ਢੂੰਢਦੇ  ਰਹਿ ਜਾਓਗੇ ਹੱਥ ਦੀ ਲਿਖਾਈ' - ਰਣਜੀਤ ਕੌਰ ਗੁੱਡੀ ਤਰਨ ਤਾਰਨ 

ਬਹੁਤ ਪਹਿਲੇ ਯਾਨਿ ਸਾਡੀ ਪੀੜ੍ਹੀ ਨੂੰ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਵੀ ਸੀ।ਘੱਟ ਪੜ੍ਹੇ ਵੱਧ ਪੜ੍ਹੇ ਹਰ ਬੰਦੇ ਦੀ ਸਾਹਮਣੀ ਜੇਬ ਨਾਲ ਪੱੈਨ ਜਰੂਰ ਲਗਿਆ ਹੁੰਦਾ ਸੀ ਤੇ ਪਾਰਕਰ ਦੇ ਪੈਨ ਦੀ ਤਾਂ ਸ਼ਾਨ ਹੀ ਵੱਖਰੀ ਸੀ।
                  ਮੈਂ ਇਕ ਬੱਚੇ ਨੁੰ ਪੱੈਨ ਗਿਫ਼ਟ ਕੀਤਾ ਉਹ ਬੋਲਿਆ ਸਾਡੇ ਸਕੂਲ਼ ਵਿੱਚ ਹੋਮਵਰਕ ਨਹੀਂ ਮਿਲਦਾ ਮੈਂ ਡੈਡੀ ਨੂੰ ਦੇ ਦਿਆਂਗਾ।ਪਤਾ ਨਹੀਂ ਡੈਡੀ ਨੇ ਲਿਆ ਕਿ ਨਾਂ?
ਬੀ. ਅੇਸ ਸੀ. ਕਰਦੀ ਲੜਕੀ ਨੂੰ ਮੈਂ ਪੱੈਨ ਦਿੱਤਾ,ਉਹ ਬੋਲੀ ''  ਆਂਟੀ ਨੈਟ ਤੋਂ ਨੋਟਸ ਕੱਢ ਲਈਦੇ ਕਦੇ ਘੱਟ ਹੀ ਪੈੱਨ ਦੀ ਲੋੜ ਪੈਂਦੀ ਹੈ।
ਡਾਕੀਆ ਆਇਆ ਪਾਰਸਲ ਤੋਂ ਪਹਿਲੇ ਉਸਨੇ ਆਪਣਾ ਮੋਬਾਇਲ ਫੋਨ ਮੇਰੇ ਅਗੇ ਕੀਤਾ ਤੇ '' ਆਂਟੀ ਸਕਰੀਨ ਤੇ ਉਂਗਲੀ ਨਾਲ ਅਪਨਾ ਨਾਮ ਲਿਖ ਦਿਓ,ਮਤਲਬ ਸਾਇਨ ਕਰ ਦਿਓ।ਮੈਂ ਪੁਛਿਆ ਵੋਚਰ ਕਿਥੇ ਤੇ ਅਕਨੌਲਜਮੈਂਟ ਕਿਥੇ? ਉਹ ਆਂਟੀ ਸੱਭ ਕੁਝ ਫੋਨ ਵਿੱਚ ਹੀ ਹੈ।
     ਸਕੂਲ਼ ਦੇ ਵਿਦਿਆਰਥੀ ਪਹਾੜੇ ਨਹੀਂ ਯਾਦ ਕਰਦੇ।ਹਰੇਕ ਕੋਲ ਸੈੱਲ ਫੋਨ ਹੈ ਤੇ ਉਸ ਵਿੱਚ ਕਲਕੁਲੇਟਰ ਹੈ ।
         ਬੜੀ ਕੁੱਟ ਖਾਧੀ ਕਈਆਂ ਨੇ ਸੁੰਦਰ ਲ਼ਿਖਾਈ  ਬਣਾਉਣ ਲਈ ਤੇ ਉਹਨਾਂ ਨੇ ਹੀ ਸੁੰਦਰ ਲਿਖਾਈ ਦੇ ਪੰਜ ਨੰਬਰ ਵੀ ਹਾਸਲ ਕੀਤੇ।ਜਿਸਦੀ ਲਿਖਾਈ ਨਾ ਸੁਧਰੀ ਉਹਨੂੰ  ਡਾਕਟਰ ਤਖ਼ਲਸ ਦੇ ਦਿਤਾ ਜਾਂਦਾ।ਹੱਥ ਲਿਖਤ ਮੁਕਾਬਲੇ ਵੀ ਹੁੰਦੇ। ਜਿੰਨੀਆਂ ਛੁਟੀਆਂ ਹੁੰਦੀਆਂ ਉਨੇ ਹੀ ਪੰਨੇ ਲਿਖਾਈਆਂ ਦੇ ਸਕੂਲ਼ ਵਿਖਾਉਣੇ ਹੁੰਦੇ।ਤੇ ਹੁਣ ਦੇ ਵਿਦਿਆਰਥੀ ਤਾਂ ਸਾਰੇ ਹੀ ਡਾਕਟਰ ਹਨ।ਨਾਂ ਕਲਮ ਦਵਾਤ ਨਾਂ ਪੱੈਨ,ਨਾਂ ਕੱਚੀ ਪੈਨਸਲ ਦੇ ਪੂਰਨੇ,ਨਾਂ ਸਲੇਟ।
        ਹੁਣ ਤਾਂ ਇਹ ਅਹਿਸਾਸ ਹੀ ਬਾਕੀ ਰਹਿ ਗਿਆ ਹੈ ਕਿ ਲਿਖਤਾਂ ਬਾਤਾਂ ਪਾਉਂਦੀਆਂ ਸਨ।
        ਜਿਥੇ ਤਲਵਾਰ ਦਾ ਵਾਰ ਹਾਰ ਜਾਂਦਾ ਉਥੇ ਕਲਮ ਜਖ਼ਮ ਦੇ ਆਉਂਦੀ ਜਿਥੇ ਦਵਾ ਕੰਮ ਨਾਂ ਆਉਂਦੀ ਉਥੇ ਕਲਮ ਮਲ੍ਹਮ ਲਾ ਆਉਂਦੀ।ਤੇ ਹੁਣ ਜਿਵੇਂ ਕਲਮਾਂ ਖੁੰਢੀਆਂ ਹੋ ਗਈਆਂ ਹੋਣ----     
       ਉਂਜ ਆਇਲਟ ਪੜ੍ਹ ਕੇ ਸਾਰੇ ਇੰਗਲਿਸ਼ ਸਪੋਕਨ ਹੋ ਗਏ ਹਨ।
           ਆਹ ਸਾਡੀ ਆਖਰੀ ਪੀੜ੍ਹੀ ਜਿਸਨੇ ਸਲੇਟ ਸਲੇਟੀ ਵਰਤੀ ਤੇ ਸਲੇਟੀ ਖਾਧੀ ਵੀ।ਈਰਖਾ ਵਿੱਚ ਦੂਜੇ ਦੀ ਸਲੇਟ ਤੇ ਥੁਕਿਆ ਵੀ ਤੇ ਸੁੰਦਰ ਲਿਖਾਈ ਤੇ ਪੂੰਝਾ ਵੀ ਲਾਇਆ ਤੇ ਇਕ ਦੂਜੇ  ਨੁੰ ਹੱਸ ਹੱਸ ਕੁੱਟਿਆ ਵੀ।ਹੁਣ ਨਹੀਂ ਲੱਭਦਾ ਕਿਸੇ ਕਾਪੀ ਚੋਂ ਪੁਰਾਣਾ ਮੋਰ ਪੰਖ। ਇਹ ਲੁਤਫ਼ ਅਜੋਕੇ ਦੌਰ ਨੇ ਨਹੀਂ ਉਠਾਇਆ/ਮਾਣਿਆ॥
           ਦੂਰ ਵਸਦੇ ਰਿਸ਼ਤੇਦਾਰਾਂ ਨੂੰ ਖੱਤ ਲਿਖਣੇ ਤੇ ਪੜ੍ਹਨੇ।ਫੌੋਜਣ ਮਾਸੀ ਮਹੀਨੇ ਦੋ ਮਹੀੇਨੇ ਚ ਖੱਤ ਪੜ੍ਹਾਉਣ ਤੇ ਲਿਖਾਉਣ ਆਉਂਦੀ।ਬੜਾ ਚਾਅ ਚੜ੍ਹਦਾ ਤੇ ਇਸ ਐੇਜ਼ਾਜ਼ ਤੇ ਫ਼ਖ਼ਰ ਵੀ ਹੁੰਦਾ।ਹੁਣ ਅੇਸ ਅੇਮ ਅੇਸ ਤੇ ਵਟਸਐਪ ਪੰਜਾਬੀ ਚ ਲਿਖੀ ਅੰਗਰੇਜੀ,ਨੀਰਸ, ਕਈ ਵਾਰ ਤਾਂ ਮੂ੍ਹੰਹ ਵਿਚਲਾ ਸਵਾਦ ਵੀ ਖਾਰਾ ਹੋ ਜਾਂਦਾ ਹੈ।ਪਰ ਵਕਤ ਨਾਲ ਆਢਾ ਨਹੀਂ ਲਾਇਆ ਜਾਂਦਾ।
         ਛੋਟੀ ਭੇੈਣ ਦੀ ਸੁੰਦਰ ਲਿਖਾਈ ਵਿੱਚ ਮਾਂ ਦੇ ਬੋਲ ਜਦੋਂ ਹੋਸਟਲ ਵਿੱਚ ਪੁੱਜਦੇ ਛੋਲਿਆਂ ਦੀ ਨਿਰਾ ਪਾਣੀ ਦਾਲ ਵੀ ਮੂੰਹ ਵਿੱਚ ਮਾਂ ਦੀ  ਭੜੌਲੀ ਦੀ ਦਾਲ ਦਾ ਸਵਾਦ ਬਣਾ ਦੇਂਦੀ। ਸਹੁਰੇ ਗਈ ਸਹੇਲੀ ਭੈੇਣ ਨਾਲ ਕਦੇ ਗਮ ਕਦੇ ਖੁਸ਼ੀ ਦੇ ਪੱਤਰ ਵਿਹਾਰ ਦਾ ਅਦਾਨ ਪ੍ਰਦਾਨ ਵੀ ਅਸੀਂ ਮਾਣਿਆ।
    ਹੱਥ ਨਾਲ ਲਿਖੀ ਅਰਜ਼ੀ/ ਦਰਖਾਸਤ ਸਰਕਾਰੇ ਦਰਬਾਰੇ ਮੰਨਜੂਰ ਹੀ ਨਹੀਂ ਕੀਤੀ ਜਾਂਦੀ ,ਕਿ ਜਾਓ ਟਾਈਪ ਕਰਾ ਕੇ ਲਿਆਓ।ਛੁਟੀ ਦੀ ਅਰਜ਼ੀ ਇਥੋਂ ਤੱਕ ਕਿ ਵਿਦਿਆਰਥੀ ਦੀ ਛੁਟੀ ਦੀ ਅਰਜ਼ੀ ਵੀ ਟਾਈਪ ਕਰਕੇ ਈਮੇਲ ਕੀਤੀ ਜਾਂਦੀ ਹੈ।ਹੱਥ ਨਾਲ ਲਿਖੀ ਵਸੀਅਤ ਲਈ ਕਿਸੇ ਵਜਾਹਤ ਜਾਂ ਗਵਾਹੀ ਦੀ ਜਰੂਰਤ ਹੀ ਨਹੀਂ ਸੀ ਹੁੰਦੀ ਤੇ ਅੱਜ ਕਲ ਵਸੀਅਤਾਂ ਟਾਈਪ ਕਰ ਜਿਸਨੂੰ ਪੱਕੀ ਵਸੀਅਤ ਕਿਹਾ ਜਾਂਦਾ ਹੈ ਦਸਖ਼ਤ ਬੇਸ਼ੱਕ ਜਾਅ੍ਹਲੀ ਹੋਣ,ਕੋਈ ਬਾਤ ਨਹੀਂ।
   ਹੱਥ ਦੀ ਲਿਖਾਈ ਤਾਂ ਹੁਣ ਅਜਾਇਬ ਘਰ ਦਾ ਸ਼ਿੰਗਾਰ ਬਣੀ ਮਿਲੇਗੀ ਜੋ ਕਿ ਮੁੱਲ ਦੀ ਟਿਕਟ ਲੈ ਕੇ ਵੇਖਣੀ ਹੋਵੇਗੀ-ਢੂੰਢਦੇ ਰਹਿ ਜਾਵਾਂਗੇ ਹੱਥ ਲਿਖਤ।ਇਹ ਵੀ ਪੁਰਾਤਤਵ ਵਿਭਾਗ ਦਾ ਪੀਸ ਬਣ ਜਾਵੇਗੀ-ਕਦੋਂ ਕਿਸੇ ਨੇ ਸੋਚਿਆ ਹੋਵੇਗਾ?ਸ਼ਿਵ ਕੁਮਾਰ ਬਟਾਲਵੀ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੁੰਦਰ ਸ਼ੈਲੀ ਦੇ ਖਰੜੈ ਵੀ ਛਾਪੇਖਾਨੇ ਚੋਂ ਪੰਿਰੰਟ ਬਣ ਕੇ ਰੱਦੀ ਦੀ ਟੋਕਰੀ ਵਿੱਚ ਦਫ਼ਨ ਹੋ ਗਏ।
         ਬਸ ਉਹ ਸਾਡੀ ਉਹ ਆਖਰੀ ਪੀੜ੍ਹੀ ਸੀ ਜਿਸਨੇ ਹੱਥ ਨਾਲ ਜਾਂ ਕਹਿ ਲਓ ਪੈਂਨ ਨਾਲ ਲਿਖਿਆ ਪੜ੍ਹਿਆ।ਹੱਥ ਦੀ ਲਿਖਾਈ ਤਾਂ ਹੁਣ ਬੇਰਿਵਾਜ/ ਬੀਤੇ ਦੀ ਗਲ ਹੋ ਨਿਬੜੀ ਹੈ।
         ਸਮਾਰਟ ਫੋਨ ਤੇ ਇਕ ਐੇਪ ਹੈ ਬੋਲਦੇ ਜਾਓ ਟਾਈਪ ਹੁੰਦਾ ਜਾਏਗਾ ਤੇ ਫਿਰ ਉਸਨੂੰ ਜਿਹੜੀ ਭਾਸ਼ਾ ਵਿੱਚ ਚਾਹੋ ਢਾਲ ਲਓ ਤੇ ਕੌਮੇ,ਡੰਡੀਆਂ ਆਪ ਪਾ ਦਿਓ ਤੇ ਜਿਥੇ ਚਾਹੋ ਈਮੇਲ ਦੇ ਜਰੀਏ ਤੀਹ ਸਕਿੰਟ ਵਿੱਚ ਪੁਚਾ ਲਓ।ਬਹੁ ਗਿਣਤੀ ਲੋਕ ਇਹੀ ਪ੍ਰਣਾਲੀ ਵਰਤਦੇ ਹਨ ਬੜੀ ਵੱਡੀ ਸਹੂਲਤ ਹੈ ,ਨਾ ਪੈਨਸਲ ਮੁੱਕੇ ਨਾਂ ਸਿਆਹੀ ਤੇ ਨਾਂ ਹੱਥ ਲਿਬੜਨ ਤੇ ਨਾ ਕਾਗਜ਼ ਫਾਈਲਾਂ ਕਾਪੀਆਂ ਸੰਭਾਲਣ ਦਾ ਝੰਜਟ।ਸੱਭ ਉਮਰਾਂ ਲਈ ਸੇਵ(ਜਮਾਂ) ਹੋ ਜਾਂਦਾ ਹੈ।ਵਿਆਹ ਦਾ ਸੱਦਾ ਪੱਤਰ ਵੀ ਵਟਸਐਪ ਹੋ ਜਾਂਦੈ
ਆਤਮਹੱਤਿਆ ਨੋਟ ਵੀ ਫੋਨ ਤੇ ਜਾਂ ਤਾਂ ਕਿਸੇ ਅਜ਼ੀਜ਼ ਨੂੰ ਵਟਸਐਪ ਜਾਂ ਫਿਰ ਕਿਸੇ ਨਜ਼ਦੀਕੀ ਨੂੰ ਅੇਸ ਅੇਮ ਅੇਸ,  ਬੀਵੀ ਮੀਆਂਜੀ ਦੇ ਫੋਨ ਨੰਬਰ ਤੇ ਬਾਏ ਲਿਖ ਕੇ ਸੜਕੇ ਸੜਕ ਪੈ ਕੇ ਮਾਂ ਦੇ ਨੰਬਰ ਤੇ ਹਾਏ',ਮੰਮ ਮੈਂ ਦੋ ਘੰਟੇ ਤੱਕ ਆ ਰਹੀ ਹਾਂ।
      ਪਰ..ਤੇ ਪਰ..ਜਿਸ ਤਰਾਂ ਜੀਵ ਜੰਤੂ ਪੇੜ ਪੌਦੇ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ ਉਸੀ ਤਰਾਂ ਮਨੁੱਖ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਨੇਹਮਤਾਂ ,ਨਫ਼ਾਸਤਾਂ ਵੀ ਸਾਡੀ ਪੀੜ੍ਹੀ ਦੇ ਨਾਲ ਹੀ ਅਲੋਪ ਹੋ ਜਾਣਗੀਆਂ।
            ਡਾਕਟਰ  ਵੀ ਲੈਪਟਾਪ ਵਰਤਦੇ ਹਨ,ਪੱੈਨ ਨਹੀਂ ਕੀਬੋਰਡ ਵਰਤਦੇ ਹਨ।ਟੈਸਟ ਦੀ ਰਿਪੋਰਟ ਵੀ ਕੰਪਿਉਟਰ ਤਿਆਰ ਕਰਦਾ ਹੈ।ਹੁਣ ਇਹ ਸ਼ਰਤ ਵੀ ਖਤਮ ਹੋ ਗਈ ਹੈ ਕਿ ਡਾਕਟਰੀ ਪਾਸ ਕਰਨ ਲਈ ਦਵਾਈਆਂ ਦੇ ਨਾਮ ਲਿਖਣੇ ਪੜ੍ਹਨੇ ਆਉਣੇ ਲਾਜ਼ਿਮ ਹਨ। ਇਕ ਹੋਰ ਤੱਥ ਵੀ ਪ੍ਰਤੱਖ ਹੈ ਕਿ ਜਿਹਨਾਂ ਦੀ ਲਿਖਾਈ ਨਾਂ ਸੁਧਰੀ ਉਹ ਬਾਰਾਂ ਪੜ੍ਹ ਕੇ ਕਿਸੇ ਡਾਕਟਰ ਦੀ ਦੁਕਾਨ ਤੇ ਦੋ ਸਾਲ ਲਾ ਕੇ ਅਟੋਮੈਟਿਕ ਡਾਕਟਰ ਬਣੇ ਵਾਹਵਾ ਨਾਵਾਂ ਕਮਾ ਰਹੇ ਹਨ ਜਾਂ ਕਹਿ ਲਓ ਬੋਲੀ ਪੁਗਾ ਗਏ ਹਨ।ਭਾਵੇਂ ਮੂਸਾ ਲਿਖ ਕੇ ਖੁਦਾ ਹੀ ਪੜ੍ਹਦੇ ਹਨ,ਪਰ ਲੋਕ ਮਾਨਤਾ ਚੋਖੀ ਖੱਟ ਲੀ ਹੈ।
         ਸਾਖਰਤਾ ਨਿਯਮ ਦੀ ਸ਼ਤ ਪ੍ਰਤੀਸ਼ਤਤਾ ਇਹ ਹੈ ਕਿ 'ਰਾਜ ਰਾਣੀ ਅੰਗੂਠਾ ਨਹੀਂ ਠੱਪਦੀ ਪਰ ਉਸਨੂੰ ਰ,ਜ,ਣ ਦੀ ਪਹਿਚਾਣ ਨਹੀਂ ਹੈ।
           ਘਰ ਘਰ ਲਿਖਾਰੀ ਜੰਮ ਪਏ ਹਨ,ਧੜਾ ਧੜ ਕਿਤਾਬਾਂ ਛਪ ਰਹੀਆਂ ਹਨ,ਪਰ ਲਿਖਣ ਤੇ ਪੜ੍ਹਨ ਦੀ ਰੁਚੀ ਟੁਰ ਗਈ ਹੈ।ਲਿਖਾਵਟ ਇਬਾਰਤ ਬਣਦੀ ਹੈ ਤੇ ਇਬਾਰਤ ਬਾਤ ਬਣ ਜਾਂਦੀ ਹੈ,ਜਿਸਦੀ ਉਮਰ ਅਟਕ ਗਈ ਹੈ।ਅੇਮ.ਬੀ.ਡੀ. ਖੁਲਾਸਿਆਂ ਨੇ  ਬਲੈਕ ਬੋਰਡ ਦੀ ਲਿਖਾਈ ਵੀ ਲਗਭਗ ਖਤਮ ਕਰ ਦਿੱਤੀ ਹੈ।
      ਪੰਜ ਕੁ ਸਾਲ ਪਹਿਲਾਂ ਤੱਕ ਪ੍ਰੇਮ ਰੁੱਕੇ ਤੇ ਪ੍ਰੇਮ ਪੱਤਰ ਹੱਥ  ਦੀ ਲਿਖਾਈ ਹੁੰਦੇ ਸਨ ਜਿਹਨਾਂ ਚੋਂ ਮਹਿਬੂਬ ਦੀ ਖੁਸ਼ਬੂ ਆਉਂਦੀ ਸੀ,ਹੁਣ ਤੇ ਖੁਸ਼ਕ ਜਿਹੇ ਅੇਸ .ਅੇਮ ਅੇਸ।ਨਾਂ ਪ੍ਰੇਮ ਨਾਂ ਵਲਵਲਾ ਨਾਂ ਜਜ਼ਬਾ ਤੇ ਨਾਂ ਰਿਸ਼ਤੇ ਦੀ ਖਿੱਚ।ਲਿਖ ਕੇ ਗੁਸਤਾਖੀ ਦੀ ਮਾਫ਼ੀ ਮੰਗਣੀ ਖਿਮਾ ਦਾ ਯਾਚਕ ਸਿੱਧ ਹੋ ਜਾਣਾ,ਇਸਦੀ ਜਗਾਹ ਵਿੰਗਾ ਜਿਹਾ ਮੂੰਹ ਬਣਾ ਸੌਰੀ ਕਹਿ ਕੇ ਕਹਾਣੀ ਖ਼ਤਮ ਕੀਤੀ ਜਾਂਦੀ ਹੈ।
        ਜਦ ਚਲਦੀ ਸੀ  ਕਾਲੇ ਕਾਗਜ਼ ਦੀ ਤੋਪ
        ਬਾਰੂਦ ਦੇ ਢੇਰ ਠੁਸ ਹੋ ਜਾਂਦੇ ਸੀ।
      ਮੁਕਦੀ ਗਲ ਹੈ ਕਿ  ਆੳਣ ਵਾਲੇ ਸਮੇਂ ਵਿੱਚ ਹੱਥ ਲਿਖਤਾਂ ਅਜਾਇਬ ਘਰ ਦਾ ਘੱਟਾ ਫੱਕਣ ਤਕ ਹੀ ਸੀਮਤ ਰਹਿਣਗੀਆਂ ਤੇ ਕਦੀ ਰੱਦੀ ਦੀ ਟੋਕਰੀ ਦੀ ਭੇਂਟ ਸਮਾ ਜਾਣਗੀਆਂ।
ਅੱਜ ਕਲ ਦਾ ਆਨਲਾਈਨ ਪੜ੍ਹਾਈ ਦਾ ਚਲਨ ਬਾਕੀ ਜੋ ਕਸਰ ਰਹਿ ਗਈ ਸੀ ਪੂਰੀ ਕਰ ਗਿਆ।
     ਰਚਨਹਾਰੇ ਨੂੰ ਆਪਣੀ ਹਰ ਹਥਲੀ ਰਚਨਾ ਆਪਣੇ ਧੀਆਂ ਪੁੱਤਾਂ ਦੀ ਨਿਸਬਤ ਲਗਦੀ ਹੈ,ਪਰ ਟਾਈਪ ਹੋਣ ਤੇ ਬੱਸ ਦੀ ਟਿਕਟ ਵਰਗੀ।
       ਸਾਡੀ ਉਮਰ ਦੇ ਨਾਲ ਜੋ ਖਤਮ ਹੋ ਜਾਏਗੀ,ਢੂੰਢਦੇ ਰਹਿ ਜਾਓਗੇ ਹੱਥ ਦੀ ਲਿਖਾਈ।
          '' ਸੁਰਮੇਂ ਰੰਗੀ ਰਾਤ ਦੀ ਗੱਲ੍ਹ ਤੇ ਤਾਰਿਆ ਨਹੁੰਦਰ ਮਾਰ-
            ਉਥੋਂ ਤੱਕ ਚਾਨਣ ਜਾਵੇ ਜਿਥੋਂ ਤੱਕ ਝਰੀਟ''॥