛਾਣ ਅਤੇ ਹੋਂਦ ਲਈ ਭਾਰੀ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ, ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਕੁਰਬਾਨੀਆਂ ਕਾਰਣ ਬ੍ਰਾਹਮਣਵਾਦੀ ਪ੍ਰਭਾਵ ਤੋਂ ਮੁਕਤ ਹੋ ਗਏ ਹੋਏ ਮੰਨੇ ਜਾਂਦੇ ਰਹੇ ਹਨ।
ਸਿੱਖੀ ਨੂੰ ਇਸ ਵਧ ਰਹੇ ਖਤਰੇ ਤੋਂ ਬਚਾਣ ਦੇ ਨਾਂ ਤੇ ਇਨ੍ਹਾਂ 'ਸੁਧਾਰਵਾਦੀਆਂ' ਵਲੋਂ ਜੋ ਨੀਤੀ ਅਪਨਾਈ ਗਈ ਹੋਈ ਹੈ ਅਤੇ ਜਿਸ ਨੀਤੀ ਅਧੀਨ ਇਨ੍ਹਾਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਸਦੀ ਘੋਖ ਕਰਨ ਵਾਲੇ ਸਿੱਖ ਬੁਧੀਜੀਵੀਆਂ ਅਤੇ ਧਾਰਮਕ ਸ਼ਖਸੀਅਤਾਂ ਦੇ ਇਕ ਵਰਗ ਵਲੋਂ, ਉਸਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਇਸ ਵਰਗ ਦਾ ਕਹਿਣਾ ਹੈ ਕਿ ਸਿੱਖੀ ਨੂੰ ਬਚਾਣ ਦੇ ਨਾਂ ਤੇ ਇਨ੍ਹਾਂ ਸੁਧਾਰਵਾਦੀਆਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਸਦੇ ਨਾਲ ਸਿੱਖੀ ਦਾ ਬਚਾਅ ਜਾਂ ਫੈਲਾਅ ਹੋ ਪਾਣਾ ਤਾਂ ਦੂਰ ਰਿਹਾ, ਸਗੋਂ ਉਸ ਨਾਲ ਤਾਂ ਗੁਰੂ ਸਾਹਿਬਾਨ ਵਲੋਂ ਸਿਰਜਿਆ ਸਿੱਖ-ਧਰਮ, ਵਿਸ਼ਵ-ਵਿਆਪੀ ਆਦਰਸ਼ਾਂ ਪੁਰ ਅਧਾਰਤ ਹੋਣ ਦੇ ਬਾਵਜੂਦ, ਚਾਰਦੀਵਾਰੀ ਵਿਚ ਸਿਮਟ ਕੇ ਰਹਿ ਜਾਇਗਾ।
ਇਸ ਵਰਗ ਦੇ ਮੁਖੀਆਂ ਦਾ ਮੰਨਣਾ ਹੈ ਕਿ 'ਸਿੱਖੀ-ਬਚਾਉ' ਦੇ ਨਾਂ ਤੇ ਜੋ ਅੰਦੋਲਣ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਘਰ ਪੁਰ ਅਪਾਰ ਸ਼ਰਧਾ ਰਖਣ ਵਾਲੇ 'ਸਹਿਜਧਾਰੀ', ਸਿੱਖ ਨਹੀਂ ਹੋ ਸਕਦੇ, ਕਿਉਂਕਿ ਉਨ੍ਹਾਂ ਦਸਮੇਸ਼ ਪਿਤਾ ਦੀ ਬਖਸ਼ੀ ਦਾਤ ਅੰਮ੍ਰਿਤ ਦਾ ਪਾਨ ਨਹੀਂ ਕੀਤਾ ਅਤੇ ਨਾ ਹੀ ਉਹ ਸਾਬਤ-ਸੂਰਤ ਹਨ। ਸੁਧਾਰਵਾਦੀਆਂ ਦਾ ਇਹ ਵੀ ਕਹਿਣਾ ਹੈ, ਕਿ ਜੇ ਇਹ 'ਸਹਿਜਧਾਰੀ' ਸਿੱਖੀ ਦੇ ਨਾਲ ਜੁੜੇ ਰਹੇ ਤਾਂ ਇਨ੍ਹਾਂ ਦੇ ਸਹਾਰੇ ਸਿੱਖੀ-ਵਿਰੋਧੀ, ਗ਼ੈਰ-ਸਿੱਖ ਅਨਸਰ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹੋ ਜਾਏਗਾ, ਫਲਸਰੂਪ ਗੁਰਦੁਆਰਿਆਂ ਵਿਚ ਸਥਾਪਤ ਮਰਿਆਦਾ ਪ੍ਰਭਾਵਤ ਹੋਣ ਲਗੇਗੀ।
ਦੂਸਰੇ ਪਾਸੇ ਇਹੀ ਸੁਧਾਰਵਾਦੀ ਬ੍ਰਾਹਮਣਵਾਦੀ-ਦ੍ਰਿਸ਼ਟੀਕੋਣ ਅਨੁਸਾਰ ਇਹ ਮੰਨਦੇ ਹਨ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਹੀ ਸਿੱਖ ਹੋ ਸਕਦਾ ਹੈ, ਭਾਵੇਂ ਉਹ ਸਿੱਖੀ-ਵਿਰਸੇ ਨਾਲੋਂ ਟੁਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਹੀ ਕਿਉਂ ਨਾ ਦੇ ਗਿਆ ਹੋਵੇ। ਉਨ੍ਹਾਂ ਨੂੰ ਅਖਬਾਰਾਂ ਵਿਚ ਛਪੇ ਵਿਆਹ-ਸ਼ਾਦੀਆਂ ਦੇ ਉਹ ਇਸ਼ਤਿਹਾਰ ਪੜ੍ਹ ਕੇ ਨਾ ਤਾਂ ਸ਼ਰਮ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਦਿਲ ਵਿਚ ਵਿਰੋਧ ਕਰਨ ਦੀ ਭਾਵਨਾ ਜਾਗਦੀ ਹੈ, ਜਿਨ੍ਹਾਂ ਰਾਹੀਂ ਮੋਟੇ-ਮੋਟੇ ਅਖਰਾਂ ਵਿਚ 'ਕਲੀਨਸ਼ੇਵਨ-ਸਿੱਖ' ਮੁੰਡੇ ਲਈ ਸਿੱਖ ਕੁੜੀ ਦੀ ਅਤੇ ਸਿੱਖ ਕੁੜੀ ਲਈ 'ਕਲੀਨਸ਼ੇਵਨ ਸਿੱਖ' ਮੁੰਡੇ ਦੀ ਮੰਗ ਇਸਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਸਿੱਖ ਮੁੰਡੇ ਦਾ 'ਕਲੀਨਸ਼ੇਵਨ' ਹੋਣਾ ਕੋਈ ਵਿਸ਼ੇਸ਼ ਯੋਗਤਾ ਹੋਵੇ। ਇਹ ਇਸ਼ਤਿਹਾਰ ਪੜ੍ਹ ਕੇ ਇਨ੍ਹਾਂ 'ਸੁਧਾਰਵਾਦੀਆਂ' ਦੀ ਸਿੱਖੀ-ਭਾਵਨਾ ਨੂੰ ਕੋਈ ਠੇਸ ਪੁਜੀ ਹੋਵੇ ਜਾਂ ਇਨ੍ਹਾਂ ਨੇ ਇਹ ਕੁਝ ਪੜ੍ਹ ਕੇ ਇਸਦੇ ਵਿਰੁਧ ਕੋਈ ਹਿਲ-ਜੁਲ ਕੀਤੀ ਹੋਵੇ, ਕਦੀ ਕਿਧਰੇ ਪੜ੍ਹਿਆ-ਸੁਣਿਆ ਨਹੀਂ ਗਿਆ। ਸ਼ਾਇਦ ਇਨ੍ਹਾਂ ਨੂੰ ਇਸ ਗਲ ਤੇ ਮਾਣ ਹੁੰਦਾ ਹੋਵੇਗਾ ਕਿ 'ਕਲੀਨਸ਼ੇਵਨ' ਹੋ ਕੇ ਵੀ ਮੁੰਡਾ ਆਪਣੇ ਸਿੱਖ ਹੋਣ ਤੇ 'ਫਖਰ' ਤਾਂ ਕਰ ਹੀ ਰਿਹਾ ਹੈ। ਇਨ੍ਹਾਂ ਆਪੇ ਬਣੇ  'ਸੁਧਾਰਵਾਦੀਆਂ' ਦੀਆਂ ਇਨ੍ਹਾਂ ਨੀਤੀਆਂ ਪੁਰ ਉਂਗਲ ਉਠਾਣ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਬ੍ਰਾਹਮਣਾਂ ਨੇ ਆਪਣੀ ਸਰਵੁਚਤਾ ਦੀ ਹੈਸੀਅਤ ਬਣਾਈ ਰਖਣ ਲਈ ਵੇਦਾਂ-ਪੁਰਾਣਾਂ ਅਤੇ ਸ਼ਾਸਤਰਾਂ ਦੇ ਪੜ੍ਹਨ ਅਤੇ ਉਨ੍ਹਾਂ ਦਾ ਅਧਿਅਨ ਕਰਨ ਦਾ ਅਧਿਕਾਰ ਆਪਣੇ ਲਈ ਰਾਖਵਾਂ ਕਰਕੇ ਗ਼ੈਰ-ਬ੍ਰਾਹਮਣਾਂ ਲਈ, ਇਨ੍ਹਾਂ ਦੇ ਪੜ੍ਹਨ ਤੇ ਰੋਕ ਲਾ ਦਿਤੀ ਹੋਈ ਸੀ ਅਤੇ ਪਛੜਿਆਂ ਨੂੰ ਇਨ੍ਹਾਂ ਦੇ ਸੁਣਨ ਤਕ ਦਾ ਅਧਿਕਾਰ ਵੀ ਨਹੀਂ ਸੀ ਦਿਤਾ ਹੋਇਆ, ਇਸੇ ਤਰ੍ਹਾਂ ਇਹ 'ਸੁਧਾਰਵਾਦੀ' ਵੀ 'ਸਿੱਖੀ ਬਚਾਉਣ' ਦੇ ਨਾਂ ਤੇ ਗੁਰਬਾਣੀ ਪੜ੍ਹਨ ਦਾ ਅਧਿਕਾਰ ਕੇਵਲ ਆਪਣੇ ਲਈ ਹੀ ਰਾਖਵਾਂ ਕਰਨ ਵਲ ਵਧ ਰਹੇ ਹਨ। ਉਨ੍ਹਾਂ ਗ਼ੈਰ-ਸਿੱਖਾਂ ਦੇ ਬਾਣੀ ਪੜ੍ਹਨ ਤੇ ਰੋਕ ਲਾਉਣ ਵਲ ਵੀ ਕਦਮ ਵਧਾਣਾ ਸ਼ੁਰੂ ਕਰ ਦਿਤਾ ਹੈ। ਬਜਾਏ ਇਸਦੇ ਕਿ ਉਹ ਦੂਜਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਤਿਕਾਰ ਕਾਇਮ ਰਖਣ ਦੀ ਸਿੱਖਿਆ ਦੇਣ ਦੀ ਜ਼ਿਮੇਂਦਾਰੀ ਸੰਭਾਲਣ, ਸਗੋਂ ਇਨ੍ਹਾਂ ਨੇ ਤਾਂ ਉਨ੍ਹਾਂ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਚੁਕਾਣੇ ਸ਼ੁਰੂ ਕਰ ਦਿਤੇ। ਉਨ੍ਹਾਂ ਕਦੀ ਇਹ ਜਾਣਨ ਦੀ ਕੌਸ਼ਿਸ਼ ਨਹੀਂ ਕੀਤੀ ਕਿ ਜਿਨ੍ਹਾਂ ਸਿੱਖਾਂ ਨੇ ਅਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਥਾਪਤ ਕੀਤੇ ਹੋਏ ਹਨ, ਕੀ ਉਨ੍ਹਾਂ ਸਾਰਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਪੂਰਣ ਮਰਿਆਦਾ ਅਨੁਸਾਰ ਕੀਤੀ ਜਾ ਰਹੀ ਹੈ?
'ਸੋ ਕਿਉ ਮੰਦਾ ਆਖੀਐ' ਸ਼ਬਦ ਦਾ ਗਾਇਨ ਕਰਨ ਅਤੇ ਸੁਣਨ ਵਾਲੇ ਇਹ 'ਸੁਧਾਰਵਾਦੀ' ਭਾਸ਼ਣ ਕਰਦਿਆਂ ਤਾਂ ਬੜੇ ਹੀ ਮਾਣ ਨਾਲ ਦਾਅਵਾ ਕਰਦੇ ਹਨ ਕਿ ਭਾਰਤੀ ਸਮਾਜ ਵਲੋਂ ਦੁਰਕਾਰੀ ਤੇ ਪੈਰ ਦੀ ਜੁਤੀ ਸਮਝੀ ਜਾਂਦੀ ਨਾਰੀ ਨੂੰ ਗੁਰੂ ਸਾਹਿਬ ਨੇ ਨਾ ਕੇਵਲ ਬਰਾਬਰਤਾ ਦਾ ਅਧਿਕਾਰ ਦਿਤਾ, ਸਗੋਂ ਉਸਨੂੰ ਬਣਦਾ ਸਨਮਾਨ ਵੀ ਦਿਤਾ। ਪਰ ਅਜ ਉਸੇ ਨਾਰੀ ਨੂੰ ਹਰਿਮੰਦਿਰ ਸਾਹਿਬ ਵਿਖੇ ਅੰੰਿਮ੍ਰਤ ਵੇਲੇ ਹੋਣ ਵਾਲੀ ਸੇਵਾ ਵਿਚ ਹਿੱਸਾ ਲੈਣ ਤੋਂ ਤਾਂ ਰੋਕਿਆ ਹੀ ਜਾ ਰਿਹਾ ਹੈ, ਇਸਦੇ ਨਾਲ ਹੀ ਉਸਨੂੰ, ਜਿਸ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਬ ਦਾ ਸਰੂਪ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਲਿਆਇਆ ਜਾਂਦਾ ਹੈ, ਉਸ ਪਾਲਕੀ ਨੂੰ ਮੋਢਾ ਦੇਣ ਦਾ ਅਧਿਕਾਰ ਦੇਣਾ ਤਾਂ ਦੂਰ ਰਿਹਾ, ਹਥ ਲਾਉਣ ਦਾ ਅਧਿਕਾਰ ਵੀ ਨਹੀਂ ਦਿਤਾ ਜਾ ਰਿਹਾ। ਬੀਤੇ ਕਾਫੀ ਸਮੇਂ ਤੋਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਕੀਰਤਨ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੀਆਂ ਬੀਬੀਆਂ ਨੁੰ ਲਗਾਤਾਰ ਨਿਰਾਸ਼ ਕੀਤਾ ਜਾ ਰਿਹਾ ਹੈ, ਕਿਉਂ? ਕੀ ਸਿਰਫ ਇਸ ਕਰਕੇ ਕਿ ਬ੍ਰਾਹਮਣੀ-ਵਰਗ ਨਾਰੀ ਨੂੰ 'ਪੈਰ ਦੀ ਜੁਤੀ' ਸਮਝਦਾ ਹੈ, ਤਾਂ ਫਿਰ ਉਹ ਕਿਵੇਂ ਗੁਰੂ ਸਾਹਿਬਾਨ ਵਲੋਂ ਉਸਨੂੰ ਸਨਮਾਨਤ ਤੇ ਬਰਾਬਰਤਾ ਦੇ ਦਿਤੇ ਗਏ ਅਧਿਕਾਰ ਨੂੰ ਮਾਨਤਾ ਦੇ ਦੇਣ? ਇਨ੍ਹਾਂ ਸੁਧਾਰਵਾਦੀਆਂ ਦਾ ਇਸ ਗਲ ਨਾਲ ਕੋਈ ਮਤਲਬ ਨਹੀਂ ਕਿ ਉਨ੍ਹਾਂ ਵਲੋਂ ਸੁਧਾਰ ਦੇ ਨਾਂ ਤੇ ਸ਼ੁਰੂ ਕੀਤੇ ਗਏ ਹੋਏ 'ਸਿੱਖੀ ਬਚਾਓ' ਅੰਦੋਲਣ ਦੇ ਫਲਸਰੂਪ ਸਿੱਖ-ਪੰਥ ਵਿਚ ਵੰਡੀਆਂ ਪੈ ਰਹੀਆਂ ਹਨ। ਜਿਸ ਨਾਲ ਸਿੱਖੀ ਨੂੰ ਨਾ ਠਲ੍ਹੀ ਜਾ ਸਕਣ ਵਾਲੀ ਢਾਹ ਲਗਦੀ ਜਾ ਰਹੀ ਹੈ। ਸਿੱਖਾਂ ਵਿਚ ਵੀ ਉਸੇ ਤਰ੍ਹਾਂ ਦੀਆਂ ਵੰਡੀਆਂ ਪੈਣ ਦੀਆਂ ਸੰਭਾਵਨਾਵਾਂ ਵਧਦੀਆਂ ਚਲੀਆਂ ਜਾ ਰਹੀਆਂ ਹਨ ਜਿਵੇਂ ਕਿ ਮੁਸਲਮਾਣਾਂ, ਇਸਾਈਆਂ, ਜੈਨੀਆਂ, ਬੋਧੀਆਂ ਆਦਿ ਫਿਰਕਿਆਂ ਵਿਚ ਪਈਆਂ ਹੋਈਆਂ ਹਨ।
...ਅਤੇ ਅੰਤ ਵਿਚ: ਅਜ ਜਾਤੀਆਂ ਦੇ ਨਾਂ (ਅਧਾਰ) ਤੇ ਗੁਰਦੁਆਰੇ ਬਣਦੇ ਜਾ ਰਹੇ ਹਨ। ਗੁਰਦੁਆਰਿਆਂ ਦੇ ਮੁਖ ਦੁਆਰ ਤੇ ਬੜੇ ਸਜਾਵਟੀ ਅਖਰਾਂ ਵਿਚ ਲਿਖਿਆ ਜਾ ਰਿਹਾ ਹੈ, ਗੁਰਦੁਆਰਾ ਰਾਮਗੜ੍ਹੀਆਂ, ਗੁਰਦੁਆਰਾ ਪੋਠੋਹਾਰੀਆਂ, ਗੁਰਦੁਆਰਾ ਪਿਸ਼ੋਰੀਆਂ, ਜਟਾਂ, ਭਾਪਿਆਂ, ਰਾਮਦਾਸੀਆਂ ਆਦਿ। ਗੁਰਦੁਆਰੇ, ਹੁਣ ਗੁਰੂ ਦੇ ਦੁਆਰ ਨਾ ਰਹਿ, ਜਾਤੀਆਂ ਦੇ ਬਣਦੇ ਜਾ ਰਹੇ ਹਨ। ਕਈ ਗੁਰਦੁਆਰਿਆਂ ਵਿਚ ਤਾਂ ਅੰਮ੍ਰਿਤਧਾਰੀ ਦਲਿਤਾਂ ਨੂੰ ਨਾ ਪ੍ਰਸ਼ਾਦ ਵੰਡਣ ਦਿਤਾ ਜਾਂਦਾ ਹੈ ਤੇ ਨਾ ਹੀ ਲੰਗਰ। ਪੰਗਤ ਵਿੱਚ ਬੈਠ ਲੰਗਰ ਵੀ ਛਕਣ ਨਹੀਂ ਦਿੱਤਾ ਜਾਂਦਾ। ਕੀ ਇਹ ਸਭ ਕੁਝ 'ਬ੍ਰਾਹਮਣੀ ਸੋਚ' ਤੋਂ ਮੁਕਤ ਹੁੰਦਿਆਂ ਜਾਣ ਦਾ ਪ੍ਰਤੀਕ ਹੈ ਜਾਂ ਕਿ 'ਬ੍ਰਾਹਮਣੀ ਸੋਚ' ਦੇ ਭਾਰੂ ਹੁੰਦਿਆਂ ਜਾਣ ਦਾ? ਕੀ ਇਹ ਗੁਰੂ ਸਾਹਿਬ ਵਲੋਂ ਪ੍ਰਚਾਰੇ ਉਨ੍ਹਾਂ ਆਦਰਸ਼ਾਂ ਦੇ ਨਾਲ ਵਿਸ਼ਵਾਸਘਾਤ ਨਹੀਂ, ਜਿਨ੍ਹਾਂ ਨੂੰ ਸਥਾਪਤ ਕਰਨ ਅਤੇ ਜਿਨ੍ਹਾਂ ਦੀਆਂ ਨੀਹਾਂ ਤੇ ਸਿੱਖੀ ਦਾ ਮੱਹਲ ਉਸਾਰਣ ਲਈ ਉਨ੍ਹਾਂ ਆਪਣਾ-ਆਪ ਹੀ ਨਹੀਂ, ਸਗੋਂ ਆਪਣਾ ਸਰਬੰਸ ਤਕ ਵੀ ਕੁਰਬਾਨ ਕਰ ਦਿਤਾ ਸੀ?

Mobile : +91 95 82 71 98 90
E-Mail :  jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085