ਮੰਡੀ - ਬੁੱਧ ਸਿੰਘ ਨੀਲੋਂ

ਇਹ ਦੁਨੀਆਂ  ਮੰਡੀ  ਬਣ ਗਈ ਹੈ
ਜਾ ਮੰਡੀ  ਬਣਾ ਦਿੱਤੀ  ਹੈ
ਗੱਲ  ਇੱਕੋ ਹੀ ਹੈ ।

ਹੁਣ ਕੋਈ  ਖਰੀਦਣ ਵਾਲਾ
ਨਹੀਂ ਰਿਹਾ
ਸਭ ਵਿਕਣ ਵਾਲੇ ਹਨ,
ਹਰ ਕੋਈ  ਆਪਣੇ  ਮਾਲ ਜਾ
ਆਪਣੇ  ਆਪ ਨੂੰ
ਸ਼ਿੰਗਾਰ ਕੇ ਲਿਆ  ਰਿਹਾ ਹੈ
ਹੁਣ ਤਾਂ  ਹੀ
ਮੰਡੀ  ਦੇ ਭਾਅ
ਨਿਰੰਤਰ ਮੁਦਰਾ ਵਾਂਗੂੰ
ਡਿੱਗਦੇ ਹਨ
ਹੁਣ ਵਸਤੂਆਂ ਨਹੀਂ
ਕਿਰਦਾਰ  ਵਿਕਦੇ ਹਨ ।

ਝੂਠ  ਦੀ ਪੰਡ ਦਾ
ਹੋ ਰਿਹਾ ਗਰਾਫ ਵੱਡਾ
ਝੂਠ  ਵਧਦਾ ਜਾ ਰਿਹਾ  
ਸੱਚ ਡੁੱਬ  ਰਿਹਾ
ਜਾ
ਸੱਚ ਕਿਧਰੇ ਛੁਪ ਗਿਆ  ਹੈ ।

ਝੂਠ  ਵਿਕ ਰਿਹਾ ਹੈ
ਬਜ਼ਾਰ  ਵਿੱਚ
ਤੂੰ  ਕਿਵੇਂ  ਬਚ ਗਿਆ  ?
ਬੁੱਧ  ਨਾਥ ??

ਤੂੰ  ਵੱਟ ਲੈ ਚਾਰ ਦਮੜੇ
ਹੁਣ ਦਮੜੀ ਦਾ ਬੋਲਬਾਲਾ  ਹੈ,
ਚਮੜੀ, ਅਕਲ ਤੇ ਸ਼ਕਲ ਨੂੰ
ਕੌਣ ਪੁੱਛਦਾ ਇੱਥੇ ?

ਨਾ ਬਾਪ ਨਾ ਬਈਆ
ਸਭ  ਸੇ ਬੜਾ  ਰੁਪਈਆ ।  

ਪਰ ਰੁਪਈਆ  ਸਭ ਕੁੱਝ
ਸਭ ਕੁੱਝ  ਰੁਪਈਆ  ਨਹੀਂ
ਜੇ ਹੈ ਤਾਂ  ਵਿਚਾਰ  ਵੱਡਾ  ਹੈ
ਤੂੰ  ਆਪਣੇ  ਵਿਚਾਰ  ਵੇਚ
ਤੇ ਧੁੱਪ  ਸੇਕ !
ਮੰਡੀ  ਦੀਆਂ  ਚੀਕਾਂ ਨਾ ਸੁਣ
ਕੋਈ  ਨਵਾਂ  ਰਸਤਾ ਚੁਣ
ਸੁਣ ਸਾਹਿਬਾਂ  ਸੁਣ
ਸੁਣ ਸੁਣ
ਸਾਹਿਬ  ਦੀ ਗੱਲ ਸੁਣ
ਸ਼ਬਦ ਦੀ ਆਵਾਜ਼  ਸੁਣ
ਮੰਡੀ  ਦਾ ਸ਼ੋਰ ਨਾ ਸੁਣ
ਇਹ ਵਪਾਰੀ
ਇਹ ਅਧਿਕਾਰੀ
ਇਹ ਲਿਖਾਰੀ
ਸਭ ਬਣੇ ਵਪਾਰੀ
ਤੂੰ  ਨਾ ਇਹਨਾਂ  ਦਾ
ਮਾਲ ਬਣ
ਨਾ ਰੁਮਾਲ ਬਣ
ਬਨਣਾ  ਹੈ ਤਾਂ
ਸ਼ਬਦ ਵੀਚਾਰੁ ਬਣ !
ਵਿਚਾਰ ਕੇ ਝੂਠ
ਅੱਗੇ ਤਣ
ਨਾ ਬਣ ਸਣ
ਨਾ ਰੱਸਾ ਬਣ
ਕਲਮ ਬਣ
ਸਾਜ਼ ਬਣ
ਆਵਾਜ਼  ਬਣ
ਸੁਰ-ਤਾਲ ਤੇ ਸ਼ਬਦ ਗਾ
ਨਾ ਮੰਡੀ  ਬਣ
ਸੂਰਜ  ਬਣ
 ਜੋ ਬਨਣਾ  ਹੈ, ਬਣ
ਪਰ ਕਿਸੇ ਹਥਿਆਰ ਦਾ
ਦਸਤਾ ਨਾ ਬਣੀ
ਸਸਤਾ ਨਾ ਬਣੀ ।

ਰੱਖ ਧੌਣ ਸਿੱਧੀ
ਜਿਹੜੀ  ਜਾਵੇ  ਨਾ ਮਿੱਧੀ
ਹੁਣ ਧੌਣ ਕਟਵਾਉਣ ਲਈ ਨਹੀਂ
ਸਗੋਂ  ਜਿਉਂਦੇ  ਹੋਣ ਦਾ
ਉਚੀ ਤੇ ਸੁੱਚੀ ਰੱਖ
ਇਹ ਜਿਉਂਦੇ ਹੋਣ ਦਾ
ਪ੍ਰਤੀਕ  ਹੈ  !

ਮੰਡੀ  ਵਿੱਚ  ਸਭ ਕੁੱਝ
ਵੇਚਿਆ  ਨਹੀਂ  ਜਾਂਦਾ
ਕੁੱਝ  ਖਰੀਦਿਆ ਵੀ ਨਹੀਂ  ਜਾਂਦਾ
ਪਰ ਮੰਡੀ  ਦਾ, ਕਦੇ ਬਜ਼ਾਰ  ਦਾ ਗੇੜਾ
ਮਾਰਿਆ  ਕਰ,
ਜਿਉਂਦੇ  ਹੋਣ ਦਾ ਪਤਾ ਲੱਗਦਾ ਹੈ
ਮੰਡੀ  ਦੇ ਭਾਅ ਵੀ ਪਤਾ ਲੱਗਦਾ ਹੈ ।
ਮੰਡੀ ਦੀ ਕਿਉਂ, ਕਿਵੇਂ, ਕਿਸ ਲਈ
ਕਿਸ ਨੇ ਕੀਮਤ ਘਟਾਈ ?
 ਸੋਚ, ਵਾਰ ਵਾਰ ਸੋਚ !!
 ਬੁੱਧ  ਸਿੰਘ  ਨੀਲੋਂ
ਸੰਪਰਕ : 94643 70823