ਦੁਖੁ ਦਰਵਾਜਾ ਰੋਹੁ ਰਖਵਾਲਾ ...  - ਸਵਰਾਜਬੀਰ

ਫਰਵਰੀ 2021 : ਇੰਸਟੀਚਿਊਟ ਆਫ਼ ਲਾਈਫ਼ ਸਾਇੰਸਜ਼ (Institute of Life Sciences) ਭੁਬਨੇਸ਼ਵਰ ਦੇ ਡਾਇਰੈਕਟਰ ਅਤੇ ਉੱਘੇ ਵਿਗਿਆਨੀ ਅਜੈ ਕੁਮਾਰ ਪਰੀਦਾ (ਪਦਮ ਸ੍ਰੀ 2014) ਨੇ ਇਸ ਮਹੀਨੇ ਦੇ ਸ਼ੁਰੂ ਵਿਚ ਖ਼ਬਰਾਂ ਦੇਣ ਵਾਲੀ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਹਿੰਦੋਸਤਾਨ ਦੇ ਵਿਗਿਆਨੀਆਂ ਨੇ ਦੇਸ਼ ਵਿਚ ਕਰੋਨਾ ਦੇ ਬਦਲੇ ਹੋਏ ਰੂਪ B.1.617 ਬਾਰੇ ਪਤਾ ਲਗਾ ਲਿਆ ਸੀ ਅਤੇ ਕੋਵਿਡ-19 ਬਾਰੇ ਖੋਜ ਕਰਨ ਲਈ ਬਣੇ ਸਿਖ਼ਰਲੇ ਮੰਚ ਇਨਸਾਕੋਗ (INSACOG) ਨੇ ਕੁਝ ਦਿਨਾਂ ਬਾਅਦ ਇਸ ਦੀ ਪੁਸ਼ਟੀ ਕਰ ਦਿੱਤੀ ਸੀ।

ਵਾਇਰਸ ਆਪਣੇ ਰੂਪ ਬਦਲਦੇ ਰਹਿੰਦੇ ਹਨ। ਨਵੇਂ ਰੂਪ ਜ਼ਿਆਦਾ ਘਾਤਕ ਵੀ ਹੋ ਸਕਦੇ ਹਨ ਅਤੇ ਘੱਟ ਘਾਤਕ ਵੀ; ਜ਼ਿਆਦਾ ਫੈਲਣ ਵਾਲੇ ਵੀ ਅਤੇ ਘੱਟ ਫੈਲਣ ਵਾਲੇ ਵੀ। ਵਾਇਰਸ ਦੇ ਬਦਲ ਰਹੇ ਰੂਪਾਂ ਦਾ ਪਤਾ ਲਗਾਉਣ ਲਈ ਵਾਇਰਸ ਦੀ ਜੀਨੋਮਜ਼ (Genomes) ਬਾਰੇ ਲਗਾਤਾਰ ਖੋਜ ਕਰਨੀ ਪੈਂਦੀ ਹੈ। ਇਕ ਰੂਪ ਦੀ ਪੁਸ਼ਟੀ ਦਸੰਬਰ ਵਿਚ ਇੰਗਲੈਂਡ ਨੇ ਕੀਤੀ ਜਿਸ ਨੂੰ B.1.1.7 ਕਿਹਾ ਗਿਆ, ਇਹ ਰੂਪ ਮੁੱਢਲੇ ਕਰੋਨਾਵਾਇਰਸ ਤੋਂ 70 ਫ਼ੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਦੱਖਣੀ ਅਫ਼ਰੀਕਾ ਵਿਚ ਲੱਭੇ ਗਏ ਰੂਪ ਨੂੰ B.1.351 ਕਿਹਾ ਗਿਆ। ਜਪਾਨ ਦੇ ਵਿਗਿਆਨੀਆਂ ਨੇ ਬਰਾਜ਼ੀਲ ਤੋਂ ਆਏ ਮੁਸਾਫ਼ਿਰਾਂ ’ਚੋਂ ਇਕ ਹੋਰ ਰੂਪ ਲੱਭਿਆ ਜਿਸ ਦਾ ਨਾਮ P.1 ਰੱਖਿਆ ਗਿਆ। ਵਿਗਿਆਨੀਆਂ ਨੂੰ ਇਨ੍ਹਾਂ ਬਦਲ ਰਹੇ ਰੂਪਾਂ ਦਾ ਖੁਰਾ-ਖੋਜ ਇਸ ਲਈ ਨਾਪਣਾ ਪੈਂਦਾ ਹੈ ਕਿਉਂਕਿ ਬਦਲੇ ਹੋਏ ਰੂਪ ਨਾ ਸਿਰਫ਼ ਮਨੁੱਖਾਂ ਲਈ ਘਾਤਕ ਹੋ ਸਕਦੇ ਹਨ ਸਗੋਂ ਟੈਸਟ ਕਰਨ ਅਤੇ ਵੈਕਸੀਨ ਬਣਾਉਣ ਲਈ ਵੀ ਇਸ ਗਿਆਨ ਦੀ ਜ਼ਰੂਰਤ ਹੁੰਦੀ ਹੈ। ਭਾਰਤ ਵਿਚ ਇਹ ਜ਼ਿੰਮੇਵਾਰੀ 10 ਵਿਗਿਆਨਕ ਅਦਾਰਿਆਂ ਦੇ ਇਕ ਸਾਂਝੇ ਮੰਚ ਇਨਸਾਕੋਗ ਨੂੰ ਦਿੱਤੀ ਗਈ।

  ਇਨਸਾਕੋਗ ਕੀ ਹੈ?

ਇਸ ਦਾ ਪੂਰਾ ਨਾਮ ਹੈ ਇੰਡੀਅਨ ਸਾਰਸ-ਕੋਵ (ਕੋਵਿਡ)-2 ਜੀਨੋਮਕਸ ਕੰਨਸੋਰਟੀਅਮ (Indian Sars-Cov-2 Genomics Consortium) ਹੈ। ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ (National Centre for Disease Control) ਦੇ ਡਾਇਰੈਕਟਰ ਡਾ. ਸੁਜੀਤ ਕੁਮਾਰ ਸਿੰਘ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਮੈਡੀਕਲ ਜੀਨੋਮਕਸ (National Institute of Biomedical Genomics) ਦੇ ਡਾਇਰੈਕਟਰ ਡਾ. ਸੁਮਿਤਰਾ ਦਾਸ ਇਸ ਮੰਚ ਦੇ ਸੰਚਾਲਕ/ਕੋ-ਆਰਡੀਨੇਟਰ ਹਨ। ਡਾ. ਅਜੈ ਕੁਮਾਰ ਪਰੀਦਾ, ਡਾਇਰੈਕਟਰ ਇੰਸਟੀਚਿਊਟ ਆਫ਼ ਲਾਈਫ਼ ਸਾਇੰਸਜ਼ ਅਤੇ ਡਾ. ਰਾਕੇਸ਼ ਮਿਸ਼ਰਾ ਡਾਇਰੈਕਟਰ ਸੈਂਟਰ ਫਾਰ ਸੈਲੂਲਰ ਐਂਡ ਮੋਲਿਕਿਊਲਰ ਬਿਆਲੋਜੀ (Centre for Cellular and Molecular Biology) ਹੈਦਰਾਬਾਦ ਇਸ ਮੰਚ ਦੇ ਮਹੱਤਵਪੂਰਨ ਮੈਂਬਰ ਹਨ।

       10 ਮਾਰਚ 2021 : ਮਈ 2021 ਦੇ ਪਹਿਲੇ ਹਫ਼ਤੇ ਡਾ. ਰਾਕੇਸ਼ ਮਿਸ਼ਰਾ ਨੇ ਰਾਇਟਰਜ਼ ਨੂੰ ਦੱਸਿਆ ਕਿ ਇਨਸਾਕੋਗ (INSACOG) ਨੇ ਮਾਰਚ 2021 ਦੇ ਸ਼ੁਰੂ ਵਿਚ ਇਹ ਜਾਣਕਾਰੀ ਕਿ ਕਰੋਨਾਵਾਇਰਸ ਭਾਰਤ ਵਿਚ ਰੂਪ ਬਦਲ ਚੁੱਕਾ ਹੈ, ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ (ਜਿਸ ਦੇ ਡਾਇਰੈਕਟਰ ਸੁਜੀਤ ਕੁਮਾਰ ਸਿੰਘ ਹਨ) ਨਾਲ ਸਾਂਝੀ ਕੀਤੀ ਤੇ ਦੱਸਿਆ ਸੀ ਕਿ ਵਾਇਰਸ ਦੇ ਬਦਲੇ ਹੋਏ ਰੂਪ ਵਿਚ ਦੋ ਤਬਦੀਲੀਆਂ ਆਈਆਂ ਹਨ (ਇਨ੍ਹਾਂ ਤਬਦੀਲੀਆਂ ਨੂੰ E484Q ਅਤੇ L452R ਕਿਹਾ ਗਿਆ)। ਇਨਸਾਕੋਗ ਨੇ ਕਿਹਾ ਸੀ ਕਿ ਇਨ੍ਹਾਂ ਤਬਦੀਲੀਆਂ ਕਾਰਨ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਮਨੁੱਖ ਦੇ ਬਿਮਾਰੀਆਂ ਨਾਲ ਲੜਨ ਵਾਲੇ ਸਿਸਟਮ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਇਹ ਰੂਪ ਮਹਾਰਾਸ਼ਟਰ ਦੇ 15-20 ਫ਼ੀਸਦੀ ਕੇਸਾਂ ਵਿਚ ਮਿਲਿਆ ਸੀ ਅਤੇ ਇਨਸਾਕੋਗ ਨੇ ਇਸ ਬਾਰੇ ‘ਡੂੰਘੀ ਚਿੰਤਾ (High Concern)’ ਪ੍ਰਗਟਾਈ ਸੀ। ਡਾ. ਸੁਜੀਤ ਕੁਮਾਰ ਸਿੰਘ ਨੇ ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੂੰ ਪਹੁੰਚਾਈ। ਇਨਸਾਕੋਗ ਦੇ ਵਿਗਿਆਨੀਆਂ ਅਨੁਸਾਰ ‘‘ਸਾਨੂੰ ਬਹੁਤ ਫ਼ਿਕਰ ਸੀ ਕਿ ਕੋਈ ਭਿਆਨਕ ਵਰਤਾਰਾ ਵਰਤੇਗਾ।’’ ਇਨਸਾਕੋਗ ਨੇ ਇਹ ਵੀ ਦੱਸਿਆ ਸੀ ਕਿ ਵੱਡੇ ਪੈਮਾਨੇ ’ਤੇ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀਂ ਤਾਂ ਅਸੀਂ ਲੋਕਾਂ ਨੂੰ ਵੱਡੀ ਪੱਧਰ ’ਤੇ ਹੋਣ ਵਾਲੀਆਂ ਮੌਤਾਂ ਤੋਂ ਬਚਾਉਣ ਵਿਚ ਅਸਫ਼ਲ ਰਹਾਂਗੇ। ਡਾ. ਰਾਕੇਸ਼ ਮਿਸ਼ਰਾ ਨੇ ਨਿਊਜ਼ ਪੋਰਟਲ ‘ਦਿ ਵਾਇਰ’ ਨਾਲ ਕੀਤੀ ਮੁਲਾਕਾਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਜਾਣਕਾਰੀ ਅਤੇ ਇਨਸਾਕੋਗ ਦੀ ‘ਡੂੰਘੀ ਚਿੰਤਾ’ 10 ਮਾਰਚ ਤੋਂ ਪਹਿਲਾਂ ਸਰਕਾਰ ਤਕ ਪਹੁੰਚਾ ਦਿੱਤੀ ਗਈ ਸੀ।

     24 ਮਾਰਚ 2021 : ਇਸ ਦਿਨ ਕੇਂਦਰੀ ਸਿਹਤ ਮੰਤਰਾਲੇ ਨੇ ਇਨਸਾਕੋਗ ਦੀ ਇਹ ਜਾਣਕਾਰੀ ਪ੍ਰੈਸ ਵਿਚ ਦਿੱਤੀ ਜਿਸ ਵਿਚ ਕਿਹਾ ਗਿਆ ਕਿ ਦੇਸ਼ ਵਿਚ ਕਰੋਨਾਵਾਇਰਸ ਦੇ ਬਦਲੇ ਹੋਏ ਰੂਪ ਮੌਜੂਦ ਹਨ ਪਰ ਉਸ ਬਿਆਨ ਵਿਚ ‘ਇਨਸਾਕੋਗ’ ਵੱਲੋਂ ਪ੍ਰਗਟਾਈ ਗਈ ‘ਡੂੰਘੀ ਚਿੰਤਾ’ ਦਾ ਕੋਈ ਜ਼ਿਕਰ ਨਹੀਂ ਸੀ।

ਕੁਝ ਜ਼ਰੂਰੀ ਪ੍ਰਸ਼ਨ

ਉੱਪਰਲੇ ਵਿਸਥਾਰ ’ਚੋਂ ਕਈ ਪ੍ਰਸ਼ਨ ਉੱਭਰਦੇ ਹਨ ਪਰ ਪ੍ਰਮੁੱਖ ਸਵਾਲ ਇਹ ਹੈ ਕਿ ਜਦ ਸਰਕਾਰ ਨੇ ਦੇਸ਼ ਦੇ ਸਭ ਤੋਂ ਉੱਤਮ ਵਿਗਿਆਨੀਆਂ ਦਾ ਇਕ ਮੰਚ ਬਣਾਇਆ ਤੇ ਉਸ ਮੰਚ ਨੇ ਵੇਲੇ ਸਿਰ ਸਰਕਾਰ ਨੂੰ ਆਉਣ ਵਾਲੇ ਖ਼ਤਰੇ ਬਾਰੇ ਆਗਾਹ ਕੀਤਾ ਤਾਂ ਸਰਕਾਰ ਨੇ ਵਿਗਿਆਨੀਆਂ ਦੁਆਰਾ ਦਿੱਤੀ ਜਾਣਕਾਰੀ ’ਤੇ ਉੱਚਿਤ ਕਾਰਵਾਈ ਕਿਉਂ ਨਾ ਕੀਤੀ। ਹੋਰ ਕਈ ਸਵਾਲ ਹਨ : ਕੀ ਉਹ ਜਾਣਕਾਰੀ ਸਾਧਾਰਨ ਚਿੱਠੀ-ਪੱਤਰਾਂ ਦਾ ਹਿੱਸਾ ਬਣ ਕੇ ਰਹਿ ਗਈ? ਕੀ ਉਹ ਜਾਣਕਾਰੀ ਪ੍ਰਧਾਨ ਮੰਤਰੀ ਤਕ ਪਹੁੰਚਾਈ ਗਈ ਜਾਂ ਨਹੀਂ? ਕੀ ਇਸ ਬਾਰੇ ਕੇਂਦਰ ਸਰਕਾਰ ਦੀ ਕੋਈ ਉੱਚ-ਪੱਧਰੀ ਮੀਟਿੰਗ ਹੋਈ ? ਸਾਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਕਦੀ ਨਹੀਂ ਮਿਲੇਗਾ। ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਵੇਗੀ।

      ਇਕ ਸਿਆਸੀ ਸਵਾਲ ਇਹ ਹੈ ਕਿ ਜਿਸ ਸਮੇਂ ਇਹ ਜਾਣਕਾਰੀ ਦਿੱਤੀ ਗਈ, ਉਸ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਕੀ ਕਰ ਰਹੇ ਸਨ। ਉਸ ਦਾ ਜਵਾਬ ਸਭ ਦੇ ਸਾਹਮਣੇ ਹੈ। ਉਸ ਸਮੇਂ (ਮਾਰਚ 2021) ਤੇ ਉਸ ਤੋਂ ਬਹੁਤ ਦੇਰ ਬਾਅਦ ਤਕ ਕੇਂਦਰ ਸਰਕਾਰ ਦੇ ਮੰਤਰੀ ਲੱਖਾਂ, ਹਜ਼ਾਰਾਂ ਲੋਕਾਂ ਦੀਆਂ ਚੋਣ ਰੈਲੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਸ ਸਮੇਂ ਤਕ ਦੇਸ਼ ਦਾ ਪ੍ਰਧਾਨ ਮੰਤਰੀ ਆਲਮੀ ਆਰਥਿਕ ਮੰਚ (World Economic Forum) ਨੂੰ ਦੱਸ ਚੁੱਕਾ ਸੀ ਕਿ ਭਾਰਤ ਕੋਵਿਡ-19 ਵਿਰੁੱਧ ਜੰਗ ਜਿੱਤ ਚੁੱਕਾ ਹੈ ਅਤੇ ਦੂਸਰੇ ਦੇਸ਼ਾਂ ਦੀ ਸਹਾਇਤਾ ਕਰ ਰਿਹਾ ਹੈ। ਭਾਜਪਾ ਦੀ ਕੌਮੀ ਕਾਰਜਕਾਰੀ ਕਮੇਟੀ ਪ੍ਰਧਾਨ ਮੰਤਰੀ ਦੀ ਕੋਵਿਡ-19 ’ਤੇ ਫ਼ਤਹਿ ਪਾਉਣ ਲਈ ਸ਼ਲਾਘਾ ਕਰ ਰਹੀ ਸੀ। ਕੀ ਕੋਈ ਜਵਾਬ ਦੇਵੇਗਾ ਕਿ ਅਸੀਂ ਏਨੀ ਵੱਡੀ ਗ਼ਲਤਫ਼ਹਿਮੀ ’ਚ ਕਿਉਂ ਸੀ?

ਉੱਪਰਲੀ ਉਦਾਹਰਨ, ਸਿਆਸਤ, ਸਰਕਾਰ ਤੇ ਸਮਾਜ

    ਉੱਪਰਲੀ ਉਦਾਹਰਨ ਸਿਰਫ਼ ਇਕ ਘਟਨਾਕ੍ਰਮ ਦਾ ਵਰਨਣ ਕਰਦੀ ਹੈ ਜਿਸ ਵਿਚ ਸਿਆਣੇ ਬੰਦਿਆਂ/ਮਾਹਿਰਾਂ ਦੀ ਰਾਏ ਨਹੀਂ ਸੁਣੀ ਗਈ। ਅਭਿਮਾਨ-ਗ੍ਰਸਤ ਰਿਆਸਤ/ਸਟੇਟ ਨੂੰ ਅਜਿਹੀਆਂ ਰਾਵਾਂ ਨਾ ਸੁਣਨ ਦੀ ਆਦਤ ਪੈ ਚੁੱਕੀ ਹੈ ਪਰ ਅੱਜ ਬਲਦੇ ਸਿਵੇ, ਆਕਸੀਜਨ ਲਈ ਸਹਿਕਦੇ ਸਰੀਰ ਤੇ ਹਸਪਤਾਲਾਂ ਤੋਂ ਬਾਹਰ ਪਏ ਮਰੀਜ਼ ਇਕ ਬਿਮਾਰ ਰਿਆਸਤ/ਸਟੇਟ ਤੇ ਸਮਾਜ ਦੀ ਨਿਸ਼ਾਨਦੇਹੀ ਕਰਦੇ ਹਨ। ਇਕ ਨਿਰਾਸ਼ਾਮਈ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਅਜਿਹੇ ਪ੍ਰਸ਼ਨ ਪੁੱਛਣ ਦਾ ਕੋਈ ਫ਼ਾਇਦਾ ਨਹੀਂ, ਸਾਡੇ ਦੇਸ਼ ਵਿਚ ਹਾਲਾਤ ਕਦੀ ਨਹੀਂ ਬਦਲਣਗੇ। ਜੇਕਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਸਰਕਾਰ ਤੋਂ ਅਜਿਹੇ ਪ੍ਰਸ਼ਨ ਪੁੱਛ ਵੀ ਲੈਣ ਤਾਂ ਲੰਮੇ ਲੰਮੇ ਹਲਫ਼ਨਾਮਿਆਂ ਰਾਹੀਂ ਜ਼ਿੰਮੇਵਾਰੀਆਂ ਇਕ-ਦੂਸਰੇ ’ਤੇ ਸੁੱਟ ਕੇ ਅਦਾਲਤਾਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉੱਪਰਲਾ ਬਿਰਤਾਂਤ ਇਹ ਵੀ ਸਿੱਧ ਕਰਦਾ ਹੈ ਕਿ ਸਭ ਕਮੀਆਂ ਤੇ ਖਾਮੀਆਂ ਦੇ ਬਾਵਜੂਦ ਸਾਡੇ ਦੇਸ਼ ਵਿਚ ਉੱਚੀ ਪੱਧਰ ਦੀ ਵਿਗਿਆਨਕ ਯੋਗਤਾ ਮੌਜੂਦ ਹੈ ਪਰ ਦੁਖਾਂਤ ਇਹ ਹੈ ਕਿ ਅਸੀਂ ਨਾ ਤਾਂ ਆਪਣੇ ਵਿਗਿਆਨੀਆਂ ਅਤੇ ਮਾਹਿਰਾਂ ਦਾ ਕਿਹਾ ਸੁਣਦੇ ਹਾਂ ਅਤੇ ਨਾ ਹੀ ਉਨ੍ਹਾਂ ਦੀ ਯੋਗਤਾ ਨੂੰ ਲੋਕ-ਪੱਖੀ ਦਿਸ਼ਾ ਦਿੱਤੀ ਜਾਂਦੀ ਹੈ।

       ਸ਼ੈਕਸਪੀਅਰ ਦੇ ਨਾਟਕ ‘ਹੈਮਲੈਟ ਡੈਨਮਾਰਕ ਦਾ ਰਾਜਕੁਮਾਰ’ ਵਿਚ ਹੈਮਲੈਟ ਨੂੰ ਬਿਮਾਰ ਜਾਂ ਮਾਨਸਿਕ ਦੁਬਿਧਾ ਦੇ ਸ਼ਿਕਾਰ ਵਿਅਕਤੀ ਵਜੋਂ ਚਿਤਰਿਆ ਗਿਆ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਹੈਮਲੈਟ ਪ੍ਰਤੀਕ ਹੈ, ਉਹ ਬਿਮਾਰ ਨਹੀਂ ਹੈ ਸਗੋਂ ਡੈਨਮਾਰਕ ਦੀ ਰਿਆਸਤ/ਸਟੇਟ ਬਿਮਾਰ ਹੈ। ਇਸ ਤਰ੍ਹਾਂ ਉੱਪਰ ਦਿੱਤੀ ਉਦਾਹਰਨ ਸਿੱਧ ਕਰਦੀ ਹੈ ਕਿ ਸਮੱਸਿਆ ਰਿਆਸਤ/ਸਟੇਟ ਤੇ ਸਮਾਜ ਦੀ ਪੱਧਰ ’ਤੇ ਹੈ। ਇਟਲੀ ਦੇ ਉੱਘੇ ਚਿੰਤਕ ਅੰਨਤੋਨੀਓ ਗ੍ਰਾਮਸ਼ੀ ਨੇ ਆਧੁਨਿਕ ਸਮਿਆਂ ਬਾਰੇ ਕਿਹਾ ਸੀ, ‘‘ਸਾਡੇ ਸਮਿਆਂ ਦਾ ਸੰਕਟ ਇਹ ਹੈ ਕਿ ਪੁਰਾਣਾ ਯੁੱਗ ਖ਼ਤਮ ਹੋ ਰਿਹਾ ਹੈ ਪਰ ਨਵਾਂ ਯੁੱਗ ਜਨਮ ਨਹੀਂ ਲੈ ਪਾ ਰਿਹਾ, ਇਸ ਅੰਤਰਾਲ ਵਿਚ ਰੋਗੀ ਵਿਚਾਰਾਂ ਵਾਲੇ ਘਿਨਾਉਣੇ ਲੱਛਣਾਂ ਦੀ ਭਰਮਾਰ ਹੈ।’’ ਗ੍ਰਾਮਸ਼ੀ ਨੇ ਇਹ ਸ਼ਬਦ ਉਦੋਂ ਲਿਖੇ ਸਨ ਜਦ ਇਟਲੀ ਵਿਚ ਫਾਸਿਜ਼ਮ ਸਿਖ਼ਰਾਂ ’ਤੇ ਸੀ ਤੇ ਗ੍ਰਾਮਸ਼ੀ ਜੇਲ੍ਹ ਵਿਚ। ਅਸੀਂ ਵੀ ਕੁਝ ਅਜਿਹੇ ਸਮਿਆਂ ਵਿਚੋਂ ਹੀ ਲੰਘ ਰਹੇ ਹਾਂ। ਸਾਡਾ ਸੰਕਟ ਇਹ ਵੀ ਹੈ ਕਿ ਨਾ ਤਾਂ ਅਸੀਂ ਇਸ ਅਸੀਮ ਦੁਖਾਂਤ ਲਈ ਜ਼ਿੰਮੇਵਾਰ ਤਾਕਤਾਂ ਦੇ ਕੰਮ-ਕਾਰ ਕਰਨ ਦੇ ਢੰਗ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਹੈ ਅਤੇ ਨਾ ਹੀ ਸਮਾਜ ਉਨ੍ਹਾਂ ਤਾਕਤਾਂ ਵਿਰੁੱਧ ਲੜਨ ਲਈ ਤਿਆਰ ਹੈ। ਅਸੀਂ ਸਤਹੀ ਢੰਗ ਨਾਲ ਉਨ੍ਹਾਂ ਤਾਕਤਾਂ ਨੂੰ ਫਾਸ਼ੀਵਾਦੀ/ਨੀਮ-ਫਾਸ਼ੀਵਾਦੀ ਕਹਿ ਕੇ ਉਨ੍ਹਾਂ ਤਾਕਤਾਂ ਦੁਆਰਾ ਦੇਸ਼ ਦੀ ਬਹੁਗਿਣਤੀ ਫ਼ਿਰਕੇ ਦੇ ਲੋਕ-ਮਾਣਸ ਨੂੰ ਜਿੱਤਣ ਲਈ ਦਹਾਕਿਆਂ ਤੋਂ ਦਿਨ-ਰਾਤ ਕੀਤੀ ਗਈ ਲਗਾਤਾਰ ਮਿਹਨਤ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋ ਜਾਂਦੇ ਹਾਂ। ਅਸੀਂ ਬਹੁਤ ਟਾਹਰਾਂ ਮਾਰਨ ਵਾਲੇ ਢੰਗ ਨਾਲ ਕਹਿੰਦੇ ਹਾਂ ਕਿ ‘ਲੋਕ’ ਇਨ੍ਹਾਂ ਲੋਕ-ਵਿਰੋਧੀ ਤਾਕਤਾਂ ਵਿਰੁੱਧ ਲੜਨਗੇ। ਕੌਣ ‘ਲੋਕ’? ਅੱਜ ਦੇ ਹਾਲਾਤ ਵਿਚ ਲੋਕ ਘਬਰਾਏ ਤੇ ਸਹਿਮੇ ਹੋਏ ਦਿਸ ਰਹੇ ਹਨ ਪਰ ਬਹੁਤਾ ਕਰਕੇ ਲੋਕਾਂ ਨੇ ਇਸ ਦੁਖਾਂਤ ਲਈ ਜ਼ਿੰਮੇਵਾਰ ਤਾਕਤਾਂ ਦਾ ਸਾਥ ਦਿੱਤਾ ਹੈ, ਸਮਾਜ ਨੇ ਉਨ੍ਹਾਂ ਤਾਕਤਾਂ ਦਾ ਸਾਥ ਦਿੱਤਾ ਹੈ, ਉਨ੍ਹਾਂ ਤਾਕਤਾਂ ਨੇ ਸਮਾਜ ਨੂੰ ਰੋਗੀ ਕਰ ਦਿੱਤਾ ਹੈ, ਅਸੀਂ ਬਿਮਾਰ ਸਮਾਜ ਦਾ ਹਿੱਸਾ ਹਾਂ। ਸਾਡਾ ਦੁਖਾਂਤ ਇਹ ਹੈ ਕਿ ਸਾਡੇ ਕੋਲ ਨਾ ਤਾਂ ਗ੍ਰਾਮਸ਼ੀ ਦੇ ਪੱਧਰ ਦੇ ਚਿੰਤਕ ਹਨ ਅਤੇ ਨਾ ਹੀ ਲੜਾਕੂ। ਸਾਡੇ ਚਿੰਤਕ ਦੇਸ਼-ਵਿਦੇਸ਼ ਵਿਚ ਆਪਣੇ ਨਿੱਘੇ ਆਲ੍ਹਣਿਆਂ ਵਿਚ ਬੈਠੇ ਰਵਾਇਤੀ ਇਨਕਲਾਬੀ ਬੋਲਾਂ ਤੋਂ ਜ਼ਿਆਦਾ ਕੁਝ ਨਹੀਂ ਬੋਲ ਸਕਦੇ। ਸਾਡੇ ਕੋਲ ਇਨ੍ਹਾਂ ਤਾਕਤਾਂ ਦੁਆਰਾ ਸਮਾਜ ’ਤੇ ਬਣਾਈ ਗਈ ਜਕੜ ਵਿਰੁੱਧ ਲੜਨ ਲਈ ਬੌਧਿਕ ਅਤੇ ਹਕੀਕੀ ਹਥਿਆਰ ਨਹੀਂ ਹਨ।

ਕੋਵਿਡ-19 ਦੀ ਮਹਾਮਾਰੀ ਵਿਰੁੱਧ ਲੜਨ ਦੀ ਸਾਡੀ ਅਸਮਰੱਥਾ ਤੋਂ ਪੈਦਾ ਹੋਇਆ ਦੁਖਾਂਤ ਸਿਰਫ਼ ਸਰਕਾਰੀ ਪੱਧਰ ਦੀ ਅਸਫ਼ਲਤਾ ਦਾ ਦੁਖਾਂਤ ਨਹੀਂ ਹੈ। ਇਹ ਸਮੂਹਿਕ ਪੱਧਰ ਦਾ ਪੂਰੇ ਸਮਾਜ ਦੀ ਅਸਫ਼ਲਤਾ ਦਾ ਦੁਖਾਂਤ ਹੈ। ਇਹ ਉਸ ਸਮਾਜ ਦਾ ਦੁਖਾਂਤ ਹੈ ਜੋ ਕਈ ਦਹਾਕਿਆਂ ਤੋਂ ਪਿਛਾਂਹ ਵੱਲ ਤੁਰ ਰਿਹਾ ਹੈ, ਰੀਗਰੈਸ (regress) ਕਰ ਰਿਹਾ ਹੈ। ਸਾਡੇ ਸਮਾਜ ਨੂੰ ਧਰਮ ਦੇ ਆਧਾਰ ’ਤੇ ਬੁਰੀ ਤਰ੍ਹਾਂ ਨਾਲ ਵੰਡਿਆ ਜਾ ਚੁੱਕਾ ਹੈ। ਰਿਸ਼ਵਤਖੋਰੀ ਸਾਡੇ ਪ੍ਰਸ਼ਾਸਨ ਤੇ ਜੀਵਨ-ਜਾਚ ਦਾ ਅੰਗ ਬਣ ਚੁੱਕੀ ਹੈ। ਅਸੀਂ ਜਮ੍ਹਾਂਖੋਰੀ ਤੇ ਲੁੱਟ ਨੂੰ ਵਪਾਰ ਕਹਿੰਦੇ ਹਾਂ। ਅਸੀਂ ਕਾਰਪੋਰੇਟ ਖੇਤਰ ਦੀਆਂ ਬਣਾਈਆਂ ਵਸਤਾਂ ਖਰੀਦਦੇ, ਵਰਤਦੇ ਤੇ ਉਨ੍ਹਾਂ ਦਾ ਜਸ਼ਨ ਮਨਾਉਂਦੇ, ਬਾਹਰੀ ਤੌਰ ’ਤੇ ਕਾਰਪੋਰੇਟਾਂ ਵਿਰੁੱਧ ਨਾਅਰੇ ਮਾਰਦੇ ਹਾਂ। ਵਿੱਦਿਅਕ ਖੇਤਰਾਂ ਵਿਚ ਬੌਧਿਕ ਬੇਈਮਾਨੀ ਦਾ ਬੋਲਬਾਲਾ ਹੈ। ਸਾਡੇ ਅਧਿਆਪਕਾਂ ਨੇ ਦਹਾਕਿਆਂ ਤੋਂ ਉਹ ਵਿਦਿਆਰਥੀ ਪੈਦਾ ਨਹੀਂ ਕੀਤੇ ਜਿਨ੍ਹਾਂ ਵਿਚ ਸਮਾਜ ਨੂੰ ਸੁਧਾਰਨ ਅਤੇ ਪ੍ਰਸ਼ਨ ਪੁੱਛਣ ਦੀ ਤਾਕਤ ਹੋਵੇ। ਡਾਕਟਰੀ ਦਾ ਪੇਸ਼ਾ ਵੱਡਾ ਵਪਾਰ ਬਣ ਚੁੱਕਾ ਹੈ। ਅਸੀਂ ਅਨਿਆਂ ਹੁੰਦਾ ਵੇਖਣ ਤੇ ਸਹਿਣ ਦੇ ਆਦੀ ਹੋ ਚੁੱਕੇ ਹਾਂ। ਅਸੀਂ ਔਰਤਾਂ ਤੇ ਦਲਿਤਾਂ ਦੇ ਹੱਕਾਂ ਲਈ ਲੜਨ ਲਈ ਅਸਫ਼ਲ ਹੋਏ ਹਾਂ। ਅਸੀਂ ਆਪਣੀ ਅਸਫ਼ਲਤਾ ਨੂੰ ਮੱਧ-ਵਰਗੀ ਸ਼ਰਾਫ਼ਤ ਹੇਠ ਛੁਪਾਉਂਦੇ ਹਾਂ। ਅਸੀਂ ਹਜੂਮੀ ਹਿੰਸਾ ਦੇ ਦੌਰ ਨੂੰ ਸਹਿ ਚੁੱਕੇ ਹਾਂ ਤੇ ਜਾਣਦੇ ਹਾਂ ਹਜੂਮੀ ਹਿੰਸਾ ਕਰਵਾਉਣ ਵਾਲੀਆਂ ਤਾਕਤਾਂ ਹਜੂਮੀ ਹਿੰਸਾ ਨੂੰ ਸਮਾਜ ਵਿਚ ਕਦੇ ਵੀ ਵਾਪਸ ਲਿਆ ਸਕਦੀਆਂ ਹਨ। ਅਸੀਂ ਕਈ ਦਹਾਕਿਆਂ ਤੋਂ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਵਾਪਰ ਰਹੇ ਦੁਖਾਂਤ ਨੂੰ ਦੇਖਿਆ ਹੈ ਅਤੇ ਦੇਸ਼ ਵਿਚ ਉਸ ਵਰਤਾਰੇ ਵਿਰੁੱਧ ਕੋਈ ਲੋਕ-ਰਾਏ ਨਹੀਂ ਬਣ ਸਕੀ। 1992 ਵਿਚ ਬਾਬਰੀ ਮਸਜਿਦ ਨੂੰ ਢਾਹੇ ਜਾਣਾ ਅਤੇ 2002 ਵਿਚ ਗੁਜਰਾਤ ਵਿਚ ਹੋਏ ਦੰਗੇ ਸਾਡੇ ਕੌਮੀ ਮਾਣ-ਸਨਮਾਨ ਦੇ ਪ੍ਰਤੀਕ ਬਣ ਚੁੱਕੇ ਹਨ। ਸਾਡੀਆਂ ਅਦਾਲਤਾਂ ਇਨ੍ਹਾਂ ਮਾਮਲਿਆਂ ਵਿਚ ਸੰਵਿਧਾਨਕ ਪੱਖ ਤੋਂ ਸਹੀ ਸਟੈਂਡ ਲੈਣ ਵਿਚ ਅਸਫ਼ਲ ਰਹੀਆਂ ਹਨ। ਉਨ੍ਹਾਂ ਦੇ ਕਿਸੇ ਫ਼ੈਸਲੇ ਨੇ ਲੋਕਾਂ ਦੀ ਜ਼ਮੀਰ ਨੂੰ ਜਗਾਉਣ ਵਾਲੀ ਬਹਿਸ ਨਹੀਂ ਛੇੜੀ।

ਅੱਜ ਦੇ ਦਿਨ ਕੋਵਿਡ-19 ਪੀੜਤ ਲੋਕ ਅਤੇ ਮੀਡੀਆ ਦਾ ਇਕ ਹਿੱਸਾ ਸਰਕਾਰ ਦੀ ਆਲੋਚਨਾ ਕਰ ਰਹੇ ਹਨ; ਹਾਹਾਕਾਰ ਮਚੀ ਹੋਈ ਹੈ। ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਉਹ ਸਰਕਾਰ ਦੀ ਮੌਜੂਦਾ ਅਸਫ਼ਲਤਾ ਦੇ ਆਧਾਰ ’ਤੇ, ਸਿਆਸੀ ਲਾਹਾ ਲੈ ਸਕਣਗੀਆਂ। ਯਾਦ ਰੱਖਣ ਵਾਲੀ ਗੱਲ ਹੈ ਕਿ ਸਮਾਜ ਨੂੰ ਰੋਗੀ ਬਣਾਉਣ ਵਿਚ ਇਨ੍ਹਾਂ ਪਾਰਟੀਆਂ ਨੇ ਵੀ ਹਿੱਸਾ ਪਾਇਆ ਹੈ। ਇਸ ਦਲੀਲ ਵਿਚ ਸਨਕੀਪੁਣਾ ਝਲਕ ਸਕਦਾ ਹੈ ਕਿ ਜਦ ਥੋੜ੍ਹੇ ਦਿਨਾਂ ਬਾਅਦ ਕੋਵਿਡ-19 ਦੀ ਮਹਾਮਾਰੀ ’ਤੇ ਕਾਬੂ ਪਾ ਲਿਆ ਜਾਵੇਗਾ ਤਾਂ ਇਹੀ ਲੋਕ (ਜੋ ਸਰਕਾਰ ਦਾ ਵਿਰੋਧ ਕਰ ਰਹੇ ਹਨ) ਸਰਕਾਰ ਤੋਂ ਕੁਝ ਰਿਆਇਤਾਂ ਲੈਣ ਲਈ ਸਿਆਸੀ ਆਗੂਆਂ ਦੇ ਪੈਰਾਂ ਵਿਚ ਲੇਟਦੇ ਨਜ਼ਰ ਆਉਣਗੇ; ਉਹ ਹਜੂਮੀ ਹਿੰਸਾ ਕਰਨ ਵਾਲੀਆਂ ਭੀੜਾਂ ਦਾ ਹਿੱਸਾ ਬਣਨ ਲਈ ਤਿਆਰ ਹੋਣਗੇ; ਉਹ ਦੂਸਰੇ ਫ਼ਿਰਕਿਆਂ ਵਿਰੁੱਧ ਹਿੰਸਾ ਨੂੰ ਆਪਣੇ ਫ਼ਿਰਕੇ ਦਾ ਮਾਣ-ਸਨਮਾਨ ਸਮਝਣਗੇ: ਉਹ ਖ਼ੁਦ ਰਿਸ਼ਵਤਾਂ ਲੈਣਗੇ ਅਤੇ ਦੇਣਗੇ। ਇਸ ਦਲੀਲ ਵਿਚ ਥੋੜ੍ਹੀ-ਬਹੁਤ ਸੱਚਾਈ ਤਾਂ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਜੇ ਹਾਲਾਤ ਏਨੇ ਨਿਰਾਸ਼ਾਮਈ ਹਨ ਤਾਂ ਇਨ੍ਹਾਂ ਵਿਰੁੱਧ ਲੜਨ ਦੀ ਜ਼ਮੀਨ ਕਿੱਥੇ ਹੈ। ਗ੍ਰਾਮਸ਼ੀ ਨੇ ਤਾਕੀਦ ਕੀਤੀ ਸੀ ਕਿ ਸਾਡੇ ਮਨ ਭਾਵੇਂ ਨਿਰਾਸ਼ ਹੋ ਜਾਣ ਪਰ ਸਾਨੂੰ ਆਪਣੀ ਇੱਛਾ-ਸ਼ਕਤੀ ਅਤੇ ਇਰਾਦਿਆਂ ਨੂੰ ਆਸਵੰਦ ਰੱਖਣਾ ਚਾਹੀਦਾ ਹੈ। ਹੁਣ ਦੇ ਘੋਰ ਨਿਰਾਸ਼ਾ ਦੇ ਸਮਿਆਂ ਵਿਚ ਵੀ, ਅਸੀਂ ਕੁਝ ਵਿਅਕਤੀਆਂ ਨੂੰ, ਨਿੱਜੀ ਪੱਧਰ ਅਤੇ ਛੋਟੇ ਛੋਟੇ ਗਰੁੱਪਾਂ ਰਾਹੀਂ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਕੋਵਿਡ-19 ਦੇ ਮਰੀਜ਼ਾਂ, ਪਰਵਾਸੀ ਮਜ਼ਦੂਰਾਂ ਅਤੇ ਹੋਰ ਦੁਖਿਆਰਿਆਂ ਦੀ ਸਹਾਇਤਾ ਕਰਦੇ ਦੇਖਿਆ ਹੈ। ਕਿਸਾਨ ਅੰਦੋਲਨ, ਆਪਣੀਆਂ ਸਭ ਕਮੀਆਂ ਦੇ ਬਾਵਜੂਦ, ਇਸ ਦੁਖਾਂਤ ਲਈ ਜ਼ਿੰਮੇਵਾਰ ਤਾਕਤਾਂ ਵਿਰੁੱਧ ਯੁੱਧ ਛੇੜੀ ਬੈਠਾ ਹੈ। ਸਮਾਜ ਦੇ ਵੱਖ ਵੱਖ ਵਰਗ ਜਥੇਬੰਦ ਹੋ ਕੇ ਭਾਈਚਾਰਕ ਸਾਂਝਾਂ ਨੂੰ ਵਧਾਉਂਦੇ ਹੋਏ ਇਨ੍ਹਾਂ ਤਾਕਤਾਂ ਵਿਰੁੱਧ ਮੁਹਾਜ਼ ਬਣਾ ਸਕਦੇ ਹਨ। ਇਹ ਮੁਹਾਜ਼ ਇਕ ਦਿਨ ਵਿਚ ਨਹੀਂ ਬਣਨਾ; ਸਾਨੂੰ ਅਨੰਤ ਅੰਦਰੂਨੀ ਕਮਜ਼ੋਰੀਆਂ ਵਿਰੁੱਧ ਲੜਨਾ ਪੈਣਾ ਹੈ; ਇਹ ਜੰਗ ਬਹੁਤ ਲੰਮੀ ਹੋਵੇਗੀ ਪਰ ਇਹ ਲੜਨੀ ਪੈਣੀ ਹੈ; ਇਸ ਵਿਚ ਆਪਣੇ ਆਪ ਅਤੇ ਆਪਣੇ ਸਾਥੀਆਂ ਨੂੰ ਨਿਰਾਸ਼ ਨਾ ਹੋਣ ਦੇਣਾ ਸਭ ਤੋਂ ਵੱਡੀ ਚੁਣੌਤੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਸੀ, ‘‘ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ।।’’ ਇਸ ਦੁਨੀਆਂ ਵਿਚ ਪੀੜ/ਦੁੱਖ ਇਕ ਹਕੀਕਤ ਹੈ, ਪੀੜ ਇਕ ਦਰਵਾਜ਼ਾ ਹੈ ਜਿਸ ਨੂੰ ਆਸ ਤੇ ਫ਼ਿਕਰ ਦੇ ਦੋ ਤਖਤੇ ਲੱਗੇ ਹੋਏ ਹਨ, ਰੋਹ ਪਹਿਰੇਦਾਰ ਹੈ। ਅਸੀਂ ਆਪਣੇ ਰੋਹ ਦਾ ਸਹੀ ਢੰਗ ਨਾਲ ਇਸਤੇਮਾਲ ਕਰਦੇ ਹੋਏ ਇਸ ਨੂੰ ਆਪਣੇ ਹੱਕਾਂ ਦਾ ਪਹਿਰੇਦਾਰ ਬਣਾਉਣਾ ਹੈ।