ਤੇਗ਼ ਤਪੱਸਿਆ 'ਤੇ ਚਾਦਰ  - ਰਵਿੰਦਰ ਸਿੰਘ ਕੁੰਦਰਾ

ਤੇਗ਼  ਤਪੱਸਿਆ  ਦਾ  ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਦੇ  ਰੰਗ  ਨਿਆਰੇ  ਨੇ,
ਸਾਰੇ  ਹੀ ਜਾਨ ਤੋਂ  ਪਿਆਰੇ ਨੇ।
ਪਰਦਾ ਹੈ ਭੋਲੀਆਂ ਇੱਜ਼ਤਾਂ ਦਾ,
ਨਾਮ ਬਾਣੀ ਦੀਆਂ ਸਿਫਤਾਂ ਦਾ।
ਸ਼ਾਂਤੀ ਦਾ  ਭਰਿਆ  ਸਾਗਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਬਣ  ਜਾਵੇ  ਢਾਲ  ਕਦੀ,
ਖੜ੍ਹੇ ਹੱਸ ਮਜ਼ਲੂਮ ਦੇ ਨਾਲ ਕਦੀ।
ਸਭ ਕੁੱਝ ਹੀ ਦਾਅ 'ਤੇ ਲਾ ਦੇਵੇ,
ਜ਼ਾਲਮ ਅੱਗੇ  ਹਿੱਕ ਡਾਹ  ਦੇਵੇ।
ਨਾ ਸੱਚ ਕਹਿਣੋਂ ਕਦੀ ਨਾਬਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਵਚਨਾਂ 'ਤੇ  ਬਚਨਾਂ ਦਾ  ਪੂਰਾ ਹੈ,
ਮੈਦਾਨੇ  ਜੰਗ  ਵਿੱਚ  ਸੂਰਾ ਹੈ।
ਭੈਅ  ਕਿਸੇ  ਨੂੰ  ਨਾ  ਦੇਵੇ,
ਕੋਈ ਦੇਵੇ ਤਾਂ ਫਿਰ ਲਾਹ ਦੇਵੇ।
ਮਕਤਲ ਤੱਕ ਚੱਲ ਕੇ ਖ਼ੁਦ ਪਹੁੰਚੇ,
ਇੱਕ  ਐਸਾ  ਨੇਕ  ਮੁਸਾਫਿਰ  ਹੈ,
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਤੇਗ਼ ਤਪੱਸਿਆ ਦਾ ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਰਵਿੰਦਰ ਸਿੰਘ ਕੁੰਦਰਾ