ਸ੍ਰੀ ਅਕਾਲ ਤਖਤ ਦੀ ਸਿਰਜਨਾ ਦਾ ਉਦੇਸ਼ - ਜਸਵੰਤ ਸਿੰਘ 'ਅਜੀਤ'
ਕਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਸ੍ਰੀ ਅਕਾਲ ਤਖਤ ਦੀ ਸਿਰਜਨਾ ਕਿਸੇ ਰਾਜ ਸੱਤਾ ਦੀ ਪ੍ਰਾਪਤੀ ਜਾਂ ਰਾਜਨੈਤਿਕ ਮਾਰਗ ਦਰਸ਼ਨ ਦੇ ਲਈ ਨਹੀਂ, ਸਗੋਂ ਇਸਦੀ ਸਿਰਜਨਾ ਕਰਦਿਆਂ ਇਸ ਆਦਰਸ਼ ਮੁੱਖ ਰਖਿਆ ਗਿਆ ਕਿ ਇੱਕ ਤਾਂ ਇਹ ਕਿ ਇਸ ਅਸਥਾਨ ਪੁਰ ਬੈਠਾ ਸਿੱਖ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਪ੍ਰਤੀ ਸਮਰਪਿਤ ਹੋ, ਉਨ੍ਹਾਂ ਫਰਜ਼ਾਂ (ਜ਼ਿਮੇਂਦਾਰੀਆਂ) ਨੂੰ ਨਾ ਭੁਲ ਜਾਏ, ਜੋ ਉਸਨੂੰ ਆਤਮ-ਸਨਮਾਨ ਅਤੇ ਗਰੀਬ ਮਜ਼ਲੂਮ ਦੀ ਰਖਿਆ ਲਈ ਸੌਂਪੇ ਗਏ ਹੋਏ ਹਨ, ਅਰਥਾਤ ਉਹ (ਸਿੱਖ) 'ਸੰਤ' ਬਣਨ ਦੇ ਨਾਲ ਹੀ 'ਸਿਪਾਹੀ' ਦੀਆਂ ਜ਼ਿਮੇਂਦਾਰੀਆਂ ਨਿਬਾਹੁਣ, ਅਰਥਾਤ ਆਤਮ-ਸਨਮਾਨ ਅਤੇ ਗਰੀਬ-ਮਜ਼ਲੂਮ ਦੀ ਰਖਿਆ ਕਰਨ ਪ੍ਰਤੀ ਵੀ ਸਮਰਪਿਤ ਰਹੇ। ਇਸਦੇ ਨਾਲ ਹੀ ਇਹ ਆਦਰਸ਼ ਵੀ ਮਿਥਿਆ ਕਿ ਉਹ (ਸਿੱਖ) ਅਕਾਲ ਤਖਤ ਪ੍ਰਤੀ ਸਮਰਪਿਤ ਹੋ 'ਸਿਪਾਹੀ' ਬਣ, ਤਾਕਤ ਦੇ ਨਸ਼ੇ ਵਿੱਚ ਆ 'ਸੰਤ' ਦੇ ਆਦਰਸ਼ਾਂ ਨੂੰ ਅਣਗੋਲਿਆਂ ਨਾ ਕਰ ਬੈਠੇ, ਇਸਲਈ ਉਸਨੂੰ ਹਰਿਮੰਦਿਰ ਸਾਹਿਬ ਦੀ ਤਾਬਿਆ ਰਖਿਆ ਗਿਆ।
ਜਿਥੋਂ ਤਕ ਇਸ ਦਾਅਵੇ ਦਾ ਸੁਆਲ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਦੀ ਸੰਰਚਨਾ ਕਰ 'ਧਰਮ ਤੇ ਰਾਜਨੀਤੀ' ਵਿੱਚ ਸਾਂਝ ਸਥਾਪਤ ਕੀਤੀ ਸੀ, ਉਸ ਸਬੰਧੀ ਕਿਸੇ ਅੰਤਿਮ ਨਤੀਜੇ ਤੇ ਪੁਜਣ ਲਈ ਇਸ ਸੁਆਲ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਫੈਸਲਾ ਕਰਨਾ ਹੋਵੇਗਾ ਕਿ ਕੀ ਅਜਿਹਾ ਸੰਭਵ ਹੈ? ਕਿਉਂਕਿ ਇਕ ਪਾਸੇ ਤਾਂ ਉਹ ਧਰਮ ਹੈ, ਜਿਸਨੂੰ ਪਵਿਤਰਤਾ, ਕੁਰਬਾਨੀ, ਸੇਵਾ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦਕਿ ਦੂਜੇ ਪਾਸੇ ਉਹ ਰਾਜਨੀਤੀ ਹੈ, ਜਿਸਦੀ ਨੀਂਹ ਹੀ ਸੱਤਾ ਦੀ ਭੁਖ, ਧੋਖੇ, ਫਰੇਬ, ਵਿਸਾਹਘਾਤ ਅਤੇ ਸੁਆਰਥ ਪੁਰ ਰਖੀ ਗਈ ਹੋਈ ਮੰਨੀ ਜਾਂਦੀ ਹੈ।
ਸ੍ਰੀ ਅਕਾਲ ਤਖ਼ਤ ਦੀ ਸਿਰਜਣਾ: ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਸ੍ਰੀ ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਅਤੇ ਆਸ਼ੇ ਦੇ ਨਾਲ ਕੀਤੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰੇਗਾ, ਜਿਸਦੇ ਸਹਾਰੇ ਉਹ ਆਤਮ-ਰਖਿਆ ਲਈ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਦਾ ਖਾਤਮਾ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਹੋ ਸਕਣਗੇ।
ਉਚ ਧਰਮ ਅਸਥਾਨ, ਸ੍ਰੀ ਅਕਾਲ ਤਖ਼ਤ, ਸਤਿਗੁਰਾਂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਦੇ ਨਾਲ ਆਉਂਦਾ ਹੈ ਕਿ ਉਸ ਕੋਲੋਂ ਜੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਬਿਨਾ ਕਿਸੇ ਕਿੰਤੂ-ਪ੍ਰੰਤੂ ਦੇ ਬਖ਼ਸ਼ੀ ਜਾਇਗੀ। ਗੁਰੂ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ 'ਦੋਸ਼' ਨਹੀਂ ਲਗਦੇ, 'ਸਜ਼ਾ' ਨਹੀਂ ਮਿਲਦੀ। ਸਗੋਂ, ਸੱਚੇ ਦਿਲੋਂ ਸਵੀਕਾਰ ਕਰਦਿਆਂ ਹੀ 'ਭੁਲ' ਬਖ਼ਸ਼ੀ ਜਾਂਦੀ ਹੈ। ਗੁਰੂ ਦੇ ਦਰ ਤੇ ਇਹੀ ਇਕੋ-ਇਕ ਸਿਧਾਂਤ ਕੰਮ ਕਰਦਾ ਹੈ: 'ਨਾਨਕ ਬਖਸੇ ਪੂਛ ਨ ਹੋਇ'। ਹੋਰ: 'ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ'। ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਸਦਾ ਹੀ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੈ ਕੇ ਕਿਸੇ ਨੂੰ ਦੋਸ਼ੀ ਠਹਿਰਾ, ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਸਿਧਾਂਤ ਅਤੇ ਆਦਰਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਤੇ ਗੁਰੂ ਦਾ ਦੇਣ-ਦਾਰ ਹੈ ਅਤੇ ਜੋ ਇਸ ਡਰੋਂ ਗੁਰੂ ਦਰ ਤੇ ਜਾ, ਭੁਲ ਸਵੀਕਾਰ ਕਰਨ ਤੋਂ ਸੰਕੋਚ ਕਰਦਾ ਹੈ, ਕਿ ਜੇ ਉਸਨੇ ਭੁਲ ਸਵੀਕਾਰ ਕਰ ਲਈ ਤਾਂ ਉਸਨੂੰ ਲੋਕਾਂ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇਗਾ, ਉਹ ਵੀ ਕਦੀ ਕੀਤੀ ਭੁਲ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ। ਉਸਦੀ ਆਪਣੀ ਹੀ ਆਤਮਾ ਉਸਨੂੰ ਕੀਤੀ ਗਈ ਭੁਲ ਦੇ ਲਈ ਸਦਾ ਕਚੋਟਦੀ ਰਹੇਗੀ। ਇਤਿਹਾਸ ਗੁਆਹ ਹੈ ਕਿ ਜਦੋਂ ਮਹਾਂ ਸਿੰਘ ਇਕਲੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਦਾਵਾ, 'ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ' ਲਿਖ, ਦੇ ਗਏ 40 ਸਿੱਖਾਂ ਨੂੰ ਬਖਸ਼ਣ ਦੀ ਬੇਨਤੀ ਕੀਤੀ ਤਾਂ ਬਖਸ਼ਣਹਾਰ ਸਤਿਗੁਰਾਂ ਨੇ ਉਨ੍ਹਾਂ ਨੂੰ ਬਖਸ਼ਣ ਵਿੱਚ ਜ਼ਰਾ ਵੀ ਢਿਲ ਨਹੀਂ ਕੀਤੀ, ਤੁਰੰਤ ਹੀ ਕਮਰਕੱਸੇ ਵਿੱਚ ਸਾਂਭ ਰਖਿਆ ਬੇਦਾਵਾ ਕਢ ਮਹਾਂ ਸਿੰਘ ਦੀਆਂ ਅੱਖਾਂ ਸਾਹਮਣੇ ਹੀ ਪਾੜ ਹਵਾ ਵਿੱਚ ਉੱਡਾ ਮਹਾਂ ਸਿੰਘ ਨੂੰ ਗਲ ਨਾਲ ਲਾ ਲਿਆ।
ਰਾਜਸੱਤਾ ਦਾ ਸਿੱਖ ਸੰਕਲਪ: ੱਿਸੱਖ ਵਿਦਵਾਨ ਵੀ ਰਾਜਸੱਤਾ ਦੇ ਸਿੱਖ ਸੰਕਲਪ ਦੇ ਮੁੱਦੇ ਤੇ ਇਕ ਮਤ ਨਹੀਂ ਹਨ। ਇਕ ਵਰਗ ਦਾ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਲੱਖਾ ਸਿੰਘ ਅਨੁਸਾਰ: 'ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤਿ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ', ਸਿੱਖਾਂ ਨੂੰ ਰਾਜੇ ਹੋਣ ਦਾ ਵਰ ਦਿਤਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣਾ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਵਿਚ ਉਹ ਭਾਈ ਕੋਇਰ ਸਿੰਘ ਲਿਖਤ 'ਗੁਰਬਿਲਾਸ' ਵਿਚੋਂ ਇਹ ਟੂਕ ਦਿੰਦੇ ਹਨ; 'ਮੈਂ ਅਸਿਪਾਨਜ (ਖੜਗਧਾਰੀ) ਤਦ ਸੁ ਕਹਾਊਂ, ਚਿੜੀਅਨ ਪੈ ਜੋ ਬਾਜ ਤੁੜਾਊਂ। ਕਿਰਸਾਨੀ ਜਗ ਮੈ ਭਏ ਰਾਜਾ'। ਹੋਰ: 'ਅਬ ਦਯੈ ਪਾਤਸਾਹੀ ਗਰੀਬਨ ਉਠਾਇ, ਵੈ ਜਾਨੈ ਗੁਰ ਦਈ ਮਾਹਿ'।
ਜਦਕਿ ਦੂਜੇ ਵਰਗ ਦਾ ਪੱਖ ਇਹ ਦਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਜਬਰ, ਜ਼ੁਲਮ ਅਤੇ ਜ਼ਾਲਮ ਵਿਰੁਧ ਸਦੀਵੀ ਸੰਘਰਸ਼ ਜਾਰੀ ਰਖਣ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਕੀਤੀ ਹੈ। ਇਸਦੇ ਵਿਰੁਧ ਰਾਜਸੱਤਾ ਇਨ੍ਹਾਂ (ਜਬਰ ਅਤੇ ਜ਼ੁਲਮ) ਤੋਂ ਬਿਨਾਂ ਨਾ ਤਾਂ ਕਾਇਮ ਹੋ ਸਕਦੀ ਹੈ ਅਤੇ ਨਾ ਹੀ ਕਾਇਮ ਰਖੀ ਜਾ ਸਕਦੀ ਹੈ। ਜਿਸ ਕਾਰਣ ਰਾਜਸੱਤਾ ਅਤੇ ਖਾਲਸੇ ਵਿਚਕਾਰ ਅਰੰਭ ਤੋਂ ਹੀ ਟਕਰਾਉ ਬਣਿਆ ਚਲਿਆ ਆ ਰਿਹਾ ਹੈ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਈ ਪਾਤਸਾਹੀ ਨੂੰ 'ਮਹਿਮਾ ਪ੍ਰਕਾਸ਼' ਦੇ ਇਨ੍ਹਾਂ ਸ਼ਬਦਾਂ-'ਐਸਾ ਪੰਥ ਸਤਿਗੁਰ ਰਚਾ, ਸਗਲ ਜਗਤ ਹੈਰਾਨ। ਬਿਨ ਧਨ ਭੂਮ ਰਾਜਾ ਬਨੈ, ਬਿਨ ਪਦ ਬਢੇ ਮਹਾਨ' ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੈ। ਅਰਥਾਤ ਖਾਲਸਾ ਕਿਸੇ ਜ਼ਮੀਨੀ ਖਿੱਤੇ ਜਾਂ ਇਲਾਕੇ ਤੇ ਰਾਜ ਕਰਨ ਵਾਲਾ ਰਾਜਾ ਨਹੀਂ, ਇਲਾਕਿਆਂ ਅਤੇ ਜ਼ਮੀਨੀ ਖਿਤਿਆਂ ਦੀ ਰਾਜ-ਸੱਤਾ ਤਾਂ ਬਦਲਦੀ ਰਹਿੰਦੀ ਪਰ ਖਾਲਸਾ ਆਪਣੇ ਕਿਰਦਾਰ ਤੇ ਆਦਰਸ਼ਾਂ ਕਾਰਣ ਮਨੁਖੀ ਦਿੱਲਾਂ ਪੁਰ ਰਾਜ-ਸੱਤਾ ਕਾਇਮ ਕਰਨ ਵਾਲਾ ਅਜਿਹਾ ਰਾਜਾ ਹੈ, ਜਿਸਦਾ ਰਾਜ ਨਾ ਤਾਂ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਮਿਟਾ ਸਕਦਾ ਹੈ।
...ਅਤੇ ਅੰਤ ਵਿਚ: ਜਿਉਂ-ਜਿਉਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ਾਂ (ਹੁਕਮਨਾਮਿਆਂ) ਦੇ ਸਬੰਧ ਵਿਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿਚ ਲਗਾਤਾਰ ਇਹ ਧਾਰਣਾ ਦ੍ਰਿੜ੍ਹ ਹੁੰਦੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਵਿਵਾਦਤ ਮੁੱਦਿਆਂ ਪੁਰ ਵਿਚਾਰ ਕੀਤੀ ਜਾਣੀ ਹੋਵੇ ਤਾਂ ਉਨ੍ਹਾਂ ਪੁਰ ਵਿਚਾਰ ਕਰਨ ਲਈ ਦੋਹਾਂ ਧਿਰਾਂ ਦੇ ਪ੍ਰਵਾਨਤ ਪੰਜ ਪਿਆਰੇ ਹੋਣੇ ਚਾਹੀਦੇ ਹਨ। ਇਕ ਵਿਚਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਰਾਜਸੀ ਮੁੱਦੇ ਬਿਲਕੁਲ ਹੀ ਨਹੀਂ ਵਿਚਾਰੇ ਜਾਣੇ ਚਾਹੀਦੇ, ਉਥੇ ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ। ਇਸਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਇਕ ਸਕ੍ਰੀਨਿੰਗ ਕਮੇਟੀ ਹੋਣੀ ਚਾਹੀਦੀ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਵਿਚਾਰ ਲਈ ਆਉਣ ਵਾਲੇ ਮੁੱਦਿਆਂ ਦੇ ਸਬੰਧ ਵਿਚ ਪੁਣ-ਛਾਣ ਕਰਕੇ, ਬਹੁਤ ਮਹਤਵਪੁਰਣ ਮੁੱਦੇ ਹੀ ਸਿੰਘ ਸਾਹਿਬਾਨ ਦੇ ਸਾਹਮਣੇ ਵਿਚਾਰ ਲਈ ਪੇਸ਼ ਕਰੇ ਅਤੇ ਜਿਨ੍ਹਾਂ ਦਾ ਆਧਾਰ ਜਾਤੀ ਵਿਰੋਧ ਅਤੇ ਰਾਜਨੀਤੀ ਹੋਵੇ ਉਨ੍ਹਾਂ ਨੂੰ ਹੇਠਲੀ ਪੱਧਰ ਤੇ ਹੀ ਵਾਪਸ ਜਾਂ ਰੱਦ ਕਰ ਦਿੱਤਾ ਕਰੇ।
Mobile : +91 95 82 71 98 90
E-Mail : jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085