ਭਗਤ ਰਵਿਦਾਸ ਅਤੇ ਸਮਾਜਿਕ ਬਰਾਬਰੀ - ਪ੍ਰੋ. ਰੌਣਕੀ ਰਾਮ

ਪੰਦਰਵੀਂ ਤੇ ਸੋਲ੍ਹਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਸੰਤ ਕਵੀਆਂ ਵਿਚ ਸ਼ੁਮਾਰ ਗੁਰੂ ਰਵਿਦਾਸ ਲਹਿੰਦੇ ਮੱਧਕਾਲ ਦੌਰਾਨ ਉੱਤਰੀ ਭਾਰਤ ਦੀ ਭਗਤੀ ਲਹਿਰ ਖ਼ਾਸਕਰ ਨਿਰਗੁਣ ਸੰਪਰਦਾ ਜਾਂ ਸੰਤ ਪਰੰਪਰਾ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਭਗਤੀ ਦਾ ਰਾਹ ਸਦੀਆਂ ਤੋਂ ਚਲੀ ਆ ਰਹੀ ਛੂਤ-ਛਾਤ ਦੀ ਅਣਮਨੁੱਖੀ ਵਿਵਸਥਾ ਖਿ਼ਲਾਫ਼ ਸਮਾਜਿਕ ਰੋਸ ਦੇ ਤਰੀਕੇ ਵਜੋਂ ਅਪਣਾਇਆ ਸੀ। ਗੁਰੂ ਰਵਿਦਾਸ ਨੇ ਨਿਰਾਕਾਰ ਰੱਬ ਦੀ ਭਗਤੀ ਦੀ ਜਾਚ ਅਪਣਾਈ ਅਤੇ ਜਾਤ ਆਧਾਰਿਤ ਸਮਾਜਿਕ ਛੂਤ-ਛਾਤ ਤੇ ਜਬਰ ਖਿ਼ਲਾਫ਼ ਮੱਧ ਮਾਰਗੀ ਰੋਸ ਪ੍ਰਗਟਾਉਣ ਲਈ ਰੋਜ਼ੀ-ਰੋਟੀ ਦੀ ਖਾਤਰ ਆਪਣੇ ਜ਼ੱਦੀ ਪੁਸ਼ਤੀ ਚਮੜੇ ਦਾ ਕੰਮ ਅਪਣਾਇਆ। ਧਾਰਮਿਕ ਆਡੰਬਰ ਅਤੇ ਸੰਕੀਰਨ ਰਹੁ-ਰੀਤਾਂ ਤੋਂ ਪਰ੍ਹੇ ਹੋਣ ਕਰ ਕੇ ਉਨ੍ਹਾਂ ਦਾ ਮਾਰਗ ਵਿਲੱਖਣ ਅਤੇ ਉਸ ਵੇਲੇ ਚੱਲ ਰਹੇ ਧਾਰਮਿਕ ਕੱਟੜਪੁਣੇ ਦੇ ਦੌਰ ਵਿਚ ਵੱਡੇ ਜੇਰੇ ਵਾਲਾ ਕੰਮ ਵੀ ਸੀ। ਗੁਰੂ ਰਵਿਦਾਸ ਨੇ ਨਿੱਡਰਤਾ, ਆਤਮ ਸਤਿਕਾਰ, ਕਿਰਤ ਦੀ ਗ਼ੈਰਤ ਅਤੇ ਸਭਨਾਂ ਲੋਕਾਂ ਪ੍ਰਤੀ ਪਿਆਰ ਜਿਹੀਆਂ ਭਾਵਨਾਵਾਂ ਰੱਖਣ ਤੇ ਜ਼ੋਰ ਦਿੱਤਾ। ਇਨ੍ਹਾਂ ਵਿਚੋਂ ਉਨ੍ਹਾਂ ਦੇ ਪਰਮਾਤਮਾ ਦੀ ਭਗਤੀ ਤੇ ਸਮਾਜਿਕ ਦਰਸ਼ਨ ਦੇ ਲੋਕਰਾਜੀ ਅਤੇ ਬਰਾਬਰੀ ਦੇ ਲੱਛਣ ਨਜ਼ਰ ਆਉਂਦੇ ਹਨ। ਇਹੀ ਉਹ ਪ੍ਰਸੰਗ ਹੈ ਜਿਸ ਵਿਚ ਉਨ੍ਹਾਂ ਵਲੋਂ ਭਗਤੀ ਉੱਤੇ ਦਿੱਤੇ ਜ਼ੋਰ ਨੇ ਸ਼ਾਂਤਮਈ ਸਮਾਜਿਕ ਰੋਸ ਦੀ ਨਵੀਂ ਇਬਾਰਤ ਪੈਦਾ ਕੀਤੀ ਸੀ।
        ਗੁਰੂ ਰਵਿਦਾਸ ਇਸ ਲਈ ਪ੍ਰਸਿੱਧ ਹੋਏ ਕਿਉਂਕਿ ਉਨ੍ਹਾਂ ਹਿੰਦੂ ਸਮਾਜ ਅੰਦਰ ਪ੍ਰਚੱਲਿਤ ਸਮਾਜਿਕ ਜਬਰ ਅਤੇ ਛੂਤ-ਛਾਤ ਉੱਤੇ ਸਿੱਧਾ ਹਮਲਾ ਬੋਲਿਆ ਸੀ। ਹਾਲਾਂਕਿ ਉਨ੍ਹਾਂ ਦਾ ਜਨਮ ਉੱਤਰੀ ਭਾਰਤ ਵਿਚ ਪੈਂਦੇ ਉੱਤਰ ਪ੍ਰਦੇਸ਼ ਵਿਚ ਹੋਇਆ ਸੀ ਪਰ ਉਨ੍ਹਾਂ ਦੇ ਸ਼ਰਧਾਲੂਆਂ ਵਿਚ ਪੰਜਾਬ ਦੇ ਲੋਕ ਵੀ ਸ਼ਾਮਲ ਸਨ। ਮੰਨਿਆ ਜਾਂਦਾ ਹੈ ਕਿ ਰਾਜਸਥਾਨ ਵੱਲ ਜਾਂਦਿਆਂ ਉਹ ਪੰਜਾਬ ਆਏ ਸਨ। ਪੰਜਾਬ ਵਿਚ ਉਨ੍ਹਾਂ ਦੀ ਮਕਬੂਲੀਅਤ ਦਾ ਇਕ ਹੋਰ ਕਾਰਨ ਉਦੋਂ ਜੁੜਿਆ ਜਦੋਂ ਉਨ੍ਹਾਂ ਦੀ ਬਾਣੀ (40 ਸ਼ਬਦ ਅਤੇ ਇਕ ਸ਼ਲੋਕ) ਸਿੱਖਾਂ ਦੇ ਪਾਵਨ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਗਈ। ਜਦੋਂ ਆਦਿ ਧਰਮ ਲਹਿਰ ਨੇ ਗੁਰੂ ਰਵਿਦਾਸ ਨੂੰ ਆਪਣਾ ਸਰਪ੍ਰਸਤ ਸੰਤ ਅਤੇ ਸਿਆਸੀ ਸਫ਼ਬੰਦੀ ਦਾ ਕੇਂਦਰ ਬਿੰਦੂ ਐਲਾਨਿਆ ਤਾਂ ਉਨ੍ਹਾਂ ਦਾ ਰੁਤਬਾ ਹੋਰ ਵਧ ਗਿਆ। ਆਦਿ ਧਰਮ ਲਹਿਰ 1920ਵਿਆਂ ਸ਼ੁਰੂ ਹੋਈ ਸੀ ਅਤੇ ਉਸ ਦੇ ਝੰਡੇ ਵਿਚ ਗੁਰੂ ਰਵਿਦਾਸ ਦੀ ਤਸਵੀਰ ਲਾਈ ਜਾਂਦੀ ਸੀ ਤੇ ਉਨ੍ਹਾਂ ਦੀ ਬਾਣੀ ਨੂੰ ਪਵਿੱਤਰ ਮੰਨਦੀ ਸੀ ਅਤੇ ਉਨ੍ਹਾਂ ਬਾਰੇ ਕਥਾ ਕਹਾਣੀਆਂ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਮਾਣ-ਸਨਮਾਨ ਤੇ ਸ਼ਕਤੀ ਦੀਆਂ ਪ੍ਰਤੀਕ ਵਜੋਂ ਪ੍ਰਚਾਰੀਆਂ ਜਾਂਦੀਆਂ ਸਨ।
        ਭਗਤ ਰਵਿਦਾਸ ਨੀਵੀਂ ਸਮਝੀ ਜਾਂਦੀ ਇਕ ਜਾਤ ਨਾਲ ਸਬੰਧ ਰੱਖਦੇ ਸਨ ਤੇ ਇਸ ਤੱਥ ਨੇ ਪੰਜਾਬ ਵਿਚ ਦਲਿਤ ਚੇਤਨਾ ਦੇ ਉਭਾਰ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਨੂੰ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ਤੇ ਮੰਦਰ, ਯਾਦਗਾਰੀ ਹਾਲ, ਸਿੱਖਿਆ ਸੰਸਥਾਵਾਂ, ਚੇਅਰਾਂ, ਸਭਿਆਚਾਰਕ ਸੰਸਥਾਵਾਂ ਤੇ ਹਸਪਤਾਲਾਂ ਸਥਾਪਿਤ ਕਰਦੇ ਹਨ। ਉਨ੍ਹਾਂ ਨੇ ਗੁਰੂ ਰਵਿਦਾਸ ਦੇ ਜੀਵਨ ਅਤੇ ਕਾਰਜਾਂ ਬਾਰੇ ਸਹੀ ਤੱਥ ਸਥਾਪਤ ਕਰਨ ਲਈ ਕਈ ਮਿਸ਼ਨ ਕਾਇਮ ਕੀਤੇ ਅਤੇ ਭਾਰਤ ਤੇ ਹੋਰਨਾਂ ਦੇਸ਼ਾਂ ਅੰਦਰ ਪਿਆਰ, ਬਰਾਬਰੀ ਅਤੇ ਭਾਈਚਾਰੇ ਬਾਰੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣ ਦਾ ਕੰਮ ਕੀਤਾ ਹੈ। ਦਰਅਸਲ, ਉਨ੍ਹਾਂ ਦੀ ਰੌਸ਼ਨ ਦਿੱਖ ਨੇ ਦਲਿਤਾਂ ਨੂੰ ਜਥੇਬੰਦ ਹੋਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਵੱਡੀ ਗਿਣਤੀ ਵਿਚ ਆਦਿ ਧਰਮ ਲਹਿਰ ਨਾਲ ਜੁੜੇ ਸਨ। ਸਿੱਟੇ ਵਜੋਂ ਪੰਜਾਬੀ ਦਲਿਤ ਵੱਖ ਵੱਖ ਗੁਰੂ ਰਵਿਦਾਸ ਸਭਾਵਾਂ ਵਿਚ ਜਥੇਬੰਦ ਹੋਏ ਅਤੇ ਸੂਬੇ ਅੰਦਰ ਅਤੇ ਬਾਹਰ ਵੀ ਬਹੁਤ ਸਾਰੇ ਰਵਿਦਾਸ ਭਵਨ, ਮੰਦਰ ਅਤੇ ਡੇਰੇ ਸਥਾਪਿਤ ਕੀਤੇ।
         ਗੁਰੂ ਰਵਿਦਾਸ ਜੀ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਅੰਦਰ ਜੋ ਗੱਲ ਸਭ ਤੋਂ ਵੱਧ ਪੂਜਣਯੋਗ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦੀ ਆਪਣੀ ਜਾਤੀ ਪਛਾਣ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਦ੍ਰਿੜ੍ਹਤਾ। ਉਨ੍ਹਾਂ ਆਪਣੀ ਜਾਤ ਦਾ ਕੋਈ ਤਿਰਸਕਾਰ ਨਹੀਂ ਕੀਤਾ ਸਗੋਂ ਉਨ੍ਹਾਂ ਨਾ ਕੇਵਲ ਜਾਤ ਬਾਰੇ ਸਗੋਂ ਇਸ ਦੇ ਨਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਉੱਤੇ ਕੀਤੇ ਜਾਂਦੇ ਅੱਤਿਆਚਾਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਆਪਣੀ ਬਾਣੀ ਵਿਚ ਵਾਰ ਵਾਰ ਆਪਣੀ ਜਾਤ ਦਾ ਜ਼ਿਕਰ ਕੀਤਾ। ਇਸ ਸਦਕਾ ਹੀ ਉਹ ਉੱਤਰੀ ਭਾਰਤ ਵਿਚ ਦਲਿਤ ਚੇਤਨਾ ਦੇ ਮਸੀਹਾ ਬਣ ਕੇ ਉੱਭਰੇ।
        ਭਗਤ ਰਵਿਦਾਸ ਦੀ ਪਵਿੱਤਰ ਬਾਣੀ ਭਾਰਤ ਵਿਚ ਵੀਹਵੀਂ ਸਦੀ ਵਿਚ ਬਰਤਾਨਵੀ ਸ਼ਾਸਨ ਦੌਰਾਨ ਸਮਾਜਿਕ ਰੋਸ ਦੇ ਵਾਹਕ ਵਜੋਂ ਉੱਭਰੀ ਸੀ। ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀ ਬਾਣੀ ਵਿਚ ਕ੍ਰਾਂਤੀਕਾਰੀ ਜਜ਼ਬਾ ਭਰਿਆ ਪਿਆ ਹੈ। ਗੇਲ ਓਮਵੇਟ (Gail Omvedt) ਦੇ ਸ਼ਬਦਾਂ ਵਿਚ ਉਨ੍ਹਾਂ ਦੀ ਬਾਣੀ ‘ਸ਼ੋਸ਼ਣਕਾਰੀਆਂ, ਹਾਕਮਾਂ ਅਤੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਅੱਤਿਆਚਾਰ ਖਿ਼ਲਾਫ਼ ਲੜਾਈ ਅਤੇ ਬਿਹਤਰ ਸੰਸਾਰ ਦੀ ਆਸ ਦਾ ਸੁਨੇਹਾ ਹੈ’। ਇਹ ਦੱਬੇ ਕੁਚਲੇ ਲੋਕਾਂ ਦੀਆਂ ਸਮਾਜਿਕ ਤੇ ਰੂਹਾਨੀ ਲੋੜਾਂ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਮੁਕਤੀ ਦੀ ਲੋੜ ਨੂੰ ਰੇਖਾਂਕਿਤ ਕਰਦੀ ਹੈ। ਇਸ ਕਰ ਕੇ ਜਿਵੇਂ ਹਿੰਦੂ ਆਪਣੇ ਦੇਵੀ ਦੇਵਤਿਆਂ ਨੂੰ ਪੂਜਦੇ ਹਨ ਤੇ ਸਿੱਖ ਆਪਣੇ ਗੁਰੂਆਂ ਨੂੰ ਧਿਆਉਂਦੇ ਹਨ, ਉਵੇਂ ਹੀ ਦਲਿਤ ਗੁਰੂ ਰਵਿਦਾਸ ਨੂੰ ਆਪਣਾ ਮਸੀਹਾ ਮੰਨਦੇ ਹਨ ਅਤੇ ਉਨ੍ਹਾਂ ਦੀ ਤਸਵੀਰ ਦੀ ਪੂਜਾ ਕਰਦੇ, ਜਯੰਤੀਆਂ ਮਨਾਉਂਦੇ, ਹਰ ਸੁਬ੍ਹਾ ਸ਼ਾਮ ਉਨ੍ਹਾਂ ਦੇ ਭਜਨ ਗਾਉਂਦੇ ਅਤੇ ‘ਰਵਿਦਾਸ ਸ਼ਕਤੀ ਅਮਰ ਰਹੇ’ ਜਿਹੇ ਨਾਅਰੇ ਲਾਉਂਦੇ ਉਨ੍ਹਾਂ ਦੀ ਆਤਮਿਕ ਸ਼ਕਤੀ ਵਿਚ ਆਪਣਾ ਭਰੋਸਾ ਜਤਾਉਂਦੇ ਹਨ।
        ਗੁਰੂ ਰਵਿਦਾਸ ਦੇ ਉਪਦੇਸ਼ਾਂ ਅਤੇ ਸਮਾਜਿਕ ਰੋਸ ਦੇ ਤਰੀਕਾਕਾਰ ਦਾ ਪੰਜਾਬ ਵਿਚ ਬਹੁਤ ਅਸਰ ਪਿਆ। ਆਦਿ ਧਰਮ ਲਹਿਰ ਨੇ ਵਿਸ਼ਾਲ ਦਲਿਤ ਹਲਕਾ ਉਸਾਰ ਦਿੱਤਾ ਜਿਸ ਦੇ ਕਈ ਕਾਰਨ ਹਨ :
1) ਪੰਜਾਬ ਦੇ ਦਲਿਤਾਂ ਕੋਲ ਆਦਿ ਧਰਮ ਦੀ ਲੀਡਰਸ਼ਿਪ ਦਾ ਸ਼ਾਨਦਾਰ ਪਿਛੋਕੜ ਸੀ ਜਿਸ ਨੇ ਰਾਜ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਗੁਰੂ ਰਵਿਦਾਸ ਦੇ ਉਪਦੇਸ਼ਾਂ ਅਤੇ ਜੀਵਨ ਸ਼ੈਲੀਆਂ ਤੇ ਆਧਾਰਿਤ ਬਦਲਵੇਂ ਰਵਿਦਾਸ ਸਭਿਆਚਾਰ ਨੂੰ ਸੰਸਥਾਈ ਰੂਪ ਦੇਣ ਦਾ ਰਾਹ ਪੱਧਰਾ ਕੀਤਾ।
2) ਗੁਰੂ ਰਵਿਦਾਸ ਦੇ ਇਕ ਤਥਾਕਥਿਤ ਨੀਵੀਂ ਜਾਤ ਨਾਲ ਸਬੰਧ ਹੋਣ ਕਰ ਕੇ ਉਨ੍ਹਾਂ ਦੇ ਵਿਲੱਖਣ ਮਾਰਗ ਨੂੰ ਅਪਣਾਉਣ ਦੀ ਚੰਗਿਆੜੀ ਦਾ ਕੰਮ ਕੀਤਾ ।
3)  ਊਹ ਹਿੰਦੂ ਸਮਾਜਕ ਵਿਵਸਥਾ ਵਿਚ ਪ੍ਰਚੱਲਤ ਸਮਾਜਿਕ ਛੂਤ-ਛਾਤ ਅਤੇ ਜਬਰ ਤੋਂ ਮੁਕਤੀ ਪਾਉਣ ਲਈ ਆਦਿ ਧਰਮ ਦੀ ਸਾਰਥਿਕਤਾ ਤੇ ਪੂਰੀ ਤਰ੍ਹਾਂ ਆਸਵੰਦ ਸਨ। ਪੰਜਾਬ ਦੇ ਦਲਿਤਾਂ ਨੇ ਉਨ੍ਹਾਂ ਦੇ ਰੂਪ ਵਿਚ ਮੱਧ ਮਾਰਗ ਪਾ ਲਿਆ। ਉਨ੍ਹਾਂ ਦੇ ਉਪਦੇਸ਼ਾਂ ਵਿਚ ਸਾਧਾਰਨ ਪਰ ਤਿੱਖੇ ਤੱਤਾਂ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਜਾਤੀ ਸਾਂਝ ਦੀ ਮੌਜੂਦਗੀ ਨੇ ਰਾਜ ਦੇ ਦਲਿਤਾਂ ਅੰਦਰ ਕ੍ਰਾਂਤੀਕਾਰੀ ਚੇਤਨਾ ਦੇ ਉਭਾਰ ਦਾ ਆਧਾਰ ਮੁਹੱਈਆ ਕਰਵਾਇਆ। ਉਨ੍ਹਾਂ ਦੇ ਨਾਂ ਦੇ ਜ਼ਿਕਰ ਨਾਲ ਹੀ ਉਨ੍ਹਾਂ ਅੰਦਰ ਭਰੋਸੇ ਅਤੇ ਆਤਮ ਸਨਮਾਨ ਦੀ ਭਾਵਨਾ ਜਗਦੀ ਹੈ।
        ਇਸ ਲਈ ਇਨ੍ਹਾਂ ਕਾਰਨਾਂ ਕਰ ਕੇ ਗੁਰੂ ਰਵਿਦਾਸ ਨੂੰ ਆਦਿ ਧਰਮ ਲਹਿਰ ਵਲੋਂ ਮਾਰਗ ਦਰਸ਼ਕ ਦੇ ਤੌਰ ਤੇ ਅਪਣਾਇਆ ਗਿਆ ਸੀ ਜਿਨ੍ਹਾਂ ਦੇ ਮੱਧ ਮਾਰਗ ਨੂੰ ਪੰਜਾਬ ਦੇ ਦਲਿਤ ਕ੍ਰਾਂਤੀਕਾਰੀ ਦਲਿਤ ਚੇਤਨਾ ਦੀ ਅਲਖ ਜਗਾਉਣ ਲਈ ਜ਼ਰੂਰੀ ਸਮਝਦੇ ਸਨ। ਪਿਛਲੇ ਕੁਝ ਸਾਲਾ ਦੌਰਾਨ ਪੰਜਾਬ ਅਤੇ ਹੋਰਨਾਂ ਰਾਜਾਂ ਅੰਦਰ ਦਲਿਤਾਂ ਵਲੋਂ ਵੱਡੀ ਗਿਣਤੀ ਵਿਚ ਰਵਿਦਾਸ ਮੰਦਰਾਂ ਅਤੇ ਡੇਰਿਆਂ ਦੀ ਸਥਾਪਨਾ ਇਸੇ ਨੁਕਤੇ ਨੂੰ ਦਰਸਾਉਂਦੀ ਹੈ। ਗੁਰੂ ਰਵਿਦਾਸ ਪੰਜਾਬੀ ਦਲਿਤ ਪਰਵਾਸੀ ਭਾਈਚਾਰੇ ਅੰਦਰ ਵੀ ਬਹੁਤ ਲੋਕਪ੍ਰਿਯਾ ਬਣ ਗਏ ਜਿਸ ਨੇ ਦੁਨੀਆ ਦੇ ਲੱਗਭੱਗ ਹਰ ਉਸ ਸ਼ਹਿਰ ਜਿੱਥੇ ਉਹ ਭਾਵੇਂ ਥੋੜ੍ਹੀ ਗਿਣਤੀ ਵਿਚ ਹੀ ਵੱਸਦੇ ਹਨ, ਉੱਥੇ ਰਵਿਦਾਸ ਮੰਦਰ ਉਸਾਰ ਦਿੱਤੇ ਹਨ ਤਾਂ ਕਿ ਆਪਣੀ ਵੱਖਰੀ ਜਾਤੀ ਪਛਾਣ ਦਰਸਾਈ ਜਾ ਸਕੇ। ਇਸ ਨਾਲ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਜਾਤੀ ਪਛਾਣ ਦਰਸਾਉਣ ਦਾ ਮੌਕਾ ਮਿਲਿਆ ਹੈ। ਦਰਅਸਲ, ਇਹ ਮੰਦਰ ਤੇ ਡੇਰੇ ਦਲਿਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਕਰਨ ਲਈ ਸੰਵੇਦਨਸ਼ੀਲ ਬਣਾਉਣ ਦੇ ਮਿਸ਼ਨਾਂ ਵਜੋਂ ਕੰਮ ਕਰ ਰਹੇ ਹਨ। ਹਿੰਦੂ ਅਤੇ ਸਿੱਖ ਧਰਮ ਅਸਥਾਨਾਂ ਤੋਂ ਵੱਖਰੇ ਦਿਸਣ ਲਈ ਅਤੇ ਉਨ੍ਹਾਂ ਦੀ ਵੱਖਰੀ ਦਲਿਤ ਧਾਰਮਿਕ ਪਛਾਣ ਦਰਸਾਉਣ ਲਈ ਰਵਿਦਾਸ ਮੰਦਰਾਂ ਤੇ ਡੇਰਿਆਂ ਨੇ ਆਪਣੇ ਵੱਖਰੇ ਧਾਰਮਿਕ ਨਿਸ਼ਾਨ, ਰਸਮਾਂ, ਪੂਜਾ ਪਾਠ, ਰਹੁ-ਰੀਤਾਂ ਅਤੇ ਅੱਤਿਆਚਾਰੀ ਅਤੇ ਜਾਤੀ ਦਬਦਬੇ ਖਿ਼ਲਾਫ਼ ਸਮਾਜਿਕ ਰੋਸ ਦੇ ਸੰਦੇਸ਼ ਘੜ ਲਏ ਹਨ। ਵੱਖ ਵੱਖ ਰਵਿਦਾਸ ਮੰਦਰਾਂ ਤੇ ਡੇਰਿਆਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਲਹਿਰ ਨੇ ਦਲਿਤਾਂ ਅੰਦਰ ਆਸ ਦੀ ਨਵੀਂ ਕਿਰਨ ਜਗਾਈ ਹੈ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੇ ਸੰਵਿਧਾਨ ਵਿਚ ਦਰਜ ਉਪਬੰਧਾਂ ਮੁਤਾਬਕ ਹੋਈਆਂ ਸਕਾਰਾਤਮਕ ਕਾਰਵਾਈਆਂ ਦੇ ਲਾਭ ਹਾਸਲ ਹੋਏ ਹਨ। ਗੁਰੂ ਰਵਿਦਾਸ ਦੇ ਉਪਦੇਸ਼ਾਂ ਤੇ ਆਧਾਰਿਤ ਰਵਿਦਾਸ ਲਹਿਰ ਦਾ ਅਸਲ ਮਕਸਦ ਉਨ੍ਹਾਂ ਦੀ ਬਾਣੀ ਵਿਚ ਦੱਸੇ ਗਏ ਬੇਗ਼ਮਪੁਰਾ ਦੇ ਸੰਕਲਪ ਵਿਚ ਨਿਹਿਤ ਹੈ।

* ਪ੍ਰੋਫੈਸਰ, ਸ਼ਹੀਦ ਭਗਤ ਸਿੰਘ ਚੇਅਰ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਸੰਪਰਕ : 97791-42308