ਵਿਗਿਆਨ ਅਤੇ ਅਗਿਆਨ ਦਾ ਯੁੱਧ - ਰਾਮਚੰਦਰ ਗੁਹਾ

ਇਸ ਮਹੀਨੇ ਦੇ ਸ਼ੁਰੂ ’ਚ ਆਯੂਸ਼ ਮੰਤਰਾਲੇ ਨੇ ਕੋਵਿਡ-19 ਸੰਕਟ ਦੌਰਾਨ ਲੋਕਾਂ ਨੂੰ ਆਪਣੀ ਰੋਗ ਪ੍ਰਤੀਰੋਧਕ ਸਮੱਰਥਾ (ਇਮਿਊਨਿਟੀ) ਪੈਦਾ ਕਰਨ ਦੇ ਕਈ ਨੁਸਖ਼ੇ ਸੁਝਾਏ ਸਨ। ਇਸ ਘਾਤਕ ਬਿਮਾਰੀ ਤੋਂ ਬਚਣ ਲਈ ਮੰਤਰਾਲੇ ਵੱਲੋਂ ਸੁਝਾਏ ਗਏ ਨੁਸਖਿਆਂ ’ਚ ਸੁਬ੍ਹਾ-ਸ਼ਾਮ ਨੱਕ ਵਿਚ ਤਿਲ ਦਾ ਤੇਲ, ਖੋਪੇ ਦਾ ਤੇਲ ਜਾਂ ਘਿਓ ਪਾਉਣ ਦਾ ਨੁਸਖ਼ਾ ਵੀ ਸ਼ਾਮਲ ਸੀ। ਉਂਜ, ਜੇ ਕਿਸੇ ਨੂੰ ਨੱਕ ’ਚ ਤੇਲ ਜਾਂ ਘਿਓ ਪਾਉਣਾ ਨਹੀਂ ਸੁਖਾਂਦਾ ਤਾਂ ਮੰਤਰਾਲੇ ਨੇ ਇਕ ਹੋਰ ਨੁਸਖ਼ਾ ਸੁਝਾਇਆ ਸੀ : ‘ਤਿਲ ਦੇ ਤੇਲ ਜਾਂ ਖੋਪੇ ਦੇ ਤੇਲ ਦਾ ਇਕ ਚਮਚਾ ਮੂੰਹ ’ਚ ਸੁੱਟ ਲਓ। ਇਸ ਨੂੰ ਨਿਗ਼ਲਣਾ ਨਹੀਂ ਸਗੋਂ ਦੋ-ਤਿੰਨ ਮਿੰਟ ਮੂੰਹ ’ਚ ਹੀ ਗਰਮ ਪਾਣੀ ਦੇ ਗਰਾਰੇ ਕਰ ਕੇ ਬਾਹਰ ਸੁੱਟ ਦਿਓ।’ ਮੰਤਰਾਲੇ ਨੇ ਕੋਵਿਡ ਤੋਂ ਬਚਾਓ ਦੇ ਜਿਹੜੇ ਹੋਰ ਨੁਕਤੇ ਸੁਝਾਏ ਹਨ ਉਨ੍ਹਾਂ ਵਿਚ ਚਵਨਪ੍ਰਾਸ਼ ਦਾ ਸੇਵਨ, ਹਰਬਲ ਚਾਹ ਪੀਣਾ, ਭਾਫ਼ ਲੈਣਾ ਆਦਿ ਵੀ ਸ਼ਾਮਲ ਹਨ।
         ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਜਨ ਸੰਪਰਕ ਸਮੱਗਰੀ ਵਿਚ ਜੇ ਕੋਈ ਕਸਰ ਸੀ ਤਾਂ ਬਸ ਇਹੀ ਗੱਲ ਨਹੀਂ ਕਹੀ ਗਈ ਕਿ ਜੇ ਇਨ੍ਹਾਂ ਨੁਸਖ਼ਿਆਂ ’ਤੇ ਅਮਲ ਕੀਤਾ ਜਾਵੇ ਤਾਂ ਕੋਈ ਵੀ ਦੇਸ਼ਭਗਤ ਕੋਵਿਡ ਦੀ ਲਪੇਟ ’ਚ ਨਹੀਂ ਆਵੇਗਾ। ਉਂਜ, ਉਸ ਦਾ ਮਤਲਬ ਬਹੁਤ ਹੱਦ ਤਕ ਸਾਫ਼ ਸੀ- ਭਾਵ ਜੇ ਤੁਸੀਂ ਸਾਡੇ ਨੁਸਖ਼ੇ ਅਜ਼ਮਾਓਗੇ ਤਾਂ ਵਾਇਰਸ ਦੀ ਮਾਰ ਤੋਂ ਬਚੇ ਰਹੋਗੇ। ਸੱਤਾਧਾਰੀ ਪਾਰਟੀ ਦੇ ਆਗੂਆਂ ਤੇ ਪ੍ਰਾਪੇਗੰਡਾਕਾਰੀਆਂ ਨੇ ਇੱਕੀਵੀਂ ਸਦੀ ਦੀ ਸਭ ਤੋਂ ਘਾਤਕ ਬਿਮਾਰੀ ਦੇ ਬਿਲਕੁਲ ਨੀਮ ਹਕੀਮੀ ਇਲਾਜ ਦੇ ਨੁਸਖ਼ੇ ਪ੍ਰਚਾਰਨ ’ਚ ਕੋਈ ਖ਼ਾਸ ਲੁਕੋਅ ਨਹੀਂ ਰੱਖਿਆ। ਮੇਰੇ ਆਪਣੇ ਸੂਬੇ ’ਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਵਿਜੈ ਸੰਕੇਸ਼ਵਰ ਨੇ ਆਕਸੀਜਨ ਦੇ ਬਦਲ ਵਜੋਂ ਨਿੰਬੂ ਦਾ ਸਤ ਨੱਕ ’ਚ ਪਾਉਣ ਦਾ ਸੁਝਾਅ ਦਿੱਤਾ ਸੀ (ਉਂਝ, ਉੱਤਰੀ ਕਰਨਾਟਕ ’ਚ ਇਹ ਸਤ ਮਿਲਦਾ ਵੀ ਘੱਟ ਹੈ)। ‘ਦਿ ਹਿੰਦੂ’ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਿਕ ਸ਼੍ਰੀ ਸੰਕੇਸ਼ਵਰ ਨੇ ਹਾਲੀਆ ਪ੍ਰੈਸ ਵਾਰਤਾ ਦੌਰਾਨ ਕਿਹਾ ਸੀ ਕਿ ਨੱਕ ਰਾਹੀਂ ਨਿੰਬੂ ਦੀ ਭਾਫ਼ ਲੈਣ ਨਾਲ ਆਕਸੀਜਨ ਦਾ ਪੱਧਰ 80 ਫ਼ੀਸਦ ਤੱਕ ਵਧ ਜਾਂਦਾ ਹੈ। ਉਨ੍ਹਾਂ ਕਿਹਾ ਇਹ ਵੀ ਕਿਹਾ ਸੀ ਕਿ ਉਨ੍ਹਾਂ ਇਹ ਨੁਸਖ਼ਾ 200 ਲੋਕਾਂ ’ਤੇ ਅਸਰ ਕਰਦੇ ਹੋਏ ਦੇਖਿਆ ਸੀ ਜਿਨ੍ਹਾਂ ’ਚ ਉਸ ਦੇ ਰਿਸ਼ਤੇਦਾਰ ਤੇ ਸਹਿਕਰਮੀ ਵੀ ਸ਼ਾਮਲ ਸਨ।’ ਹਾਲਾਂਕਿ ਰਿਪੋਰਟ ਇਹ ਵੀ ਦੱਸਦੀ ਹੈ ਕਿ ਉਸ ਸਿਆਸਤਦਾਨ ਦਾ ਨੁਸਖ਼ਾ ਮੰਨ ਕੇ ਉਸ ਦੇ ਕਈ ਭਗਤਜਨ ਭਗਵਾਨ ਨੂੰ ਪਿਆਰੇ ਹੋ ਚੁੱਕੇ ਹਨ।
      ਕਰਨਾਟਕ ਦੇ ਹੀ ਉਸ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ, ਪਾਰਟੀ ਦੇ ਜਨਰਲ ਸਕੱਤਰ ਬੀ ਐਲ ਸੰਤੋਸ਼ ਨੇ ਕਰੋਨਾ ਦੇ ਇਲਾਜ ਲਈ ਭਾਫ਼ ਲੈਣ ਦਾ ਸੁਝਾਅ ਬਹੁਤ ਜੋਸ਼ੋ-ਖਰੋਸ਼ ਨਾਲ ਪੇਸ਼ ਕੀਤਾ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸਿਆਸੀ ਆਕਾਵਾਂ ਦੀ ਸਲਾਹ ’ਤੇ ਇਹ ਨੁਸਖ਼ਾ ਅਜ਼ਮਾਉਣ ਵਾਲੇ ਪੁਲੀਸਕਰਮੀਆਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ ਜੋ ਇਕ ਦੂਜੇ ਨਾਲ ਚਿੰਬੜੇ ਖੜ੍ਹੇ ਤੇ ਬਿਨਾਂ ਮਾਸਕ ਤੋਂ ਨਜ਼ਰ ਆ ਰਹੇ ਹਨ।
        ਇਸ ਦੌਰਾਨ, ਭਾਜਪਾ ਦੇ ਸ਼ਾਸਨ ਹੇਠਲੇ ਇਕ ਹੋਰ ਸੂਬੇ, ਮੱਧ ਪ੍ਰਦੇਸ਼ ਦੀ ਸਭਿਆਚਾਰ ਬਾਰੇ ਮੰਤਰੀ ਊਸ਼ਾ ਠਾਕੁਰ ਨੇ ਆਖਿਆ ਕਿ ਹਵਨ ਕਰਾਉਣ ਨਾਲ ਕਰੋਨਾ ਮਹਾਮਾਰੀ ਨਹੀਂ ਫੈਲਦੀ। ‘ਦਿ ਟੈਲੀਗ੍ਰਾਫ’ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਮੰਤਰੀ ਨੇ ਆਖਿਆ : ‘ਅਸੀਂ ਸਾਰਿਆਂ ਨੂੰ ਯੱਗ ਕਰਾਉਣ ਅਤੇ ਆਹੂਤੀ ਭੇਟ ਕਰਨ ਦੀ ਅਪੀਲ ਕਰਦੇ ਹਾਂ ਤਾਂ ਕਿ ਵਾਤਾਵਰਨ ਸ਼ੁੱਧ ਕੀਤਾ ਜਾ ਸਕੇ ਕਿਉਂਕਿ ਸਦੀਆਂ ਤੋਂ ਮਹਾਮਾਰੀ ਨੂੰ ਖ਼ਤਮ ਕਰਨ ਲਈ ਇਹ ਤਰੀਕਾ ਅਪਣਾਇਆ ਜਾਂਦਾ ਰਿਹਾ ਹੈ।’
          ਜਾਪਦਾ ਹੈ ਕਿ ਮੰਤਰੀ ਦੀ ਇਹ ਸਲਾਹ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਖਾਸੀ ਗੰਭੀਰਤਾ ਨਾਲ ਲਈ ਸੀ। ਵਾਇਰਲ ਹੋਈ ਇਕ ਵੀਡਿਓ ਵਿਚ ਕਾਲੀ ਟੋਪੀ ਅਤੇ ਖ਼ਾਕੀ ਨਿੱਕਰਾਂ ਵਾਲੇ ਵਾਲੰਟੀਅਰ ਹਰੇਕ ਘਰ ’ਚ ਨਿੰਮ ਦੇ ਪੱਤਿਆਂ ਤੇ ਚੰਦਨ ਦੀ ਲੱਕੜ ਦੀ ਵਰਤੋਂ ਨਾਲ ਇਹ ਯੱਗ-ਹਵਨ ਕਰਾਉਣ ਦੇ ਤੌਰ ਤਰੀਕੇ ਸਮਝਾਉਂਦੇ ਨਜ਼ਰ ਆ ਰਹੇ ਹਨ। ਇਹੀ ਨਹੀਂ, ਇਕ ਬਹੁਤ ਹੀ ਕਮਾਲ ਦਾ ਦਾਅਵਾ ਭੋਪਾਲ ਦੀ ਉਸ ਵਿਵਾਦਗ੍ਰਸਤ ਸੰਸਦ ਮੈਂਬਰ ਦਾ ਸਾਹਮਣੇ ਆਇਆ ਹੈ ਜੋ ਇਹ ਮੰਨਦੀ ਹੈ ਕਿ ਮਹਾਤਮਾ ਗਾਂਧੀ ਦੇ ਕਾਤਲ ਸੱਚੇ ਦੇਸਭਗਤ ਸਨ। ਉਸ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਗਊ ਮੂਤਰ ਪੀਂਦੀ ਹੈ ਜਿਸ ਕਰਕੇ ਉਹ ਹੁਣ ਤੱਕ ਕਰੋਨਾ ਤੋਂ ਬਚੀ ਰਹੀ ਹੈ। ਓਧਰ, ਗੁਜਰਾਤ ਜਿੱਥੇ ਲੰਮੇ ਅਰਸੇ ਤੋਂ ਭਾਜਪਾ ਸੱਤਾ ਚਲਾ ਰਹੀ ਹੈ, ਵਿਚ ਸਾਧੂਆਂ ਦੀ ਇਕ ਟੋਲੀ ਆਪਣੇ ਪਿੰਡੇ ’ਤੇ ਗਊਆਂ ਦਾ ਗੋਹਾ ਮਲ਼ ਕੇ ਲੋਕਾਂ ਨੂੰ ਇਹ ਸਮਝਾ ਰਹੀ ਹੈ ਕਿ ਇਸ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
       ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਸੁਝਾਏ ਕਮਾਲ ਦੇ ਨੁਸਖਿਆਂ ਵਿਚ ਇਕ ਕੋਰੋਨਿਲ ਨਾਂ ਦੀ ਦਵਾ ਦਾ ਨੁਸਖ਼ਾ ਵੀ ਹੈ ਜੋ ਸਰਕਾਰੀ ਸੰਤ ਰਾਮਦੇਵ ਨੇ ਪਿਛਲੇ ਸਾਲ ਬਣਵਾਈ ਸੀ ਤੇ ਦੋ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਵਿਚ ਲਾਂਚ ਕੀਤੀ ਗਈ ਸੀ। ਇਨ੍ਹਾਂ ’ਚੋਂ ਇਕ ਇਸ ਵੇਲੇ ਦੇਸ਼ ਦਾ ਸਿਹਤ ਮੰਤਰੀ ਅਤੇ ਸਾਇੰਸ ਤੇ ਤਕਨਾਲੋਜੀ ਮੰਤਰੀ ਹੈ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਿਕ ਜਦੋਂ ਰਾਮਦੇਵ ਵੱਲੋਂ ਇਸ ਦਵਾ ਦੀ ਪਹਿਲੀ ਵਾਰ ਪ੍ਰਮੋਸ਼ਨ ਕੀਤੀ ਗਈ ਸੀ ਤਾਂ ਇਹ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਇਹ ਦਵਾ ਸੱਤ ਦਿਨਾਂ ਦੇ ਅੰਦਰ ਕੋਵਿਡ ਦਾ 100 ਫ਼ੀਸਦ ਇਲਾਜ ਕਰਦੀ ਹੈ। ਪਤੰਜਲੀ ਰਿਸਰਚ ਇੰਸਟੀਚਿਊਟ ਦੇ ਮੁਖੀ ਅਨੁਰਾਗ ਵਾਰਸ਼ਨੀ ਨੇ ਦਾਅਵਾ ਕੀਤਾ ਸੀ ਕਿ ‘ਇਸ ਚਮਤਕਾਰੀ ਦਵਾ ਵਾਸਤੇ ਲੋੜੀਂਦੀ ਵਿਗਿਆਨਕ ਪ੍ਰਮਾਣਿਕਤਾ ਪ੍ਰਾਪਤ ਹੋ ਗਈ ਹੈ।’ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ‘ਜਿਨ੍ਹਾਂ ਲੋਕਾਂ ਨੇ ਇਹ ਦਵਾ ਖਾਧੀ ਸੀ ਉਹ ਸੱਤ ਦਿਨਾਂ ’ਚ ਪਾਜ਼ੇਟਿਵ ਤੋਂ ਨੈਗੇਟਿਵ ਹੋ ਗਏ ਸਨ ਜਦਕਿ ਜਿਨ੍ਹਾਂ ਲੋਕਾਂ ਨੂੰ ਪਲੇਸਬੋ (ਫੋਕੀ ਦਵਾ) ਦਿੱਤੀ ਗਈ ਸੀ ਉਨ੍ਹਾਂ ’ਚੋਂ 60 ਫ਼ੀਸਦ ਹੀ ਕੋਵਿਡ ਨੈਗੇਟਿਵ ਹੋ ਸਕੇ ਸਨ। ਇਸ ਲਈ ਦਵਾ ਦਾ ਅਸਰ ਪਾਇਆ ਗਿਆ ਹੈ।’
       ਅੱਗੇ ਵਧਣ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖ਼ੁਦ ਮੈਡੀਕਲ ਬਹੁਲਵਾਦ (ਬਦਲਵੀਆਂ ਚਕਿਤਸਾ ਪ੍ਰਣਾਲੀਆਂ) ਦਾ ਧਾਰਨੀ ਹਾਂ। ਮੈਂ ਇਹ ਵੀ ਨਹੀਂ ਮੰਨਦਾ ਕਿ ਆਧੁਨਿਕ ਪੱਛਮੀ ਚਕਿਸਤਾ ਪ੍ਰਣਾਲੀ ਮਨੁੱਖਤਾ ਦੇ ਗਿਆਨ ’ਚ ਆਈਆਂ ਸਾਰੀਆਂ ਮਰਜ਼ਾਂ ਤੇ ਅਲਾਮਤਾਂ ਦਾ ਇਲਾਜ ਕਰ ਸਕਦੀ ਹੈ। ਮੈਂ ਆਪਣੇ ਜ਼ਾਤੀ ਤਜਰਬੇ ਤੋਂ ਇਹ ਕਹਿ ਸਕਦਾ ਹਾਂ ਕਿ ਆਯੁਰਵੇਦ, ਯੋਗ ਅਤੇ ਹੋਮਿਓਪੈਥੀ ਜਿਹੀਆਂ ਪੱਧਤੀਆਂ ਦਮੇ, ਪਿੱਠ ਦਰਦ ਅਤੇ ਮੌਸਮੀ ਐਲਰਜੀ ਜਿਹੀਆਂ ਲੰਮੇ ਸਮੇਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ’ਚ ਭੂਮਿਕਾ ਨਿਭਾ ਸਕਦੀਆਂ ਹਨ। ਮੈਂ ਆਪਣੀ ਜ਼ਿੰਦਗੀ ’ਚ ਇਨ੍ਹਾਂ ਬਿਮਾਰੀਆਂ ਨਾਲ ਜੂਝ ਚੁੱਕਿਆ ਹਾਂ।
       ਬਹਰਹਾਲ, ਖ਼ਾਸ ਤੌਰ ’ਤੇ ਕੋਵਿਡ-19 ਇੱਕੀਵੀਂ ਸਦੀ ਦੇ ਵਾਇਰਸ ਨਾਲ ਜੁੜੀ ਬਿਮਾਰੀ ਹੈ ਤੇ ਇਹ ਉਨ੍ਹਾਂ ਲੋਕਾਂ ਦੇ ਚਿੱਤ-ਚੇਤੇ ਵਿਚ ਨਹੀਂ ਸੀ ਜਿਨ੍ਹਾਂ ਨੇ ਆਯੁਰਵੇਦ, ਯੋਗ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਜਿਹੀਆਂ ਪੱਧਤੀਆਂ ਈਜਾਦ ਤੇ ਵਿਕਸਤ ਕੀਤੀਆਂ ਸਨ। ਇਸ ਤੋਂ ਇਲਾਵਾ ਇਹ ਮਸਾਂ ਸਾਲ ਕੁ ਪੁਰਾਣੀ ਬਿਮਾਰੀ ਹੈ। ਇਸ ਤਰ੍ਹਾਂ ਦੇ ਬਿਲਕੁਲ ਵੀ ਕੋਈ ਸਬੂਤ ਨਹੀਂ ਮਿਲੇ ਕਿ ਨਿੰਮ ਦੇ ਪੱਤੇ ਜਲਾਉਣ, ਗਊ ਮੂਤਰ ਪੀਣ, ਪੌਦਿਆਂ ਤੋਂ ਤਿਆਰ ਕੀਤੀ ਕੋਈ ਗੋਲੀ ਲੈਣ, ਪਿੰਡੇ ’ਤੇ ਗਊ ਦਾ ਗੋਹਾ ਮਲ਼ਣ ਜਾਂ ਨੱਕ ’ਚ ਤੇਲ ਜਾਂ ਘਿਓ ਪਾਉਣ ਨਾਲ ਇਸ ਬਿਮਾਰੀ ਤੋਂ ਪੀੜਤ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦਾ ਕੋਈ ਲਾਭ ਹੁੰਦਾ ਹੈ।
        ਦੂਜੇ ਬੰਨੇ, ਸਾਡੇ ਕੋਲ ਅਜਿਹੇ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਦੋ ਕਿਸਮ ਦੇ ਪ੍ਰਹੇਜ਼ ਕੋਵਿਡ-19 ਦਾ ਖ਼ਤਰਾ ਘਟਾਉਣ ਵਿਚ ਬਹੁਤ ਹੱਦ ਤੱਕ ਸਹਾਈ ਹੁੰਦੇ ਹਨ। ਇਨ੍ਹਾਂ ’ਚੋਂ ਇਕ ਹੈ ਸਰੀਰਕ ਦੂਰੀ (social distancing) ਬਣਾ ਕੇ ਰੱਖਣੀ ਤੇ ਦੂਜਾ ਹੈ ਟੀਕਾਕਰਨ। ਤੇ ਇਹ ਦੋਵੇਂ ਪੱਖਾਂ ਤੋਂ ਸਾਡੀ ਮਾਣਮੱਤੀ ਸਰਕਾਰ ਬੁਰੀ ਤਰ੍ਹਾਂ ਨਖਿੱਧ ਸਾਬਿਤ ਹੋਈ ਹੈ। ਇਸ ਨੇ ਵੱਡੀਆਂ ਵੱਡੀਆਂ ਸਿਆਸੀ ਅਤੇ ਧਾਰਮਿਕ ਇਕੱਤਰਤਾਵਾਂ ਦੀ ਆਗਿਆ ਹੀ ਨਹੀਂ ਦਿੱਤੀ ਸਗੋਂ ਇਨ੍ਹਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਸੀ ਅਤੇ ਕਈ ਮਹੀਨਿਆਂ ਤੋਂ ਨੋਟਿਸ ਮਿਲਣ ਦੇ ਬਾਵਜੂਦ ਵੈਕਸੀਨ ਦੇ ਘਰੋਗੀ ਉਤਪਾਦਨ ਨੂੰ ਹੁਲਾਰਾ ਦੇਣ ਜਾਂ ਭਾਰਤ ਵਿਚ ਨਵੀਆਂ ਵੈਕਸੀਨਾਂ ਦੀ ਵਰਤੋਂ ਲਈ ਲਾਇਸੈਂਸ ਦੇਣ ਵਿਚ ਕੋਈ ਸਰਗਰਮੀ ਨਹੀਂ ਦਿਖਾਈ ਸੀ।
        ਮੇਰਾ ਨਾਤਾ ਵਿਗਿਆਨੀਆਂ ਦੇ ਪਰਿਵਾਰ ਨਾਲ ਹੈ। ਮੇਰੇ ਵਿਗਿਆਨੀ ਪਿਤਾ ਤੇ ਵਿਗਿਆਨੀ ਦਾਦਾ ਜੀ ਜਦੋਂ ਕਦੇ ਗੁੱਸੇ ਹੁੰਦੇ ਸਨ ਤਾਂ ਉਨ੍ਹਾਂ ਦਾ ਬੋਲਿਆ ਵੱਡੇ ਤੋਂ ਵੱਡਾ ਅਪਸ਼ਬਦ ‘ਝਾੜ ਫੂਕ’ ਜਾਂ ‘ਅੰਧਵਿਸ਼ਵਾਸ’ ਹੋਇਆ ਕਰਦੇ ਸਨ। ਹੁਣ ਉਹ ਦੋਵੇਂ ਦੁਨੀਆ ਤੋਂ ਜਾ ਚੁੱਕੇ ਹਨ ਪਰ ਮੈਂ ਹੈਰਾਨ ਹੁੰਦਾ ਹਾਂ ਕਿ ਸਾਡੇ ਮਾਣਮੱਤੇ ਭਾਰਤੀ ਵਿਗਿਆਨੀ ਕੋਵਿਡ ਦੇ ਇਲਾਜ ਦੇ ਨਾਂ ’ਤੇ ਸੱਤਾਧਾਰੀ ਪਾਰਟੀ ਵੱਲੋਂ ਪਰੋਸੇ ਜਾ ਰਹੇ ਨੀਮ ਹਕੀਮ ਨੁਸਖ਼ਿਆਂ ਬਾਰੇ ਕੀ ਸੋਚਦੇ ਹੋਣਗੇ। ਸੱਚੀ ਗੱਲ ਤਾਂ ਇਹ ਹੈ ਕਿ ਇਹ ਨੀਮ ਹਿਕਮਤ, ਇਹ ਅੰਧਵਿਸ਼ਵਾਸ ਅਤੇ ਝਾੜ ਫੂਕ ਕਿਸੇ ਇਕੱਲੇ ਇਕਹਿਰੇ ਕੇਂਦਰੀ ਮੰਤਰੀ ਜਾਂ ਕਿਸੇ ਸੂਬਾਈ ਸਿਆਸਤਦਾਨ ਦੀ ਵਡਿਆਈ ਨਹੀਂ ਹੈ ਸਗੋਂ ਇਹ ਵਿਆਪਕ ਪੱਧਰ ’ਤੇ ਸੰਘ ਪਰਿਵਾਰ ਦੇ ਮੈਂਬਰਾਂ ਦੀ ਸੋਚ ਦਾ ਹਿੱਸਾ ਹੈ ਜਿਨ੍ਹਾਂ ’ਚ ਸਿਰਮੌਰ ਸੰਘੀ ਖ਼ੁਦ ਪ੍ਰਧਾਨ ਮੰਤਰੀ ਸ਼ਾਮਲ ਹਨ। ਜ਼ਰਾ ਗੌਰ ਫਰਮਾਓ ਕਿ ਪਿਛਲੇ ਸਾਲ ਮਾਰਚ ਮਹੀਨੇ ਜਦੋਂ ਮਹਾਮਾਰੀ ਉਭਰ ਕੇ ਸਾਹਮਣੇ ਆਈ ਹੀ ਸੀ ਤਾਂ ਉਨ੍ਹਾਂ (ਮੋਦੀ ਨੇ) ਕੀ ਕੀਤਾ ਸੀ, ਉਨ੍ਹਾਂ ਸਾਨੂੰ ਸ਼ਾਮੀਂ ਸਹੀ ਪੰਜ ਵਜੇ ਪੰਜ ਮਿੰਟ ਲਈ ਥਾਲੀਆਂ ਤੇ ਪਰਾਂਤਾਂ ਖੜਕਾਉਣ ਲਈ ਕਿਹਾ ਸੀ। ਜਦੋਂ ਅਗਲੇ ਮਹੀਨੇ ਹਾਲਾਤ ਵਿਗੜਣ ਲੱਗੇ ਤਾਂ ਉਨ੍ਹਾਂ ਸਾਨੂੰ ਰਾਤੀਂ ਸਹੀ 9 ਵਜੇ ਮੋਮਬੱਤੀਆਂ ਤੇ ਟਾਰਚਾਂ ਜਗਾਉਣ ਲਈ ਕਿਹਾ ਸੀ। ਜਦੋਂ ਸਮੁੱਚੇ ਉੱਤਰੀ ਅਮਰੀਕਾ ਤੇ ਯੌਰਪ ਵਿਚ ਵਾਇਰਸ ਫੈਲ ਰਿਹਾ ਸੀ ਤਾਂ ਅਜਿਹੇ ਕੰਮਾਂ ਨਾਲ ਇਸ ਦੀ ਰੋਕਥਾਮ ਵਿਚ ਕਿਹੋ ਜਿਹੀ ਮਦਦ ਮਿਲ ਸਕਦੀ ਸੀ ਇਹ ਤਾਂ ਪ੍ਰਧਾਨ ਮੰਤਰੀ ਦੇ ਜੋਤਸ਼ੀ ਜਾਂ ਤਾਂਤਰਿਕ ਹੀ ਜਾਣਦੇ ਹੋਣਗੇ।
        ਸੰਘ ਪਰਿਵਾਰ ਲਈ ਆਸਥਾ ਤੇ ਹਠਧਰਮੀ, ਤਰਕ ਤੇ ਵਿਗਿਆਨ ਤੋਂ ਉਪਰ ਦੀਆਂ ਸ਼ੈਆਂ ਹਨ। ਨਰਿੰਦਰ ਮੋਦੀ ਦੇ ਕੰਮ ਢੰਗ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਕ ਪਰਵਰਿਸ਼ ਕਿੰਨੀ ਕੁ ਮੁਤੱਸਬੀ ਰਹੀ ਸੀ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣ ਦੇ ਨਾਤੇ ਆਪਣੀ ਪਲੇਠੀ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਰਾਮਦੇਵ ਦੀ ਤਾਰੀਫ਼ ਦੇ ਪੁਲ ਬੰਨ੍ਹਦਿਆਂ ਕਿਹਾ ਸੀ : ‘ਉਹ ਉਨ੍ਹਾਂ ਅੰਦਰਲੀ ਅੱਗ ਤੇ ਉਨ੍ਹਾਂ ਦੀ ਲਗਨ ਦੇ ਕਾਇਲ ਹਨ’ ਤੇ ਉਹ ‘ਉਨ੍ਹਾਂ ਦੇ ਏਜੰਡੇ ਨਾਲ ਇਕਮਿਕਤਾ ਮਹਿਸੂਸਦੇ ਹਨ।’ ਇਹ ਮਹਿਜ਼ ਸਬੱਬ ਨਹੀਂ ਹੈ ਕਿ ਉਦੋਂ ਤੋਂ ਲੈ ਕੇ ਰਾਮਦੇਵ ਸਟੇਟ ਦੇ ਸਭ ਤੋਂ ਤਰਜੀਹੀ ਸੰਤ ਬਣ ਹੋਏ ਹਨ। ਉਨ੍ਹਾਂ ਦੇ ਕਿਰਦਾਰ ਦੀ ਇਕ ਖ਼ਾਸ ਗੱਲ ਨੋਟ ਕਰਨ ਵਾਲੀ ਹੈ ਕਿ ਪ੍ਰਧਾਨ ਮੰਤਰੀ ਮਸ਼ਕੂਕ ਬਾਬਿਆਂ ਦੀ ਸੰਗਤ ਮਾਣਦੇ ਹਨ ਤੇ ਇਹ ਵੀ ਕਿ ਸਿੱਖਿਆ, ਸਿਹਤ ਅਤੇ ਸਾਇੰਸ ਤੇ ਤਕਨਾਲੋਜੀ ਜਿਹੇ ਮੰਤਰਾਲਿਆਂ ਵਿਚ ਉਨ੍ਹਾਂ ਆਰਐੱਸਐੱਸ ਦੇ ਹਮਾਇਤੀ ਤਾਇਨਾਤ ਕੀਤੇ ਹੋਏ ਹਨ।
ਬੇਸ਼ੱਕ, ਤਰਕਹੀਣਤਾ ਦਾ ਸਭ ਤੋਂ ਵੱਡਾ ਨਜ਼ਾਰਾ ਉਦੋਂ ਬੱਝਿਆ ਸੀ ਜਦੋਂ ਕੁੰਭ ਮੇਲਾ ਕਰਵਾਇਆ ਗਿਆ ਜੋ ਸਿਰਫ਼ ਇਸ ਲਈ ਇਕ ਸਾਲ ਪਹਿਲਾਂ ਕਰਵਾਇਆ ਗਿਆ ਕਿਉਂਕਿ ਜੋਤਸ਼ੀਆਂ ਨੇ ਅਜਿਹਾ ਕਰਨ ਲਈ ਕਿਹਾ ਸੀ ਤੇ ਇਹ ਅਜਿਹੇ ਸਮੇਂ ਕਰਵਾਇਆ ਗਿਆ ਜਦੋਂ ਕਰੋਨਾ ਮਹਾਮਾਰੀ ਆਪਣੇ ਸਿਖ਼ਰ ਵੱਲ ਵਧ ਰਹੀ ਸੀ ਕਿਉਂਕਿ ਆਰਐੱਸਐੱਸ ਅਤੇ ਭਾਜਪਾ ਇਸ ’ਚੋਂ ਪੂਰਾ ਸਮਾਜੀ ਤੇ ਸਿਆਸੀ ਲਾਹਾ ਖੱਟਣਾ ਚਾਹੁੰਦੀਆਂ ਸਨ। ਜਦੋਂ ਵਾਇਰਸ ਉੱਤਰੀ ਭਾਰਤ ਦੇ ਦਿਹਾਤੀ ਖੇਤਰਾਂ ’ਚ ਫੈਲ ਗਿਆ ਤਾਂ ਤੁਹਾਨੂੰ ਇਕ ਪਾਸੇ ਕੇਂਦਰ ਸਰਕਾਰ ਤੇ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਕੁੰਭ ਮੇਲਾ ਕਰਾਉਣ ਲਈ ਦਿੱਤੀ ਜ਼ਬਰਦਸਤ ਹਮਾਇਤ ਅਤੇ ਦੂਜੇ ਪਾਸੇ ਗੰਗਾ ਵਿਚ ਤੈਰਦੀਆਂ ਜਾਂ ਇਸ ਦੇ ਕੰਢਿਆਂ ’ਤੇ ਰੇਤ ਵਿਚ ਦਫ਼ਨਾਈਆਂ ਗਈਆਂ ਲਾਸ਼ਾਂ ਦਰਮਿਆਨ ਇਕ ਸਿੱਧਾ ਕੁਨੈਕਸ਼ਨ ਨਜ਼ਰ ਆਵੇਗਾ। ਪ੍ਰਧਾਨ ਮੰਤਰੀ ਤੋਂ ਲੈ ਕੇ (ਆਰਐੱਸਐੱਸ ਦੇ ਸਰਸੰਘਚਾਲਕ ਸਮੇਤ) ਹੇਠਾਂ ਤੱਕ ਬਹੁਤ ਸਾਰੇ ਅਜਿਹੇ ਤਾਕਤਵਾਰ ਤੇ ਰਸੂਖ਼ਦਾਰ ਬੰਦੇ ਹਨ ਜੋ ਇਸ ਤ੍ਰਾਸਦੀ ਨੂੰ ਵਾਪਰਨ ਤੋਂ ਰੋਕ ਸਕਦੇ ਸਨ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਕਿਉਂਕਿ ਉਨ੍ਹਾਂ ਲਈ ਆਸਥਾ ਤੇ ਹਠਧਰਮੀ ਦਾ ਸਥਾਨ ਤਰਕ ਤੇ ਵਿਗਿਆਨ ਤੋਂ ਉਪਰ ਹੈ।
      ਤਕਰੀਬਨ ਦੋ ਸਾਲ ਪਹਿਲਾਂ ਅਪਰੈਲ 2019 ਵਿਚ ਮੈਂ ਇਨ੍ਹਾਂ ਕਾਲਮਾਂ ’ਚ ਹੀ ਮੋਦੀ ਸਰਕਾਰ ਦੇ ਸਾਇੰਸ ਪ੍ਰਤੀ ਤਿਰਸਕਾਰ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਇਸ ਨੇ ਵਿਗਿਆਨਕ ਖੋਜ ਦੇ ਸਾਡੇ ਬਿਹਤਰੀਨ ਅਦਾਰਿਆਂ ਦਾ ਸਿਆਸੀਕਰਨ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਮੈਂ ਉਦੋਂ ਲਿਖਿਆ ਸੀ ਕਿ ਗਿਆਨ ਤੇ ਨਵੀਨਤਾ ਪੈਦਾ ਕਰਨ ਵਾਲੇ ਸਾਡੇ ਬਿਹਤਰੀਨ ਅਦਾਰਿਆਂ ਦੀ ਇੰਜ ਕਦਰ ਘਟਾਈ ਕਰ ਕੇ ਮੋਦੀ ਸਰਕਾਰ ਦੇਸ਼ ਦੇ ਸਮਾਜਿਕ ਤੇ ਆਰਥਿਕ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਇਸ ਵੇਲੇ ਭਾਰਤ ਵਿਚ ਜੋ ਲੋਕ ਸਾਹ ਲੈ ਰਹੇ ਹਨ ਅਤੇ ਉਹ ਜਿਨ੍ਹਾਂ ਅਜੇ ਜਨਮ ਲੈਣਾ ਹੈ, ਉਨ੍ਹਾਂ ਨੂੰ ਇਸ ਮੂੜ੍ਹਤਾ ਅਤੇ ਬੁੱਧਮਤਾਈ ਖਿਲਾਫ਼ ਨਿੱਠਵੀਂ ਜੰਗ ਦਾ ਖਮਿਆਜ਼ਾ ਭੁਗਤਣਾ ਪੈਣਾ ਹੈ।
        ਉਦੋਂ ਹਾਲੇ ਦੁਨੀਆ ਵਿਚ ਕੋਵਿਡ-19 ਦੀ ਬਿਮਾਰੀ ਨੇ ਦਸਤਕ ਨਹੀਂ ਦਿੱਤੀ ਸੀ। ਹੁਣ ਇਹ ਪੂਰੇ ਜ਼ੋਰ ਨਾਲ ਆ ਚੁੱਕੀ ਹੈ ਪਰ ਮੋਦੀ ਸਰਕਾਰ ਨੇ ਅਜੇ ਵੀ ਪੂਰੇ ਜ਼ੋਰ ਸ਼ੋਰ ਨਾਲ ਵਿਗਿਆਨਕ ਸੂਝ ਸਮਝ ਖਿਲਾਫ਼ ਧਾਵਾ ਬੋਲਿਆ ਹੋਇਆ ਹੈ ਤੇ ਉਦੋਂ ਮੈਂ ਜਿਹੜੀ ਧੁੰਦਲੀ ਤਸਵੀਰ ਦਾ ਕਿਆਸ ਕੀਤਾ ਸੀ, ਅਸਲ ਹਾਲਾਤ ਉਸ ਤੋਂ ਵੀ ਜ਼ਿਆਦਾ ਡਰਾਉਣੇ ਹਨ। ਹਾਲਾਂਕਿ ਇਸ ਮਹਾਮਾਰੀ ਦਾ ਟਾਕਰਾ ਕਰਦਿਆਂ ਫਿਰ ਵੀ ਭਾਰਤ ਅਤੇ ਭਾਰਤੀਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਸੀ ਪਰ ਜਿਵੇਂ ਕੇਂਦਰ ਸਰਕਾਰ ਤੇ ਸੱਤਾਧਾਰੀ ਪਾਰਟੀ ਨੇ ਤਰਕ ਤੇ ਵਿਗਿਆਨ ਪ੍ਰਤੀ ਹਿਕਾਰਤ ਦਿਖਾਈ ਹੈ, ਉਸ ਨੇ ਬਿਮਾਰੀ ਨਾਲ ਸਿੱਝਣ ਲਈ ਸਾਡਾ ਕਾਰਜ ਬਹੁਤ ਜ਼ਿਆਦਾ ਔਖਾ ਤੇ ਘਾਤਕ ਬਣਾ ਦਿੱਤਾ ਹੈ।