ਆਜ਼ਾਦੀ ਦੇ 75 ਵਰ੍ਹੇ - ਸਵਰਾਜਬੀਰ

ਦੇਸ਼ ਆਜ਼ਾਦੀ ਦੀ ਪਝੱਤਰਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਨ੍ਹਾਂ ਸਮਿਆਂ ਵਿਚ ਇਹ ਤਸੱਵਰ ਕਰਨਾ ਕਿ ਕੋਈ ਦੇਸ਼ ਜਾਂ ਲੋਕ ਕਿਸੇ ਹੋਰ ਦੇਸ਼ ਜਾਂ ਕੌਮ ਦੇ ਗ਼ੁਲਾਮ ਵੀ ਹੋ ਸਕਦੇ ਹਨ, ਬਹੁਤ ਮੁਸ਼ਕਲ ਹੈ ਪਰ ਗ਼ੁਲਾਮੀ ਅਤੇ ਬਸਤੀਵਾਦ ਅਜਿਹੀਆਂ ਇਤਿਹਾਸਕ ਸੱਚਾਈਆਂ ਹਨ ਜਿਹੜੀਆਂ ਦੇਸ਼ਾਂ, ਕੌਮਾਂ ਅਤੇ ਲੋਕਾਂ ਨੇ ਆਪਣੇ ਪਿੰਡਿਆਂ ’ਤੇ ਹੰਢਾਈਆਂ। ਏਸ਼ੀਆ, ਅਫ਼ਰੀਕਾ ਅਤੇ ਅਮਰੀਕਾ ਦੇ ਦੇਸ਼ ਗ਼ੁਲਾਮ ਰਹੇ ਅਤੇ ਉਨ੍ਹਾਂ ਨੇ ਸੰਘਰਸ਼ ਕਰ ਕੇ ਆਜ਼ਾਦੀ ਪ੍ਰਾਪਤ ਕੀਤੀ। ਬਸਤੀਵਾਦ ਦੌਰਾਨ ਯੂਰੋਪ ਦੇ ਦੇਸ਼ਾਂ ਵਿਚ ਇਹ ਵਿਚਾਰ ਬਹੁਤ ਤੇਜ਼ੀ ਨਾਲ ਉੱਭਰਿਆ ਸੀ ਕਿ ਉਹ ਸੱਭਿਅਕ, ਸਨਅਤੀ ਤੇ ਸਮਾਜਿਕ ਤੌਰ ’ਤੇ ਤਰੱਕੀ ਕਰ ਚੁੱਕੇ ਦੇਸ਼ ਤੇ ਕੌਮਾਂ ਹਨ ਅਤੇ ਉਨ੍ਹਾਂ ਨੂੰ ਏਸ਼ੀਆ, ਅਫ਼ਰੀਕਾ ਤੇ ਅਮਰੀਕਾ ਵਿਚ ਬਸਤੀਆਂ ਬਣਾਉਣ, ਉੱਥੋਂ ਦੇ ਕੁਦਰਤੀ ਖ਼ਜ਼ਾਨੇ ਲੁੱਟਣ ਅਤੇ ਉੱਥੋਂ ਦੇ ਲੋਕਾਂ ਨੂੰ ਜਬਰੀ ਗ਼ੁਲਾਮ ਬਣਾਉਣ ਦਾ ਅਧਿਕਾਰ ਪ੍ਰਾਪਤ ਹੈ। ਇਸ ਵਿਚਾਰ ਦੀ ਭੌਤਿਕ ਬਿਸਾਤ ਇਨ੍ਹਾਂ ਦੇਸ਼ਾਂ ਵਿਚ ਹੋਈ ਵਿਗਿਆਨਕ ਅਤੇ ਸਨਅਤੀ ਤਰੱਕੀ ਸੀ ਜਿਸ ਨੇ ਉਨ੍ਹਾਂ ਨੂੰ ਵੱਡੀਆਂ ਸਮੁੰਦਰੀ ਫ਼ੌਜਾਂ, ਆਧੁਨਿਕ ਹਥਿਆਰਾਂ ਅਤੇ ਅਸਲੇ ਦੇ ਮਾਲਕ ਬਣਾ ਦਿੱਤਾ ਸੀ। ਪੁਰਤਗਾਲੀਆਂ, ਡੱਚਾਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ, ਸਭ ਨੇ ਭਾਰਤ ਵਿਚ ਬਸਤੀਆਂ ਬਣਾਈਆਂ ਪਰ ਅੰਗਰੇਜ਼ਾਂ ਨੇ ਬਾਕੀ ਸਾਮਰਾਜੀ ਤਾਕਤਾਂ ਨੂੰ ਹਰਾ ਕੇ ਆਪਣਾ ਸਾਮਰਾਜ ਸਥਾਪਿਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸਾਮਰਾਜ ਸਥਾਪਿਤ ਕਰਨ ਵਾਲੀ ਸ਼ਕਤੀ ਇੰਗਲੈਂਡ ਦੀ ਸਰਕਾਰ ਨਹੀਂ ਸਗੋਂ ਉੱਥੋਂ ਦੀ ਵਪਾਰਕ ਕੰਪਨੀ ‘ਈਸਟ ਇੰਡੀਆ ਕੰਪਨੀ’ ਸੀ ਜਿਸ ਨੂੰ ਸਰਕਾਰ ਦੀ ਹਮਾਇਤ ਹਾਸਲ ਸੀ। ਇਸ ਕੰਪਨੀ ਨੇ ਵਪਾਰ, ਧੋਖੇ ਅਤੇ ਮੁਕਾਮੀ ਲੋਕਾਂ ਵਿਚਲੀ ਫੁੱਟ ਨੂੰ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ। ਵਿਦੇਸ਼ੀ ਕੰਪਨੀਆਂ ਦੁਆਰਾ ਬਿਹਾਰ, ਬੰਗਾਲ ਤੇ ਹੋਰ ਲਾਗਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਜਬਰੀ ਮਜ਼ਦੂਰੀ ਲਈ ਮਾਰੀਸ਼ੀਅਸ, ਸੈਚਲਸ, ਸੂਰੀਨਾਮ, ਫ਼ਿਜੀ, ਟ੍ਰਿਨੀਡਾਡ ਤੇ ਟੋਬਾਗੋ ਅਤੇ ਹੋਰ ਬਸਤੀਆਂ ਵਿਚ ਭੇਜਿਆ ਗਿਆ।
       ਉਸ ਵੇਲੇ ਭਾਰਤ ਵਿਚ ਮੁਗ਼ਲ ਸਾਮਰਾਜ ਬਿਖਰ ਚੁੱਕਾ ਸੀ ਅਤੇ ਵੱਖ ਵੱਖ ਖੇਤਰਾਂ ਵਿਚ ਖੇਤਰੀ ਸ਼ਕਤੀਆਂ ਹਾਕਮ ਸਨ, ਉਨ੍ਹਾਂ ਦਾ ਕਿਰਦਾਰ ਜਾਗੀਰਦਾਰੀ ਵਾਲਾ ਅਤੇ ਆਪੋ-ਆਪਣੇ ਖੇਤਰ ਵਿਚ ਆਪਣੀ ਤਾਕਤ ਕਾਇਮ ਰੱਖਣ ਤਕ ਸੀਮਤ ਸੀ, ਉਹ ਵਿਦੇਸ਼ੀ ਤਾਕਤ ਵਿਰੁੱਧ ਸਾਂਝੀ ਲੜਾਈ ਲੜਨ ਦੇ ਅਸਮਰੱਥ ਸਨ, ਇਹੋ ਜਿਹਾ ਯਤਨ ਸਿਰਫ਼ 1857 ਵਿਚ ਹੋਇਆ ਜਿਸ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਾਂ ਗ਼ਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਮੈਸੂਰ (ਟੀਪੂ ਸੁਲਤਾਨ), ਪੰਜਾਬ (ਖ਼ਾਲਸਾ ਸਰਕਾਰ) ਅਤੇ ਹੋਰ ਖੇਤਰਾਂ ਵਿਚ ਅੰਗਰੇਜ਼ਾਂ ਵਿਰੁੱਧ ਗਹਿਗੱਚ ਲੜਾਈਆਂ ਹੋਈਆਂ ਸਨ ਪਰ ਕਾਮਯਾਬੀ ਅੰਗਰੇਜ਼ਾਂ ਨੂੰ ਮਿਲੀ। 1857 ਦਾ ਵਿਦਰੋਹ ਦੇਸ਼ਵਿਆਪੀ ਹੋਣ ਦੇ ਬਾਵਜੂਦ ਕਾਮਯਾਬੀ ਦੀ ਮੰਜ਼ਿਲ ਤਕ ਨਾ ਪਹੁੰਚ ਸਕਿਆ।
       1857 ਤੋਂ ਬਾਅਦ ਇੰਗਲੈਂਡ ਸਰਕਾਰ ਦੀ ਸਿੱਧੀ ਹਕੂਮਤ ਸਥਾਪਿਤ ਹੋਈ ਪਰ ਦੇਸ਼ ਦੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੀ। ਇਹੀ ਨਹੀਂ, ਨੌਜਵਾਨਾਂ ਨੂੰ ਜਬਰੀ ਫ਼ੌਜ ਵਿਚ ਭਰਤੀ ਕੀਤਾ ਗਿਆ ਅਤੇ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਲਈ ਨਾ ਸਿਰਫ਼ ਕਈ ਮੁਹਾਜ਼ਾਂ ’ਤੇ ਜਿੱਤ ਪ੍ਰਾਪਤ ਕੀਤੀ ਸਗੋਂ ਪਹਿਲੀ ਤੇ ਦੂਸਰੀ ਆਲਮੀ ਜੰਗ ਵਿਚ ਲੱਖਾਂ ਭਾਰਤੀ ਫ਼ੌਜੀ ਅੰਗਰੇਜ਼ਾਂ ਦੇ ਸਾਮਰਾਜੀ ਹਿੱਤਾਂ ਦੀ ਰਾਖੀ ਕਰਦੇ ਮਾਰੇ ਗਏ। 1857 ਤੋਂ ਬਾਅਦ ਅੰਗਰੇਜ਼ਾਂ ਨੇ ਫ਼ੌਜਾਂ ਦੀਆਂ ਰੈਜੀਮੈਂਟਾਂ ਦੀ ਬਣਤਰ ਧਰਮਾਂ, ਜਾਤਾਂ ਤੇ ਖੇਤਰਾਂ ਦੇ ਆਧਾਰ ’ਤੇ ਕੀਤੀ ਤਾਂ ਕਿ ਉਨ੍ਹਾਂ ਵਿਚ ਕਦੀ ਵੀ ਏਕਤਾ ਨਾ ਹੋ ਸਕੇ।
         ਕੌਮੀ ਪੱਧਰ ’ਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਅਗਵਾਈ ਕਾਂਗਰਸ ਨੇ ਕੀਤੀ। ਪੰਜਾਬ ਵਿਚ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਰੌਲਟ ਐਕਟ ਵਿਰੁੱਧ (ਜੱਲ੍ਹਿਆਂਵਾਲੇ ਬਾਗ਼ ਸਾਕੇ ਵਾਲੀ) ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ, ਕਿਸਾਨ ਮੋਰਚੇ ਅਤੇ ਹੋਰ ਸੰਘਰਸ਼ ਹੋਏ। ਇਨ੍ਹਾਂ ਵਿਚੋਂ ਗ਼ਦਰ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਸਨ, ਦੋਵੇਂ ਲਹਿਰਾਂ ਨੇ ਪੰਜਾਬ ਦੇ ਅਵਾਮ ਨੂੰ ਟੁੰਬਿਆ ਅਤੇ ਬਸਤੀਵਾਦੀ ਸਰਕਾਰ ਦੀ ਅਸਲੀ ਦੁਸ਼ਮਣ ਵਜੋਂ ਸ਼ਨਾਖ਼ਤ ਕੀਤੀ। ਪੰਜਾਬ ਦੇ ਨੌਜਵਾਨਾਂ ਨੇ ਨਿੱਜੀ ਅਤੇ ਛੋਟੇ ਛੋਟੇ ਗਰੁੱਪਾਂ ਵਿਚ ਸ਼ਮੂਲੀਅਤ ਕਰ ਕੇ ਵੀ ਵੱਡੀਆਂ ਕੁਰਬਾਨੀਆਂ ਦਿੱਤੀਆਂ। ਕਾਂਗਰਸ ਨੇ ਸੱਤਿਆਗ੍ਰਹਿ, ਸਿਵਲ ਨਾਫਰਮਾਨੀ, ਡਾਂਡੀ ਮਾਰਚ, ਅੰਗਰੇਜ਼ੋ ਭਾਰਤ ਛੱਡੋ ਆਦਿ ਲਹਿਰਾਂ ਰਾਹੀਂ ਆਮ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੀ ਰਾਹ ’ਤੇ ਪਾਇਆ। ਕਾਂਗਰਸ ਤੋਂ ਬਾਹਰ ਰਹਿ ਕੇ ਵੀ ਕਮਿਊਨਿਸਟ, ਸੋਸ਼ਲਿਸਟ, ਅਕਾਲੀ, ਖੇਤਰੀ ਤੇ ਕਬਾਇਲੀ ਗਰੁੱਪਾਂ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਇਆ।
       ਇਸ ਅਜ਼ੀਮ ਸੰਘਰਸ਼ ਵਿਚ ਹਿੱਸਾ ਲੈਣ ਦੇ ਬਾਵਜੂਦ ਸਾਡੇ ਲੋਕ ਅਤੇ ਆਗੂ ਫ਼ਿਰਕਾਪ੍ਰਸਤੀ ਦੀ ਅੱਗ ਤੋਂ ਨਾ ਬਚ ਸਕੇ। ਅੰਗਰੇਜ਼ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰਦੇ ਹੋਏ ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜਨ ਅਤੇ ਇਕ-ਦੂਸਰੇ ਵਿਰੁੱਧ ਸਿਆਸਤ ਕਰਵਾਉਣ ਵਿਚ ਕਾਮਯਾਬ ਹੋਏ। ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਫ਼ਿਰਕਾਪ੍ਰਸਤ ਜਥੇਬੰਦੀਆਂ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਫ਼ਿਰਕੂ ਅੱਗ ਏਨੀ ਤੇਜ਼ ਕੀਤੀ ਗਈ ਕਿ ਦੇਸ਼ ਦੀ ਵੰਡ ਤੋਂ ਸਿਵਾਏ ਹੋਰ ਕੋਈ ਚਾਰਾ ਨਾ ਬਚਿਆ। ਇਸ ਅੱਗ ਦਾ ਸੇਕ ਪੰਜਾਬ ਤੇ ਬੰਗਾਲ ਨੇ ਝੱਲਿਆ। ਪੰਜਾਬ ਦੀ ਵੰਡ ਵਿਚ 10 ਲੱਖ ਪੰਜਾਬੀ ਮਾਰੇ ਗਏ, ਲੱਖਾਂ ਲੋਕ ਉਜੜੇ ਤੇ ਬੇਘਰੇ ਹੋਏ, ਔਰਤਾਂ ਦੀ ਬੇਪਤੀ ਕੀਤੀ ਗਈ ਅਤੇ ਸਦੀਆਂ ਤੋਂ ਵੱਸਦੇ ਸਾਂਝੇ ਪੰਜਾਬ ਨੂੰ ਵੰਡ ਦਿੱਤਾ ਗਿਆ। ਇਸ ਲਈ ਪੰਜਾਬੀ ਜਦ ਵੀ ਆਜ਼ਾਦੀ ਦਿਹਾੜਾ ਮਨਾਉਂਦੇ ਹਨ ਤਾਂ ਉਨ੍ਹਾਂ ਦੇ ਮਨਾਂ ਵਿਚ 1947 ਦੀ ਵੰਡ ਅਤੇ ਉਜਾੜੇ ਦਾ ਸੱਲ ਤੇ ਦੁੱਖ ਵੀ ਉੱਭਰਦੇ ਹਨ।
        ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਕਾਮਯਾਬੀ ਦੇਸ਼ ਵਿਚ ਜਮਹੂਰੀਅਤ ਕਾਇਮ ਕਰਨਾ ਅਤੇ ਸੰਵਿਧਾਨ ਬਣਾਉਣਾ ਸੀ। 1940ਵਿਆਂ ਵਿਚ ਬਸਤੀਵਾਦ ਤੋਂ ਮੁਕਤੀ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿਚੋਂ ਸਿਰਫ਼ ਭਾਰਤ ਤੇ ਸ੍ਰੀਲੰਕਾ ਹੀ ਅਜਿਹੇ ਦੇਸ਼ ਹਨ ਜਿਨ੍ਹਾਂ ਵਿਚ ਜਮਹੂਰੀਅਤਾਂ ਕਾਇਮ ਹੋਈਆਂ ਅਤੇ ਰਹੀਆਂ। ਬਾਕੀ ਦੇਸ਼ਾਂ ਵਿਚ ਜਮਹੂਰੀਅਤਾਂ ਤਾਂ ਕਾਇਮ ਹੋਈਆਂ ਪਰ ਜਲਦੀ ਹੀ ਫ਼ੌਜੀ ਰਾਜ-ਪਲਟੇ ਹੋਏ ਅਤੇ ਹਕੂਮਤਾਂ ਫ਼ੌਜਾਂ ਅਤੇ ਤਾਨਾਸ਼ਾਹਾਂ ਦੇ ਹੱਥਾਂ ਵਿਚ ਚਲੀਆਂ ਗਈਆਂ। ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਭਾਰਤ ਦਾ ਸੰਵਿਧਾਨ ਜਾਂ ਜਮਹੂਰੀਅਤ ਦੀ ਤੋਰ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਸੀ ਜਾਂ ਸੰਵਿਧਾਨਿਕ ਤੇ ਜਮਹੂਰੀ ਅਮਲ ਵਿਚ ਕੀ ਨੁਕਸ ਹਨ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸੰਵਿਧਾਨ ਅਤੇ ਜਮਹੂਰੀ ਅਮਲ ਹੀ ਹਨ ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਨੂੰ ਵਿਕਾਸ ਅਤੇ ਸੰਘਰਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ। ਕਿਸਾਨਾਂ, ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਦੇ ਵਿਆਪਕ ਸੰਘਰਸ਼ ਵੀ ਜਮਹੂਰੀਅਤ ਕਾਰਨ ਸੰਭਵ ਹੋਏ ਅਤੇ ਬਹੁਤ ਸਾਰੇ ਮੁਹਾਜ਼ਾਂ ’ਤੇ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ।
      75 ਸਾਲਾਂ ਵਿਚ ਬਹੁਤ ਕੁਝ ਏਦਾਂ ਦਾ ਹੋਇਆ ਜਿਸ ’ਤੇ ਲੋਕ ਮਾਣ ਕਰ ਸਕਦੇ ਹਨ। ਦੇਸ਼ ਨੇ ਪਾਕਿਸਤਾਨ ਅਤੇ ਚੀਨ ਵਿਰੁੱਧ ਜੰਗਾਂ ਲੜੀਆਂ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਇਆ। ਕਿਸੇ ਵੀ ਖ਼ਿੱਤੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਸਭ ਕੁਝ ਸਿੱਧ-ਪੱਧਰਾ ਅਤੇ ਜਸ਼ਨਮਈ ਨਹੀਂ ਹੁੰਦਾ। ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸਾਵੇਂ ਆਰਥਿਕ ਵਿਕਾਸ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਤਾ ਵੱਲ ਧੱਕਿਆ ਹੈ। 1990ਵਿਆਂ ਤੋਂ ਦੇਸ਼ ਦੀਆਂ ਆਰਥਿਕ ਨੀਤੀਆਂ ਬਦਲੀਆਂ ਅਤੇ ਕਾਰਪੋਰੇਟ ਅਤੇ ਵੱਡੇ ਵਪਾਰੀ ਘਰਾਣਿਆਂ ਦੀ ਤੂਤੀ ਬੋਲਣ ਲੱਗੀ। ਇਸ ਦਾ ਕਾਰਨ ਜਨਤਕ ਖੇਤਰ ਦੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਤੇ ਸਰਕਾਰੀ ਨੀਤੀਆਂ ਸਨ। ਇਸ ਕਾਰਨ ਆਰਥਿਕ ਅਸਾਵਾਂਪਣ ਵਧਿਆ ਅਤੇ ਇਸ ਸਮੇਂ ਦੇਸ਼ ਦੀ ਦੌਲਤ ਦਾ 40 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਦਾ ਦੇਸ਼ ਦੀ ਦੌਲਤ ਵਿਚ ਹਿੱਸਾ ਸਿਰਫ਼ 2.58 ਫ਼ੀਸਦੀ ਹੈ। ਇਹੀ ਨਹੀਂ, ਇਸ ਦੌਰਾਨ ਦੇਸ਼ ਜਮਹੂਰੀ ਰਾਹ ਤੋਂ ਵੀ ਭਟਕਿਆ ਅਤੇ 1975-77 ਵਿਚ ਦੇਸ਼ ਵਿਚ ਐਮਰਜੈਂਸੀ ਲਗਾਈ ਗਈ। ਪੰਜਾਬ ਨੇ 1980ਵਿਆਂ ਦਾ ਸੰਤਾਪ ਭੋਗਿਆ, 1984 ਵਿਚ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਅਤੇ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਹੋਇਆ। ਹਿੰਦੂ-ਮੁਸਲਮਾਨ ਫ਼ਿਰਕਾਪ੍ਰਸਤੀ ਪਨਪਦੀ ਰਹੀ ਤੇ ਦੰਗ਼ੇ ਹੁੰਦੇ ਰਹੇ। ਹੁਣ ਵੀ ਦੇਸ਼ ਦੀ ਵੱਡੀ ਘੱਟਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
      ਇਨ੍ਹਾਂ ਸਮਿਆਂ ਵਿਚ 2020-21 ਦੇ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਕਿ ਲੋਕਾਂ ਦੀ ਏਕਤਾ ਨਾਲ ਹਕੂਮਤ ਦੇ ਲੋਕ-ਵਿਰੋਧੀ ਕਦਮਾਂ ਦਾ ਵਿਰੋਧ ਅਸਰਦਾਰ ਢੰਗ ਨਾਲ ਕਰ ਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਸਾਨ ਲਹਿਰ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਸੱਤਿਆਗ੍ਰਹਿ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰ ਕੇ ਲੋਕਾਂ ਨੂੰ ਊਰਜਿਤ ਕੀਤਾ।
      ਦੇਸ਼ ਆਜ਼ਾਦੀ ਦੀ ਪਝੱਤਰਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜਮਹੂਰੀਅਤ ਦੇ ਪਝੱਤਰ ਵਰ੍ਹੇ ਪੂਰੇ ਹੋਣਾ ਗੌਰਵਮਈ ਪ੍ਰਾਪਤੀ ਹੈ। ਖ਼ੁਸ਼ੀਆਂ ਮਨਾਉਣ ਦੇ ਨਾਲ ਨਾਲ ਪੰਜਾਬੀ ਵੰਡ ਦੇ ਪਝੱਤਰ ਵਰ੍ਹਿਆਂ ਨੂੰ ਵੀ ਯਾਦ ਕਰ ਰਹੇ ਹਨ। ਇਸ ਸਮੇਂ ਲੋਕਾਂ ਦੇ ਸਾਹਮਣੇ ਮਹਾਨ ਚੁਣੌਤੀਆਂ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਜਮਹੂਰੀ ਤਾਕਤਾਂ ਦਾ ਸਾਂਝਾ ਮੁਹਾਜ਼ ਬਣਾਉਣ ਅਤੇ ਹੱਕ-ਸੱਚ ਦੀ ਲੜਾਈ ਲੜਨ ਦੀ ਹੈ। ਇਸ ਸਮੇਂ ਸਾਰੇ ਨਾਗਰਿਕਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਵਿਰਸੇ ਵਿਚੋਂ ਸੱਚ ਦੀ ਲੋਅ ਲੱਭਣ ਅਤੇ ਆਪਣੇ ਸਮਿਆਂ ਦੇ ਸੱਚ ਲਈ ਸੰਘਰਸ਼ ਕਰਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।’’ ਭਾਵ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸੀਤਾ ਕਦੇ ਨਹੀਂ ਪਾਟਦਾ। ਆਜ਼ਾਦੀ, ਸੱਚ ਤੇ ਜਮਹੂਰੀਅਤ ਦਾ ਡੂੰਘਾ ਸਬੰਧ ਹੈ। ਇਨ੍ਹਾਂ ਵਿਚੋਂ ਕਿਸੇ ਇਕ ਉੱਤੇ ਲੱਗੀ ਚੋਟ ਜਾਂ ਜ਼ਖ਼ਮ ਦੂਸਰੇ ਵਰਤਾਰਿਆਂ ਨੂੰ ਜ਼ਖ਼ਮੀ ਕਰਦੀ ਹੈ। ਦੇਸ਼ ਭਗਤੀ ਦਾ ਅਸਲੀ ਤੱਤ ਲੋਕਾਂ ਨਾਲ ਪਿਆਰ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨਜਿੱਠਣ ਵਿਚ ਹੈ। ਇਹ ਬੜੇ ਮੁਸ਼ਕਲ ਵੇਲੇ ਹਨ ਅਤੇ ਇਨ੍ਹਾਂ ਵੇਲਿਆਂ ਵਿਚ ਆਪਣੇ ਵਡੇਰਿਆਂ ਅਤੇ ਦੇਸ਼ ਭਗਤਾਂ ਦੀਆਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਕੇ ਸੰਘਰਸ਼ ਕਰਦਿਆਂ ਹੀ ਆਜ਼ਾਦੀ ਤੇ ਜਮਹੂਰੀਅਤ ਦੀ ਰੱਖਿਆ ਕੀਤੀ ਜਾ ਸਕਦੀ ਹੈ