ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ - ਅਵਤਾਰ ਸਿੰਘ ਮਿਸ਼ਨਰੀ

ਹੋਲੀ ਸੰਸਕ੍ਰਿਤ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆਂ ਮੰਨਿਆਂ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਨਾ ਅਤੇ ਮਹੱਲਾ ਜਿਸ ਥਾਂ ਨੂੰ ਫਤੇ ਕਰਕੇ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ। ਜਿਸਦਾ ਮੂਲ ਸੰਬੰਧ ਪ੍ਰਚਲਤ ਬ੍ਰਾਹਮਣੀ ਵਰਣਵੰਡ ਨਾਲ ਪਰ ਇਸਦੇ ਉਲਟ ਹੋਲੇ ਮਹੱਲੇ ਦਾ ਸਬੰਧ ਸ਼ਸ਼ਤ੍ਰ ਵਿਦਿਆ ਅਭਿਆਸ ਨਾਲ ਹੈ। ਜਿਸ ਦਾ ਆਰੰਭ ਸੰਨ ੧੭੦੦ (ਸੰਮਤ ੧੭੫੭ ਚੇਤ ਵਦੀ ਪਹਿਲੀ) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਨ੍ਹਾਂ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਜਿਮੀਂ ਅਸਮਾਨ ਦਾ ਫਰਕ ਹੈ। ਕਈ ਵਾਰ ਹੋਲੀ ਖੂਨ ਦੀ ਵੀ ਖੇਡੀ ਜਾਂਦੀ ਤੇ ਹੋਲਾ ਮਹੱਲਾ ਸ਼ਸ਼ਤ੍ਰ ਵਿਦਿਆ ਦੇ ਤੇਜਸਵੀ ਦਾਅ ਪੇਚਾਂ ਨਾਲ ਘੋੜੇ ਭਜਾ ਅਤੇ ਗਤਕੇ ਦੇ ਜੌਹਰ ਦਿਖਾ ਕੇ ਖੇਡਿਆ ਜਾਂਦਾ ਹੈ। ਪੱਕੇ ਰੰਗਾਂ ਅਤੇ ਗੰਦ-ਪਿੱਲ ਸੁੰਟਣ ਦੇ ਥਾਂ ਤੇ ਮਹਿਕਦਾਰ ਗੁਲਾਲ ਹੀ ਬਖੇਰੇ ਜਾਂਦੇ ਹਨ। ਹੋਲਾ-ਮਹੱਲਾ ਘੋੜ ਸਵਾਰੀ, ਗਤਕੇ ਬਾਜੀ ਆਦਿਕ ਮਰਦਾਵੀਂ ਖੇਡਾਂ ਜੋ ਦੋ ਦਲ ਬਣਾ ਕੇ ਖੇਡੀਆਂ ਜਾਂਦੀਆਂ ਨੇ ਇਸ ਕਰਕੇ ਹੋਲਾ-ਮਹੱਲਾ ਫੌਜੀ-ਟ੍ਰੇਨਿੰਗ ਦਾ ਵੀ ਪ੍ਰਤੀਕ ਹੈ ਜਿਸ ਤੋਂ ਸੰਤ ਸਿਪਾਹੀ ਬਿਰਤੀ ਦੀ ਪ੍ਰੇਰਨਾ ਮਿਲਦੀ ਹੈ। ਮੰਨਿਆਂ ਜਾਂਦੈ ਕਿ ਸ਼ਿਵਜੀ ਨਸ਼ੇ ਧਤੂਰੇ ਪੀ ਕੇ ਹੋਲਕਾਂ ਅਤੇ ਹਰਨਾਕਸ਼ ਵਰਗੇ ਦੁਸ਼ਟਾਂ ਨੂੰ ਆਪਣੀ ਪ੍ਰਸੰਨਤਾ ਤੇ ਪ੍ਰਸੰਨ ਹੋ ਕੇ ਵਰ ਦਿੰਦਾ ਫਿਰਦਾ ਸੀ ਪਰ ਇਧਰ ਕਲਗੀਧਰ ਪਾਤਸ਼ਾਹ ਨੇ ਦਬਲੇ-ਕੁਚਲੇ ਤੇ ਉੱਚ-ਜਾਤੀਆਂ ਵਲੋਂ ਦੁਰਕਾਰੇ ਹੋਏ ਲੋਕਾਂ ਨੂੰ ਗਲ ਨਾਲ ਲਾਇਆ ਹੌਂਸਲਾ ਦਿੱਤਾ “ਇਨ ਬਰੀਬ ਸਿਖਨ ਕਉ ਦੇਹੂੰ ਪਾਤਸ਼ਾਹੀ” ਆਦਿਕ ਬਖਸ਼ਿਸ਼ਾਂ ਹੀ ਕੀਤੀਆਂ। ਦੇਖੋ! ਬ੍ਰਾਹਮਣ ਨੇ ਜਿੱਥੇ ਮਨੁੱਖਤਾ ਨੂੰ ਜਾਤਾਂ-ਪਾਤਾਂ ਦੇ ਅਧਾਰ ਤੇ ਚਾਰ ਵਰਨਾਂ ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦ ਵਿੱਚ ਵੰਡਿਆ ਓਥੇ ਤਿਉਹਾਰ ਵੀ ਵੱਖਰੇ-ਵੱਖਰੇ ਵੰਡ ਦਿੱਤੇ ਜਿਵੇਂ ਵੈਸਾਖੀ ਉੱਤਮ ਹੋਣ ਕਰਕੇ ਬ੍ਰਾਹਮਣ, ਦੀਵਾਲੀ ਖਤਰੀ, ਦੁਸ਼ਹਿਰਾ ਵੈਸ਼ ਅਤੇ ਹੋਲੀ ਸ਼ੂਦਰਾਂ ਲਈ ਨਿਯਤ ਕਰ ਦਿੱਤੀ। ਰੱਬੀ-ਭਗਤਾਂ ਅਤੇ ਸਿੱਖ-ਗੁਰੂਆਂ ਨੇ ਬ੍ਰਾਹਮਣ ਭਾਊ ਦਾ ਪੋਲ ਖੋਲਦੇ ਹੋਏ ਜਨਤਾ ਨੂੰ ਦਰਸਾਇਆ ਕਿ ਹਰੇਕ ਇਨਸਾਨ ਜੋ ਬ੍ਰਹਮ ਨੂੰ ਬਿੰਦਦਾ ਭਾਵ ਪ੍ਰਭੂ ਨੂੰ ਯਾਦ ਕਰਦਾ ਹੋਇਆ ਵਿਦਿਆ ਵਿਚਾਰਦੈ ਉਹ ਬ੍ਰਾਹਮਣ ਹੈ। ਜਦ ਆਪਣੇ ਅਤੇ ਦੂਜਿਆਂ ਦੇ ਹੱਕਾਂ ਕਈ ਜੂਝਦੈ ਉਹ ਖੱਤ੍ਰੀ ਹੈ। ਜੋ ਧਰਮ ਦੀ ਕਿਰਤ ਕਰਕੇ ਆਪਣਾ ਅਤੇ ਦੂਜਿਆਂ ਦਾ ਪੇਟ ਪਾਲਦੈ ਉਹ ਵੈਸ਼ ਅਤੇ ਮਨੁੱਖਤਾ ਦੀ ਸੇਵਾ ਕਰਦੈ ਤਾਂ ਸ਼ੂਦ ਹੈ। ਭਾਵ ਇਹ ਚਾਰੇ ਗੁਣ ਹਰੇਕ ਵਿਅਕਤੀ ਧਾਰਨ ਕਰ ਸਕਦਾ ਹੈ। ਉਸ ਨੂੰ ਬ੍ਰਾਹਮਣ-ਭਾਊ ਜਾਂ ਕਿਸੇ ਧਾਰਮਕ ਕਾਜ਼ੀ-ਮੁੱਲਾਂ, ਪੰਡਿਤ-ਪਾਦਰੀ ਆਦਿਕ ਦੀ ਮੁਥਾਜੀ ਦੀ ਲੋੜ ਨਹੀਂ।

ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਅਤੇ ‘ਹੋਲੀ’ ਬਾਰੇ ਇਸ ਤਰ੍ਹਾਂ ਲਿਖਿਆ ਹੈ ‘‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਧੀ ਇੱਕ ਨੂੰ ਸਿਖਾਂ ਵਿੱਚ ਹੋਲਾ-ਮਹੱਲਾ ਹੁੰਦੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹੱਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸ਼ਤ੍ਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। ਅਸੀਂ ਸਾਲ ਪਿਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਂਲਾਂਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ" ਇਸੇ ਵਿਸ਼ੇ ਤੇ ਭਾਈ ਸਾਹਿਬ ਹੋਰ ਲਿਖਦੇ ਹਨ ‘‘ਸ਼ੋਕ ਹੈ ਕਿ ਹੁਣ ਸਿਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ  ਸ਼ਸ਼ਤ੍ਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ-ਗੈਰਤ ਗਵਾ ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸ਼ਤ੍ਰ ਨਹੀਂ ਸੀ ਰੱਖ ਸਕਦਾ, ਸਿਰ ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾਂ ਬਣ ਚੁੱਕੀ ਸੀ ਕਿ-ਕੰਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ। ਅਜਿਹੇ ਸਹਿਮੇ ਹੋਏ  ਲੋਕਾਂ ਅੰਦਰ ਸ਼ਸ਼ਤ੍ਰਧਾਰੀ ਹੋ ਕੇ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ ਗੁਰੂ ਕਲਗੀਧਰ ਨੇ ਸ਼ਸ਼ਤ੍ਰ-ਵਿਦਿਆ, ਘੋੜ-ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉਪੱਰ ਫਰਲੇ ਸਜਾਉਣਾ ਆਦਿਕ ਹੋਲੇ-ਮਹੱਲੇ ਦੇ ਜੰਗੀ ਕਰਤਬ ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਮੱਛੀ-ਮੱਛਰ ਮਾਰਨ ਤੋਂ ਡਰਨ ਵਾਲੇ ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸ਼ਤ੍ਰਧਾਰੀ ਹੋ ਕੇ ਜ਼ਾਲਮ ਮੁਗਲ ਹਕੂਮਤ ਦੀਆਂ ਜੜਾਂ ਭਾਰਤ ਵਿੱਚੋਂ ਉਖੇੜ ਕੇ ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ ਅੰਗ੍ਰੇਜਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਅੱਜ ਵੀ ਹਰ ਅਜ਼ਾਦ ਦੇਸ਼ ਭਾਵੇਂ ਉਸ ਦੀ ਕਿਸੇ ਦੂਜੇ ਦੇਸ਼ ਨਾਲ ਜੰਗ ਨਹੀਂ ਵੀ ਲੱਗੀ ਹੋਈ ਫਿਰ ਵੀ ਆਪਣੀ ਫੌਜ਼ ਨੂੰ ਨਿਤਾ-ਪ੍ਰਤੀ ਜੰਗੀ ਅਭਿਆਸ ਕਰਵਾਉਂਦਾ ਰਹਿੰਦਾ ਹੈ। ਸੋ ਹੋਲਾ-ਮਹੱਲਾ ਫਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ-ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ। ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ-ਆਜ ਹਮਾਰੈ ਬਨੇ ਫਾਗ॥ ਪ੍ਰਭਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਗਾ ਅਤਿ ਲਾਲ ਦੇਵ॥(੧੧੮੦) ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕਪੜੇ ਤੇ ਪ੍ਰਭੂ ਪਿਆਰ ਦਾ ਗੂੜਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤ੍ਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੌਹਾਂ ਵਿੱਚ ਹੀ ਆਪ ਜੀ ਨੇ ਫ਼ਤੇ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ੨੨੦੦ ਸ਼ਸਤ੍ਰਧਾਰੀ ਘੋੜ ਸਵਾਰ ਫੌਜ ਦੀ ਸਪੁਰਦਗੀ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫੌਜਾਂ ਨੂੰ ਬਾਕਾਇਦਾ ਕਾਇਮ ਰਖਣਾ ਹੈ। ਸਪਸ਼ਟ ਹੈ ਕਿ ਜੇ ਫੌਜਾਂ ਨੂੰ ਕਾਇਮ ਰੱਖਣੈ ਤਾਂ ਉਨ੍ਹਾਂ ਦੇ ਅਭਿਆਸ ਵੀ ਚਲਦੇ ਹੀ ਰਹਿਣੇ ਹਨ। ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੇ ਬਾਕਾਇਦਾ ਜੁਝਾਰੂ ਹੋਣ ਦਾ ਐਲਾਨ ਵੀ ਕਰ ਦਿੱਤਾ। ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ ਗਿਆ। ਫਿਰ ਹੋਲੇ-ਮਹੱਲੇ ਰਾਹੀਂ ਸ਼ਸਤਰ ਵਿਦਿਆ ਦੇ ਅਭਿਆਸ ਵਾਲਾ ਇਹ ਨੇਮ ਵੀ ਪੱਕਾ ਕਰ ਦਿੱਤਾ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿਖਾਂ ਨੂੰ ਆਪ ਹੀ ਇਹ ਹਿਦਾਇਤ ਵੀ ਕਰ ਦਿੱਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਬਾਰੇ ਵਿਚਾਰ-ਹੋਲੀ ਇੱਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚ ਦ੍ਰਿੜਤਾ ਲਿਆਉਣ ਵਾਸਤੇ ਜਿੱਥੇ ਹਰੇਕ ਵਰਣ ਵਾਸਤੇ ਜੰਝੂ ਤੇ ਇਸ ਨੂੰ ਪਾਉਣ ਦੇ ਢੰਗ ਅਤੇ ਸਮੇਂ ਵੱਖਰੇ-ਵੱਖਰੇ ਹਨ। ਫਿਰ ਵਰਣਾ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨੇਮ ਬਣਾਏ। ਇਸ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵਿਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦੁਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹੈ ਜਿਵੇਂ ਕਿ-ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਪਾਤ ਕੀਤਾ ਕਿ ‘‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’’ ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਨ ਗਿਆ ਅਤੇ ਐਲਾਨ ਕਰ ਦਿਤਾ ਕਿ ਕੋਈ ਰਾਮੁ ਨੂੰ ਨਾ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤ੍ਰ ਪ੍ਰਹਿਲਾਦ ਇਸ ਗਲੋਂ ਵਿਰੋਧੀ ਹੋ ਗਿਆ ਅਤੇ ਖਲਕਤ ਵਿੱਚ ਰਮੇ ਹੋਏ “ਰਾਮ” ਨੂੰ ਹੀ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ ਉਸ ਨੂੰ ਪਹਾੜ ਤੋਂ ਦਰਿਆ ਵਿੱਚ ਸੁੱਟਕੇ ਭਾਵ ਹਰ ਢੰਗ ਨਾਲ ਮਰਵਾਉਣ ਦਾ ਜਤਨ ਕੀਤਾ ਪਰ ਪ੍ਰਭੂ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਚਲਤ ਕਹਾਣੀ ਅਨੁਸਾਰ ਅੰਤ ਹਰਨਾਖਸ਼ ਦੀ ਭੈਣ ਹੋਲਕਾਂ ਨੇ ਤਪ ਕਰਕੇ ਸ਼ਿਵ ਪਾਸੋਂ ਇੱਕ ਦੁਪੱਟਾ ਪ੍ਰਪਾਤ ਕੀਤਾ ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉਪਰ ਅਸਰ ਨਹੀਂ ਕਰ ਸਕਦੀ ਸੀ। ਹਰਨਾਖਸ਼ ਦੇ ਕਹੇ ਤੇ, ਹੋਲਿਕਾ ਆਪਣੇ ਭਣੇਵੇਂ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਬਲਦੀ ਅੱਗ ਦੀ ਚਿਖਾ ਤੇ ਬੈਠ ਗਈ। ਕਰਤਾਰ ਦੀ ਕਰਨੀ, ਉਹ  ਦੁੱਪਟਾ ਹੋਲਿਕਾ ਤੋਂ ਉੱਡਕੇ, ਪ੍ਰਹਿਲਾਦ ਉੱਤੇ ਜਾ ਪਿਆ। ਹੋਲਿਕਾਂ ਸੜ ਕੇ ਸਵਾਹ ਹੋ ਗਈ ਅਤੇ ਪ੍ਰਹਿਲਾਦ ਬਚ ਗਿਆ। ਅੰਤ ਅੱਗ ਨਾਲ ਤਪਾ ਕੇ ਲਾਲ ਕੀਤੇ ਲੋਹੇ ਦੇ ਥੰਮ੍ਹ ਨਾਲ ਪ੍ਰਹਿਲਾਦ ਨੂੰ ਜੱਫਾ ਮਾਰਨ ਦਾ ਹੁਕਮ ਹੋਇਆ। ਮਨੌਤ ਹੈ ਕਿ ਠੀਕ ਉਸ ਸਮੇਂ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ, ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਦਹਿਲੀਜ ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ-ਹਰਨਾਕਸ਼ ਛੇਦਿਓ ਨਖ ਬਿਦਾਰ...॥ (੧੧੯੪) ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇਹ ਘਟਨਾ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਤੀਜੇ ਪਾਤਸ਼ਾਹ ਦੀ ਬਾਣੀ ਵਿੱਚ ੪ ਵਾਰੀ ਪੰਨਾ (੧੧੫੪, ੧੧੬੫, ੧੧੯੪ ਅਤੇ ੧੧੩੩) ਤੇ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਮਨੁੱਖ ਭਾਵੇਂ ਕਿਨ੍ਹਾਂ ਵੀ ਜ਼ਾਲਮ ਜਾਂ ਹੰਕਾਰੀ ਹੋ ਜਾਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦੈ-ਹਰਿ ਜੁਗਿ ਜਗਿ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੈ॥ (੪੫੧)

ਯਾਦ ਰਹੇ ਕਿ ਪ੍ਰਚਲਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ ਜਦੋਂ “ਦਸ਼ਰਥ-ਪੁੱਤ੍ਰ ਰਾਮ” ਅਜੇ ਪੈਦਾ ਵੀ ਨਹੀਂ ਸੀ ਹੋਇਆ। ਇਸ ਕਰਕੇ ਇੱਥੇ “ਕਰਤਾ-ਰਾਮ” ਦੀ ਗੱਲ ਹੈ “ਦਸ਼ਰਥ-ਪੁੱਤ੍ਰ ਰਾਮ” ਦੀ ਨਹੀਂ। ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾਂ ਨੂੰ ਆਧਾਰ ਬਣਾਕੇ ਰਾਤ ਨੂੰ ਹੋਲੀ ਜਲਾਂਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਿਕਾਂ ਦੀ ਰਾਖ ਮੰਨਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉਡਾ ਕੇ ਖੂਬ ਹੋਲੀ ਖੇਡੀ ਉੱਥੇ ਇਸ ਕਥਾ ਨੂੰ ਬੜਾ ਕਾਮੁਕ ਬਣਾਕੇ ਪੇਸ਼ ਕੀਤਾ ਗਿਐ ਜਿਸ ਦਾ ਸਿੱਟਾ ਅੱਜ ਕਲ ਵੀ ਗੋਕੁਲ, ਮਥੁਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜੇਹੀਆਂ ਕਾਮ-ਖੇਡਾਂ ਆਮ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਸੁੱਟ ਕੇ ਵੀ ਇਸ ਤਿਉਹਾਰ ਨੂੰ ਮਨਾਉਂਦੇ ਹਨ। ਹੋਲੀ ਦੇ ਤਿਉਹਾਰ ਨੂੰ ਸ਼ਰਾਬਾਂ ਉੱਡਦੀਆਂ ਅਤੇ ਕਈ ਝਗੜੇ-ਫਸਾਦ-ਲੜਾਈਆਂ ਐਕਸੀਡੈਂਟ ਅਤੇ ਕਤਲ ਤੀਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਪੂਰਾ ਲਾਭ ਉਠਾਉਂਦੇ ਅਤੇ ਅਪਣੀਆਂ ਦੁਸ਼ਮਣੀਆਂ ਕਢਦੇ ਹਨ। ਇਨ੍ਹੀ ਦਿਨੀਂ ਹਸਪਤਾਲਾਂ ਵਿੱਚ ਜਾ ਕੇ ਅਜਿਹੇ ਨਜ਼ਾਰੇ, ਆਮ ਦੇਖੇ ਜਾ ਸਕਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਭੱਦੇ ਮਜ਼ਾਕ, ਇਸ ਤਿਉਹਾਰ ਦੀ ਹੀ ਦੇਣ ਹਨ। ਭਾਰਤ ਵਿੱਚ ਉਪ੍ਰੋਕਤ ਕ੍ਰਿਸ਼ਨ ਜੀ ਵਾਲੀ ਘਟਨਾਂ ਨੂੰ ਆਧਾਰ ਬਣਾ ਕੇ ਸਭ ਤੋਂ ਵੱਧ ਹੋਲੀ ਮਥੁਰਾ, ਗੋਕੁਲ ਅਤੇ ਬਿੰਦਰਾਬਨ ਵਿੱਚ ਹੀ ਖੇਡੀ ਜਾਂਦੀ ਹੈ। ਧਾਰਮਿਕ-ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ ਅਤੇ ਅਸ਼ਲੀਲ, ਲੱਜਾਹੀਨ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਗੁਰੂ ਦਰ ਤੇ ਹੋਲੀ ਦਾ ਤਿਉਹਾਰ ਪੱਕੇ ਰੰਗਾਂ-ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਅਤੇ ਨਾ ਹੀ ਹੋਲੀ ਦੇ ਇਸ ਢੰਗ ਨਾਲ ਗੁਰਮਤਿ ਸਹਿਮਤ ਹੈ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪਸ਼ਟ ਹੋ ਜਾਂਦੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ “ਦੇਗ-ਤੇਗ ਫਤਹਿ” ਵਾਲੇ ਸ਼ਬਦਾਂ ਵੱਲ ਧਿਆਨ ਕਰੀਏ । ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ “ਕੜਾਹ ਪ੍ਰਸ਼ਾਦ” ਅਤੇ “ਗੁਰੂ ਕੇ ਲੰਗਰ” ਆਦਿ ਨੂੰ “ਦੇਗ ਅਥਵਾ ਦੇਗਾਂ” ਕਹਿਕੇ ਬਖਸ਼ਿਐ ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ “ਕ੍ਰਿਪਾਨ ਭੇਟ” ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ ਅਤੇ ਨਾ ਹੀ ਛੱਕਣੀ ਹੈ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ਼ ਦੇ ਕ੍ਰਿਪਾਨ ਭੇਟ ਕਰਨ ਨੂੰ “ਭੋਗ ਲੁਆਉਣਾ” ਸਮਝਦੇ ਹਨ। ਗੁਰੂ ਦਰਬਾਰ ਵਿੱਚ ਭੋਗ ਲੁਆਉਣ ਦਾ ਕੋਈ ਵਿਧਾਨ ਨਹੀਂ। ਭੋਗ ਲੁਆਉਣ ਦੀ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਦੇ ਪੁਜਾਰੀਆਂ ਦੀ ਹੈ। ਗੁਰੂ ਦਰ ‘ਤੇ ਤਾਂ, ਸਿੱਖ ਧਰਮ ਦੇ ਮੂਲ ਸਿਧਾਂਤ “ਦੇਗ-ਤੇਗ ਫਤਹਿ” ਦੇ ਆਧਾਰ ਤੇ ਜੋ ਕ੍ਰਿਪਾਨ ਭੇਟ ਦਾ ਨਿਯਮ ਹੈ ਉਸ ਦਾ ਸਿੱਧਾ ਅਰਥ ਇਹੀ ਹੈ ਕਿ ਗੁਰਸਿਖ ਨੇ ਸ਼ਸਤਰਾਂ ਨੂੰ ਭੁਲਾ ਕੇ ਦੇਗਾਂ ਵਾਸਤੇ ਹੀ ਨਹੀਂ ਰਹਿ ਜਾਣਾ। “ਤੇਗ਼” ਭਾਵ ਸ਼ਸਤਰਾਂ ਨੂੰ ਭੁਲਾ ਕੇ ਗੁਰੂ ਦਰ ਦੀਆਂ ਸੰਗਤਾਂ ਨੂੰ ਦੇਗ਼ ਛੱਕਣ ਦਾ ਵੀ ਹੱਕ ਨਹੀਂ।

ਗੁਰਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿਖਾਂ ਵਾਸਤੇ ਇਸ ਬਾਰੇ ਦਸਵੇਂ ਪਾਤਸ਼ਾਹ ਵਲੋਂ ਇਸ ਪ੍ਰਕਾਰ ਹੁਕਮ ਹੈ “ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ॥ ਬਿਨਾ ਤੇਗ ਤੀਰੋ ਰਹੋ ਨਾਹ ਭਾਈ॥ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ॥ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ॥ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ॥ ਬਿਨਾ ਕੇਸ, ਤੇਗੰ ਦਿਉਂ ਨ ਦੀਦਾਰੇ॥ ਇਹੋ ਮੋਰ ਬੈਨਾ, ਮਨੇਗਾ ਸੁ ਜੋਈ॥ ਤਿਸੇ ਇੱਛ ਪੂਰੀ, ਸਭੇ ਜਾਨ ਸੋਈ” ਇਸੇ ਤਰ੍ਹਾਂ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ “ਸ਼ਸਤ੍ਰਹੀਨ ਇਹ ਕਬਹੁ ਨ ਹੋਈ॥ ਰਹਤਵੰਤ ਖਾਲਿਸ ਹੈ ਸੋਈ” ਰਹਿਤਨਾਮਾ ਭਾਈ ਦੇਸਾ ਸਿੰਘ ਜੀ “ਕਛੁ ਕ੍ਰਿਪਾਨ ਨ ਕਬਹੂੰ ਤਿਆਗੈ॥ ਸਨਮੁਖ ਲਰੈ ਨ ਰਣ ਤੇ ਭਾਗੈ” ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ-ਸ਼ਸਤ੍ਰਨ ਕੇ ਅਧੀਨ ਹੈ ਰਾਜ॥ ਜੋ ਨ ਧਰਹਿ, ਤਿਸ ਬਿਗਰਹਿ ਕਾਜ॥ ਯਾਂ ਤੇ ਸਰਬ ਖਾਲਸਾ ਸੁਨੀਅਹਿ॥ ਅਯੁਧ ਸਰਬੇ ਉਤਮ ਗੁਨੀਅਹਿ॥ ਜਬ ਹਮਰੇ ਦਰਸ਼ਨ ਕੋ ਆਵਹੁ॥ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥ ਕਮਰਕਸਾ ਕਰ ਦੇਹੁ ਦਿਖਾਈ॥ ਹਮਰੀ ਖੁਸ਼ੀ ਹੋਇ ਅਧਿਕਾਈ॥

ਹੋਲੇ ਮਹੱਲੇ ਦੇ ਤਿਉਹਾਰ ਦਾ ਇੱਕ ਅਪਣਾ ਹੀ ਵਿਸ਼ੇਸ਼ ਮਹੱਤਵ ਹੈ। ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਇੱਕ ਮੱਤ ਹਨ ਕਿ ਗੁਰੂ ਪਾਤਸ਼ਾਹਾਂ ਵਲੋਂ ਸਿਖਾਂ ਵਾਸਤੇ “ਕੇਸਾਧਾਰੀ ਅਤੇ ਸ਼ਸਤ੍ਰਧਾਰੀ” ਹੋਣਾ ਸਭ ਤੋਂ ਜਰੂਰੀ ਦਸਿਆ ਗਿਆ ਹੈ। ਇਸੇ ਤਰ੍ਹਾਂ ਸਿਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਪਾਤਸ਼ਾਹ ਨੇ “ਹੋਲੇ-ਮਹੱਲੇ” ਦਾ ਤਿਉਹਾਰ ਵੀ ਆਪ ਹੀ ਸਿਰਜਿਆ। ਜਿਸ ਤਰ੍ਹਾਂ ਗੁਰਸਿਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਏਂ ਠੀਕ ਉਸੇ ਤਰ੍ਹਾਂ ਉਸ ਦੀ ਸ਼ਸਤਰਾਂ ਨਾਲ ਸਾਂਝ ਵੀ ਨਿਤਾ ਪ੍ਰਤੀ ਹੈ। ਹੋਲਾ-ਮਹੱਲਾ ਨਿਰਾ ਪੁਰਾ ਇੱਕ ਸਿੱਖ ਤਿਉਹਾਰ ਹੀ ਨਹੀਂ ਬਲਕਿ ਸਿੱਖ ਨੂੰ ਸ਼ਸਤ੍ਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਅਸਲ ਵਿੱਚ ਸ਼ਸਤ੍ਰਧਾਰੀ ਫੌਜਾਂ ਦਾ ਵੀ ਇਹੀ ਨੇਮ ਹੁੰਦਾ ਹੈ। ਕਿਸੇ ਵੀ ਦੇਸ਼ ਦੀਆਂ ਫੌਜਾਂ ਹਮੇਸ਼ਾ ਜੰਗਾਂ ਜੁਧਾਂ ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤ੍ਰ-ਅਭਿਆਸ ਨਿੱਤ ਹੀ ਚਲਦੇ ਰਹਿੰਦੇ ਹਨ। ਜੁੱਧਾਂ ਸਮੇਂ ਇਹੀ ਨਕਲੀ ਤਿਆਰੀ, ਅਸਲੀ ਜੁੱਧ ਦਾ ਆਧਾਰ ਹੁੰਦੀ ਹੈ। ਇਹੀ ਮਤਲਬ ਹੈ ਹੋਲੇ-ਮਹੱਲੇ ਦਾ ਪਰ ਨਿਰਾ-ਪੁਰਾ ਸ਼ਸਤ੍ਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ। ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ ਜਿਸਦੇ ਸ਼ਸਤ੍ਰ ਵਰਤੋਂ ਦਾ ਮਤਲਬ ਹੀ ਮਜ਼ਲੂਮ ਦੀ ਰਾਖੀ, ਅਣਖ ਅਤੇ ਗ਼ੈਰਤ ਦਾ ਜੀਵਨ ਹੋਵੇ ਤਾਂ ਅਜੇਹੇ ਮਨੁੱਖ ਦੇ ਜ਼ਾਲਮ ਹੋਣ ਦੀ ਗੱਲ ਹੀ ਮੁੱਕ ਜਾਂਦੀ ਹੈ। ਓਧਰ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਗੁਰ ਇਤਿਹਾਸ ਵੱਲ ਦੇਖੋ! ਗੁਰੂ ਨਾਨਕ ਸਾਹਿਬ ਉਚੇਚੇ ਤੌਰ ਤੇ ਹੋਲੀ ਦੇ ਦਿਨਾਂ ਵਿੱਚ ਮਥੁਰਾ ਪੁੱਜੇ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆਂ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਯਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ “ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥(੯੦੨) ਵਾਲੇ ਸ਼ਬਦ ਰਾਹੀਂ ਸਮਝਾਇਆ ਕਿ ਸਤਜੁਗ, ਤ੍ਰੇਤਾ, ਕਲਜੁਗ ਆਦਿ ਸਮੇਂ ਦੀ ਕੋਈ ਵੰਡ ਨਹੀਂ। ਇਸ ਤਰ੍ਹਾਂ ਅਖੌਤੀ ਕਲਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੋਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ॥(੯੦੨) ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪ੍ਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪਖੋਂ ਇਹ ਸ਼ਬਦ ਸਮਝਣਾ ਅਤੀ ਜ਼ਰੂਰੀ ਹੈ। ਪੰਜਵੇਂ ਪਾਤਸ਼ਾਹ ਨੇ ਹੋਲੀ ਦੇ ਬਹਾਨੇ, ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਦਿਤਾ-ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥ ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥੧॥ ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ ਬੇਅੰਤ॥੧॥ਰਹਾਉ॥ ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥(੧੧੮੦) ਭਾਵ ਇਹ ਮਨੁਖਾ ਜੀਵਨ ਹੀ, ਪ੍ਰਭੁ ਪਿਆਰਿਆਂ ਨਾਲ ਮਿਲਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ। ਅਜੇਹੇ ਪ੍ਰਭੁ ਪਿਆਰਿਆਂ ਦੇ ਹਿਰਦੇ ਘਰ ਵਿੱਚ, ਸਦਾ ਖੇੜਾ ਤੇ ਬਸੰਤ ਰੁਤ ਹੀ ਬਨੀ ਰਹਿੰਦੀ ਹੈ। ਇਸ ਵਾਸਤੇ ਇਹ ਦੁਨੀਆਂ ਦੇ ਲੋਕੋ! ਆਓ! ਜੇ ਕਰ ਤੁਸੀਂ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਇਵੇਂ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਤੁਹਾਡੇ ਮਨ ਤੇ ਚੜ੍ਹੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਦੇਖੋ! ਗੁਰੂ ਪਾਤਸ਼ਾਹ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸਦੇ ਅਰਥ ਹੀ ਬਦਲ ਦਿਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਨਾਮ ਬਾਣੀ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਵੀ ਕੀਤੀ। ਇਸ ਵਿਗੜੇ ਹੋਏ ਵਾਤਾਵਰਨ ਦੇ ਸਮੇਂ ਤੇ ਗੁਰਸਿਖਾਂ ਵਿੱਚ ਸ਼ਸਤਰ ਅਭਿਆਸ ਅਰੰਭ ਕਰਕੇ “ਹੋਲਾ-ਮਹੱਲਾ” ਦਾ ਨਵਾਂ ਤਿਉਹਾਰ ਬਖਸ਼ਿਆ।

ਭਾਈ ਨੰਦ ਲਾਲ ਸਿੰਘ ਜੀ ਨੇ ਪੰਜਵੇਂ ਪਾਤਸ਼ਾਹ ਦੇ ਉਪ੍ਰੋਕਤ ਦੇ ਆਧਾਰ ਪਰ ਹੀ ਇੱਕ ਗਜ਼ਲ ਰਚੀ। ਇਸ ਗਜ਼ਲ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ ਦਸ਼ਮੇਸ਼ ਜੀ ਦੇ ਦਰਬਾਰ ਵਿੱਚ ਉਸ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ-ਗੁਲੋਂ ਹੋਈ ਬਾਬਾਗੇ ਦਹਰਬੁ ਕੁਰਦ॥ ਜਹੇ ਪਿਚਕਾਰੀਏ, ਪਰ ਜਾਫਰਾਨੀ॥ ਕਿ ਹਰ ਬੇਰੰਗਰਾ, ਖੁਸੁ ਰੰਗੇ ਬੇ ਕਰਦਾ॥ ਭਾਈ ਸਾਹਿਬ ਫੁਰਮਾਂਦੇ ਹਨ ਕਿ ਦਸ਼ਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ (ਭਾਵ ਪ੍ਰਭੂ ਤੋਂ ਟੁਟੀ ਹੋਈ ਲੋਕਾਈ ਨੂੰ) ਨਾਮ ਰੰਗ ਦੇ ਕੇਸਰ ਨਾਲ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ ਖੁਸ਼ੀਆਂ ਭਰਿਆ ਬਣਾਇਆ ਜਾ ਰਿਹਾ ਹੈ। ਦੁੱਖ ਤਾਂ ਇਸ ਗੱਲ ਦਾ ਕਿ ਅੱਜ ਸਾਡੇ ਹੀ ਅਨੇਕਾਂ ਪ੍ਰਚਾਰਕ ਅਤੇ ਭਾਈ ਸਾਹਿਬਾਨ ਵੀ ਇਸ ਗਜ਼ਲ ਦੇ ਅਰਥਾਂ ਨੂੰ ਸਮਝੇ ਬਿਨਾਂ ਦਸ਼ਮੇਸ਼ ਜੀ ਰਾਹੀਂ ਸੰਗਤਾਂ ਉੱਪਰ ਰੰਗ-ਗੁਲਾਲ ਉਡਾਂਦੇ ਦਿਸ ਰਹੇ ਹਨ। ਇਸੇ ਦਾ ਨਤੀਜਾ ਹੈ ਕਿ “ਹੋਲੇ-ਮਹੱਲੇ” ਵਾਲੇ ਸ਼ਸਤਰ ਅਭਿਆਸ ਦੇ ਪਵਿਤ੍ਰ ਤਿਉਹਾਰ ਦੇ ਦਿਨ “ਅਨੰਦਪੁਰ” ਵਿਖੇ ਹੀ ਰੰਗ ਗੁਲਾਲ ਉਡਾਏ ਜਾਂਦੇ ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ। ਫਿਰ ਇਸ ਖੇਡ ਨੂੰ ਟੀ.ਵੀ. ਆਦਿ ਮੀਡੀਏ ਰਾਹੀਂ ਸੰਸਾਰ ਭਰ ਵਿੱਚ ਦਿਖਾਇਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਹੀ ਕੇਂਦਰੀ ਸਥਾਨ ਉੱਤੇ, ਗੁਰਬਾਣੀ ਦੇ ਯੋਗ ਪ੍ਰਚਾਰ ਦੀ ਘਾਟ ਕਾਰਨ, ਸਭ ਕੁਝ ਬਾਣੀ ਦੇ ਉਲਟ ਹੋ ਰਿਹਾ ਹੈ। ਇਸ ਤੋਂ ਬਾਦ ਅਸੀਂ ਇਹ ਉਮੀਦ ਵੀ ਰਖਦੇ ਹਾਂ ਕਿ ਸਾਡੀ ਸਿੱਖ ਪਨੀਰੀ ਪਤਿਤਪੁਣੇ ਵੱਲ ਨਾਂ ਵਧੇ ਅਤੇ ਗੁਰਬਾਣੀ ਆਸ਼ੇ ਤੇ ਚਲੇ। ਕਾਸ਼! ਅਸੀਂ ਕਦੇ ਅਪਣੇ ਅੰਦਰ ਵੀ ਝਾਤੀ ਮਾਰ ਸਕੀਏ। ਹੋਲੇ-ਮਹੱਲੇ ਦੇ ਸਮੇਂ ਅਨੰਦਪੁਰ ਸਾਹਿਬ ਵਿਖੇ ਜੋ ਸੁੱਖੇ ਆਦਿਕ ਨਸ਼ੇ ਪੀਤੇ ਅਤੇ ਰੰਗ ਗੁਲਾਲ ਸੁੱਟੇ ਜਾਂਦੇ ਨੇ ਸਾਨੂੰ ਇਸ ਪਖੋਂ ਵੀ ਸੰਭਲਣ ਦੀ ਵੱਡੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ। ਜਿਹੜੇ ਗੁਰੂ ਕੇ ਲਾਲ, ਆਪਣੀ ਹੂੜਮੱਤ ਜਾਂ ਅਗਿਆਨਤਾ ਕਾਰਨ, ਹੋਲੀਆਂ ਦੇ ਖਾਰੂਦੀ ਕਰਮਕਾਂਡਾਂ ਵਿੱਚ ਸ਼ਾਮਲ ਹੋ ਕੇ ਸਿੰਘ ਸਰੂਪ ਦੀ ਬੇਅਦਬੀ ਕਰਦੇ ਅਤੇ ਸੁੱਖਾ ਆਦਿਕ ਨਸ਼ੇ ਪੀਂਦੇ ਨੇ ਉਨ੍ਹਾਂ ਨੂੰ ਆਪਣੀ ਇਸ ਕਰਨੀ ਵੱਲ ਧਿਆਨ ਦੇਣ ਦੀ ਲੋੜ ਹੈ ਬਲਕਿ ਲੋਕਾਈ ਨੂੰ ਇਨ੍ਹਾਂ ਕੱਚੀਆਂ ਹੋਲੀਆਂ ਵਿੱਚੋਂ ਕੱਢ ਕੇ ਗੁਰਬਾਣੀ ਦੀ ਸਵੱਛ ਜੀਵਨ ਰੰਗਤ ਵਿੱਚ ਲਿਆਉਣ ਦਾ ਜਤਨ ਅਤੇ ਖਾਲਸਾਈ ਖੇਡ ਗਤਕਾ ਆਦਿਕ ਸ਼ਸ਼ਤ੍ਰ ਵਿਦਿਆ ਦਾ ਅਧੁਨਿਕ ਢੰਗ ਨਾਲ ਅਭਿਆਸ ਕਰਨਾ ਚਾਹੀਦਾ ਹੈ। ਅਣਖ ਅਤੇ ਸਵੈਮਾਨਤਾ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਹੱਕਾਂ ਦੀ ਖਾਤਰ ਝੂਜਣਾ ਅਤੇ ਮਜ਼ਲੂਮਾਂ ਦੀ ਰੱਖਿਆ ਕਰਨੀ, ਨਾਂ ਕਿਸੇ ਤੋਂ ਡਰਨਾਂ ਅਤੇ ਨਾਂ ਹੀ ਕਿਸੇ ਨੂੰ ਡਰਾਉਣਾ-ਭੈ ਕਾਹੂ ਕਉ ਦੇਤ ਨਹਿ ਨਹ ਭੈ ਮਾਨਤ ਆਨ॥(੧੪੨੭) ਇਹ ਹੀ ਸਹੀ ਅਰਥਾਂ ਵਿੱਚ ਅਸਲ ਹੋਲੀ ਅਤੇ ਹੋਲਾ-ਮਹੱਲਾ ਹੈ। ਉਪ੍ਰੋਕਤ ਵਿਥਿਆ ਨੂੰ ਪੜ੍ਹ ਕੇ ਹੋਲੀ ਅਤੇ ਹੋਲੇ-ਮਹੱਲੇ ਦੀ ਵਿਲੱਖਣਤਾ ਸਮਝੀ ਜਾ ਸਕਦੀ ਹੈ।

ਅਵਤਾਰ ਸਿੰਘ ਮਿਸ਼ਨਰੀ (5104325827)