ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 July 2021

ਸ਼ਤਰੂਘਨ ਸਿਨਹਾ ਦੇ ਤ੍ਰਿਣਮੂਲ ਕਾਂਗਰਸ ‘ਚ ਜਾਣ ਦੇ ਚਰਚੇ- ਇਕ ਖ਼ਬਰ

ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

 

 ਕਿਸਾਨਾਂ ਦੀਆਂ ਗ੍ਰਿਫ਼ਤਾਰੀਆ ਨਾਲ ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ- ਟਿਕੈਤ

ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।

 

ਭਾਜਪਾ ਦੇ ਅੰਤ ਦਾ ਕਾਰਨ ਬਣੇਗਾ ਕਿਸਾਨ ਅੰਦੋਲਨ- ਕਿਸਾਨ ਮੋਰਚਾ

ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

 

ਸਿੱਧੂ ਹੱਥ ਪੰਜਾਬ ਕਾਂਗਰਸ ਦੀ ਵਾਗਡੋਰ ਦੇਣ ਨਾਲ਼ ਕਾਂਗਰਸ ਦਮ ਤੋੜ ਦੇਵੇਗੀ- ਕੈਪਟਨ

ਦਾਖੇ ਹੱਥ ਨਾ ਅੱਪੜੇ, ਆਖੇ ਥੂ ਕੌੜੀ।

 

ਕਿਸਾਨਾਂ ਦੀ ਆਵਾਜ਼ ਬਣਨਾ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਅਤੇ ਧਰਮ- ਭਗਵੰਤ ਮਾਨ

ਸਿਆਸਤ ਖੇਡ ਹੈ ਗਿਣਤੀਆਂ ਮਿਣਤੀਆਂ ਦੀ, ਧਰਮ ਤੇ ਫ਼ਰਜ਼ ਨੂੰ ਕੌਣ ਪਛਾਣਦਾ ਏ।

 

ਭਾਜਪਾ ਤੋਂ ਡਰਨ ਵਾਲੇ ਕਾਂਗਰਸ ਛੱਡ ਕੇ ਚਲੇ ਜਾਣ- ਰਾਹੁਲ ਗਾਂਧੀ

ਸੁੱਤੀ ਨਾ ਜਗਾਈਂ ਮਿੱਤਰਾ, ਸਾਨੂੰ ਲੱਡੂਆਂ ਤੋਂ ਨੀਂਦ ਪਿਆਰੀ।

 

ਡੇਰਾ ਮੁਖੀ ਨੂੰ ਬਚਾਉਣ ਦੇ ਯਤਨ ਨਾ ਕਰੇ ਪੰਜਾਬ ਸਰਕਾਰ- ਸ਼੍ਰੋਮਣੀ ਕਮੇਟੀ

ਉਲਟਾ ਚੋਰ ਕੋਤਵਾਲ ਕੋ ਡਾਂਟੇ।

 

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ‘ਹਿੰਦੂ’ ਪੱਤਾ ਖੇਡਣ ਦਾ ਫ਼ੈਸਲਾ ਕੀਤਾ- ਇਕ ਖ਼ਬਰ

ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ, ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।

 

ਕਾਂਗਰਸ ਜਾਣ ਬੁਝ ਕੇ ਡੇਰਾ ਸਿਰਸਾ ਮੁਖੀ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ- ਬਾਦਲ ਅਕਾਲੀ ਦਲ

ਨਿੱਕਾ ਦਿਉਰ ਮੇਰਾ ਖੰਡ ਦਾ ਖਿਡੌਣਾ, ਮੈਂ ਸਾਂਭ ਸਾਂਭ ਰੱਖਦੀ ਫਿਰਾਂ।

 

ਭਾਜਪਾ ਵਰਕਰ ਚੋਣਾਂ ਲਈ ਕਮਰਕੱਸੇ ਕਰਨ- ਅਸ਼ਵਨੀ ਕੁਮਾਰ

ਚੜ੍ਹ ਜਾਉ ਬੱਚਿਓ ਸੂਲ਼ੀ, ਰਾਮ ਭਲੀ ਕਰੇਗਾ।

 

ਵੋਟਾਂ ਲਈ ਸੌਦਾ ਸਾਧ ਦਾ ਨਾਮ ਸਰਕਾਰ ਅਤੇ ਸਿਆਸਤਦਾਨਾਂ ਨੇ ਕੇਸ ‘ਚੋਂ ਕਢਵਾਇਆ- ਜਥੇਦਾਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

 

ਸੰਸਦ ਭਵਨ ਦੇ ਬਾਹਰ ਕਿਸਾਨ ਚਲਾਉਣਗੇ ਆਪਣੀ ਸੰਸਦ- ਇਕ ਖ਼ਬਰ

ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।

 

ਸਰਕਾਰ ਬਦਲਣ ਨਾਲ਼ ਸਿਰਫ਼ ਪੱਗਾਂ ਦੇ ਰੰਗ ਬਦਲੇ- ਭਗਵੰਤ ਮਾਨ

ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

 

ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਕੇਂਦਰੀ ਫੋਰਸ ਤੈਨਾਤ ਕੀਤੀ ਜਾਵੇ- ਮਦਨ ਮੋਹਨ ਮਿੱਤਲ

ਤੇਰੇ ਵਿਚ ਸਾਰਾ ਬੰਦਿਆ ਕਸੂਰ ਸੀ, ਬੀਜ ਕੇ ਤੇ ਅੱਕ ਭਾਲ਼ਦਾ ਖਜੂਰ ਜੀ।