ਪੰਜਾਬ 'ਚ ਤਾਕਤ ਹਥਿਆਉਣ ਅਤੇ ਬਣਾਈ ਰੱਖਣ ਦੀ ਖੇਡ -ਗੁਰਮੀਤ ਸਿੰਘ ਪਲਾਹੀ

 ਸੂਬੇ ਪੰਜਾਬ ਵਿੱਚ ਤਾਕਤ ਖੋਹਣ, ਹਥਿਆਉਣ ਅਤੇ ਬਣਾਈ ਰੱਖਣ ਦੀ ਖੇਡ ਚੱਲ ਰਹੀ ਹੈ। ਇਸ ਖੋਹ-ਖਿੱਚ 'ਚ ਇੱਕ ਦੂਜੀ ਧਿਰ ਉਤੇ ਨਾਹਰੇਬਾਜੀ, ਇਲਜ਼ਾਮਬਾਜ਼ੀ ਜਾਰੀ ਹੈ। ਇਹ ਜੰਗ ਉਹਨਾ ਦੋ ਧਿਰਾਂ ਵਿਚਕਾਰ ਹੈ, ਜਿਹੜੀਆਂ ਆਲ ਇੰਡੀਆ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ ਇੱਕ ਸਮਝਦੀਆਂ ਹਨ ਅਤੇ ਦੇਸ਼ ਦੇ ਪਰਦੇ ਤੋਂ ਕਾਂਗਰਸ ਨੂੰ ਆਲੋਪ ਕਰਨਾ ਚਾਹੁੰਦੀਆਂ ਹਨ। ਇਹ ਧਿਰਾਂ ਤਾਕਤ ਦੀ ਹੋੜ 'ਚ  ਇੱਕ ਦੂਜੇ ਉਤੇ "ਸ਼ਰੀਕਾਂ" ਵਾਂਗਰ ਹਮਲੇ ਕਰ ਰਹੀਆਂ ਹਨ, ਭਾਵੇਂ ਕਿ ਇੱਕ ਛੋਟੀ, ਨਵੀਂ ਜੰਮੀ ਪਾਰਟੀ "ਆਪ" ਨੂੰ ਵੀ ਰਾਸ਼ਟਰੀ ਪੱਧਰ ਉਤੇ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਸਿਆਸੀ ਵਿਸ਼ਲੇਸ਼ਕਾਂ ਵਲੋਂ ਸਮਝਿਆ ਜਾਂਦਾ ਹੈ, ਜਿਹੜੀ ਦੇਸ਼ ਵਿੱਚ ਉਹੋ ਅਜੰਡਾ ਲੈ ਕੇ ਸਾਹਮਣੇ ਹੈ, ਜਿਹੜਾ ਰਾਸ਼ਟਰਵਾਦ ਦਾ ਅਜੰਡਾ ਭਾਜਪਾ ਦਾ ਹੈ।

          ਭਾਜਪਾ ਅਤੇ ਆਮ ਆਦਮੀ ਪਾਰਟੀ 'ਚ ਮੌਜੂਦਾ ਖਿਚੋਤਾਣ ਪਹਿਲਾਂ ਦਿੱਲੀ 'ਚ ਅਪਰੇਸ਼ਨ ਲੋਟਸ  ਅਤੇ ਫਿਰ ਪੰਜਾਬ ਵਿੱਚ ਇਸੇ ਅਪਰੇਸ਼ਨ ਕਰਨ ਦੀ ਸ਼ੰਕਾ ਕਾਰਨ ਵਧੀ ਹੈ। ਜਿਥੇ ਭਾਜਪਾ ਅਪਰੇਸ਼ਨ ਲੋਟਸ ਤੋਂ ਇਨਕਾਰ ਕਰ ਰਹੀ ਹੈ, ਉਥੇ ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਹੈ ਕਿ ਭਾਜਪਾ  ਨੇ ਉਹਨਾ ਦੇ ਵਿਧਾਇਕ  ਦਿੱਲੀ ਅਤੇ ਪੰਜਾਬ ਵਿੱਚ 25 ਕਰੋੜ ਰੁਪਏ ਪ੍ਰਤੀ ਦੇ ਹਿਸਾਬ ਨਾਲ ਖਰੀਦਣ ਦਾ ਯਤਨ ਕੀਤਾ ਹੈ। ਦਿੱਲੀ ਅਸੰਬਲੀ ਵਿੱਚ ਤਾਂ ਕੇਜਰੀਵਾਲ ਸਰਕਾਰ ਨੇ ਤੱਟ-ਫੱਟ ਭਰੋਸੇ ਦਾ ਵੋਟ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਕੇ ਹਾਸਲ ਕਰ ਲਿਆ। ਪੰਜਾਬ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਲਈ 22 ਸਤੰਬਰ 2022 ਦੀ ਤਰੀਖ ਮਿਥੀ ਗਈ, ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰਰੋਹਿਤ  ਨੇ ਇਹ ਇਜਲਾਸ ਸੱਦਣ ਦੀ ਮਨਜ਼ੂਰੀ ਦੇ ਦਿੱਤੀ ਸੀ, ਪਰ ਪੰਜਾਬ ਦੇ ਵਿਰੋਧੀ ਨੇਤਾਵਾਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਪੀਕਰ ਬੀਰ ਦੇਵਿੰਦਰ ਸਿੰਘ, ਸੁਖਪਾਲ ਖਹਿਰਾ, ਅਸ਼ਵਨੀ ਸ਼ਰਮਾ ਪ੍ਰਧਾਨ ਪੰਜਾਬ ਵਲੋਂ ਰਾਜਪਾਲ ਕੋਲ ਇਜਲਾਸ ਰੱਦ ਕਰਨ ਦੀ ਕੀਤੀ ਬੇਨਤੀ ਪ੍ਰਵਾਨ ਕਰਦਿਆਂ ਪਹਿਲਾਂ ਦਿੱਤੀ ਵਿਸ਼ੇਸ਼ ਇਲਜਾਸ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ। ਰਾਜਪਾਲ ਨੇ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਸਾਲਿਸਟਰ ਜਨਲਰ ਸਤਪਾਲ ਜੈਨ ਤੋਂ ਕਾਨੂੰਨੀ ਰਾਏ ਮੰਗੀ ਸੀ। ਜੈਨ ਨੇ ਇਸ ਕਾਨੂੰਨੀ ਰਾਏ ਵਿੱਚ ਕਿਹਾ ਕਿ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਰੂਲ 58(1) ਅਨੁਸਾਰ ਸਦਨ ਚ ਸਿਰਫ਼ ਬੇਭਰੋਸਗੀ ਮਤਾ ਹੀ ਪੇਸ਼ ਕੀਤਾ ਜਾ ਸਕਦਾ ਹੈ।

          ਤਾਜਾ ਘਟਨਾ ਕ੍ਰਮ ਅਨੁਸਾਰ ਮਾਨ ਸਰਕਾਰ ਨੇ ਫਿਰ 27 ਸਤੰਬਰ ਨੂੰ ਕੁਝ ਮੁੱਦਿਆਂ ਉਤੇ ਵਿਸ਼ੇਸ਼ ਇਜਲਾਸ ਸੱਦਿਆ ਹੈ। 'ਆਪ' ਇਹ ਇਜਲਾਸ ਕਰਨ ਦੀ ਆਗਿਆ ਰੱਦ ਕਰਨ ਨੂੰ ਸੁਪਰੀਮ ਕੋਰਟ 'ਚ ਚੈਲਿੰਜ ਕਰੇਗੀ।

          ਭਾਜਪਾ  ਅਤੇ ਆਮ ਆਦਮੀ ਪਾਰਟੀ ਦੀ ਲੜਾਈ ਅਸਲ ਵਿੱਚ ਭਾਜਪਾ ਕਾਂਗਰਸ ਦੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਦਲ ਬਦਲੀ ਕਰਵਾਕੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਉਤੇ ਮਨੋਵਿਗਿਆਨਕ ਦਬਾਅ ਬਣਾਉਣ ਦੀ ਕੋਸ਼ਿਸ਼  ਕਰ ਰਹੀ ਹੈ। ਇਸੇ ਕਿਸਮ ਦਾ ਦਬਾਅ ਕਾਂਗਰਸ ਉਤੇ ਆਮ ਆਦਮੀ ਪਾਰਟੀ ਬਣਾ ਰਹੀ ਹੈ ਅਤੇ ਸਾਬਕਾ ਕਾਂਗਰਸੀ ਮੰਤਰੀਆਂ ਉਤੇ ਵਿਜੀਲੈਂਸ ਪੰਜਾਬ ਰਾਹੀਂ ਕੇਸ ਦਰਜ਼ ਕਰ ਰਹੀ ਹੈ।

          ਭਾਜਪਾ  ਦਾ ਪੂਰਾ ਜ਼ੋਰ ਪੰਜਾਬ ਦੀ ਹਕੂਮਤ ਹਥਿਆਉਣ 'ਤੇ ਲੱਗਿਆ ਹੋਇਆ ਹੈ,ਵਿਧਾਨ ਸਭਾ ਪੰਜਾਬ ਚੋਣਾਂ 'ਚ ਭਾਜਪਾ ਵਲੋਂ ਚੋਣ ਮੁਹਿੰਮ 'ਤੇ 36.69 ਕਰੋੜ ਰੁਪਏ ਖ਼ਰਚੇ ਸਨ ਅਤੇ ਪੰਜਾਬ ਉਹਨਾ ਪੰਜਾਂ ਰਾਜਾਂ ਵਿਚੋਂ ਇੱਕ ਸੀ ਜਿਥੇ ਚੋਣ ਮੁਹਿੰਮ 'ਤੇ ਵੱਧ ਖ਼ਰਚ ਕੀਤਾ ਹੈ। ਪੰਜਾਂ ਰਾਜਾਂ ਦੀ ਚੋਣ ਮੁਹਿੰਮ ਉਤੇ 340 ਕਰੋੜ ਰੁਪਏ ਭਾਜਪਾ ਨੇ ਖ਼ਰਚੇ, ਜਿਸ ਵਿੱਚ ਯੂ.ਪੀ. ਤੇ 221 ਕਰੋੜ ਖ਼ਰਚੇ ਸਨ।

          ਜਿਥੇ ਭਾਜਪਾ ਧੜਾਧੜ ਕਾਂਗਰਸੀ , ਅਕਾਲੀ ਦਲ ਦੇ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਰਹੀ ਹੈ, ਉਥੇ ਉਸ ਵਲੋਂ ਇੱਕ ਚਰਚਿਤ ਸਿੱਖ ਚਿਹਰੇ ਅਮਰਿੰਦਰ ਸਿੰਘ ਦੀ ਪਾਰਟੀ 'ਲੋਕ ਕਾਂਗਰਸ' ਭਾਜਪਾ 'ਚ ਰਲੇਂਵਾਂ ਕਰਕੇ, ਆਪਣੀ ਤਾਕਤ ਲਗਾਤਾਰ ਵਧਾਉਣ ਦੇ ਆਹਰ ਵਿੱਚ ਹੈ।

          ਉਂਜ ਵੀ ਭਾਜਪਾ ਨੇਤਾ 'ਆਪ' ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਕੇ ਰਾਜ 'ਚ ਧਰਨੇ ਪ੍ਰਦਰਸ਼ਨ ਕਰਕੇ ਆਪਣੀ ਹੋਂਦ ਵਿਖਾਉਣ ਦਾ ਯਤਨ ਕਰ ਰਹੇ ਹਨ। ਭਾਜਪਾ ਲਈ ਕਿਉਂਕਿ 2024 ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰਾਂ  ਵਲੋਂ ਵੱਡਾ ਚੈਲਿੰਜ ਮਿਲ ਰਿਹਾ ਹੈ, ਇੱਕ ਪਾਸੇ ਜਿਥੇ ਕਾਂਗਰਸ ਦੇ ਭਾਰਤ ਜੋੜੋ ਯਾਤਰਾ ਨਾਲ ਦੇਸ਼ ਵਿਆਪੀ ਹਲਚਲ ਮਚੀ ਹੋਈ ਹੈ ਉਥੇ ਨਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਵਲੋਂ ਕੌਮੀ ਪੱਧਰ 'ਤੇ ਤੀਜਾ ਮੋਰਚਾ ਬਣਾਉਣ ਲਈ ਪਹਿਲਕਦਮੀ ਕਾਰਨ ਵੀ ਭਾਜਪਾ ਪ੍ਰੇਸ਼ਾਨ ਹੈ। ਇਸੇ ਲਈ ਵੱਖੋ-ਵੱਖਰੇ ਰਾਜਾਂ 'ਚ ਜਿਥੇ 2024 ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੇ ਸਥਾਨਕ ਭਾਜਪਾ ਮੁੱਖ ਮੰਤਰੀ ਦੇ ਕਾਰਗੁਜ਼ਾਰੀ ਦੀ ਥਾਂ ਭਾਜਪਾ ਨਰੇਂਦਰ ਮੋਦੀ ਦੇ ਨਾਮ ਉਤੇ ਚੋਣ ਲੜਨ ਜਾ ਰਹੀ ਹੈ ਅਤੇ ਉਸਦੀਆਂ ਪ੍ਰਾਪਤੀਆਂ ਦੇ ਆਸਰੇ ਵਿਧਾਨ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਦਿਖਾਉਣਾ ਚਾਹੁੰਦੀ ਹੈ ਤਾਂ ਕਿ 2024 'ਚ ਦੇਸ਼ ਦੀ ਹਕੂਮਤ ਉਤੇ ਮੁੜ ਕਬਜ਼ਾ ਕੀਤਾ ਜਾਵੇ।

          ਇਸੇ ਦਿਸ਼ਾ ਵਿੱਚ ਪੰਜਾਬ ਜੋ ਕਿ ਸਰਹੱਦੀ ਸੂਬਾ ਹੈ, ਜਿਹੜਾ ਸਦਾ ਭਾਜਪਾ ਹਕੂਮਤ ਦੀ ਅੱਖ 'ਚ ਹੀ ਨਹੀਂ, ਕਾਂਗਰਸ ਦੀ ਅੱਖ 'ਚ ਵੀ ਰੜਕਦਾ ਰਿਹਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਐਮਰਜੈਂਸੀ ਵੇਲੇ ਕਾਂਗਰਸ ਨੂੰ, ਤਿੰਨੇ ਖੇਤੀ  ਕਾਨੂੰਨਾਂ ਦੇ ਖ਼ਾਤਮੇ ਲਈ ਅੰਦੋਲਨ ਕਰਕੇ ਭਾਜਪਾ ਨੂੰ, ਵੱਡਾ ਚੈਲਿੰਜ ਦਿੱਤਾ । ਇਸੇ ਤਿੱਖੀ ਸੁਰ ਨੂੰ ਖੁੰਡਾ ਕਰਨ ਲਈ ਭਾਜਪਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਕ ਪਾਸੇ ਉਸ ਵਲੋਂ ਪੰਜਾਬ ਦੀ ਮੁੱਖ ਧਿਰ, ਕਿਸਾਨ ਜੱਥੇਬੰਦੀਆਂ ਜੋ ਭਾਜਪਾ  ਹਕੂਮਤ ਵਿਰੋਧੀ ਰਹੀਆਂ ਹਨ, 'ਚ ਫੁਟ ਪਾਉਣ ਦਾ ਯਤਨ ਕੀਤਾ ਹੈ। ਲਗਭਗ ਹਰ ਪਾਰਟੀ  ਵਿਚੋਂ  ਨੇਤਾਵਾਂ ਨੂੰ ਆਪਣੀ ਬੁਕਲ 'ਵ ਸਮੋਇਆ ਹੈ, ਇਥੋਂ ਤੱਕ ਕਿ ਸਿੱਖ ਬੁੱਧੀਜੀਵੀਆਂ ਨੂੰ ਲਗਾਤਾਰ ਭਾਜਪਾ 'ਚ ਸ਼ਾਮਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੀ ਹੈ।

          ਪੰਜਾਬ ਨੂੰ ਕਰਜ਼ੇ ਹੇਠ ਦਬਾਈ ਰੱਖਣ, ਪੰਜਾਬ ਦੀ ਆਵਾਜ਼ ਨੂੰ ਬੰਦ ਕਰੀ ਰੱਖਣ ਲਈ, ਭਾਜਪਾ ਵਲੋਂ ਸਿਰਤੋੜ ਯਤਨ ਹੋ ਰਹੇ ਹਨ। ਨਾ ਪਿਛਲੀ ਕਾਂਗਰਸ ਸਰਕਾਰ ਵੇਲੇ ਅਤੇ ਨਾ ਹੀ ਅਕਾਲੀ-ਭਾਜਪਾ ਸਰਕਾਰ ਵੇਲੇ ਅਤੇ ਨਾ ਹੀ ਮੌਜੂਦਾ 'ਆਪ' ਸਰਕਾਰ ਵੇਲੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕਿਜ਼ ਦਿੱਤਾ। ਭਾਜਪਾ ਹਾਕਮ ਨਰੇਂਦਰ ਮੋਦੀ ਵਲੋਂ ਪੰਜਾਬ ਦੇ ਦੌਰੇ ਤਾਂ ਕੀਤੇ ਜਾਂਦੇ ਹਨ, ਪਰ ਕਿਸੇ ਵੀ ਖੇਤਰ ਲਈ ਕੋਈ ਵੱਡੀ ਗ੍ਰਾਂਟ ਨਹੀਂ ਦਿੱਤੀ ਗਈ ਹਾਲਾਂਕਿ ਪੰਜਾਬ ਦੇ ਲੋਕ ਅਤੇ ਮੌਜੂਦਾ ਸਰਕਾਰ ਉਹਨਾ ਤੋਂ ਵੱਡੀਆਂ ਆਸਾਂ ਲਾਈ ਬੈਠੇ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਿਛਲੇ ਪੰਜਾਬ ਦੌਰੇ ਸਮੇਂ ਪ੍ਰਧਾਨ ਮੰਤਰੀ ਦੇ ਕਸੀਦੇ ਵੀ ਇਸ ਆਸ ਨਾਲ ਪੜ੍ਹੇ ਸਨ ਕਿ ਮੋਦੀ ਜੀ ਪੰਜਾਬ ਲਈ ਕੁਝ ਦੇਣਗੇ ਪਰ ਉਹ ਖਾਲੀ ਹੱਥ ਝਾੜਕੇ ਚਲਦੇ ਬਣੇ। ਇਹ ਪ੍ਰਤੱਖ ਹੈ ਜਿਸਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਜਿਹਨਾ ਸੂਬਿਆਂ 'ਚ ਵਿਰੋਧੀ ਸਰਕਾਰਾਂ ਸਨ, ਉਹਨਾ ਨੂੰ ਵਿਸ਼ੇਸ਼ ਗ੍ਰਾਂਟਾਂ  ਦੇਣ 'ਚ ਆਨਾਕਾਨੀ ਹੋ ਰਹੀ ਹੈ, ਇਵੇਂ ਹੀ ਪੰਜਾਬ 'ਚ ਵੀ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਪੰਗੂ ਬਣਾਇਆ ਜਾ ਰਿਹਾ ਹੈ।

          ਭਾਜਪਾ ਨੇ ਵਿਰੋਧੀ ਸਰਕਾਰ ਨੂੰ ਹਿਲਾਉਣ ਲਈ ਅਪਰੇਸ਼ਨ ਕੀਤੇ। ਮੱਧ ਪ੍ਰਦੇਸ਼, ਫਿਰ ਮਹਾਂਰਾਸ਼ਟਰ ਵਿੱਚ, ਇਹ ਅਪਰੇਸ਼ਨ ਕਾਮਯਾਬੀ ਨਾਲ ਕੀਤੇ । ਸਰਕਾਰਾਂ, ਦਲ ਬਦਲੀ ਕਰਵਾਕੇ ਬਦਲ ਦਿੱਤੀਆਂ ਗਈਆਂ ਅਤੇ ਬਹਾਨਾ ਲਗਾਇਆ ਗਿਆ ਕਿ ਇਥੇ ਵਿਰੋਧੀ ਸਰਕਾਰਾਂ ਲੋਕਾਂ ਅਤੇ ਸੂਬੇ ਦਾ ਵਿਕਾਸ ਨਹੀਂ ਕਰਵਾ ਸਕੀਆਂ ਅਤੇ ਇਹ ਜਤਾਇਆ ਜਾਣ ਲੱਗਾ ਕਿ ਡਬਲ ਇੰਜਣ ਸਰਕਾਰਾਂ ਹੀ ਕਲਿਆਣਕਾਰੀ ਕੰਮ ਕਰ ਸਕਦੀਆਂ ਹਨ ਅਤੇ ਸੂਬੇ ਦਾ ਵਿਕਾਸ ਕਰਵਾ ਸਕਦੀਆਂ ਹਨ।ਭਾਵ ਉਪਰ ਮੋਦੀ ਸਰਕਾਰ ਅਤੇ ਹੇਠਾਂ ਭਾਜਪਾ ਸਰਕਾਰ।

          ਪੰਜਾਬ 'ਚ ਵੀ ਇਹੋ ਕੁਝ ਦੁਹਰਾਉਣ ਲਈ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ, ਜਿਸ ਤੋਂ ਉਹ ਖ਼ਾਸ ਤੌਰ 'ਤੇ ਦਿੱਲੀ 'ਚ ਪ੍ਰੇਸ਼ਾਨ ਹੈ, ਅਤੇ ਜੋ ਭਾਜਪਾ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ 'ਆਪ' ਤੋਂ ਵੱਡਾ ਚੈਲਿੰਜ ਦੇ ਰਹੀ ਹੈ, ਉਸਨੂੰ ਪੰਜਾਬ ਅਤੇ ਦਿੱਲੀ ਤੋਂ ਹਰ ਹੀਲੇ ਰੁਖ਼ਸਤ ਕਰਨ ਦਾ ਜਿਵੇਂ ਨਿਰਣਾ ਹੀ ਲੈ ਲਿਆ ਗਿਆ ਹੈ।

          ਭਾਜਪਾ ਲੀਡਰਸ਼ਿਪ ਇਸ ਸਮੇਂ ਉਤਸ਼ਾਹਿਤ ਵੀ ਹੈ, ਕਿਉਂਕਿ 'ਆਪ' ਨੇ ਪਿਛਲੇ ਛੇ ਮਹੀਨਿਆਂ 'ਚ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਕੀਤੀ, ਲੋਕਾਂ ਦੇ ਦਿਲਾਂ 'ਚ ਕੋਈ ਨਿਵੇਕਲੀ ਛਾਪ ਨਹੀਂ ਛੱਡੀ ਜਿਸ ਦੀ ਤਵੱਕੋ ਪੰਜਾਬ ਦੇ ਲੋਕ ਉਸ ਤੋਂ ਕਰ ਰਹੇ ਸਨ। ਭਾਜਪਾ ਕਿਉਂਕਿ ਸਮਝਦੀ ਹੈ ਕਿ ਪੰਜਾਬ 'ਚ ਕਾਂਗਰਸ ਆਪਣੇ ਭਾਰ ਥੱਲੇ ਦੱਬ ਚੁੱਕੀ ਹੈ, ਸ਼੍ਰੋਮਣੀ ਅਕਾਲੀ ਦਲ (ਬ) ਦਾ ਲੋਕਾਂ 'ਚ ਅਧਾਰ ਖੁਸ ਗਿਆ ਹੈ। ਭਾਜਪਾ ਆਮ ਆਦਮੀ ਪਾਰਟੀ ਸਰਕਾਰ ਨੂੰ ਖੂੰਜੇ ਲਾਕੇ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਪਣਾ ਰਾਜ ਸਥਾਪਿਤ ਕਰਨ ਦੇ ਆਹਰ 'ਚ ਹੈ।

           ਭਾਜਪਾ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਲਈ ਗਿਆਰਾਂ ਨੁਕਾਤੀ ਪ੍ਰੋਗਰਾਮ ਲੈ ਕੇ ਆਈ ਸੀ, ਜਿਸ ਵਿੱਚ ਸ਼ਾਂਤੀ ਅਤੇ ਸਦਭਾਵਨਾ, ਮਾਫੀਆ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ, ਸਭ ਲਈ ਰੁਜ਼ਗਾਰ, ਪੰਜਾਬ ਦਾ ਉਦਯੋਗੀਕਰਨ, ਬਿਨ੍ਹਾਂ ਬੀਮਾਰੀ ਸਿਹਤਮੰਦ ਪੰਜਾਬ, ਸਭ ਲਈ ਸਿੱਖਿਆ, ਬੁਨਿਆਦੀ ਢਾਂਚੇ 'ਚ ਸੁਧਾਰ, ਔਰਤਾਂ ਦਾ ਸਨਮਾਨ 'ਤੇ ਸੁਰੱਖਿਆ ਅਤੇ ਸਭਦਾ ਸਾਥ ਸਭਦਾ ਵਿਕਾਸ ਪ੍ਰਮੁੱਖ ਸਨ। ਮੋਦੀ ਜੀ ਵੀ ਉਸ ਸਮੇਂ ਪੰਜਾਬ ਆਏ ਸਨ, ਜਦਕਿ ਸੁਰੱਖਿਆ ਕਾਰਨਾਂ ਕਰਕੇ ਉਹਨਾ ਨੂੰ ਵਾਪਿਸ ਮੁੜਨਾ ਪਿਆ। ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਟੁੱਟ ਚੁੱਕਾ ਸੀ, ਭਾਜਪਾ ਸੂਬੇ 'ਚ ਇਕੱਲੀ ਚੋਣਾਂ ਲੜੀ ਅਤੇ ਸਿਰਫ਼ ਦੋ ਵਿਧਾਨ ਸਭਾ ਸੀਟਾਂ ਜਿੱਤ ਸਕੀ, ਬਾਵਜੂਦ ਇਸਦੇ ਉਸ ਵਲੋਂ  ਵੱਖੋ-ਵੱਖਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਟਿਕਟ ਦਿੱਤੇ ਸਨ।

          ਭਾਜਪਾ ਪੂਰੇ ਦੇਸ਼ ਵਿੱਚ ਆਪਣਾ ਅਧਾਰ ਬਨਾਉਣ ਲਈ ਯਤਨਸ਼ੀਲ ਹੈ। ਰਾਸ਼ਟਰਵਾਦ ਦੀ ਮੁਦੱਈ ਬਣਕੇ, ਕਈ ਥਾਈਂ ਉਹ ਫਿਰਕੂ ਪੱਤਾ ਖੇਡਣ ਤੋਂ ਵੀ ਦਰੇਗ ਨਹੀਂ ਕਰਦੀ। ਭਾਜਪਾ ਦੀ ਲਗਨ ਅਤੇ ਇੱਛਾ ਸ਼ਕਤੀ ਵੇਖੋ  ਕਿ ਤਿਲੰਗਾਣਾ ਵਰਗੇ ਸੂਬੇ, ਜਿਥੇ ਤੇਲੰਗਾਨਾ ਰਾਸ਼ਟਰੀ ਪਾਰਟੀ ਹਾਕਮ ਹੈ, ਨੂੰ ਖਿਲਾਰਕੇ ਮੁੱਖ ਵਿਰੋਧੀ ਪਾਰਟੀ ਦੇ ਰੂਪ ਵਿੱਚ ਸਥਾਪਿਤ ਹੋਣਾ ਚਾਹੁੰਦੀ ਹੈ। ਹਾਲਾਂਕਿ ਭਾਜਪਾ ਦਾ ਉਥੇ ਇਸ ਵੇਲੇ ਸਿਰਫ਼ ਇੱਕ ਵਿਧਾਇਕ ਹੀ ਹੈ।

          ਇਹੋ ਖੇਡ ਉਹ ਪੰਜਾਬ 'ਚ ਖੇਡਣਾ ਚਾਹੁੰਦੀ ਹੈ। ਉਹ ਰਾਜ 'ਚ ਨਵੀਂ ਲੀਡਰਸ਼ਿਪ  ਤਿਆਰ ਕਰ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਟੱਕਰ ਦੇ ਸਕੇ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ 'ਚ ਵੱਡੀ ਸਫਲਤਾ ਪਰਾਪਤ ਕਰਨ ਦੇ ਬਾਵਜੂਦ ਪਾਰਟੀ ਸੰਗਠਨ ਹੁਣ ਤੱਕ ਵੀ ਨਹੀਂ ਬਣਾ ਸਕੀ ਅਤੇ ਖਿੰਡਰੇ-ਪੁੰਡਰੇ ਪਾਰਟੀ ਕਾਰਕੁੰਨਾਂ ਨੂੰ ਪਾਰਟੀ ਵਲੋਂ ਆਪਣੇ ਰਹਿਮੋ-ਕਰਮ 'ਤੇ ਛੱਡਿਆ ਹੋਇਆ ਹੈ।

-ਗੁਰਮੀਤ ਸਿੰਘ ਪਲਾਹੀ

-9815802070