ਭਾਈ ਲਾਲੋ ਕਿਉਂ ਮਰਦਾ ਹੈ ? - ਬੁੱਧ ਸਿੰਘ ਨੀਲੋਂ

ਅੱਜ ਭਾਈ ਲਾਲੋ ਦੀ ਜਾਨ ਨੂੰ ਖਤਰਾ ਹੈ। ਮਲਕ ਭਾਗੋ ਤਾਕਤਵਰ ਹੈ … ਉਹ ਸਦਾ ਹੀ ਭਾਈ ਲਾਲੋ ਨੂੰ ਵਰਤਦਾ ਹੈ ਤੇ ਅੰਨ੍ਹੇ ਖੂਹ ਵਿੱਚ ਸੁੱਟ ਦੇਦਾ ਹੈ। ਜਦੋਂ ਵੀ ਨਿਕਲਣ ਲੱਗਦਾ ਹੈ … ਕੋਈ ਕੁੱਤਾ ਕੰਨ ਮਾਰਦਾ ਹੈ।
      ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ। ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਪਰਾਇਆ ਤੇ ਦੇਸ਼ ਵਿੱਚ ਪਰਵਾਸੀ ਹੋ ਗਿਆ। ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁਕੀ ਉਹ ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ ਥਾਂ ਉਤੇ ਘਰ ਹੈ?
      ਉਹ ਸੜਕਾਂ ਉਤੇ ਆਪਣੇ ਖੂਨ ਪਸੀਨੇ ਤੇ ਲਹੂ ਦੇ ਨਿਸ਼ਾਨ ਲਗਾ ਰਿਹਾ ਹੈ। ਪਰ ਘਰ ਨਹੀਂ ਮਿਲਿਆ। ਪੁਲਸ ਦੀ ਕੁੱਟ ਉਸ ਹਰ ਥਾਂ ਖਾਧੀ ਹੈ।
      ਲੱਕਤੋੜ ਬੰਦੀ ਦੇ ਵਿੱਚ ਉਸ ਦਾ ਸਭ ਕੁੱਝ ਮਰਿਆ ਹੈ ਪਰ ਸਰੀਰ ਨਹੀਂ ਮਰਿਆ ਨਾ ਹੀ ਡਰਿਆ ਐ। ਇਹ ਪੈਰ ਦਿੱਲੀ ਵੱਲ ਕਦੋਂ ਤੁਰਨਗੇ ? ਆਪਣੇ ਹਿੱਸੇ ਦਾ ਘਰ ਲੈਣ ਲਈ ? ਕਿੰਨੇ ਲਾਲੋ ਮਰੇ ਹਨ ਕੋਈ ਸਬੂਤ ਤੇ ਅੰਕੜੇ ਨਹੀਂ। ਕਿੰਨਿਆਂ ਨੇ ਤੁਰਨ ਦੇ ਬਣਾਏ ਨੇ ਵਿਸ਼ਵ ਰਿਕਾਰਡ ਕੋਈ ਖਬਰ ਨਹੀਂ। ਇਹਨਾਂ ਦੀ ਤਰਾਸਦੀ ਦਾ ਕੌਣ ਇਤਿਹਾਸ ਕਾਰ ਲਿਖੇਗਾ ਇਤਿਹਾਸ ? ਕੋਈ ਨਹੀਂ ਲਿਖੇਗਾ। ਲਾਲੋਆਂ ਦਾ ਵੀ ਕੋਈ ਇਤਿਹਾਸ ਹੁੰਦਾ ? ਇਹ ਲਾਲੋ ਤਾਂ ਬਣ ਗਏ ਹਨ ਆਮ ਆਦਮੀ। ਆਮ ਆਦਮੀ ਨੂੰ ਕੌਣ ਪੁਛਦੈ ?
      ਉਹ ਹਰ ਸਾਹ ਮਰ ਰਿਹਾ ਐ। ਪਰ ਉਸ ਨੂੰ “ਇਸ ਡੂੰਘੇ ਟੋਏ” ਵਿਚੋਂ ਕੱਢਣ ਵਾਲਾ ਕੋਈ ਨਹੀਂ ਉਝ ਉਸ ਦੇ ਆਲੇ ਦੁਆਲੇ ਮਲਕ ਭਾਗੋ, ਕੌਡੇ ਰਾਖਸ਼ਸ਼ ਤੇ ਬਲੀ ਕੰਧਾਰੀਆਂ ਦੀ ਭੀੜ ਐ। ਜਿਹੜੇ ਉਸ ਦੇ ਟੋਏ ਵਿੱਚ ਡਿੱਗਣ ਨੂੰ ਵਿਕਾਸ ਆਖਦੇ ਹਨ ਤੇ ਤਾੜੀਆਂ ਮਾਰ ਕੇ ਹੱਸ ਰਹੇ ਹਨ। ਕੱਲ ਵੀ ਵੱਡਾ ਤਮਾਸ਼ਾ ਹੋਵੇਗਾ।
ਭਲਾ ਤੁਸੀਂ ਆਪ ਹੀ ਦੱਸੋ? ਆਮ ਵਿਅਕਤੀ ਵੀ ਕਦੇ ਮਰਦਾ ਹੈ? ਇਹ ਸਵਾਲ ਹੀ ਗ਼ਲਤ ਹੈ। ਮਰਦਾ ਤਾਂ ਉਹ ਹੁੰਦਾ ਹੈ, ਜਿਹੜਾ ਜਿਉਂਦਾ ਹੁੰਦਾ ਹੈ। ਹੁਣ ਤੁਸੀਂ ਦੱਸੋ ਆਮ ਆਦਮੀ ਜਿਉਂਦਾ ਕਦੋਂ ਹੁੰਦਾ ਹੈ? ਉਹ ਤਾਂ ਜੰਮਦਾ ਹੀ ਮਰ ਜਾਂਦਾ ਹੈ। ਜੇ ਕਿਧਰੇ ਉਹ ਭੁੱਲ ਭੁਲੇਖੇ ਜੰਮ ਵੀ ਪਵੇ ਤਾਂ ਘੇਰ ਕੇ, ਭਜਾ ਕੇ ਸੜਕਾਂ ਉੱਤੇ ਜਾਂ ਫਿਰ ਥਾਣੇ ਵਿੱਚ ਮਾਰ ਦਿੱਤਾ ਜਾਂਦਾ ਹੈ।
      ਆਮ ਆਦਮੀ ਜਦੋਂ ਵੀ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਮਰਨ ਨਾਲ ਫ਼ਰਕ ਉਸ ਦੇ ਆਪਣਿਆਂ ਨੂੰ ਪੈਂਦਾ ਹੈ, ਜਿੰਨਾਂ ਦੇ ਨਾਲ ਉਹ ਜਿਉਂਦਾ ਹੁੰਦਾ ਹੈ। ਉਹੀ ਉਸਦਾ ਸੰਸਾਰ ਤੇ ਪਿਆਰ ਹੁੰਦਾ ਹੈ।
       ਬਾਕੀ ਤਾਂ ਸਾਰੇ ਉਸਨੂੰ ਨਫ਼ਰਤ ਕਰਦੇ ਹਨ। ਉਸਨੂੰ ਸ਼ਬਦਾਂ ਨਾਲ, ਅੱਖਾਂ ਦੀ ਘੂਰੀ ਨਾਲ ਤੇ ਡਾਂਗ ਸੋਟੇ ਨਾਲ ਕੁੱਟਦੇ ਹਨ, ਮਾਰਦੇ ਹਨ। ਉਸ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ।
ਆਮ ਆਦਮੀ ਜਦੋਂ ਮਰਦਾ ਹੈ ਤੇ ਉਸਦੀ ਸ਼ਵ ਯਾਤਰਾ ਨਿਕਲਦੀ ਹੈ ਤਾਂ ਉਸ ਦੇ ਮਗਰ ਉਸਦੇ ਆਪਣੇ ਸੁਪਨੇ ਹੁੰਦੇ ਹਨ। ਉਸਦੀ ਸ਼ਵ ਯਾਤਰਾ ਮਗਰ ਕੋਈ ਜਾਵੇ ਵੀ ਕਿਉਂ?
      ਉਹ ਕਿਹੜਾ ਮਨੁੱਖ ਹੈ ਉਹ ਤਾਂ ਪਸ਼ੂ ਹੈ। ਪਸ਼ੂ ਮਗਰ ਕਦੇ ਕੋਈ ਜਾਂਦਾ ਦੇਖਿਆ ਹੈ?
     ਜਦੋਂ ਮਨੁੱਖ ਮਰਦਾ ਹੈ, ਉਸਦੀ ਯਾਤਰਾ ਵਿੱਚ ਭੀੜ ਹੁੰਦੀ ਹੈ। ਨਾਲੇ ਆਮ ਆਦਮੀ ਤਾਂ ਰੋਜ਼ ਹੀ ਮਰਦੇ ਹਨ। ਕਿਸ ਕਿਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ। ਨਾਲੇ ਹੁਣ ਕਿਸੇ ਕੋਲ ਵਿਹਲ ਵੀ ਕਿੱਥੇ ਹੈ?
      ਆਮ ਆਦਮੀ ਕੋਲ ਆਪਣੇ ਸਰੀਰ ਤੇ ਸੁਪਨਿਆਂ ਤੋਂ ਬਗੈਰ ਕੁੱਝ ਨਹੀਂ ਹੁੰਦਾ। ਪਰ ਜਦੋਂ ਸੁਪਨੇ ਮਰਦੇ ਹਨ ਤਾਂ ਆਮ ਆਦਮੀ ਵੀ ਮਰਦਾ ਹੈ। ਫੇਰ ਉਹ ਸ਼ਮਸ਼ਾਨ ਘਾਟ ਤੀਕ ਆਪਣੀ ਹੀ ਲਾਸ਼ ਮੋਢਿਆ ‘ਤੇ ਚੁੱਕੀ ਫਿਰਦਾ ਰਹਿੰਦਾ ਹੈ। ਆਪਣੀ ਹੀ ਲਾਸ਼ ਮੋਢਿਆਂ ਤੇ ਚੁੱਕੀ ਫਿਰਨਾ ਬਹੁਤ ਔਖਾ ਹੁੰਦਾ ਹੈ, ਪਰ ਉਹ ਚੁੱਕੀ ਰਖਦਾ ਹੈ। ਉਸਦੀ ਇਹ ਮਜਬੂਰੀ ਹੈ ਜਾਂ ਫਿਰ ਕੋਈ?
      ਆਮ ਆਦਮੀ ਦੇ ਦਰਦ ਦੀ ਪੀੜ ਕੋਈ ਨਹੀਂ ਜਾਣਦਾ।
      ਉਹ ਪੀੜ ਕਿਵੇਂ ਜਾਣ ਸਕਦੇ ਹਨ। ਜਿਹੜੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮੇ ਹੋਣ। ਸੋਨੇ ਦਾ ਚਮਚਾ ਲੈ ਕੇ ਉਹ ਹੀ ਜੰਮਦੇ ਹਨ, ਜਿਨਾਂ ਦੇ ਮਾਪਿਆਂ ਨੇ ਆਪਣੀ ਜ਼ਮੀਰ ਵੇਚ ਕੇ ਮਾਇਆ ਇਕੱਠੀ ਕੀਤੀ ਹੋਵੇ। ਆਮ ਆਦਮੀ ਤਾਂ ਪੇਟ ਨਹੀਂ ਪਾਲ ਸਕਦਾ।
      ਮਾਇਆ ਇਕੱਠੀ ਕਰਨ ਲਈ ਦੂਜਿਆਂ ਦਾ ਪੇਟ ਕੱਟਣਾ ਪੈਂਦਾ ਹੈ। ਦੂਜਿਆਂ ਦਾ ਪੇਟ ਉਹੀ ਕੱਟ ਸਕਦਾ ਹੈ, ਜਿਸ ਦੇ ਹੱਥ ਛੁਰਾ ਹੋਵੇ। ਉਹ ਛੁਰਾ ਜਿਹੜਾ ਕਦੇ ਲੋਹੇ ਦਾ ਹੁੰਦਾ ਹੈ, ਕਦੇ ਧਰਮ ਦਾ, ਕਦੇ ਸਮਾਜ ਦਾ ਤੇ ਕਦੇ ਕਿਰਤ ਦਾ।ਇਸ ਛੁਰੇ ਦੇ ਬਹੁਤ ਰੂਪ ਹਨ। ਇਹ ਛੁਰੇ ਹਰ ਥਾਂ ਆਪਣੀ ਸ਼ਕਲ ‘ਤੇ ਮੁਖੌਟਾ ਬਦਲ ਲੈਂਦੇ ਹਨ। ਆਮ ਵਿਅਕਤੀ ਦਾ ਗਲਾ ਜਾਂ ਪੇਟ ਕੱਟਣਾ ਆਮ ਵਰਤਾਰਾ ਹੈ।
      ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਾਲਣ ਹੁੰਦਾ ਹੈ। ਬਾਲਣ ਦਾ ਕੰਮ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਉਨਾਂ ਲੋਕਾਂ ਲਈ ਬਲਦਾ ਹੈ, ਜਿਹੜੇ ਉਸਨੂੰ ਬਾਲਣ ਬਣਾਈ ਰੱਖਦੇ ਹਨ।
      ਆਮ ਆਦਮੀ ਆਪਣੇ ਲਈ ਕਦੇ ਵੀ ਬਲਦਾ ਨਹੀਂ, ਉਸ ਦਾ ਤਾਂ ਸਿਵਾ ਬਲਦਾ ਹੈ। ਉਹ ਆਦਮੀ ਕਦੇ ਵੀ ਨਹੀਂ ਮਰਦੇ। ਜਿਹੜੇ ਆਮ ਆਦਮੀ ਦਾ ਲਹੂ ਪੀਂਦੇ ਹਨ। ਉਸ ਦੇ ਹੱਡਾਂ ਨੂੰ ਤੋੜਦੇ ਹਨ ਤਾਂ ਕਿ ਉਹ ਸਦਾ ਬਾਲਣ ਤੱਕ ਹੀ ਸੀਮਤ ਰਹੇ।
      ਆਮ ਆਦਮੀ ਦਾ ਨਾ ਕੋਈ ਆਪਣਾ ਦਿਨ ਹੁੰਦਾ ਹੈ ਤੇ ਨਾ ਹੀ ਰਾਤ। ਉਹ ਤਾਂ ਚੌਵੀ ਘੰਟੇ ਕੋਹਲੂ ਦੇ ਬਲ਼ਦ ਵਾਂਗ ਉਨਾਂ ਲਈ ਕਮਾਉਂਦਾ ਹੈ। ਜਿਹੜੇ ਉਸਨੂੰ ਇਹ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸ ਲਈ ਕਮਾ ਰਿਹਾ ਹੈ। ਉਸਨੂੰ ਆਪਣੇ ਅਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਲੱਗਦਾ ਕਿਉਂਕਿ ਢਿੱਡ ਦੀ ਮਜ਼ਬੂਰੀ ਨੇ ਉਸਨੂੰ ਮਸ਼ੀਨ ਵਿੱਚ ਬਦਲ ਦਿੱਤਾ ਹੈ।
      ਮਸ਼ੀਨ ਦਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਉਤਪਾਦਨ ਕਰਨਾ। ਉਹ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ। ਆਮ ਆਦਮੀ ਬਾਰੇ ਸਭ ਚੁੱਪ ਹਨ, ਕਲਮਾਂ ਵਾਲੇ ਵੀ ਤੇ ਧਰਮਾਂ ਤੇ ਕਰਮਾਂ ਵਾਲੇ ਵੀ। ਕਲਮਾਂ ਵਾਲੇ ਤਾਂ ਉਸ ਵੱਲ ਪਿੱਠ ਕਰੀ ਖੜੇ ਹਨ। ਉਹ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੀ ਪ੍ਰਕਰਮਾ ਕਰਦੇ ਹਨ। ਉਨਾਂ ਕੋਲ ਆਮ ਆਦਮੀ ਬਾਰੇ ਕੁੱਝ ਲਿਖਣ ਦਾ ਸਮਾਂ ਨਹੀਂ। ਧਰਮਾਂ ਵਾਲੇ ਉਸ ਦੀ ਜੀਭ ਕੱਟ ਦਿੰਦੇ ਹਨ।
     ਆਮ ਆਦਮੀ ਸੁਣ ਨਹੀਂ ਸਕਦਾ ਕਿਉਂਕਿ ਉਸਦੇ ਕੰਨਾਂ ਵਿੱਚ ਸਦੀਆਂ ਤੋਂ ਸਿੱਕਾ ਗਰਮ ਕਰਕੇ ਪਾਇਆ ਹੋਇਆ ਹੈ। ਉਸਦੇ ਹੱਥ ਤੇ ਜੀਭ ਕੱਟ ਦਿੱਤੀ ਹੈ।
    ਆਮ ਆਦਮੀ ਜਦੋਂ ਵੀ ਮਰਦਾ ਹੈ, ਉਸਦੇ ਮਰਨ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਕਦੇ ਕੋਈ ਮਲਕ ਭਾਗੋ ਮਰਦਾ ਹੈ ਤਾਂ ਦੇਸ਼ ਦਾ ਝੰਡਾ ਝੁੱਕ ਜਾਂਦਾ ਹੈ। ਲੱਖਾਂ ਹੀ ਰੋਜ਼ ਆਮ ਆਦਮੀ ਮਰਦੇ ਹਨ ਤਾਂ ਝੰਡੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਆਮ ਆਦਮੀ ਦਾ ਜਿਉਂਦੇ ਰਹਿਣ ਜਾਂ ਮਰਨ ਨਾਲ ਕੀ ਫ਼ਰਕ ਪੈਂਦਾ ਹੈ? ਆਮ ਵਿਅਕਤੀ ਜਦੋਂ ਹੋਸ਼ ਵਿੱਚ ਆਵੇਗਾ ਤਾਂ ਉਹ ਮਰੇਗਾ ਨਹੀਂ, ਜਿਉਂਦਾ ਰਹੇਗਾ, ਪਰ ਖੂਨ ਪੀਣਿਆਂ ਨੇ ਉਸਨੂੰ ਹੋਸ਼ ਵਿੱਚ ਆਉਣ ਲਈ ਕੋਈ ਰਸਤਾ ਨਹੀਂ ਛੱਡਿਆ।
     ਆਮ ਆਦਮੀ ਨੂੰ ਹੁਣ ਰਸਤਾ ਲੱਭਣਾ ਪਵੇਗਾ ਕਿ ਉਸਨੇ ਹੁਣ ਕਿਧਰ ਜਾਣਾ ਹੈ ?
     ਉਸ ਦੇ ਜ਼ਿੰਦਗੀ ਜੀਉਣ ਦੇ ਸਾਰੇ ਹੀ ਰਸਤੇ ਦਿਨੋਂ ਦਿਨ ਬੰਦ ਹੋ ਰਹੇ ਹਨ। ਹਰ ਤਰਾਂ ਦੀ ਮਾਰ ਆਮ ਆਦਮੀ ਨੂੰ ਹੀ ਪੈ ਰਹੀ ਹੈ। ਮਨੁੱਖ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਗਿਆ ਹੈ। ਹੁਣ ਉਸਨੇ ਜੇ ਆਰ-ਪਾਰ ਦੀ ਲੜਾਈ ਨਾ ਲੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸਦੀ ਹੋਂਦ ਵੀ ਖਤਮ ਹੋ ਜਾਵੇਗੀ।
         ਚੋਣਾਂ ਦੀ ਰੁੱਤ ਆ. ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ ਜਰੂਰ ਖਿਆਲ ਰਖਿਓ? ਸਿਆਸਤਦਾਨਾਂ ਨੇ ਦੇਸ਼ ਦੇ ਆਦਮੀ ਨੂੰ ਡੂੰਘੇ ਟੋਏ ਦੇ ਵਿੱਚ ਸੁਟ ਦਿੱਤਾ ਹੈ. ਜਿਸ ਦਾ ਪ੍ਰਤੱਖ ਪ੍ਰਮਾਣ ਪਿੰਡ ਭਗਵਾਨ ਪੁਰਾ ਦੇ ਵਿੱਚ ਦੁਨੀਆ ਨੇ ਦੇਖ ਲਿਆ ਹੈ। ਹੁਣ ਇਸ ਵੱਡੇ ਟੋਏ ਦੇ ਵਿੱਚੋਂ ਕਿਵੇਂ ਨਿਕਲ਼ਣਾ ਹੈ ? ਸਵਾਲ ਸਭ ਦੇ ਸਾਹਮਣੇ ਹੈ ।
      ਭਾਈ ਲਾਲੋ ਸੰਘਰਸ਼ ਦੇ ਵੀ ਸਾਹਮਣੇ ਹੈ, ਹੁਣ ਜੰਗ ਬੇਗਾਨਿਆਂ ਦੇ ਨਾਲ ਨਹੀਂ ਆਪਣਿਆਂ ਨਾਲ ਹੈ। ਉਸ ਨੇ ਹੁਣ ਕੀ ਕਰਨਾ ਹੈ ? ਸੋਚਣ ਦਾ ਸਮਾਂ ਹੈ ? ਭਵੀਸ਼ਣ ਰਾਮ ਨਾਲ ਰਲ ਗਿਆ ਹੈ। ਸੋਨੇ ਦੀ ਲੰਕਾ ਦਾ ਮਾਲਕ ਉਦਾਸ ਹੈ!

ਬੁੱਧ ਸਿੰਘ ਨੀਲੋਂ
ਸੰਪਰਕ : 94643-70823