ਦੂਰ ਦੁਰੇਡੇ ਵਸੇਂਦੇ ਭਲੇ ਜਿਉੜੇ - ਰਾਮਚੰਦਰ ਗੁਹਾ

        ਲੰਘੇ ਮਈ ਮਹੀਨੇ ਦੇ ਇਕੋ ਹਫ਼ਤੇ ਤਿੰਨ ਬੇਮਿਸਾਲ ਭਾਰਤੀ ਸਾਥੋਂ ਸਦਾ ਲਈ ਵਿੱਛੜ ਗਏ। ਇਹ ਤਿੰਨੋ ਮਹਾਤਮਾ ਗਾਂਧੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ ਹਾਲਾਂਕਿ ਉਨ੍ਹਾਂ ਆਪੋ-ਆਪਣੇ ਢੰਗਾਂ ਨਾਲ ਤੇ ਆਪੋ-ਆਪਣੇ ਭੂਗੋਲਕ ਮਾਹੌਲ ਵਿਚ ਗਾਂਧੀਵਾਦ ਦੀ ਲੋਅ ਬਖੇਰੀ ਸੀ। ਇਨ੍ਹਾਂ ’ਚੋਂ ਇਕ ਅੱਸੀਵਿਆਂ ਨੂੰ ਢੁਕ ਗਿਆ ਸੀ, ਦੂਜਾ ਨੱਬੇਵਿਆਂ ਵਿਚ ਸੀ ਤੇ ਤੀਜਾ ਇਸ ਧਰਤੀ ’ਤੇ ਉਮਰ ਦਾ ਸੈਂਕੜਾ ਪਾਰ ਕਰ ਚੁੱਕਿਆ ਸੀ। ਇਸ ਲਈ ਸਾਨੂੰ ਉਨ੍ਹਾਂ ਦੇ ਤੁਰ ਜਾਣ ਦਾ ਦੁੱਖ ਤਾਂ ਹੈ ਪਰ ਨਾਲ ਹੀ ਸਾਨੂੰ ਉਨ੍ਹਾਂ ਦੀਆਂ ਲੰਮੀਆਂ ਉਮਰਾਂ ਜਿਊਣ ਦਾ ਜਸ਼ਨ ਵੀ ਮਨਾਉਣਾ ਚਾਹੀਦਾ ਹੈ।
       ਇਨ੍ਹਾਂ ’ਚੋਂ ਸਭ ਤੋਂ ਪਹਿਲਾ ਤੁਰ ਜਾਣ ਵਾਲਾ ਗਾਂਧੀਵਾਦੀ ਸੀ ਉਤਰਾਖੰਡ ਦਾ ਸੁੰਦਰਲਾਲ ਬਹੁਗੁਣਾ। 1973 ਵਿਚ ਜਦੋਂ ਉਪਰੀ ਅਲਕਨੰਦਾ ਵਾਦੀ ਵਿਚ ਚਿਪਕੋ ਲਹਿਰ ਸ਼ੁਰੂ ਹੋਈ ਸੀ ਤਾਂ ਬਹੁਗੁਣਾ ਉਸ ਤੋਂ ਕਈ ਦਹਾਕੇ ਪਹਿਲਾਂ ਹੀ ਸਮਾਜਿਕ ਕਾਰਜ ਪੂਰੇ ਕਰ ਚੁੱਕਿਆ ਸੀ। ਸ਼ੁਰੂਆਤੀ ਦੌਰ ’ਚ ਚਿਪਕੋ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਚੰਦੀ ਪ੍ਰਸਾਦ ਭੱਟ ਦੇ ਹੱਥਾਂ ਵਿਚ ਸੀ ਜੋ ਬਹੁਗੁਣਾ ਦੇ ਆਪਣੇ ਲਫ਼ਜ਼ਾਂ ਵਿਚ ਲਹਿਰ ਦੇ ‘ਮੁੱਖ ਸੰਚਾਲਕ’ ਸਨ। ਚਮੋਲੀ ਜ਼ਿਲ੍ਹੇ ਵਿਚ ਲੋਕਾਂ ਵੱਲੋਂ ਕੀਤੇ ਕਾਰਜ ਤੋਂ ਪ੍ਰੇਰਿਤ ਹੋ ਕੇ ਬਹੁਗੁਣਾ ਨੇ ਆਪਣੇ ਜੱਦੀ ਤਰਾਈ ਖੇਤਰ ਜੋ ਗੰਗਾ ਦੀ ਇਕ ਪ੍ਰਮੁੱਖ ਸਹਾਇਕ ਨਦੀ ਭਗੀਰਥੀ ਦੀ ਵਾਦੀ ਵਿਚ ਪੈਂਦਾ ਹੈ, ਵਿਚ ਚਿਪਕੋ ਦਾ ਵਿਚਾਰ ਲੈ ਕੇ ਆਂਦਾ ਸੀ। ਇਲਾਕੇ ਦੇ ਜੰਗਲਾਂ ਵਿਚ ਦਰਖ਼ਤਾਂ ਦੀ ਕਟਾਈ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਜਿਸ ਦੇ ਖਿਲਾਫ਼ ਉਨ੍ਹਾਂ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਸਨ।
ਮੈਂ 1981 ਵਿਚ ਸੁੰਦਰਲਾਲ ਹੋਰਾਂ ਨੂੰ ਕਲਕੱਤਾ ਵਿਚ ਮਿਲਿਆ ਸਾਂ। ਮੈਂ ਚਿਪਕੋ ਲਹਿਰ ’ਤੇ ਆਪਣਾ ਪੀਐੱਚ.ਡੀ. ਦਾ ਖੋਜ ਅਧਿਐਨ ਸ਼ੁਰੂ ਹੀ ਕੀਤਾ ਸੀ ਕਿ ਉਹ ਉਸੇ ਵਿਸ਼ੇ ’ਤੇ ਚਰਚਾ ਕਰਨ ਲਈ ਸ਼ਹਿਰ ਵਿਚ ਆ ਗਏ ਸਨ। ਉਨ੍ਹਾਂ ਦੇ ਬੋਲਾਂ ਵਿਚ ਮਿਕਨਾਤੀਸੀ ਖਿੱਚ ਸੀ ਤੇ ਹਿੰਦੀ ਤੇ ਅੰਗਰੇਜ਼ੀ ਦੇ ਮਿਸ਼ਰਣ ਦਾ ਬਾਖ਼ੂਬੀ ਇਸਤੇਮਾਲ ਕਰਦੇ ਸਨ। (ਕੋਈ ਸ਼ੱਕ ਨਹੀਂ ਕਿ ਆਪਣੇ ਜੱਦੀ ਗੜਵਾਲੀ ਖੇਤਰ ਵਿਚ ਉਹ ਹੋਰ ਵੀ ਜ਼ਿਆਦਾ ਕਮਾਲ ਕਰਦੇ ਸਨ।) ਦੋ ਸਾਲ ਬਾਅਦ ਮੈਂ ਬਾਡਿਆਰ ਵਾਦੀ ਵਿਚ ਜਾ ਕੇ ਫੀਲਡ ਵਰਕ ਕੀਤਾ ਤੇ ਕਿਸਾਨ ਸੁਆਣੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ ਜੋ ਸੁੰਦਰਲਾਲ ਦੇ ਰੋਸ ਪ੍ਰਦਰਸ਼ਨਾਂ ਦਾ ਮੁੱਖ ਆਧਾਰ ਸਨ।
         ਆਪਣੇ ਖੋਜ ਕਾਰਜ ਵਿਚ ਮੈਂ ਚੰਦੀ ਪ੍ਰਸਾਦ ਭੱਟ ਅਤੇ ਸੁੰਦਰਲਾਲ ਬਹੁਗੁਣਾ ਦੋਵਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਦਿੱਲੀ ਬੈਠੇ ਪੱਤਰਕਾਰ ਤੇ ਵਿਦਵਾਨ ਬੜੀ ਜਲਦੀ ਕਿਸੇ ਇਕ ਦਾ ਪੱਖ ਲੈ ਲੈਂਦੇ ਸਨ ਤੇ ਕਿਸੇ ਇਕ ਜਾਂ ਦੂਜੇ ਨੂੰ ਚਿਪਕੋ ਦਾ ‘ਅਸਲੀ’ ਤੇ ‘ਸੱਚਾ’ ਆਗੂ ਕਰਾਰ ਦਿੰਦੇ ਸਨ। ਹਕੀਕਤ ਇਹ ਸੀ ਕਿ ਦੋਵਾਂ ਨੇ ਇਸ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਰਾਹ ਵੱਖੋ ਵੱਖਰੇ ਜ਼ਰੂਰ ਸਨ, ਪਰ ਇਹ ਇਕ ਦੂਜੇ ਦੇ ਪੂਰਕ ਸਨ। 1970ਵਿਆਂ ਦੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਉੱਤਰਾਖੰਡ ਵਿਚ ਤਜਾਰਤੀ ਤੌਰ ’ਤੇ ਦਰੱਖ਼ਤਾਂ ਦੀ ਕਟਾਈ ਵਿਚ ਕਾਫ਼ੀ ਕਮੀ ਆ ਗਈ ਸੀ ਤੇ ਬਹੁਗੁਣਾ ਨੇ ਚਿਪਕੋ ਦਾ ਸੰਦੇਸ਼ ਪੂਰੇ ਹਿਮਾਲਿਆਈ ਖੇਤਰ ਤੱਕ ਪਹੁੰਚਾ ਦਿੱਤਾ ਸੀ। ਦੂਜੇ, ਪਾਸੇ ਭੱਟ ਨੇ ਉੱਤਰਾਖੰਡ ਅੰਦਰ ਜ਼ਮੀਨੀ ਪੱਧਰ ਦੇ ਮੁੜ ਉਸਾਰੀ ਕਾਰਜਾਂ ’ਤੇ ਧਿਆਨ ਕੇਂਦਰਤ ਰੱਖਿਆ ਤੇ ਚਿਪਕੋ ਕਾਰਕੁਨਾਂ ਦੇ ਸ਼ਬਦਾਂ ਵਿਚ ਠੇਕੇਦਾਰਾਂ ਵੱਲੋਂ ਜੰਗਲਾਤ ਵਿਭਾਗ ਦੇ ਅਫ਼ਸਰਾਂ ਨਾਲ ਮਿਲ ਕੇ ਕੀਤੀ ਜਾਂਦੀ ‘ਅੰਨ੍ਹੇਵਾਹ ਕਟਾਈ’ ਕਰਕੇ ਰੁੰਡ-ਮੁੰਡ ਹੋਈਆਂ ਪਹਾੜੀ ਢਲਾਣਾਂ ਨੂੰ ਸੁਰਜੀਤ ਕਰਨ ਲਈ ਔਰਤਾਂ ਤੇ ਵਿਦਿਆਰਥੀਆਂ ਨੂੰ ਸਫ਼ਲਤਾਪੂਰਬਕ ਲਾਮਬੰਦ ਕੀਤਾ ਸੀ। ਬਹੁਗੁਣਾ ਤੇ ਭੱਟ ਦੋਵਾਂ ਨੇ ਹੀ ਬਹੁਤ ਸਾਰੇ ਨੌਜਵਾਨ ਭਾਰਤੀਆਂ ਨੂੰ ਆਪਣੀ ਜ਼ਿੰਦਗੀ ’ਚ ਨਿਸਵਾਰਥ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਸੀ।
         ਸੁੰਦਰਲਾਲ ਬਹੁਗੁਣਾ ਜਿੰਨਾ ਹੀ ਊਰਜਾਵਾਨ, ਦਲੇਰ, ਪ੍ਰਬੁੱਧ ਤੇ ਕ੍ਰਿਸ਼ਮਈ ਇਕ ਹੋਰ ਗਾਂਧੀਵਾਦੀ ਸੀ ਜੋ ਉਨ੍ਹਾਂ ਤੋਂ ਪੰਜ ਦਿਨ ਬਾਅਦ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਗਿਆ ਸੀ। ਇਹ ਸੀ ਕਰਨਾਟਕ ਦੇ ਦੋਰੇਸਵਾਮੀ। ਉਮਰ ’ਚ ਉਹ ਬਹੁਗੁਣਾ ਤੋਂ ਇਕ ਦਹਾਕਾ ਵੱਡਾ ਸੀ ਜਿਸ ਕਰਕੇ ਉਸ ਦੀ ਸਮਾਜ ਸੇਵਾ ਦਾ ਰਿਕਾਰਡ ਉਸ ਤੋਂ ਵੀ ਜ਼ਿਆਦਾ ਲੰਮਾ ਸੀ। ਮਹਾਤਮਾ ਗਾਂਧੀ ਜਦੋਂ 1936 ਦੀਆਂ ਗਰਮੀਆ ਵਿਚ ਆਪਣੀ ਸਿਹਤਯਾਬੀ ਲਈ ਕੁਝ ਦੇਰ ਆਰਾਮ ਕਰਨ ਲਈ ਨੰਦੀ ਹਿਲਜ਼ ਖੇਤਰ ਵਿਚ ਆ ਕੇ ਠਹਿਰੇ ਸਨ ਤਾਂ ਦੋਰੇਸਵਾਮੀ ਬਤੌਰ ਵਿਦਿਆਰਥੀ ਉਨ੍ਹਾਂ ਨੂੰ ਮਿਲੇ ਸਨ। ਛੇ ਸਾਲ ਬਾਅਦ ਦੋਰੇਸਵਾਮੀ ਮੈਸੂਰ ਰਿਆਸਤ ਅੰਦਰ ‘ਭਾਰਤ ਛੱਡੋ’ ਅੰਦੋਲਨ ਦੀਆਂ ਮੂਹਰਲੀਆ ਸਫ਼ਾਂ ਵਿਚ ਸ਼ਾਮਲ ਹੋ ਕੇ ਕੰਮ ਕਰ ਰਹੇ ਸਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਲੰਮੀ ਕੈਦ ਵੀ ਕੱਟਣੀ ਪਈ ਸੀ।
        1950ਵਿਆਂ ਤੇ 1960ਵਿਆਂ ਵਿਚ ਦੋਰੇਸਵਾਮੀ ਨੇ ਜ਼ਮੀਨ ਦੀ ਮੁੜ ਵੰਡ ਦੇ ਕਾਰਜਾਂ ’ਤੇ ਕੇਂਦਰਤ ‘ਸਰਵੋਦਯ’ ਅੰਦੋਲਨ ਵਿਚ ਕੰਮ ਕੀਤਾ ਸੀ। ਉਂਜ, 1975 ਵਿਚ ਜਦੋਂ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਉਹ ਸਮਾਜ ਸੇਵਾ ਦੇ ਸਭ ਕੰਮ ਛੱਡ ਕੇ ਸਰਗਰਮ ਕਾਰਕੁਨ ਬਣ ਗਏ ਜਿਸ ਕਰਕੇ ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਉਸੇ ਤਰ੍ਹਾਂ ਜੇਲ੍ਹ ਭੇਜ ਦਿੱਤਾ ਗਿਆ ਜਿਵੇਂ ਕਿਸੇ ਵੇਲੇ ਸਾਮੰਤੀ ਤੇ ਬਸਤੀਵਾਦੀ ਸਰਕਾਰਾਂ ਨੇ ਕੀਤਾ ਸੀ। ਕੁਝ ਮਹੀਨੇ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਅਤੇ ਉਨ੍ਹਾਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਜੱਦੀ ਸੂਬੇ ਅੰਦਰ ਇਕ ਵਧੇਰੇ ਮਾਨਵੀ ਸਮਾਜਿਕ ਵਿਵਸਥਾ ਦੀ ਕਾਇਮੀ ਦੇ ਲੇਖੇ ਲਗਾ ਦਿੱਤੀ।
  ਮੈਂ 1980ਵਿਆਂ ਦੇ ਅਖੀਰ ਵਿਚ ਪਹਿਲੀ ਵਾਰ ਐਚ.ਐੱਸ. ਦੋਰੇਸਵਾਮੀ ਨੂੰ ਮਿਲਿਆ ਸੀ ਜਦੋਂ ਮਿਲਟਰੀ-ਸਨਅਤੀ ਕੰਪਲੈਕਸ ਵਲੋਂ ਪੱਛਮੀ ਘਾਟ ਦੇ ਖੇਤਰ ਵਿਚ ਵਾਤਾਵਰਨ ਦੀ ਤਬਾਹੀ ਖਿਲਾਫ਼ ਉਨ੍ਹਾਂ (ਦੋਰੇਸਵਾਮੀ) ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿਚ ਮੈਂ ਪਹਿਲੀ ਵਾਰ ਹਿੱਸਾ ਲਿਆ ਸੀ। ਉਦੋਂ ਉਹ ਸੱਤਰਵਿਆਂ ਨੂੰ ਢੁਕੇ ਸਨ, ਪਰ ਉਨ੍ਹਾਂ ਦੀ ਲੰਮੀ ਤੇ ਸਿੱਧ-ਸਤੋਰ ਕੱਦਕਾਠੀ ਮਿਲਣ ਵਾਲਿਆਂ ’ਤੇ ਜ਼ਬਰਦਸਤ ਪ੍ਰਭਾਵ ਛੱਡਦੀ ਸੀ ਤੇ ਉਹ ਹਰ ਵੇਲੇ ਰੋਸ ਪ੍ਰਦਰਸ਼ਨ ਦੀ ਅਗਵਾਈ ਤੇ ਜੇਲ੍ਹ ਜਾਣ ਲਈ ਤਿਆਰ ਹੁੰਦੇ ਸਨ। ਸੁੰਦਰਲਾਲ ਬਹੁਗੁਣਾ ਦੀ ਤਰ੍ਹਾਂ ਉਨ੍ਹਾਂ ਦਾ ਨੌਜਵਾਨਾਂ ਨਾਲ ਖ਼ਾਸ ਲਗਾਅ ਹੁੰਦਾ ਸੀ ਤੇ ਉਨ੍ਹਾਂ ਦਾ ਨਿੱਘਾ ਤੇ ਮਜ਼ਾਹੀਆ ਸੁਭਾਅ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਖਿੱਚ ਪਾਉਂਦਾ ਸੀ।
        ਐਚ.ਐੱਸ. ਦੋਰੇਸਵਾਮੀ ਨਾਲ ਮੇਰੀ ਸੱਜਰੀ ਮੁਲਾਕਾਤ ਪਿਛਲੇ ਸਾਲ ਮਾਰਚ ਵਿਚ ਹੋਈ ਸੀ। ਇਸ ਤੋਂ ਪਹਿਲਾਂ ਲੰਮਾ ਅਰਸਾ ਮੈਂ ਉਨ੍ਹਾਂ ਦੇ ਕਾਰਜ ਦੀ ਨੇੜਿਓਂ ਪੈਰਵੀ ਕਰਦਾ ਆ ਰਿਹਾ ਸਾਂ। ਸੱਚੀਓਂ, ਉਹ ਕਰਨਾਟਕ ਦੀ ਜ਼ਮੀਰ ਸਨ ਤੇ ਬੇਖ਼ੌਫ਼ ਹੋ ਕੇ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲੇ ਗਰੋਹਾਂ, ਖਣਨ ਕੰਪਨੀਆਂ ਤੇ ਸਭ ਤੋਂ ਵੱਧ ਭ੍ਰਿਸ਼ਟ ਸਿਆਸਤਦਾਨਾਂ ਨਾਲ ਡਟ ਕੇ ਲੋਹਾ ਲੈਂਦੇ ਸਨ। ਅੱਸੀਵਿਆਂ ਤੇ ਨੱਬੇਵਿਆਂ ਵਿਚ ਪਹੁੰਚ ਕੇ ਵੀ ਉਨ੍ਹਾਂ ਆਪਣਾ ਜਜ਼ਬਾ ਤੇ ਦਿਆਨਤਦਾਰੀ ਕਾਇਮ ਰੱਖੇ ਹੋਏ ਸਨ ਤੇ ਉਹ ਸਮਾਜਿਕ ਤੇ ਆਰਥਿਕ ਨਾਬਰਾਬਰੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਤੋ ਕਦੇ ਨਹੀਂ ਟਲਦੇ ਸਨ ਤੇ ਇਸੇ ਸਮੇਂ ਉਹ ਸਖ਼ਤੀ ਨਾਲ ਸਟੇਟ ਤੋਂ ਕਿਸੇ ਕਿਸਮ ਦੀ ਰਿਆਇਤ ਪ੍ਰਵਾਨ ਨਹੀਂ ਕਰਦੇ ਸਨ। ਉਨ੍ਹਾਂ ਕਦੇ ਆਪਣੀ ਕਾਰ ਨਹੀਂ ਰੱਖੀ ਤੇ ਹਮੇਸ਼ਾ ਜਨਤਕ ਟਰਾਂਸਪੋਰਟ ਦੀ ਵਰਤੋਂ ਨੂੰ ਤਰਜੀਹ ਦਿੰਦੇ ਸਨ। ਫੋਟੋਗ੍ਰਾਫਰ ਕੇ. ਭਾਗਿਆਪ੍ਰਕਾਸ਼ 93 ਸਾਲ ਦੇ ਇਕ ਗਾਂਧੀਵਾਦੀ ਨੂੰ ਬੰਗਲੁਰੂ ਬੱਸ ਅੱਡੇ ’ਤੇ ਉਡੀਕ ਕਰਦੇ ਹੋਏ ਦੇਖ ਕੇ ਅਵਾਕ ਰੁਕ ਗਏ ਸਨ ਤੇ ਉਨ੍ਹਾਂ ਚੁੱਪ ਚਪੀਤੇ ਦੋਰੇਸਵਾਮੀ ਦੀਆਂ ਕਈ ਯਾਦਗਾਰੀ ਤਸਵੀਰਾਂ ਖਿੱਚ ਲਈਆਂ ਸਨ ਜਿਸ ਬਾਰੇ ਖ਼ੁਦ ਦੋਰੇਸਵਾਮੀ ਨੂੰ ਵੀ ਪਤਾ ਨਹੀਂ ਸੀ ਲੱਗਿਆ ਤੇ ਉਨ੍ਹਾਂ ਦੇ ਦੇਹਾਂਤ ਮਗਰੋਂ ਇਹ ਤਸਵੀਰਾਂ ਟਵਿਟਰ ‘ਤੇ ਮੁੜ ਪੋਸਟ ਕੀਤੀਆਂ ਗਈਆਂ ਹਨ। ਆਪਣੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਗਾਂਧੀਵਾਦੀ ਲਹਿਰ ਨੇ ਆਜ਼ਾਦ ਭਾਰਤ ਵਿਚ ਹਿੰਦੂਤਵੀ ਬਹੁਗਿਣਤੀਵਾਦ ਦੇ ਭਾਰਤੀ ਗਣਰਾਜ ਨੂੰ ਦਰਪੇਸ਼ ਖ਼ਤਰੇ ਵੱਲ ਕਦੇ ਵੀ ਢੁਕਵਾਂ ਧਿਆਨ ਨਹੀਂ ਦਿੱਤਾ। (ਸੁੰਦਰਲਾਲ ਬਹੁਗੁਣਾ ਤਾਂ ਖ਼ੁਦ ਇਨ੍ਹਾਂ ਗੰਧਲੇ ਪਾਣੀਆਂ ਦੇ ਨੇੜੇ ਤੇੜੇ ਤੈਰਦੇ ਰਹੇ ਸਨ ਤੇ ਕੁਝ ਸਮੇਂ ਤੱਕ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਵੀ ਰਹੇ ਸਨ)। ਇਸ ਮਾਮਲੇ ਵਿਚ ਐਚ.ਐੱਸ. ਦੋਰੇਸਵਾਮੀ ਬੇਜੋੜ ਮਿਸਾਲ ਸਨ। ਉਨ੍ਹਾਂ 102 ਸਾਲ ਦੀ ਉਮਰ ਵਿਚ ਅਨੈਤਿਕ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ਼ ਆਪਣੀ ਆਖ਼ਰੀ ਮੁਹਿੰਮ ਵਿੱਢੀ ਸੀ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ (ਖ਼ਾਸਕਰ ਵਿਦਿਆਰਥਣਾਂ) ਵੱਲੋਂ ਪੁਲੀਸ ਜਬਰ ਸਾਹਵੇਂ ਦਿਖਾਏ ਅਦੁੱਤੀ ਸਾਹਸ ਤੋਂ ਪ੍ਰੇਰਿਤ ਹੋ ਕੇ ਉਮਰ ਦੀ ਇਕ ਸਦੀ ਹੰਢਾਅ ਚੁੱਕੇ ਇਸ ਗਾਂਧੀਵਾਦੀ ਨੇ ਖ਼ੁਦ ਇਕ ਜਨਤਕ ਬਿਆਨ ਨਸ਼ਰ ਕੀਤਾ ਤੇ ਮਾਰਚ 2020 ਵਿਚ ਇਕ ਖੁੱਲ੍ਹੇ ਮੈਦਾਨ ’ਚ ਸ਼ਾਮਿਆਨਾ ਲਾ ਕੇ ਬੈਠ ਗਏ ਜਿੱਥੇ ਹਜ਼ਾਰਾਂ ਦੀ ਤਾਦਾਦ ਵਿਚ ਉਨ੍ਹਾਂ ਦੇ ਦੋਸਤ ਮਿੱਤਰ, ਹਮਦਰਦ ਤੇ ਸਨੇਹੀ ਵੀ ਆ ਜੁੜੇ। ਮੈਂ ਵੀ ਉਨ੍ਹਾਂ ਨੂੰ ਮਿਲਣ ਤੇ ਸੁਣਨ ਲਈ ਗਿਆ ਸਾਂ। ਜਿਵੇਂ ਕਿ ‘ਦਿ ਹਿੰਦੂ’ ਦੀ ਇਕ ਰਿਪੋਰਟ ਵਿਚ ਦਰਜ ਸੀ, ਦੋਰੇਸਵਾਮੀ ਨੇ ‘ਸੀਏਏ ਨੂੰ ਵਿਤਕਰੇ ਭਰਿਆ ਅਤੇ ਸਾਡੇ ਰਾਸ਼ਟਰ ਦੇ ਬੁਨਿਆਦੀ ਸਿਧਾਂਤਾਂ ਦੇ ਵਿਰੋਧੀ ਕਾਨੂੰਨ ਕਰਾਰ ਦਿੱਤਾ ਸੀ’। ਉਨ੍ਹਾਂ ਕਿਹਾ ਸੀ ‘ਮੁਸਲਮਾਨਾਂ ਨੇ ਇੱਥੇ ਭਾਰਤੀ ਬਣ ਕੇ ਰਹਿਣ ਦੀ ਚੋਣ ਕੀਤੀ ਸੀ। ਉਨ੍ਹਾਂ ਨੂੰ ਹੁਣ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਨਹੀਂ ਕਿਹਾ ਜਾ ਸਕਦਾ’। ਦੋਰੇਸਵਾਮੀ ਨੇ ਕਿਹਾ ਸੀ ਕਿ ‘ਹਕੂਮਤ ਦੀਆਂ ਵਿਤਕਰੇ ਭਰੀਆਂ ਨੀਤੀਆਂ ਦਾ ਵਿਰੋਧ ਕਰਨ ਨਾਲ ਮੈਂ ਦੇਸ਼ ਵਿਰੋਧੀ ਨਹੀਂ ਹੋ ਜਾਂਦਾ। ਸਾਨੂੰ ਸਰਕਾਰ, ਸਟੇਟ/ਰਿਆਸਤ ਅਤੇ ਰਾਸ਼ਟਰ ਦਰਮਿਆਨ ਫ਼ਰਕ ਕਰਨ ਦੀ ਜਾਚ ਸਿੱਖਣ ਦੀ ਲੋੜ ਹੈ’।
         ਸੁੰਦਰਲਾਲ ਬਹੁਗੁਣਾ ਅਤੇ ਐਚ.ਐੱਸ. ਦੋਰੇਸਵਾਮੀ ਦੋਵੇਂ ਕਾਰਕੁਨ ਸਨ ਜਿਨ੍ਹਾਂ ਨੂੰ ਜਨਤਕ ਨਜ਼ਰਾਂ ਥੱਲੇ ਰਹਿਣ ’ਚ ਕੋਈ ਦਿੱਕਤ ਨਹੀਂ ਸੀ। ਜੇ ਕਿਤੇ ਮਾਈਕ੍ਰੋਫੋਨ ਮਿਲ ਜਾਂਦਾ ਸੀ ਤਾਂ ਉਨ੍ਹਾਂ ਨੂੰ ਆਪਣੇ ਵਿਚਾਰ ਜੱਗ-ਜ਼ਾਹਰ ਕਰ ਕੇ ਖ਼ੁਸ਼ੀ ਮਿਲਦੀ ਸੀ ਤੇ ਇਹ ਕੰਮ ਉਹ ਬਾਖ਼ੂਬੀ ਨਿਭਾਉਂਦੇ ਸਨ। ਬਹੁਗੁਣਾ ਤੋਂ ਬਾਅਦ ਅਤੇ ਦੋਰੇਸਵਾਮੀ ਤੋਂ ਕੁਝ ਦਿਨ ਪਹਿਲਾਂ ਇਕ ਹੋਰ ਗਾਂਧੀਵਾਦੀ ਫ਼ੌਤ ਹੋ ਗਏ ਜਿਨ੍ਹਾਂ ਦਾ ਕਿਰਦਾਰ ਭਾਵੇਂ ਉਨ੍ਹਾਂ ਦੋਵਾਂ ਨਾਲੋਂ ਜੁਦਾ ਸੀ, ਪਰ ਮਿਜ਼ਾਜ ਗਾਂਧੀਵਾਦੀ ਹੀ ਸੀ। ਉਨ੍ਹਾਂ ਦਾ ਨਾਂ ਸੀ ਕੇ.ਐਮ. ਨਟਰਾਜਨ। ਉਹ ਬਹੁਤ ਧੀਮੇ ਤੇ ਛੁਪੇ ਰਹਿਣ ਦੇ ਸੁਭਾਅ ਦੇ ਮਾਲਕ ਸਨ ਜਿਸ ਕਰਕੇ ਲੋਕ ਉਨ੍ਹਾਂ ਬਾਰੇ ਨਿਸਬਤਨ ਘੱਟ ਜਾਣਦੇ ਹਨ ਪਰ ਉਨ੍ਹਾਂ ਆਪਣੇ ਜੱਦੀ ਸੂਬੇ ਤਾਮਿਲ ਨਾਡੂ ਵਿਚ ਗਾਂਧੀਵਾਦੀ ਜਜ਼ਬੇ ਨੂੰ ਆਪਣੇ ਜੀਵਨ ਵਿਚ ਉਤਾਰ ਕੇ ਦਿਖਾਇਆ ਸੀ।
         ਨਟਰਾਜਨ ਕਿਸੇ ਕਾਰਕੁਨ ਨਾਲੋਂ ਰਚਨਾਤਮਿਕ ਕਾਮੇ ਜ਼ਿਆਦਾ ਸਨ। ਜਦੋਂ ਉਹ ਵਿਦਿਆਰਥੀ ਸਨ ਤਾਂ ਗਾਂਧੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ 1956-57 ਵਿਚ ਵਿਨੋਭਾ ਭਾਵੇ ਨਾਲ ਜੁੜ ਕੇ ਤਾਮਿਲ ਨਾਡੂ ਭਰ ’ਚ ਇਕ ਲੰਮੀ ਪੈਦਲ ਯਾਤਰਾ ਕੀਤੀ ਤੇ ‘ਭੂਦਾਨ’ ਅੰਦੋਲਨ ਨੂੰ ਮਜ਼ਬੂਤ ਕੀਤਾ ਸੀ। ਉਸ ਤੋਂ ਮਗਰੋਂ ਉਨ੍ਹਾਂ ਆਪਣੀ ਜ਼ਿੰਦਗੀ ਦਿਹਾਤੀ ਨਵੀਨੀਕਰਨ ਦੇ ਲੇਖੇ ਲਾ ਦਿੱਤੀ। ਉਨ੍ਹਾਂ ਜਾਤੀ ਵਿਤਕਰੇ ਦੇ ਖਾਤਮੇ, ਖਾਦੀ ਅਤੇ ਜੈਵਿਕ ਖੇਤੀ ਦੇ ਉਥਾਨ ਅਤੇ ਮੰਦਰਾਂ ਦੇ ਨਾਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਨੂੰ ਵੰਡਣ ਆਦਿ ਜਿਹੇ ਬਹੁਤ ਸਾਰੇ ਮੁੱਦਿਆਂ ’ਤੇ ਕੰਮ ਕੀਤਾ। ਇਨ੍ਹਾਂ ਅੰਦੋਲਨਾਂ ਦੌਰਾਨ ਉਨ੍ਹਾਂ ਦੇ ਸਾਥੀ ਰਹੇ ਲੋਕਾਂ ਵਿਚ ਇਕ ਬੇਮਿਸਾਲ ਜੋੜੀ ਸ਼ੰਕਰਾਲਿੰਗਮ ਤੇ ਕ੍ਰਿਸ਼ਨਾਮਲ ਜਗਨਨਾਥਨ ਅਤੇ ਇਕ ਖਾਦੀਧਾਰੀ ਅਮਰੀਕਨ ਰਾਲ਼ਫ਼ ਰਿਚਰਡ ਕੀਥਨ ਵੀ ਸ਼ਾਮਲ ਸਨ।
       ਮੈਂ ਭਾਰਤੀ ਡਾਕ ਸੇਵਾ ਜ਼ਰੀਏ ਪਹਿਲੀ ਵਾਰ ਕੇ.ਐਮ. ਨਟਰਾਜਨ ਨੂੰ ਜਾਣ ਸਕਿਆ ਸਾਂ। 1996 ਵਿਚ ਮੈਂ ਗਾਂਧੀਵਾਦੀ ਅਰਥਸ਼ਾਸਤਰੀ ਜੇ.ਸੀ. ਕੁਮਾਰੱਪਾ ਬਾਰੇ ਇਕ ਅਖ਼ਬਾਰੀ ਲੇਖ ਲਿਖਿਆ ਸੀ ਜਿਸ ਨੂੰ ਪੜ੍ਹ ਕੇ ਮਦੁਰਾਈ ਤੋਂ ਇਕ ਸ਼ਖ਼ਸ ਨੇ ਮੈਨੂੰ ਬਹੁਤ ਹੀ ਸਿਖਿਆਦਾਈ ਡਾਕ ਭੇਜੀ ਜੋ ਕੁਮਾਰੱਪਾ ਨਾਲ ਮਿਲ ਕੇ ਕੰਮ ਕਰ ਚੁੱਕਿਆ ਸੀ। ਕਈ ਸਾਲਾਂ ਬਾਅਦ ਆਰ.ਆਰ. ਕੀਥਨ ਦੀ ਜ਼ਿੰਦਗੀ ਬਾਰੇ ਖੋਜ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਨਟਰਾਜਨ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ। ਗਾਂਧੀ ਮਿਊਜ਼ੀਅਮ ਕੰਪਲੈਕਸ ਵਿਚ ‘ਸਰਵੋਦਯ’ ਦੇ ਦਫ਼ਤਰ ਵਿਚ ਚਾਹ ਦੇ ਕੱਪ ਪੀਂਦਿਆਂ ਨਟਰਾਜਨ ਨੇ ਕੀਥਨ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਜਿਨ੍ਹਾਂ ਬਾਰੇ ਮੈਂ ਪਹਿਲਾਂ ਅਣਜਾਣ ਸਾਂ। ਫਿਰ ਉਨ੍ਹਾਂ ਮੈਨੂੰ ਤਾਕੀਦਾਂ ਸਹਿਤ ਡਿੰਡੀਗੁਲ ਵਿਚ ਗਾਂਧੀਗ੍ਰਾਮ ਰੂਰਲ ਯੂਨੀਵਰਸਿਟੀ ਵਿਚਲੇ ਉਨ੍ਹਾਂ ਲੋਕਾਂ ਨੂੰ ਮਿਲਣ ਲਈ ਘੱਲਿਆ ਜੋ ਕੀਥਨ ਨੂੰ ਚੰਗੀ ਤਰ੍ਹਾਂ ਜਾਣਦੇ ਸਨ।
         ਸਾਡੀਆਂ ਗੱਲਾਂ ਬਾਤਾਂ ਦੌਰਾਨ ਮੈਨੂੰ ਇਹ ਜਾਣਕਾਰੀ ਪਾ ਕੇ ਬਹੁਤ ਹੈਰਾਨੀ ਤੇ ਖ਼ੁਸ਼ੀ ਹੋਈ ਕਿ ਨਟਰਾਜਨ ਇਕ ਗ਼ੈਰ ਗਾਂਧੀਵਾਦੀ ਕਾਰਜ ਭਾਵ ਕ੍ਰਿਕਟ ਵਿਚ ਬਹੁਤ ਰੁਚੀ ਰੱਖਦੇ ਹਨ। ਤੇ ਉਨ੍ਹਾਂ ਦੀ ਫਰਾਖ਼ਦਿਲੀ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ। ਜਦੋਂ ਮੈਂ ਬੰਗਲੁਰੂ ਪਰਤ ਆਇਆ ਤਾਂ ਮੈਨੂੰ ਨਟਰਾਜਨ ਹੋਰਾਂ ਤੋਂ ਲਗਾਤਾਰ ਪਾਰਸਲ ਮਿਲਦੇ ਰਹਿੰਦੇ ਸਨ ਜਿਨ੍ਹਾਂ ਵਿਚ ਕੀਥਨ ਵੱਲੋਂ ਲਿਖੀਆਂ ਮੂਲ ਚਿੱਠੀਆਂ ਵੀ ਸ਼ਾਮਲ ਹੁੰਦੀਆਂ ਸਨ ਜੋ ਉਨ੍ਹਾਂ ਮੇਰੀ ਖ਼ਾਤਰ ਤਾਮਿਲ ਨਾਡੂ ਭਰ ’ਚੋਂ ਇਕੱਠੀਆਂ ਕੀਤੀਆਂ ਸਨ। ਉਨ੍ਹਾਂ ਦੀ ਉਦਾਰਤਾ ਇੱਥੇ ਹੀ ਖ਼ਤਮ ਨਹੀਂ ਹੁੰਦੀ ਸਗੋਂ ਉਨ੍ਹਾਂ ਇਸ ਵਿਸ਼ੇ ’ਤੇ ਮੇਰੇ ਖਰੜਿਆਂ ਨੂੰ ਪੜ੍ਹ ਕੇ ਬਹੁਤ ਹਲੀਮੀ ਨਾਲ ਗ਼ਲਤੀਆਂ ਦੀ ਸੁਧਾਈ ਕਰਵਾਈ ਸੀ।
         ਜਦੋਂ ਮੈਂ ਇਨ੍ਹਾਂ ਤਿੰਨ ਜ਼ਿੰਦਗੀਆਂ ਬਾਰੇ ਸੋਚ ਵਿਚਾਰ ਕਰਦਾ ਹਾਂ ਤਾਂ ਪਾਉਂਦਾ ਹਾਂ ਕਿ ਸਾਡੇ ’ਚੋਂ ਜਿਨ੍ਹਾਂ ਲੋਕਾਂ ਕੋਲ ਇਸ ਧਰਤੀ ’ਤੇ ਰਹਿਣ ਦਾ ਜਿੰਨਾ ਕੁ ਸਮਾਂ ਬਚਿਆ ਹੈ, ਉਨ੍ਹਾਂ ਨੂੰ ਸਿਖਾਉਣ ਲਈ ਇਨ੍ਹਾਂ ਤਿੰਨਾਂ ’ਚੋਂ ਹਰੇਕ ਕੋਲ ਬਹੁਤ ਕੁਝ ਸੀ। ਉੱਤਰਾਖੰਡ ਦੇ ਸੁੰਦਰਲਾਲ ਨੇ ਸਾਨੂੰ ਸਿਖਾਇਆ ਕਿ ਇਨਸਾਨ ਸਾਡੇ ਆਲੇ ਦੁਆਲੇ ਦੇ ਜੀਵ ਜੰਤੂਆਂ ਤੇ ਪੌਦੇ ਪੰਛੀਆਂ ਨਾਲੋਂ ਵੱਖਰਾ ਜਾਂ ਉੱਤਮ ਵਰਤਾਰਾ ਨਹੀਂ ਹੈ ਤੇ ਇਹ ਕਿ ਸਾਡੀ ਆਪਣੀ ਹੋਂਦ ਵਾਸਤੇ ਸਾਨੂੰ ਕੁਦਰਤ ਦੀਆਂ ਹੋਰਨਾਂ ਰਚਨਾਵਾਂ ਦਾ ਸਤਿਕਾਰ ਕਰਨਾ ਸਿੱਖਣਾ ਪੈਣਾ ਹੈ। ਕਰਨਾਟਕ ਦੇ ਦੋਰੇਸਵਾਮੀ ਸਾਨੂੰ ਸਿਖਾਉਂਦੇ ਹਨ ਕਿ ਜਾਤ, ਸ਼੍ਰੇਣੀ, ਲਿੰਗ ਅਤੇ ਅਕੀਦੇ ਦੇ ਆਧਾਰ ’ਤੇ ਵਿਤਕਰਾ ਭਾਰਤੀ ਸੰਵਿਧਾਨ ਦੇ ਆਦਰਸ਼ਾਂ ਦਾ ਖੰਡਨ ਹੀ ਨਹੀਂ ਹੈ ਸਗੋਂ ਸੁਚੱਜੇ ਤੇ ਮਾਨਵੀ ਵਿਹਾਰ ਦੇ ਵੀ ਉਲਟ ਹੈ। ਤਾਮਿਲ ਨਾਡੂ ਦੇ ਨਟਰਾਜਨ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਆਤਮ-ਨਿਰਭਰਤਾ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ, ਆਪਣੇ ਪਰਿਵਾਰ ਅਤੇ ਭਾਈਚਾਰੇ ਨਾਲ ਮਿਲ ਕੇ ਕਾਰਜ ਕਰਦਿਆਂ ਆਉਂਦੀ ਹੈ, ਇਹ ਕਿ ਦਿਹਾਤੀ ਹੰਢਣਸਾਰਤਾ ਲਈ ਮੁਕਾਮੀ ਪੱਧਰ ਦੇ ਕਾਰਜ ਸਾਡੇ ਗ੍ਰਹਿ ਦੇ ਭਵਿੱਖ ਲਈ ਓਨੇ ਹੀ ਅਹਿਮ ਹਨ ਜਿੰਨੀਆਂ ਕਾਰਬਨ ਗੈਸਾਂ ਦਾ ਰਿਸਾਅ ਘਟਾਉਣ ਬਾਰੇ ਕੌਮਾਂਤਰੀ ਸੰਧੀਆਂ ਅਹਿਮ ਹਨ।
       ਇਨ੍ਹਾਂ ਤਿੰਨੋਂ ਜ਼ਿੰਦਗੀਆਂ ’ਚੋਂ ਹਰੇਕ ਜ਼ਿੰਦਗੀ ਤਾਰੀਫ਼ ਦੇ ਕਾਬਿਲ ਸੀ, ਭਾਵੇਂ ਉਨ੍ਹਾਂ ਦਾ ਢੰਗ ਤੇ ਤੌਰ ਤਰੀਕਾ ਵੱਖੋ ਵੱਖਰਾ ਤੇ ਮਖ਼ਸੂਸ ਸੀ। ਇਸ ਦੇ ਬਾਵਜੂਦ ਇਨ੍ਹਾਂ ਤਿੰਨਾਂ ਦਰਮਿਆਨ ਇਕ ਸਾਂਝੀ ਤੰਦ ਸੀ। ਬਹੁਗੁਣਾ, ਦੋਰੇਸਵਾਮੀ ਤੇ ਨਟਰਾਜਨ ਦੇਸ਼ ਤੇ ਦੁਨੀਆਂ ਦੇ ਮਾਮਲਿਆਂ ਵਿਚ ਗਹਿਰੀ ਰੁਚੀ ਰੱਖਦੇ ਸਨ ਪਰ ਉਹ ਆਪੋ ਆਪਣੇ ਜੱਦੀ ਜ਼ਿਲ੍ਹਿਆਂ ਤੇ ਜੱਦੀ ਸੂਬਿਆਂ ਨਾਲ ਬਹੁਤ ਗਹਿਰਾਈ ਤੋਂ ਜੁੜੇ ਹੋਏ ਸਨ। ਉਨ੍ਹਾਂ ਦੀ ਸੋਚ ਆਲਮੀ ਸੀ, ਪਰ ਕਾਰਜ ਮੁਕਾਮੀ ਹੁੰਦਾ ਸੀ। ਇਨ੍ਹਾਂ ਤਿੰਨਾਂ ਨੂੰ ਜਾਣਨਾ ਕੇਡੇ ਮਾਣ ਤੇ ਖ਼ੁਸ਼ਨਸੀਬੀ ਦੀ ਗੱਲ ਹੈ।