ਪੈਪਸੂ ਦਾ ਇਤਿਹਾਸਕ ਮੁਜਾਰਾ ਘੋਲ਼ - ਹਰਦੇਵ ਸਿੰਘ ਅਰਸ਼ੀ

ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫ਼ਰੰਸ ਮੁਜਾਰਾ ਘੋਲ ਦੇ ਕੇਂਦਰ ਰਹੇ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਵਾਰ ਇਨ੍ਹਾਂ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ ਦਿੱਲੀ ਦੇ ਬਾਰਡਰਾਂ ’ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ ਮਨਾਏ ਜਾਣ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤਾ ਗਿਆ ਹੈ। ਇਹ ਹਥਿਆਰਬੰਦ ਘੋਲ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਛੱਜੂਮਲ ਵੈਦ ਆਦਿ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਥੱਲੇ ਲੜਿਆ ਗਿਆ। ਹੁਣ ਤੱਕ ਕਿਸਾਨੀ ਘੋਲਾਂ ਵਿਚੋਂ ਇਹ ਅੰਦੋਲਨ ਵਿਲੱਖਣ ਹੈ, ਜਿਸਨੇ ਸਭ ਤੋਂ ਘੱਟ ਜਾਨੀ ਨੁਕਸਾਨ ਕਰਕੇ ਤੇ ਕਰਵਾ ਕੇ ਸਭ ਤੋਂ ਵੱਡੀ ਪ੍ਰਾਪਤੀ ਨਾਲ 16 ਲੱਖ ਕਿਲੇ ਤੋਂ ਵਧ ਦੀ ਜ਼ਮੀਨ ਦੇ ਮੁਜਾਰਿਆਂ ਨੂੰ ਮਾਲਕ ਬਣਾਇਆ।
       ਉਕਤ ਲਹਿਰ ਦੀ 40ਵੀਂ ਵਰ੍ਹੇਗੰਢ 1988 ਵਿਚ ਮਾਨਸਾ ਵਿਖੇ ਮਨਾਈ ਗਈ । ਕਿਸਾਨ ਸਭਾ ਦੀ ਵੱਡੀ ਲੀਡਰਸ਼ਿਪ ਤੋਂ ਇਲਾਵਾਂ ਤਤਕਾਲੀਨ ਪੈਪਸੂ ਸਰਕਾਰ ਦੇ ਸਾਬਕਾ ਮੰਤਰੀ ਮਰਹੂਮ ਦਾਰਾ ਸਿੰਘ ਖਰਾਬ ਸਿਹਤ ਦੇ ਬਾਵਜੂਦ ਹਾਜ਼ਰ ਹੋਏ ਕਾਮਰੇਡ ਛੱਜੂ ਮੱਲ ਵੈਦ ਜੀ ਨੇ ਲਹਿਰ ਦੀ ਨੂੰ ਸਮਰਪਿਤ ਮੁਜਾਰਾ ਘੋਲ ਬਾਰੇ ਇਕ ਕਿਤਾਬਚਾ ਲਿਖਿਆ ਸੀ, ਜਿਸ ਦੀ ਰੌਸ਼ਨੀ ਅਤੇ ਸੰਦਰਭ ਵਿਚ ਹੀ ਉਕਤ ਲਹਿਰ ਦੇ ਪਿਛੋਕੜ ਬਾਰੇ ਕੁੱਝ ਜਾਣਕਾਰੀ ਸਾਂਝੀ ਕਰਨ ਦਾ ਜਤਨ ਕੀਤਾ ਹੈ ਤਾਂ ਕਿ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਜਾਂ ਬੇਇਨਸਾਫੀ ਨਾ ਹੋਵੇ। ਜਾਣਕਾਰੀ ਨੂੰ ਅਤੀ ਸੰਖੇਪ ਰੱਖਣ ਦਾ ਓਨਾ ਕੁ ਜਤਨ ਕਿਤਾ ਹੈ ਕਿ ਇਸ ਦੀ ਰੂਹ ਤੇ ਸਾਰ ਤੱਤ ਨੂੰ ਬਚਾ ਕੇ ਰੱਖਿਆ ਜਾਵੇ। ਸੰਖੇਪ ਰੱਖਣ ਕਰਕੇ  ਮੁਜਾਰਾ ਲਹਿਰ ਦੇ ਦਰਜਣਾਂ ਆਗੂਆਂ ਦੇ ਨਾਂ ਦਰਜ ਕਰਨ ਤੋਂ ਵੀ ਸੰਕੋਚ ਕੀਤਾ ਹੈ।

ਰਾਜਾਸ਼ਾਹੀ ਰਿਆਸਤਾਂ ਤੇ ਜਗੀਰੂ ਢਾਂਚੇ ਦੀ ਸਥਾਪਨਾ :
ਈਸਟ ਇੰਡੀਆ ਕੰਪਨੀ ਤੇਜੀ ਨਾਲ ਆਪਣਾ ਘੇਰਾ ਵਧਾ ਰਹੀ ਸੀ ਮੁਗਲ ਰਾਜ ਆਖਰੀ ਘੜੀਆਂ ਗਿਣ ਰਿਹਾ ਸੀ। ਮੁਗਲ ਸ਼ਹਿਜ਼ਾਦੇ ਵਿਲਾਸੀ ਜੀਵਨ ਵਿੱਚ ਗਲਤਾਨ ਸਨ ਆਪਸੀ ਟੱਕਰਾਂ ਹੋ ਰਹੀਆਂ ਸਨ ਅਮਨ-ਕਾਨੂੰਨ ਆਦਿ ਕੋਈ ਚੀਜ਼ ਨਹੀਂ ਸੀ ਚਾਰੇ ਪਾਸੇ ਅਰਾਜਕਤਾ ਭਾਰੂ ਸੀ। "ਜਿਸਦੀ ਲਾਠੀ ਉਸਦੀ ਭੈਂਸ " ਵਾਲੀ ਸਥਿਤੀ ਸੀ । ਕਈ ਇਲਾਕਿਆਂ ਵਿਚ ਰਾਜਸੀ ਪ੍ਰਬੰਧਾਂ ਦੀ ਅਣਹੋਂਦ ਸੀ।
     ਮੁਗਲ ਰਾਜ ਦੀਆਂ ਆਖ਼ਰੀ ਘੜੀਆਂ ਦੌਰਾਨ ਇਕ ਤੇਜੱਸਵੀ ਤੇ ਹਰਮਨ ਪਿਆਰਾ ਨੌਜਵਾਨ ਆਲਾ ਸਿੰਘ ਅੱਗੇ ਆਇਆ ਜਿਸਨੇ 1730 ਵਿਚ ਬਰਨਾਲੇ ਦੇ ਆਲੇ-ਦੁਆਲੇ ਦੇ ਕਈ ਪਿੰਡਾਂ ’ਤੇ ਕਬਜ਼ਾ ਕਰ ਲਿਆ। 1742 ਵਿਚ ਉਸਨੇ ਭਵਾਨੀਗੜ੍ਹ ਦੇ ਕਿਲੇ ’ਤੇ ਵੀ ਕਬਜ਼ਾ ਜਾ ਕਰਿਆ। ਉਹ ਬਾਅਦ ’ਚ ਬਾਬਾ ਆਲਾ ਸਿੰਘ ਵਜੋਂ ਜਾਣਿਆ ਗਿਆ ਅਤੇ ਪਟਿਆਲਾ ਰਿਆਸਤ ਦਾ ਬਾਨੀ ਬਣਿਆ। ਉਸਦੇ ਭਰਾਵਾਂ ਸੁਖਚੈਨ ਸਿੰਘ ਤੇ ਹਮੀਰ ਸਿੰਘ ਨੇ ਕਬਜ਼ੇ ਕਰਕੇ ਜੀਂਦ ਤੇ ਨਾਭਾ ਰਿਆਸਤਾਂ ਦੀ ਨੀਂਹ ਰੱਖੀ। ਭੁਲਣ ਬਰਾੜ ਨੇ ਫਰੀਦਕੋਟ ਤੇ ਮਾਤਾ ਸੁੰਦਰੀ ਦੇ ਅਪਣਾਏ ਪੁੱਤਰ ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ। ਸਦਰ-ਉਦੀਨ ਨੂੰ ਲੋਧੀ ਖਾਨਦਾਨ ਵਲੋਂ 58 ਪਿੰਡ ਦਾਜ ਵਿਚ ਮਿਲੇ ਜਿਨ੍ਹਾਂ ਦੇ ਆਧਾਰਿਤ ਰਿਆਸਤ ਮਲੇਰਕੋਟਲਾ ਹੋਂਦ ਵਿਚ ਆਈ। ਨਾਲਾਗੜ੍ਹ ਤੇ ਕਲਸੀਆ ਰਿਆਸਤਾਂ ਵੀ ਦਾਜ ਵਿਚ ਮਿਲੇ ਪਿੰਡਾਂ ਉੱਪਰ ਆਧਾਰਿਤ ਸਨ।
ਇਨ੍ਹਾਂ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਨਾਲ ਯਾਰੀਆਂ ਗੰਢ ਕੇ ਕੀਮਤੀ ਨਜ਼ਰਾਨੇ ਭੇਟ ਕਰਨ ਤੋਂ ਇਲਾਵਾ ਅੰਗਰੇਜ਼ਾਂ ਵਿਰੁੱਧ ਉੱਠੀਆਂ ਬਗ਼ਾਵਤਾਂ ਜਿਵੇਂ 1857 ਦੀ ਬਗ਼ਾਵਤ ਆਦਿ ਦਬਾਉਣ ਲਈ ਉਨ੍ਹਾਂ ਦੀ ਮਦਦ ਕੀਤੀ। 1849 ਵਿਚ ਸਿੱਖ ਫੌਜਾਂ ਦੇ ਹਾਰ ਜਾਣ ਉਪਰੰਤ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ। ਆਪਣੇ ਟੋਡੀ ਸਮਝ ਕੇ ਰਾਜਿਆਂ ਨੂੰ ਨਹੀਂ ਛੇੜਿਆ, ਆਗਿਆਕਾਰੀ ਬੱਚੇ ਬਣਾ ਕੇ ਰੱਖ ਲਿਆ।ਅੰਗਰੇਜਾਂ ਨੇ 1860 ਦੇ ਬੰਦੋਬਸਤ ਰਾਹੀਂ 12 ਸਾਲਾ ਹਲਵਾਹਕ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿਤੇ। ਆਪਣੇ ਮਦਦਗਾਰ, ਟੋਡੀ ਅੰਸ਼ਾਂ ਨੂੰ ਵੱਡੀਆਂ ਜਗੀਰਾਂ ਨਾਲ ਨਿਵਾਜਿਆ ਗਿਆ ਤੇ ਜੀ ਹਜ਼ੂਰੀਏ ਤਿਆਰ ਕੀਤੇ ਗਏ। ਰਿਆਸਤਾਂ ਦੇ ਰਾਜੇ ਸਮੁੱਚੀਆਂ ਜ਼ਮੀਨਾਂ ਦੇ ਮਾਲਕ ਬਣ ਬੈਠੇ ਤੇ ਆਪਣੇ ਪਿੱਠੂ ਅੰਸ਼ਾਂ ਨੂੰ ਖੁੱਲ੍ਹੀਆਂ ਜਗੀਰਾਂ ਵੰਡੀਆਂ ਤੇ ਆਪਣੇ ਪਾਲਤੂ ਬਣਾਏ। ਇੰਝ ਜਗੀਰਦਾਰੀ ਹੋਂਦ ਵਿਚ ਲਿਆਂਦੀ, ਜੋ ਆਮ ਬੋਲਚਾਲ ਦੀ ਭਾਸ਼ਾ ਵਿਚ ‘ਬਿਸਵੇਦਾਰ’ ਕਹਾਉਂਦੀ ਸੀ ।
    ਛੱਜੂ ਮੱਲ ਵੈਦ ਜੀ ਲਿਖਦੇ ਹਨ ਕਿ ਜਗੀਰਦਾਰੀ ਪ੍ਰਥਾ ਹੋਂਦ ਵਿਚ ਲਿਆਉਣ ਤੇ ਹਰ ਪੱਖੋਂ ਉਸ ਦੀ ਰੱਖਿਆ ਕਰਨ ਦੀ ਅਨੋਖੀ ਮਿਸਾਲ ਰਿਆਸਤ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਦੀ ਸੀ। ਪ੍ਰਸ਼ੰਸਾ ਕਰਨ ਹਿਤ ਅੰਗਰੇਜ਼ ਸਾਮਰਾਜ ਵੱਲੋਂ ਭੁਪਿੰਦਰ ਸਿੰਘ ਗੁਰੂ  ਫਰਜੰਦੇ ਖਾਸ, ਸਲਤਨਤ ਤੇ ਇੰਗਲਿਸਆ'  (ਅੰਗਰੇਜ਼ ਸਰਕਾਰ ਦਾ ਖਾਸ ਪੁੱਤਰ) ਦਾ ਦਰਜਾ ਦਿੱਤਾ ਗਿਆ। ਉਸਦੀਆਂ ਰਾਣੀਆਂ (ਪਤਨੀਆਂਂ) ਦੀ ਗਿਣਤੀ ਤਿੰਨ ਸੌ ਤੋਂ ਉਪਰ ਸੀ ਭਾਵ ਏਨੇ  ਹੀ  ਸਹੁਰੇ ਘਰ ਜਿਨ੍ਹਾਂ ਨੂੰ ਉਸ ਨੇ ਹਲ ਵਾਹਕ ਮਾਲਕਾਂ ਦੀ ਵਸੋਂ ਵਾਲੇ ਕਈ ਕਈ ਪਿੰਡ ਜਗੀਰ ਵਜੋਂ ਦਿੱਤੇ ਤੇ ਦਹਾਕੇ,  ਸਾਲਾਂ ਤੋਂ ਵੱਸਦੇ ਹਲਵਾਹਕਾਂ ਨੂੰ ਬੇਜ਼ਮੀਨੇ ਬਣਾ ਦਿੱਤਾ । 1870-80 ਦੇ ਜ਼ਮੀਨੀ ਬੰਦੋਬਸਤ ਪਟਿਆਲਾ ਰਿਆਸਤ ਦੌਰਾਨ ਹਜ਼ਾਰਾਂ ਪਿੰਡ ਮਹਾਰਾਜੇ ਦੇ ਸਕੇ-ਸਬੰਧੀਆਂ ਅਤੇ ਉੱਚ-ਅਧਿਕਾਰੀਆਂ ਦੇ ਨਾਮ ਦਰਜ ਕਰਕੇ ਮਾਲਕ ਬਣਾ ਦਿਤਾ ਗਿਆ। ਬਖਸ਼ੀਆਂ ਜਗੀਰਾਂ ਦੀਆਂ ਕੁਝ ਵੰਨਗੀਆਂ ਇੰਝ ਹਨ: ਆਪਣੇ ਰਿਸ਼ਤੇਦਾਰਾਂ ਕਿਹਰ ਸਿੰਘ, ਹਰਚੰਦ ਸਿੰਘ ਤੇ ਕਿਰਪਾਲ ਸਿੰਘ ਜੋ ਮਗਰੋਂ ਭਦੌੜ ਦੇ ਰਾਜੇ ਕਹਾਉਣ ਲੱਗੇ ਲਗਭਗ 80 ਪਿੰਡਾਂ ਉੱਪਰ ਜਾਗੀਰਦਾਰੀ ਹੱਕ ਰੱਖਦੇ ਸਨ। ਰਾਜੇ ਦਾ ਰਿਸ਼ਤੇਦਾਰ ਦਵਿੰਦਰ ਸਿੰਘ ਜੋ ਮਹਿਕਮਾ ਚੂੰਗੀ ਦਾ ਡਾਇਰੈਕਟਰ ਸੀ ਨੂੰ 8 ਪਿੰਡਾਂ ਦੀ ਜਗੀਰ ਮਾਨਸਾ ਇਲਾਕੇ ਵਿਚ ਦਿੱਤੀ ਗਈ।
ਜਗੀਰਦਾਰੀ ਸਥਾਪਨਾ ਦੀ ਇਕ ਮਿਸਾਲ ਪਿੰਡ ਕਿਸ਼ਨਗੜ੍ਹ (ਮਾਨਸਾ) ਦੀ ਹੈ। ਢਿੱਲੋਂ, ਧਾਰੀਵਾਲ, ਚਾਹਿਲ ਆਦਿ ਕਬੀਲੇ ਜ਼ਮੀਨ ਦੀ ਭਾਲ਼ ਵਿਚ ਉਕਤ ਪਿੰਡ ਪੁੱਜੇ । ਹੱਡ ਭੰਨਵੀਂ ਮਿਹਨਤ ਕਰਕੇ ਬੰਜਰ, ਬੇ-ਆਬਾਦ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਖੇਤੀ ਕਰਨ ਲੱਗੇ। ਸੱਦਾ ਸਿੰਘ ਵਿਅਕਤੀ ਜਿਸ ਦੀ ਭੈਣ ਰਾਜੇ ਨਾਲ ਵਿਆਹੀ ਹੋਈ ਸੀ, ਰਾਹੀਂ ਮਾਲੀਆ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ। ਖ਼ਜਾਨੇ ਦੇ ਅਧਿਕਾਰੀਆਂ ਨਾਲ ਉਸ ਦੀ ਚੰਗੀ ਜਾਣ ਪਛਾਣ ਸੀ। ਰਾਜ ਘਰਾਣੇ ਨਾਲ ਜੁੜੇ ਸੱਦਾ ਸਿੰਘ ਦੇ ਪੁੱਤਰ ਚੜ੍ਹਤ ਸਿੰਘ ਨੇ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਨਾਲ ਵਾਹੀਯੋਗ ਬਣਾਈ ਬੰਜਰ ਤੇ ਬੇਆਬਾਦ ਜ਼ਮੀਨ, ਸ਼ਾਹੀ ਦਰਬਾਰ ਦੇ ਅਫ਼ਸਰਾਂ ਨਾਲ ਮਿਲ ਕੇ ਆਪਣੇ ਨਾਂ ਕਰਵਾ ਲਈ ਤੇ ਬਟਾਈ ਲੈਣ ਲੱਗਾ। ਅੱਗੇ ਚੱਲ ਕੇ ਸਾਰੀ ਜ਼ਮੀਨ ਉਸ ਦੇ ਪੁੱਤਰ ਧਿਆਨ ਸਿੰਘ ਦੇ ਨਾਮ ਦਰਜ ਕੀਤੀ ਗਈ। ਦੁਖੀ, ਪ੍ਰੇਸ਼ਾਨ ਤੇ ਧੋਖੇ ਨਾਲ ਜ਼ਮੀਨ ਤੋਂ ਬਾਹਰ ਕੀਤੇ ਗਏ ਕਿਸਾਨ ਅੰਗਰੇਜ਼ ਅਫ਼ਸਰ ਪੋਪਹਿਮ ਜੰਗ ਜੋ ਕਿਸ਼ਨਗੜ੍ਹ ਦਾ ਇੰਚਾਰਜ ਸੀ, ਨੂੰ ਮਿਲੇ। ਉਸਨੇ ਵਿਚਕਾਰਲਾ ਰਾਹ ਕੱਢਦੇ ਹੋਏ ਜਗੀਰਦਾਰ ਨੂੰ ਮਾਲਕੀ ਹੱਕ ਦਿੱਤੇ ਤੇ ਕਿਸਾਨਾਂ ਨੂੰ ਮੌਰੂਸੀ ਕਾਨੂੰਨੀ ਦੀ ਦਫ਼ਾ 5 ਹੇਠ ਉਨ੍ਹਾਂ ਦੇ ਹਲ ਹੇਠ ਜ਼ਮੀਨ ਦੇ ਮੌਰੂਸੀ ਹੱਕ ਦਿੱਤੇ ਤਾਂ ਕਿ ਜਗੀਰਦਾਰ ਉਨ੍ਹਾਂ ਨੂੰ ਬੇਦਖ਼ਲ ਨਾ ਕਰ ਸਕੇ। ਬਟਾਈ ਦੇਣੀ ਲਾਜ਼ਮੀ ਕੀਤੀ ਗਈ। ਗ਼ੈਰ-ਮੌਰੂਸੀ ਜਾਂ ਕੱਚੇ ਮਾਲਕ (ਮੁਜਾਰੇ) ਉਹ ਸਨ ਜੋ ਜਗੀਰਦਾਰ ਤੋਂ ਜ਼ਮੀਨ ਲੈ ਕੇ ਖੇਤੀ ਤਾਂ ਕਰ ਸਕਦੇ ਸਨ, ਪਰ ਮਾਲਕ ਨਹੀਂ, ਕਦੇ ਵੀ ਬੇਦਖ਼ਲ ਕੀਤੇ ਜਾ ਸਕਦੇ ਸਨ। ਕਾਨੂੰਨੀ ਤੌਰ ’ਤੇ ਵਟਾਈ ਕੁੱਲ ਪੈਦਾਵਾਰ ਦਾ ਅੱਧ ਸੀ। ਪਰ ਅਮਲੀ ਤੌਰ ’ਤੇ ਮਜਾਰਿਆਂ ਪੱਲੇ ਇਕ ਮਣ ਵਿਚੋਂ 10 ਸੇਰ ਭਾਵ ਚੌਥਾ ਹਿੱਸਾ ਹੀ ਰਹਿੰਦਾ ਸੀ।
      ਵਟਾਈ ਪ੍ਰਥਾ ਨਾਲ ਮਜ਼ਾਰੇ ਪਿੰਡਾਂ ਦੀ ਤੀਹਰੀ ਗੁਲਾਮੀ ਵਾਲਾ ਨਰਕ ਰੂਪੀ ਜੀਵਨ ਆਰੰਭ ਹੋਇਆ। ਸਭ ਤੋਂ ਉਪਰ ਅੰਗਰੇਜ਼ ਫਿਰ ਰਾਜਾ ਤੇ ਪਿੰਡ ਵਿੱਚ ਬਿਸਵੇਦਾਰ ਉਸ ਦੇ ਮਾਲਕ ਸਨ। ਮੁਜ਼ਜਾਰੇ ਪਿੰਡਾਂ ਦੇ ਵਿਚ ਮਾਲਕ ਕਿਸਾਨੀ ਪਿੰਡ ਵਾਸੀ ਲੜਕੀ ਦਾ ਰਿਸ਼ਤਾ ਨਹੀਂ ਸੀ ਕਰਦਾ, ਨਾ ਹੀ ਰਿਸ਼ਤਾ ਲੈਂਦਾ ਸੀ। ਕਿਉਂ , ਅਨੇਕਾਂ ਭੱਦੀਆਂ ਮਿਸਾਲਾਂ ਹਨ ਜਿਨ੍ਹਾਂ ' ਤੇ ਅੱਜਕਲ ਕੋਈ ਵਿਸ਼ਵਾਸ ਨਹੀਂ ਕਰੇਗਾ ।
       ਮੁਜਾਰਿਆਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵੀ ਦੂਰ ਰੱਖਿਆ ਜਾਂਦਾ ਸੀ। ਪਟਿਆਲਾ ਰਿਆਸਤ ਦੇ 784 ਮੁਜਾਰੇ ਪਿੰਡਾਂ ਵਿਚੋਂ ਕੇਵਲ 4 ਪ੍ਰਾਇਮਰੀ ਸਕੂਲ ਭਦੌੜ, ਭਵਾਨੀਗੜ੍ਹ, ਡਸਕਾ ਤੇ ਤਲਵੰਡੀ ਸਾਬੋ ਵਿਖੇ ਸਨ, ਜਿੱਥੇ ਮੁੱਖ ਤੌਰ ’ਤੇ ਬਿਸਵੇਦਾਰਾਂ ਦੇ ਬੱਚੇ ਹੀ ਪੜ੍ਹਦੇ ਸਨ। ਬਾਹਰੋਂ ਆਏ ਕਿਸੇ ਸਾਧ, ਸੰਤ ਨੂੰ ਵੀ ਪੜ੍ਹਾਉਣ ਨਹੀਂ ਦਿੱਤਾ ਜਾਂਦਾ ਸੀ। ਜਨਤਾ ਨੂੰ ਪਛੜੇ ਰੱਖਣ ਦੇ ਯਤਨ ਇੱਥੋਂ ਤੱਕ ਸਨ ਕਿ ਪਿੰਡਾਂ ਖ਼ਾਸ ਕਰਕੇ ਮੁਜ਼ਾਰਾ ਪਿੰਡਾਂ ਵਿਚ ਗੁਰਦੁਆਰੇ ਉਸਾਰਨ ਦੀ ਵੀ ਆਗਿਆ ਨਹੀਂ ਸੀ, ਤਾਂ ਕਿ ਇਕੱਠੇ ਹੁੰਦੇ ਲੋਕ ਜੁਲਮੀ ਰਾਜ ਬਾਰੇ ਵਿਚਾਰ -ਚਰਚਾ ਨਾ ਕਰ ਸਕਣ ।

ਮੁਜਾਰਾ ਘੋਲ ਦਾ ਅਰੰਭ :
ਜ਼ਮੀਨੀ ਮਾਲਕੀ ਦੇ ਹੱਕ ਲਈ ਸੰਘਰਸ਼ ਤਾਂ 1870-80 ਦੇ ਜ਼ਮੀਨੀ ਬੰਦੋਬਸਤ ਦੌਰਾਨ ਹੀ ਅਰੰਭ ਹੋ ਗਿਆ ਸੀ। ਜਦੋਂ 1902-04 ਦਾ ਪੱਕਾ ਜ਼ਮੀਨੀ ਬੰਦੋਬਸਤ ਹੋਇਆ ਤਾਂ ਘੋਲ ਨੇ ਹੋਰ ਤੇਜ਼ੀ ਫੜੀ।
   ਵਟਾਈ ਪ੍ਰਥਾ ਤੋਂ ਮੁਜ਼ਾਰੇ ਬੇਹੱਦ ਦੁਖੀ ਸਨ। ਉਨ੍ਹਾਂ ਦੀ ਮਿਹਨਤ ਦਾ ਵੱਡਾ ਹਿੱਸਾ  ਵਿਹਲੜ ਜਗੀਰਦਾਰ ਦੀ ਹਵੇਲੀ ਚਲਾ ਜਾਂਦਾ ਸੀ। ਆਰੰਭ ਵਿਚ ਅੰਗਰੇਜ਼ਾਂ ਤੇ ਰਾਜੇ ਦੇ ਸਿਆਸੀ ਅਫਸਰਾਂ ਕੋਲ ਲੁੱਟ ਬੰਦ ਕਰਨ ਦੀ ਗੁਹਾਰ ਲਾਈ। ਵੱਖ-ਵੱਖ ਕਮੇਟੀਆਂ, ਜਥੇਬੰਦੀਆਂ ਬਣਾ ਕੇ ਵਿਰੋਧ ਸ਼ੁਰੂ ਕੀਤਾ ਗਿਆ । ਮੁਜ਼ਾਰਾ ਆਗੂਆਂ ਦੀ ਅਗਵਾਈ ਵਿਚ ਇੱਕ ਪ੍ਰਤੀਨਿਧ ਮੰਡਲ ਸ਼ਿਮਲਾ ਜਾ ਕੇ ਵਾਇਸਰਾਏ ਨੂੰ ਵੀ ਮਿਲਿਆ। ਪਰ ਮਾੜੀ-ਮੋਟੀ ਰਾਹਤ ਤੋਂ ਬਿਨਾਂ ਕਿਤੇ ਕੋਈ ਢੋਈ ਨਹੀਂ ਮਿਲੀ। ਜਦੋਂ ਗੁੱਸਾ ਉਬਾਲੇ ਖਾਂਦਾ ਤਾਂ ਮੁਜਾਰੇ ਵਟਾਈ ਦੇਣ ਤੋਂ ਇਨਕਾਰ ਕਰਦੇ। ਫੇਰ ਖੂਨੀ ਝੜਪਾਂ ਹੁੰਦੀਆਂ। ਹੱਥ ਹਮੇਸ਼ਾ ਬਿਸਵੇਦਾਰਾਂ ਤੇ ਉਸਦੇ ਗੁੰਡਿਆਂ ਦਾ ਹੀ ਉੱਪਰ ਰਿਹਾ ਕਿਉਂਕਿ ਅਫ਼ਸਰਸ਼ਾਹੀ ਤੇ ਪੁਲੀਸ ਉਨ੍ਹਾਂ ਦੀ ਮਦਦਗਾਰ ਬਣ ਕੇ ਖੜ੍ਹਦੀ। ਖੂਨੀ ਝੜਪਾਂ ਵਿਚ ਘੱਟੋ-ਘੱਟ ਤਿੰਨ ਦਰਜਨ ਤੋਂ ਵੱਧ ਮੁਜਾਰੇ ਕਤਲ ਹੋਏ, ਜਿਨ੍ਹਾਂ ਵਿਚ ਕੁਝ ਬੱਚੇ ਤੇ ਔਰਤਾਂ ਵੀ ਸਨ।
       ਜਦੋਂ ਕਿਸੇ ਕਾਰਨ ਫ਼ਸਲ ਦੀ ਪੈਦਾਵਾਰ ਘੱਟ ਹੁੰਦੀ ਤਾਂ ਬਿਸਵੇਦਾਰ ਸ਼ੱਕ ਕਰਦਾ ਕਿ ਮੁਜਾਰਿਆਂ ਨੇ ਪਹਿਲਾਂ ਹੀ ਕੁਝ ਹਿੱਸਾ ਚੁਰਾ ਲਿਆ ਹੈ। ਸਿੱਟੇ ਵਜੋਂ ‘ਠੱਪਾ ਰਸਮ’ ਚਾਲੂ ਕੀਤੀ ਗਈ। ਜਦੋਂ ਫ਼ਸਲ ਵੱਢ, ਗਾਹ ਕੇ ਢੇਰ ਦਾ ਰੂਪ ਧਾਰਦੀ ਤਾਂ ਬਿਸਵੇਦਾਰ ਜਾਂ ਉਸਦਾ ਮੁਖਤਿਆਰ ਆ ਕੇ ਥਾਂ-ਥਾਂ ਉਸ ’ਤੇ ਠੱਪੇ ਲਾ ਦਿੰਦੇ। ਚੁਕਣ ਤਕ ਢੇਰ ਦੀ ਰਾਖੀ ਮੁਜਾਰਾ ਕਰਦਾ। ਮੁਜਾਰੇ ਆਪਣੀ ਨੀਯਤ ’ਤੇ ਸ਼ੱਕ ਕੀਤੇ ਜਾਣ ਲਈ ਬੇਇਜ਼ਤੀ ਮਹਿਸੂਸ ਕਰਦੇ। ਨਰਕਭੋਗੀ ਜੀਵਨ ਤੇ ਅੰਨ੍ਹੀ ਲੁੱਟ ਤੋਂ ਬਚਾਉਣ ਲਈ ਮੁਜ਼ਾਰਿਆਂ ਦੀ ਕੋਈ ਠੋਸ ਜਥੇਬੰਦੀ ਨਹੀਂ ਸੀ, ਜੋ ਘੋਲ ਨੂੰ ਅੱਗੇ ਤੋਰ ਸਕੇ। 7 ਜੁਲਾਈ 1927 ਨੂੰ ਮਾਨਸਾ (ਬਠਿੰਡਾ) ਵਿਖੇ ਰਿਆਸਤੀ ਪਰਜਾ ਮੰਡਲ ਦੀ ਨੀਂਹ ਰੱਖੀ ਗਈ। ਸੇਵਾ ਸਿੰਘ ਠੀਕਰੀਵਾਲਾ ਪ੍ਰਧਾਨ ਤੇ ਭਗਵਾਨ ਸਿੰਘ ਲੌਂਗੋਵਾਲੀਆ ਇਸਦੇ ਮੁੱਖ ਸਕੱਤਰ ਚੁਣੇ ਗਏ, ਜੋ ਖ਼ੁਦ ਗੁਪਤਵਾਸ ਕਰਕੇ ਸ਼ਾਮਲ ਨਹੀਂ ਹੋ ਸਕੇ। ਬਾਬਾ ਹਰਨਾਮ ਸਿੰਘ ਧਰਮਗੜ੍ਹ, ਧਰਮ ਸਿੰਘ ਫੱਕਰ ਅਤੇ ਅਜਮੇਰ ਸਿੰਘ ਤਾਮਕੋਟ ਵੀ ਅਹੁਦੇਦਾਰਾਂ ਵਿਚ ਸ਼ਾਮਲ ਹੋਏ। ਪਰਜਾ ਮੰਡਲ ਨੇ ਦੋ ਨੁਕਤਿਆਂ ’ਤੇ ਲੜਾਈ ਕੇਂਦਰਤ ਕੀਤੀ। (ੳ) ਰਾਜਾਸ਼ਾਹੀ ਦਾ ਖਾਤਮਾ, ਜਮਹੂਰੀ ਪ੍ਰਬੰਧ ਦੀ ਬਹਾਲੀ (ਅ) ਵਟਾਈ ਪ੍ਰਥਾ ਖਤਮ ਤੇ ਮੁਜਾਰਿਆਂ ਨੂੰ ਪੱਕੇ ਮਾਲਕੀ ਹੱਕ। ਮੁਜ਼ਾਰਿਆਂ ਦੀ ਲੜਾਈ ਨੁੰ ਅੱਗੇ ਤੋਰਨ ਵਿਚ ਪਰਜਾ ਮੰਡਲ ਨੇ ਉੱਘਾ ਰੋਲ ਨਿਭਾਇਆ।
      1933-34 ਵਿਚ ਲੰਮੀ ਲੜਾਈ ਮਗਰੋਂ ਰਾਜੇ ਨੇ ਸ਼ਾਹੀ ਫਰਮਾਨ ਜਾਰੀ ਕਰਕੇ ‘ਠਪਾ ਰਸਮ’ ਖਤਮ ਕਰਨ ਦਾ ਐਲਾਨ ਕੀਤਾ, ਬਦਲ ਵਜੋਂ ‘ਕਨਕੂਤ’ ਰਸਮ ਅਰੰਭ ਕੀਤੀ। ਜਗੀਰਦਾਰ, ਸਰਕਾਰੀ ਅਧਿਕਾਰੀ ਤੇ ਮੁਜਾਰੇ ਦਾ ਪ੍ਰਤੀਨਿਧ ਤਿੰਨੇ ਮਿਲ ਕੇ ਖੜ੍ਹੀ ਫ਼ਸਲ ਦੀ ਪੈਦਾਵਾਰ ਦੀ ਕੁੱਲ ਮਾਤਰਾ ਤੈਅ ਕਰ ਕੇ ਵਟਾਈ ਹਿੱਸਾ ਤੈਅ ਕਰਦੇ। ਇਸਦਾ ਕੋਈ ਲਾਭ ਨਾ ਹੋਇਆ। ਮੁਜ਼ਾਰੇ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਸੀ, ਜਗੀਰਦਾਰ ਤੇ ਸਰਕਾਰੀ ਅਫਸਰ ਸਰਦਾਰ ਦੀ ਹਵੇਲੀ ਬੈਠ ਕੇਪਢਦਾਵਾਰ ਹੋਣ ਦਾ ਫੈਸਲਾ ਸੁਣਾ ਕੇ ਵਟਾਈ ਨਿਸਚਤ ਕਰ ਦਿੰਦੇ। ਇਸ ਰਸਮ ਦਾ ਵੀ ਭਾਰੀ ਵਿਰੋਧ ਹੋਣਾ ਆਰੰਭ ਹੋਇਆ।
       1936 ਵਿਚ ਲਖਨਊ ਵਿਖੇ ਕੁਲ ਕਿਸਾਨ ਸਭਾ ਦੀ ਸਥਾਪਨਾ ਹੋਈ। ਗ਼ਦਰੀ ਬਾਬਾ ਜਵਾਲਾ ਸਿੰਘ ਇਸਦੀ ਪੰਜਾਬ ਇਕਾਈ ਦੇ ਪਹਿਲੇ ਪ੍ਰਧਾਨ ਤੇ ਬਾਬਾ ਅਰੂੜ੍ਹ ਸਿੰਘ ਚੂਹੜਚੱਕ ਇਸਦੇ ਮੀਤ ਪ੍ਰਧਾਨ ਬਣੇ। ਕਿਸਾਨ ਸਭਾ ਨੇ ਪਿੰਡਾਂ ਵਿਚ ਕਿਸਾਨ ਕਮੇਟੀਆਂ ਬਣਾ ਕੇ ਮੁਜ਼ਾਰਾ ਅੰਦੋਲਨ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ।
ਬਿਸਵੇਦਾਰਾਂ ਨਾਲ ਟੱਕਰਾਂ, ਜ਼ਮੀਨਾਂ 'ਤੇ ਨਵੇਂ-ਨਵੇਂ ਕਬਜ਼ੇ ਕਰਨ ਦੀ ਮੁਹਿੰਮ ਤੇਜ਼ ਹੋਈ ਸੀ ਕਿ ਦੂਝੀ ਸੰਸਾਰ ਜੰੴਗ ਆਰੰਭ ਹੋ ਗਈ । ਨਤੀਜੇ ਵਜੋਂ ਲੜਾਈ ਕੁੱਝ ਮੱਠੀ ਰੱਖੀ ਗਈ। ਜੰਗ ਵਿਚੋਂ ਹਿਟਲਰ ਤਾਨਾਸ਼ਾਹ ਜੁੰਡਲੀ ਹਾਰ ਗਈ ਤੇ ਸੋਵੀਅਤ ਯੂਨੀਅਨ ਦੀ ਜਿੱਤ ਨੇ ਮੁਜਾਰਾ ਅੰਦੋਲਨ ਨੂੰ ਨਵਾਂ ਬਲ ਤੇ ਉਤਸ਼ਾਹ ਦਿੱਤਾ, ਅੰਦੋਲਨ ਮੁੜ ਤੇਜ ਹੋਇਆ। 1947 ਦੇ ਫਸਾਦਾਂ ਨੇਲਹਿਰ ਨੂੰ ਫੇਰ ਨਰਮ/ਧੀਮਾ ਕਰ ਦਿੱਤਾ, ਕਿਉਂਕਿ ਆਗੂਆਂ ਨੇ ਬੇਗੁਨਾਹਾਂ ਨੂੰ ਬਚਾਉਣ, ਦੰਗੇ ਰੋਕਣ ਤੇ ਮੁਸਲਮਾਨਾਂ ਨੂੰ ਬਚਾ ਕੇਸੁਰੱਖਿਅਤ ਪਾਕਿਸਤਾਨ ਪਹੁੰਚਾਉਣ ਵਿਚ ਮੱਦਦ ਕਰਨ ਨੂੰ ਪਹਿਲ ਦਿੱਤੀ ।
      1947 ਦੀ ਆਜ਼ਾਦੀ ਉਪਰੰਤ ਦੇਸੀ ਰਿਆਸਤਾਂ ਨੂੰ ਮਿਲਾ ਕੇ ਪਟਿਆਲਾ ਤੇ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਸੂਬਾ ਬਣਾਇਆ। ਰਾਜ ਗਵਰਨਰ ਦੀਆਂ ਸ਼ਕਤੀਆਂ ਦੇ ਕੇ ਪਟਿਆਲਾ ਰਾਜੇ ਨੂੰ ਇਸਦਾ ‘ਰਾਜ ਪ੍ਰਮੁੱਖ’ ਬਣਾਇਆ ਗਿਆ। ਰਾਜੇ ਸੌਖੇ ਨਹੀਂ ਮੰਨੇ, ਕੇਂਦਰ ਦੀ ਤਤਕਾਲੀਨ ਕਾਂਗਰਸ ਸਰਕਾਰ ਨੂੰ ਢੇਰ ਸਾਰੀਆਂ ਰਿਆਇਤਾਂ ਤੇ ਖੁੱਲੇ ਗੱਫੇ ਦੇਣੇ ਪਏ। ਕਾਂਗਰਸ ਦਾ ਜਗੀਰਦਾਰੀ ਨਾਲ ਸਮਝੌਤਾ ਕਰੂ ਚਰਿੱਤਰ  ਸਫਸ਼ਟ ਰੂਪ ਵਿਚ ਪ੍ਰਗਟ ਹੁੰਦਾ ਹੈ। ਇਕ ਤਰ੍ਹਾਂ ਨਾਲ ਵਿਰਸੇ ਨੂੰ ਤਿਲਾਂਜਲੀ ਦੇਣ ਦਾ ਪ੍ਰਗਟਾਵਾ ਸੀ, ਜੋ ਭਵਿੱਖ ਦੇ ਦਰਜਣਾਂ ਸਾਲ ਬਾਅਦ ਉਸਦੇ ਰਸਾਤਲ ਦਾ ਕਾਰਨ ਬਣਿਆਂ। ਇਹ ਇਕ ਲੰਮੀ ਗਾਥਾ ਹੈ। ਚਿਰਕਣੀ ਮੰਗ ਰਿਆਸਤਾਂ ਦਾ ਖਾਤਮਾਂ ਜ਼ਰੂਰ ਹੋ ਗਿਆ। ਤਾਕਤਾਂ ਦਾ ਕੌਮਾਂਤਰੀ ਸੰਤੁਲਨ ਬਦਲ ਗਿਆ। ਮਜਬੂਤ ਸਮਾਜਵਾਦੀ ਦੇਸ਼ ਦਾ ਧੜਾ ਹੋਂਦ ਵਿਚ ਆਉਣ ਨਾਲ ਮੁਜ਼ਾਰਾ ਲਹਿਰ ਵਿਚ ਅੰਤਾਂ ਦਾ ਉਤਸ਼ਾਹ ਤੇ ਜੋਸ਼ ਠਾਠਾਂ ਮਾਰਨ ਲੱਗਾ ।

ਹਥਿਆਰਬੰਦ ਸੰਘਰਸ਼ ਦੀ ਰੂਪ-ਰੇਖਾ :
ਕਾਮਰੇਡ ਵੈਦ ਜੀ ਦੀ ਲਿਖਤ ਅਨੁਸਾਰ : ਕਾਮਰੇਡ ਸੁਤੰਤਰ, ਫੱਕਰ, ਜੋਗਾ ਤੇ ਵੈਦ ਦੀ ਰਹਿਨੁਮਾਈ ਥੱਲੇ ਮੁਜਾਰਾ ਆਗੂਆਂ ਦੀ ਅਹਿਮ ਮੀਟਿੰਗ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਕਰਕੇ ਹੇਠ ਲਿਖੀ ਯੁੱਧਨੀਤੀ ਤੈਅ ਕੀਤੀ ਗਈ।
(1)    ਬਿਸਵੇਦਾਰਾਂ ਤੇ ਉਨ੍ਹਾਂ ਦੇ ਗੁੰਡਿਆਂ ਦਾ ਟਾਕਰਾ ਖੇਤਾਂ ਵਿਚ ਕੀਤਾ ਜਾਏ। ਖੇਤਾਂ ਤੋਂ ਬਾਹਰ ਕੋਈ ਟੱਕਰ ਨਹੀਂ।
(2)     ਨੌਕਰਸ਼ਾਹਾਂ, ਮਹਿਕਮਾ ਮਾਲ ਤੇ ਪੁਲੀਸ ਅਧਿਕਾਰੀਆਂ ਨਾਲ ਟੱਕਰ ਲੈਣ ਤੋਂ ਬਚਿਆ ਜਾਏ। ਉਨ੍ਹਾਂ ਵਿਰੁੱਧ ਕੋਈ ਹਥਿਆਰਾਂ ਦੀ ਵਰਤੋਂ ਨਹੀਂ। ਹਾਂ ਸਮਾਜੀ ਬਾਈਕਾਟ, ਨਾ ਚਾਹ ਨਾ ਰੋਟੀ, ਪੂਰਾ ਨਾ ਮਿਲਵਰਤਣ। ਉਨ੍ਹਾਂ ਦਾ ਸਾਹਮਣਾ ਨਾ ਕਰੋ ਸਗੋਂ ਅੱਗੇ-ਪਿੱਛੇ ਹੋ ਕੇ, ਆਂਬੇ-ਲਾਂਬੇ ਆਸਰਾ ਲਵੋ ਸਮਾਂ ਬਤਾਓ।
(3)    ਦੁਸ਼ਮਣ ਨੂੰ ਹਮਲਾ ਕਰਨ ਦਾ ਮੌਕਾ ਦੇ ਕੇ ਆਪ ਬਚਾਓ ਲਈ ਲੜਨਾ ਗ਼ਲਤ ਹੈ। ਪਹਿਲ ਸਦਾ ਆਪਣੇ ਹੱਥ ਰੱਖੋ। ਪਹਿਲਕਦਮੀ, ਪਹਿਲਾਂ ਹਮਲਾ ਬਚਾਓ ਦੀ ਪੱਕੀ ਗਰੰਟੀ ਹੈ।

ਕਾਮਰੇਡ ਸੁਤੰਤਰ ਨੇ ਵਾਰ ਵਾਰ ਹਥਿਆਰ ਇਕੱਠੇ ਕਰਨ, ਖੋਹਣ, ਖਰੀਦਣ, ਵਲੰਟੀਅਰਾਂ ਦੀ ਭਰਤੀ ਤੇ ਉਨ੍ਹਾਂ ਦੀ ਹਥਿਆਰਬੰਦੀ ਦੀ ਸਿਖਲਾਈ, ਗੁਰੀਲਾ ਦਸਤੇ ਬਨਾਉਣ ਤੇ ਘੋਲ ਵਿਚ ਪਿਹਲਕਦਮੀ ਆਪਣੇ ਹੱਥ ਰੱਖਣ 'ਤੇ ਜ਼ੋਰ ਦਿੱਤਾ।
ਬਿਸਵੇਦਾਰਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਨ ਤੇ ਮੁਜਾਰਿਆਂ ਵਿਚ ਵੰਡਣ ਦੀ ਮੁਹਿੰਮ ਤੇਜ਼ ਹੋਈ। 200 ਤੋਂ ਵੱਧ ਪਿੰਡਾਂ ਦੇ ਮੁਜਾਰਿਆਂ ਨੇ ਜ਼ਮੀਨਾਂ ’ਤੇ ਕਬਜ਼ੇ ਕਰ ਲਏ। ਬਾਬਾ ਹਰਨਾਮ ਸਿੰਘ ਧਰਮਗੜ੍ਹ ਕਬਜ਼ਾਕਰੂ ਜਥਿਆਂ ਦੀ ਅਗਵਾਈ ਕਰਦੇ ਹੋਏ ਜ਼ਮੀਨਾਂ ’ਤੇ ਕਬਜ਼ੇ ਕਰਕੇ ਮੁਜਾਰਿਆਂ ਵਿਚ ਵੰਡ ਦਿੰਦੇ। ਬਾਬਾ ਜੀ ਗਲੀਆਂ ਵਿਚ ਇਹ ਵੀ ਗਾਉਂਦੇ ਸਨ ਕਿ :

"ਤੇਰੀ  ਜਾਊੁਗੀ  ਗਰੀਬੀ ਸ਼ੇਰਾ, ਰਾਜਿਆਂ  ਦੇ ਰਾਜ ਜਾਣਗੇ।
 ਉਠ ਕਰ ਲੈ ਜ਼ਮੀਨ ਉਤੇ ਕਬਜ਼ਾ, ਬਿਸਵੇਦਾਰ ਭੱਜ ਜਾਣਗੇ।"

'ਕਨਕੂਤ' ਰਸਮ ਦੀ ਸਮਾਪਤੀ ਕਰਕੇ ਮਹਾਰਾਜਾ ਪਟਿਆਲਾ ਨੇ ਇਸ ਰਸਮ ਉੱਪਰ ਅਮਲ ਕੀਤਾ  ਕਿ " ਸਾਰਾ ਧੰਨ ਜਾਤਾ ਦੇਖੀਏ ਅੱਧਾ ਦੀਜੇ ਬਾਂਟ।" ਇਹ ਸ਼ਾਹੀ ਫੁਰਮਾਨ 11 ਮਾਰਚ 1947 ਦੇ ਗਜ਼ਟ ਵਿਚ ਪ੍ਰਕਾਸ਼ਿਤ ਕੀਤਾ ਗਿਆ। ਜਿਸ ਅਨੁਸਾਰ ਮੌਰੂਸੀ ਮੁਜਾਰੇ ਆਪਣੇ ਹਲ ਹੇਠ ਜ਼ਮੀਨ ਦਾ ਤੀਜਾ ਹਿੱਸਾ ਬਿਸਵੇਦਾਰ ਨੂੰ ਦੇ ਕੇ ਬਾਕੀ ਦੋ ਹਿੱਸਿਆਂ ਦੀ ਜ਼ਮੀਨ ਦੇ ਪੂਰੇ ਮਾਲਕ ਬਣ ਸਕਦੇ ਸਨ। ਇਸ ਵਿੱਚ ਕਈ ਹੋਰ ਸ਼ਰਤਾਂ ਮੁਜ਼ਾਰਾ ਵਿਰੋਧੀ ਸਨ ਜਿਵੇਂ ਕਿ ਮੁਜਾਰੇ ਨੂੰ ਪਿਛਲੇ ਸਾਰੇ ਚਲੇ ਆ ਰਹੇ ਵਟਾਈ ਬਕਾਏ ਚੁਕਾਉਣੇ ਪੈਣਗੇ ਆਦਿ। ਉਕਤ ਫੁਰਮਾਨ ਵਿੱਚ ਕੱਚੇ ਮੁਜ਼ਾਰਿਆਂ ਬਾਰੇ ਇੱਕ ਸ਼ਬਦ ਵੀ ਨਹੀਂ ਸੀ। ਮੁਜ਼ਾਹਰਾ ਆਗੂਆਂ ਨੇ ਅਪ੍ਰੈਲ 1947 ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਮੀਟਿੰਗ ਕਰਕੇ ਉਕਤ ਸ਼ਾਹੀ ਫੁਰਮਾਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ।

ਪਿੰਡ ਕਿਸ਼ਨਗੜ੍ਹ ਦੀ ਘਟਨਾ :
ਪਿੰਡ ਕਿਸ਼ਨਗੜ੍ਹ ਦੇ ਦੋ ਬਿਸਵੇਦਾਰ ਭਗਵਾਨ ਸਿੰਘ ਤੇ ਸਿਆਸਤ ਸਿੰਘ ਮਹਾਰਾਜਾ ਦੇ ਸਮੇਂ ਉਸਦੇ ਸੁਪਰਡੈਂਟ ਪੁਲੀਸ ਸਨ। ਸਿਆਸਤ ਸਿੰਘ ਆਪਣੇ ਘਰੇਲੂ ਜ਼ਿਲ੍ਹੇ ਬਠਿੰਡਾ ਵਿਖੇ ਹੀ ਤਾਇਨਾਤ ਸੀ। ਉਸਨੇ ਅਕਤੂਬਰ 1948 ਵਿਚ ਤਹਿਸੀਲਦਾਰ ਦੀ ਅਗਵਾਈ ਵਿਚ ਸਟਾਫ ਤੇ ਪੁਲੀਸ ਭੇਜੀ ਤਾਂ ਕਿ ਸ਼ਾਹੀ ਫੁਰਮਾਨ ਅਨੁਸਾਰ ਜ਼ਮੀਨ ਦੀ ਵੰਡ ਕੀਤੀ ਜਾਏ। ਮੁਜਾਰਿਆਂ ਨੂੰ ਉਨ੍ਹਾਂ ਦੀ ਆਮਦ ਬਾਰੇ ਪਹਿਲਾਂ ਪਤਾ ਲੱਗ ਗਿਆ ਸੀ। ਮੁਜ਼ਾਰੇ ਬਰੇਟਾ ਤੋਂ ਆਉਂਦੇ ਰਾਹ ’ਤੇ ਇਕੱਠੇ ਹੋਏ। ਸਟਾਫ਼ ਨੂੰ ਆਉਂਦੇ ਵੇਖ ਕੇ ਨਾਹਰੇ ਗੂੰਜ ਉਠੇ : ‘‘ਚਾਲੂ ਰਹੇ ਮੁਜ਼ਾਰਿਆ ਲੜਾਈ - ਨਾ ਖੁੱਡ ਜ਼ਮੀਨ ਨਾ ਦਾਣਾ ਬਟਾਈ’’। ‘ਬਿਸਵੇਦਾਰੀ ਬਿਨਾਂ ਮੁਆਵਜ਼ਾ ਖਤਮ ਕਰੋ।’ ਇਕੱਠ ਦਾ ਜੋਸ਼, ਗੁੱਸਾ ਤੇ ਹੱਥਾਂ ਵਿਚ ਰਵਾਇਤੀ ਹਥਿਆਰ ਵੇਖ ਕੇ ਸਟਾਫ਼ ਦੀ ਅੱਗੇ ਵਧਣ ਦੀ ਹਿੰਮਤ ਨਹੀਂ ਪਈ। ਉਥੋਂ ਵਾਪਸ ਬਰੇਟਾ ਥਾਣੇ ਨੂੰ ਮੁੜ ਗਏ।
      ਸਟਾਫ ਦੀ ਅਸਫਲਤਾ ਕਾਰਨ ਬਿਸਵੇਦਾਰ ਤੇ ਪੁਲੀਸ ਅਫ਼ਸਰ ਬਹੁਤ ਬੁਖਲਾਏ। ਉਨ੍ਹਾਂ ਨੇ ਕਾਨੂੰਨ ਹੱਥ ਵਿਚ ਲੈਣ ਦਾ ਫ਼ੈਸਲਾ ਕੀਤਾ। ਭਾੜੇ ਉੱਪਰ ਭਗੌੜੇ ਗੁੰਡੇ ਇਕੱਠੇ ਕੀਤੇ। ਦਸੰਬਰ 1948 ਨੂੰ ਇੱਕ ਥਾਂ ਇਕੱਠੇ ਕਰਕੇ ਮਾਸ, ਸ਼ਰਾਬ ਨਾਲ ਰਜਾਇਆ, ਕਿਸ਼ਨਗੜ੍ਹ ਪਿੰਡ ਭਿਜਵਾਇਆ ਤਾਂ ਕਿ ਉਹ ਜ਼ਮੀਨ ਉਪਰ ਕਬਜ਼ਾ ਕਰਨ। ਚੋਖੀ ਗਿਣਤੀ ਵਿਚ ਪੁਲੀਸ ਵੀ ਨਾਲ ਸੀ। ਉਕਤ ਟੋਲੇ ਨੇ ਪਿੰਡ ਦੀ ਬਜਾਏ ਸਿੱਧਾ ਖੇਤਾਂ ਵਿਚ ਜਾ ਕੇ, ਕੈਂਪ ਲਗਾਇਆ। ਛੱਜੂਮਲ ਵੈਦ ਤੇ ਫੱਕਰ ਨੇ ਕੁਝ ਪਿੰਡਾਂ ਦਾ ਦੌਰਾ ਕਰਕੇ ਤੇ ਕੁੱਝ ਨੂੰ ਰੁੱਕੇ ਭੇਜ ਕੇ ਕਿਸ਼ਨਗੜ੍ਹ ਪੁੱਜਣ ਦੇ ਸੁਨੇਹੇ ਭੇਜੇ, ਦੋ ਦਿਨਾਂ ਵਿਚ ਗੁਆਂਢੀ ਪਿੰਡਾਂ ਵਿਚੋਂ 5000 ਮੁਜਾਰੇ ਕਿਸਾਨ ਪਿੰਡ ਇਕੱਠੇ ਹੋਏ। ਰਵਾਇਤੀ ਤੇ ਕੁਝ ਪੱਕੇ ਹਥਿਆਰਾਂ ਨਾਲ ਗੁੰਡਿਆਂ ਦੇ ਕੈਂਪ ਵੱਲ ਚਾਲੇ ਪਾ ਦਿਤੇ, ਦੋਹਾਂ ਪਾਸਿਆਂ ਤੋਂ ਗੋਲੀਆਂ ਵੀ ਚਲੀਆਂ। ਪੁਲੀਸ ਭੱਜ ਗਈ, ਗੁੰਡੇ ਘੇਰਾ ਪੈਣ ਤੇ ਡਰਦੇ ਗੰਨੇ ਦੇ ਖੇਤ ਵਿੱਚ ਜਾ ਛੁੱਪੇ। ਗੁੱਸੇ ਵਿੱਚ ਆਏ ਲੋਕਾਂ ਨੇ ਗੰਨੇ ਦੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਸਿਆਣੇ ਆਗੂਆਂ ਨੇ ਅਜਿਹਾ ਕਰਨ ਤੋਂ ਰੋਕਿਆ ਤੇ ਗੰਨਾਂ ਵੱਢ ਕੇ ਗੁੜ ਬਣਾਉਣ ਦੀ ਸਲਾਹ ਦਿੱਤੀ।
     ਇਕੱਠ ਨੂੰ ਗਰੁੱਪਾਂ ਵਿਚ ਵੰਡ ਕੇ ਗੰਨਾ ਕੱਟਣ-ਵੱਢਣ, ਢੋਆ-ਢੁਆਈ ਕਰਨ ਤੇ ਗੁੜ ਬਣਾਉਣ ਦੀ ਡਿਊਟੀ ਲਾਈ। ਗੁਆਂਢੀ ਪਿੰਡਾਂ ਵਿਚੋਂ ਵੇਲਣੇ ਮੰਗਵਾਏ। 84 ਕਿਲੇ ਗੰਨੇ ਦੀ ਫ਼ਸਲ ਕੱਟ-ਵੱਢ ਕੇ ਗੁੜ ਬਣਾ ਕੇ ਸਬੰਧਤ ਮੁਜਾਰਿਆਂ ਦੇ ਘਰਾਂ ਵਿਚ ਪੁੱਜਦਾ ਕਰ ਦਿੱਤਾ।
      ਉਕਤ ਘਟਨਾ ਸਬੰਧੀ 36 ਨੌਜਵਾਨ ਮੁਜਾਰੇ ਦੋਸ਼ੀ ਨਾਮਜ਼ਦ ਕਰਕੇ ਸਿਆਸਤ ਸਿੰਘ ਨੇ ਵਰੰਟ ਗ੍ਰਿਫ਼ਤਾਰੀ ਜਾਰੀ ਕਰ ਦਿੱਤੇ। ਲਗਭਗ 100 ਪੁਲੀਸ ਅਫ਼ਸਰ ਤੇ ਸਿਪਾਹੀਆਂ ਨੇ ਗ੍ਰਿਫ਼ਤਾਰੀਆਂ ਲਈ 16 ਮਾਰਚ, 1949 ਨੂੰ ਸਵੇਰੇ ਹੀ ਪਿੰਡ ਨੂੰ ਘੇਰ ਲਿਆ। ਹਥਿਆਰਬੰਦ ਵਲੰਟੀਅਰਾਂ ਨਾਲ ਟੱਕਰ ਵਿਚ ਪੁਲੀਸ ਦੇ ਕਈ ਘੋੜੇ ਜ਼ਖਮੀ ਹੋਏ, ਜ਼ਖਮੀ ਘੋੜੇ ਤੋਂ ਡਿੱਗ ਕੇ ਇਕ ਪੁਲੀਸ ਇੰਸਪੈਕਟਰ ਮਰ ਗਿਆ। ਘਬਰਾਈ ਪੁਲੀਸ ਮੁੜਦੇ ਪੈਰੀਂ ਨੱਠ ਗਈ।
    ਵੱਡੀ ਲੀਡਰਸ਼ਿਪ ਗੁਆਂਢੀ ਪਿੰਡ ਗੋਬਿੰਦਗੜ੍ਹ ਵਿਖੇ ਇਕੱਠੀ ਹੋਈ। ਅਹਿਸਾਸ ਹੋ ਗਿਆ ਸੀ ਕਿ ਹੁਣ ਵੱਡਾ ਹਮਲਾ ਹੋਵੇਗਾ, ਫ਼ੌਜ ਵੀ ਆ ਸਕਦੀ ਹੈ। ਛੱਜੂ ਮੱਲ ਵੈਦ ਨੇ ਇਕ ਰੁੱਕਾ ਭੇਜ ਕੇ ਧਰਮ ਸਿੰਘ ਫੱਕਰ ਨੂੰ ਉੱਥੇ ਆਉਣ ਲਈ ਕਿਹਾ, ਉਨ੍ਹਾਂ ਵਾਪਸੀ ਰੁਕੇ ਰਾਹੀਂ ਆਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਲੋਕਾਂ ’ਤੇ ਅਕਿਹ ਤੇ ਅਸਿਹ ਜਬਰ-ਜ਼ੁਲਮ ਦੀ ਸੰਭਾਵਨਾ ਹੈ। ਲੋਕ ਲੀਡਰ ਰਹਿਤ ਹੋ ਕੇ ਹੌਸਲਾ ਛੱਡ ਦੇਣਗੇ ਤੇ ਨਿਰਾਸ਼ ਹੋ ਜਾਣਗੇ ਹੁਣ ਤੱਕ ਦੀ ਕਰੀ-ਕਰਾਈ ਖੂਹ ਵਿਚ ਪੈ ਜਾਣੀ ਹੈ, ਇਸ ਕਰਕੇ ਮੈਂ ਲੋਕਾਂ ਨਾਲ ਹੀ ਰਹਾਂਗਾ। ਸੋ ਧਰਮ ਸਿੰਘ ਫੱਕਰ ਹਥਿਆਰਬੰਦ ਦਸਤਿਆਂ ਦੇ ਲੀਡਰ ਰਾਮ ਸਿੰਘ ਬਾਗੀ ਪਿੰਡ ਕਿਸ਼ਨਗੜ੍ਹ ਹੀ ਰਹੇ।
18 ਮਾਰਚ ਸਵੇਰ ਨੂੰ 400 ਫੌਜੀ, 11 ਟੈਂਕ, 5 ਹਥਿਆਰਬੰਦ ਕਾਰਾਂ ਤੇ ਟਰੱਕ, ਸੌ ਦੇ ਕਰੀਬ ਪੁਲਸੀਆਂ ਨੇ ਸਵੇਰ ਨੂੰ ਹੀ ਪਿੰਡ ਘੇਰ ਲਿਆ। ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਬਿਸਵੇਦਾਰ ਦੀ ਹਵੇਲੀ/ਕੋਠੀ ਇਕੱਠੇ ਹੋਣ ਨੂੰ ਕਿਹਾ ਗਿਆ। ਘਰ-ਘਰ ਦੀ ਤਲਾਸ਼ੀ ਲਈ ਗਈ। ਹਜ਼ਾਰਾਂ ਦੀ ਜਾਇਦਾਦ ਦੀ ਲੁੱਟ ਕੀਤੀ। ਰਾਮ ਸਿੰਘ ਬਾਗੀ ਤੇ ਸਮੇਤ ਦੋ ਹੋਰ ਸਾਥੀ ਇਕ ਘਰ ਵਿਚ ਸਨ ਬਾਹਰ ਨਹੀਂ ਆਏ। ਪੁਲੀਸ ਨੇ ਵੇਖਦੇ ਹੀ ਗੋਲੀ ਚਲਾ ਕੇ ਉਨ੍ਹਾਂ ਨੂੰ ਮਾਰ ਦਿੱਤਾ। ਮੇਜਰ ਗੁਰਦਿਆਲ ਸਿੰਘ ਫ਼ੌਜ ਦੀ ਅਗਵਾਈ ਕਰ ਰਿਹਾ ਸੀ।
     ਲਾਈਨ ਵਿਚ ਖੜ੍ਹਾ ਕਰ ਕੇ ਲੋਕਾਂ ਦੀ ਸੂਚੀ ਬਣਾਈ ਗਈ। ਜਦੋਂ ਫੱਕਰ ਨੇ ਆਪਣਾ ਨਾਂ ਦੱਸਿਆ ਤਾਂ ਨਾਲ ਖੜ੍ਹੇ ਡੀਸੀ ਨੇ ਗੋਲੀ ਮਾਰਨ ਲਈ ਕਿਹਾ। ਫੌਜੀ ਕਮਾਂਡਰ ਨੇ ਦਖ਼ਲ ਦਿੰਦਿਆਂ ਕਿਹਾ ਕਿ 10 ਸਾਲਾਂ ਵਿਚ ਤਾਂ ਫੜ ਕੇ ਮਾਰ ਨਹੀਂ ਸਕੇ, ਹੁਣ ਕਿਉਂ? ਚੰਗੇ ਫ਼ੌਜੀ ਅਫ਼ਸਰ ਕਰਕੇ ਫੱਕਰ ਦੀ ਜਾਨ ਬਚ ਗਈ। ਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ, ਜਿਸਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ। ਧਰਮ ਸਿੰਘ ਫੱਕਰ ਸਮੇਤ 85 ਕਿਸਾਨ ਮੁਜਾਰੇ ਗ੍ਰਿਫ਼ਤਾਰ ਕਰ ਕੇ ਫਰੀਦਕੋਟ ਜੇਲ੍ਹ ਭੇਜੇ ਗਏ। ਪੱਤਰਕਾਰਾਂ ਨੂੰ ਪਿੰਡ ਵਿਚ ਵੜਨ ਦੀ ਮਨਾਹੀ ਕਰ ਦਿਤੀ। ਧਰਮ ਸਿੰਘ ਫੱਕਰ ਸਮੇਤ 85 ਕਿਸਾਨ ਮੁਜ਼ਾਰੇ ਗ੍ਰਿਫਤਾਰ ਕਰਕੇ ਫਰੀਦਕੋਟ ਜੇਲ੍ਹ ਭੇਜੇ ਗਏ। ਦਫਾ 302/395/365/307/142/120/19 ਦੇ ਪਰਚੇ ਦਰਜ ਕਰਕੇ ਮੁਕੱਦਮੇ ਚਲਾਏ।
      ਜੰਗੀਰ ਸਿੰਘ ਜੋਗਾ ਜੀ ਦੀ ਅਗਵਾਈ ਹੇਠ ‘ਡਿਫੈਂਸ ਕਮੇਟੀ’ ਬਣਾ ਕੇ ਕੇਸ ਲੜਿਆ ਗਿਆ। ਲਹਿਰ ਦੇ ਦਬਾਅ ਸਦਕਾ ਕੋਈ ਗਵਾਹ ਸਾਹਮਣੇ ਨਹੀਂ ਆਇਆ। ਮਾਨਸਾ ਦੇ ਨਾਮੀ ਵਕੀਲ ਤੇ ਪਰਜਾ ਮੰਡਲੀਏ ਬਾਬੂ ਦੇਸ ਰਾਜ ਨੇ ਮੁਫ਼ਤ ਮੁਕੱਦਮਾ ਲੜਿਆ। ਦਸੰਬਰ 1950 ਵਿਚ ਸਾਰੇ ਮੁਲਜ਼ਮ ਬਾਇੱਜ਼ਤ ਬਰੀ ਹੋ ਗਏ। ਅਕਤੂਬਰ 1948 ਤੋਂ 1951 ਦੇ ਢਾਈ ਸਾਲਾਂ ਦੇ ਅਰਸੇ ਦੌਰਾਨ ਪੈਪਸੂ ਦੀਆਂ ਚਾਰ ਵਜ਼ਾਰਤਾਂ ਬਣੀਆਂ। ਪਾਸਕੂ ਤਿੰਨ ਕਮਿਊਨਿਸਟਾਂ ਕੋਲ ਸੀ। ਨਾਂਮਾਤਰ ਮੁਆਵਜ਼ੇ ਨਾਲ ਬਿਸਵੇਦਾਰੀ ਖਾਤਮੇ ਦਾ ਕਮੀਆਂ-ਕਮਜ਼ੋਰੀਆਂ ਵਾਲਾ ਕਾਨੂੰਨ ਬਣਾਉਣ ਵਿਚ ਸਫ਼ਲਤਾ ਜ਼ਰੂਰ ਮਿਲੀ।
       29 ਮਈ 1952 ਨੂੰ ਮਾਨਸਾ ਮੰਡੀ (ਬਠਿੰਡਾ) ਵਿਖੇ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਥੱਲੇ ਕਿਸਾਨ ਮੁਜਾਰਾ ਕਾਨਫ਼ਰੰਸ ਹੋਈ। ਪੈਪਸੂ ਸਰਕਾਰ ਦੋ ਮੰਤਰੀ ਦਾਰਾ ਸਿੰਘ ਤੇ ਇੰਦਰ ਸਿੰਘ ਵੀ ਸ਼ਾਮਲ ਹੋਏ। ਡੀਸੀ ਪ੍ਰੇਮ ਕੁਮਾਰ ਵੀ ਮੌਜੂਦ ਸੀ। 24 ਪਿੰਡਾਂ ਦੇ ਬਿਸਵੇਦਾਰ ਆਪਣੇ ਹਲਕੇ ਦੇ ਪਟਵਾਰੀਆਂ ਸਮੇਤ ਸਟੇਜ ’ਤੇ ਹਾਜ਼ਰ ਹੋਏ। ਆਪਣੀ ਜ਼ਮੀਨ ਦੀ ਮਾਲਕੀ ਛੱਡ ਕੇ ਇੰਤਕਾਲ ਆਪਣੇ ਮੁਜਾਰਿਆਂ ਦੇ ਨਾਂ ਦਰਜ ਕਰਵਾ ਦਿੱਤੇ। ਗੋਬਿੰਦਪੁਰਾ ਦੇ ਬਿਸਵੇਦਾਰ ਨੇ 500 ਕਿਲੇ, ਤਲਵੰਡੀ ਸਾਬੋ ਦੇ 7 ਬਿਸਵੇਦਾਰਾਂ ਨੂੰ 2456 ਕਿਲੇ, ਇਕ ਹੋਰ ਵਿਸਵੇਦਾਰ ਸਮਸ਼ੇਰ ਸਿੰਘ 3000 ਕਿਲੇ, ਪਟਿਆਲਾ ਸ਼ਹਿਰ ਵਸਦੇ ਇਕ ਬਿਸਵੇਦਾਰ ਨੇ 24000 ਕਿਲੇ, ਰਾਜਾ ਨਿਰਪਾਲ ਸਿੰਘ ਨੇ 5000 ਕਿਲੇ ਮੁਜਾਰਿਆਂ ਦੇ ਨਾਮ ਕੀਤੇ। ਇਹ ਲੜੀ ਬਹੁਤ ਲੰਮੀ ਹੈ। ਹਥਿਆਰਬੰਦ ਸੰਘਰਸ਼ ਦੌਰਾਨ ਹੀ ਲਹਿਰ ਦੇ ਮੁੱਖ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਇਕ ਲੱਖ ਦੇ ਇਨਾਮ ਵਾਲੇ ਵਾਰੰਟ ਗ੍ਰਿਫਤਾਰੀ ਜਾਰੀ ਹੋ ਚੁੱਕੇ ਸਨ। ਉਹ ਲਗਭਗ 16 ਸਾਲ ਗੁਪਤਵਾਸ ਰਹੇ ਪਰ ਪੁਲੀਸ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰ ਸਕੀ। 1963 ਦੇ ਆਰੰਭ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਗਦਰੀ ਬਾਬਿਆਂ ਦਾ ਇਕ ਪ੍ਰਤੀਨਿਧ ਮੰਡਲ ਤਤਕਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਮਿਲਿਆ ਤੇ ਸੁਤੰਤਰ ਜੀ ਦੇ ਵਾਰੰਟ ਮਨਸੁੱਖ ਕਰਨ ਲਈ ਜ਼ੋਰ ਦਿੱਤਾ। ਨਹਿਰੂ ਨੇ ਬਾਬਿਆਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਤਤਕਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਵਾਰੰਟ/ਮੁਕੱਦਮਾ ਵਾਪਿਸ ਲੈਣ ਦੀ ਹਦਾਇਤ ਕੀਤੀ ਤਾਂ ਜਾ ਕੇ ਉਹ ਖੁੱਲ੍ਹੇ ਜੀਵਨ ਵਿਚ ਪਰਤੇ।
      ਇਸ ਲਹਿਰ ਦਾ ਸਾਰ-ਤੱਤ ਇਹ ਹੈ ਕਿ ਬਹੁਤ ਘੱਟ ਜਾਨੀ ਨੁਕਸਾਨ ਨਾਲ 16 ਲੱਖ ਤੋਂ ਉਪਰ ਕਿਲੇ ਬਿਸਵੇਦਾਰਾਂ ਤੋਂ ਖੋਹ ਕੇ, ਮੁਜਾਰਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਮਾਲਕ ਬਣਾਇਆ। ਪਹਿਲਾਂ ਬੰਦਾ ਸਿੰਘ ਬਹਾਦਰ ਨੇ ਹਲਵਾਹਕਾਂ ਵਿਚ ਜ਼ਮੀਨ ਵੰਡੀ ਸੀ, ਦੂਸਰਾ ਉਕਤ ਲਹਿਰ ਨੇ। ਅੱਜ ਫਿਰ ਕਿਸਾਨਾਂ ਦੀ ਜ਼ਮੀਨ ਖੋਹਣ, ਕਾਰਪੋਰੇਟਾਂ ਨੂੰ ਦੇਣ ਲਈ ਕਾਲੇ ਖੇਤੀ ਕਾਨੂੰਨ ਬਣਾਏ ਗਏ ਹਨ। ਕਿਸਾਨ ਆਮ ਜਨਤਾ ਦੇ ਸਹਿਯੋਗ ਨਾਲ ਹੋਂਦ ਦੀ ਲੜਾਈ ਲਈ ਦਿੱਲੀ ਦੇ ਬਾਰਡਰਾਂ ਆਦਿ ’ਤੇ ਸੰਘਰਸ਼ ਦੇ ਮੈਦਾਨ ਵਿਚ ਹੈ। ਮੁਜਾਰਾ ਲਹਿਰ ਦਾ ਸ਼ਾਨਾਂਮੱਤੀ ਵਿਰਸਾ ਮੌਜੂਦਾ ਕਿਸਾਨ ਅੰਦੋਲਨ ਨੂੰ ਹੋਰ ਉਤਸ਼ਾਹ ਨਾਲ ਲੜਨ ਦਾ ਹੌਸਲਾ ਤੇ ਸ਼ਕਤੀ ਦੇਵੇਗਾ। ਮੌਜੂਦਾ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਤੇ ਜਿੱਤ ਤੱਕ ਅੱਗੇ ਵਧਣਾ 19 ਮਾਰਚ ਦੇ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਪੰਰਕ : 98143-03738