ਪੁੱਲਾਂ ਹੇਠਾਂ ਵਸਦੇ ਲੋਕ - ਬੁੱਧ ਚਿੰਤਨ

ਨੋਟ ਬੰਦੀ ਤੇ ਕੋਵਿਡ ਦੀ ਮਹਾਮਾਰੀ ਦੀ ਆੜ ਵਿੱਚ ਦੇਸ਼ ਵਾਸੀਆਂ ਨੂੰ ਗੁਲਾਮੀ ਦੇ ਰਾਹ ਤੋਰਨ ਲਈ ਸੱਤਾ ਦੀ ਗੁਲਾਮ ਪੁਲਸ ਨੇ ਕਾਲੇ ਦਿਨ ਤਾਜਾ ਕਰਵਾ ਦਿੱਤੇ ਹਨ। ਇਹ ਸਮਾਂ ਤਾੜੀਆਂ ਤੇ ਥਾਲੀਆਂ ਵਜਾਉਣ ਦਾ ਨਹੀਂ ਸੀ ਘਰਾਂ ਵਿੱਚ ਨਿਕਲਕੇ ਸੜਕਾਂ ਉਤੇ ਆਉਣ ਸੀ ਪਰ ਅਸੀਂ ਮੌਤ ਦੇ ਡਰ ਨਾਲ ਘਰਾਂ ਵਿੱਚ ਭੁੱਖ ਤੇ ਦੁੱਖ ਨਾਲ ਮਰਦੇ ਰਹੇ। ਅਵਤਾਰ ਪਾਸ਼ ਕਵਿਤਾ, "ਸਭ ਤੋਂ ਖ਼ਤਰਨਾਕ" ਯਾਦ ਆਉਂਦੀ ਐ।
ਸਭ ਤੋਂ ਖ਼ਤਰਨਾਕ ਪੁਲਸ ਦੀ ਕੁੱਟ ਨਹੀਂ ਹੁੰਦੀ
,,,,,,, ਹੁਣ ਕੌਣ ਆਖੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ।
ਡਰ ਦੀ ਆੜ ਹੇਠ ਲੋਕਾਂ ਦੇ ਪੁੜੇ ਸੇਕੇ ਜਾ ਰਹੇ ਹਨ। ਲੋਕਾਂ ਨੂੰ ਬੀਮਾਰੀ ਤੇ ਮੌਤ ਦੇ ਡਰ ਨਾਲ ਵਧੇਰੇ ਡਰਾਇਆ ਜਾ ਰਿਹਾ। ਜਿਉਣ ਦਾ ਅਹਿਸਾਸ ਖੋਹਿਆ ਜਾ ਰਿਹਾ। ਦੇਸ਼ ਦੇ ਲੋਕਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਗੁਲਾਮ ਹੋ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਖਲਕਤ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ। ਇਸ ਵੰਡ ਤੋਂ ਪਹਿਲਾਂ ਇਹੋ ਖਲਕਤ ਚਾਰ ਜ਼ਾਤਾਂ ਤੇ ਚਾਰ ਵਰਣਾਂ ਵਿੱਚ ਵੰਡੀ ਹੋਈ ਸੀ।ਇਸ ਸਮੇ ਦੇਸ਼ ਵਿੱਚ ਸਾਢੇ ਛੇ ਹਜ਼ਾਰ ਤੋਂ ਵਧੇਰੇ ਜਾਤਾਂ ਵਿੱਚ ਵੰਡੀ ਲੋਕਾਈ ਰਹਿੰਦੀ ਹੈ। ਤਿੰਨ ਪ੍ਰਤੀਸ਼ਤ ਵਾਲੇ ਰਾਜ ਕਰਦੇ ਹਨ,12% ਮੌਜਾਂ ਤੇ ਪਚਾਸੀ ਵਾਲੇ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਹਨ । ਕਿਉਂਕਿ ਇਹ ਪਚਾਸੀ ਪ੍ਰਤੀਸ਼ਤ ਸੰਗਠਿਤ ਨਹੀਂ। ਅਨਪੜ੍ਹ ਤੇ ਕਈ ਫਿਰਕਿਆਂ ਵਿੱਚ ਵੰਡੇ ਹੋਏ ਹਨ।
ਇਨ੍ਹਾਂ ਵਿੱਚੋਂ ਬਹੁ-ਗਿਣਤੀ ਲੋਕ 'ਭੁੱਖ ਨੰਗ' ਦੀ ਜ਼ਿੰਦਗੀ ਜਿਉਂ ਰਹੇ ਹਨ। ਇਹ ਉਹ ਹਨ ਜਿਨ੍ਹਾਂ ਨੂੰ ਅਜੇ ਤੱਕ 'ਲੋਕਤੰਤਰ' ਦੇ ਅਰਥ ਵੀ ਪਤਾ ਨਹੀਂ ਲੱਗੇ। ਉਹ ਸਿਆਸੀ ਪਾਰਟੀਆਂ ਦੀਆਂ 'ਪੱਕੀਆਂ ਵੋਟਾਂ' ਹਨ। ਇਹ ਉਹ ਵੋਟਾਂ ਹਨ, ਜਿਹਨਾਂ ਦਾ ਕੰਮ 'ਸਿਰਫ਼ ਵੋਟਾਂ' ਪਾਉਣਾ ਹੈ। ਹੁਣ ਇਹ "ਪਰਚੀ" ਬਣ ਕੇ ਰਹਿ ਗਈਆਂ ਹਨ।
ਉਹ ਵੋਟਾਂ ਵੇਲੇ ਆਪਣੇ ਕੀਮਤੀ ਅਧਿਕਾਰ ਦੀ ਵਰਤੋਂ ਲਾਲਚਵੱਸ ਹੋ ਕੇ 'ਵੋਟ' ਦੀ ਦੁਰਵਰਤੋਂ ਕਰਦੇ ਹਨ। ਪਰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ। ਇਹਨਾਂ ਬਾਰੇ ਸਿਰਫ ਯੋਜਨਾਵਾਂ ਬਣਦੀਆਂ ਹਨ. ਬਜਟ ਰੱਖਿਆ ਤੇ ਛਕਿਆ ਜਾਂਦਾ ਹੈ .. ਉਹਨਾਂ ਦੇ ਕੋਲੋਂ ਜਿੰਦਗੀ ਜਿਉਣ ਦਾ ਹੁਣ ਤਾਂ ਅਧਿਕਾਰ ਵੀ ਖੋ ਲਿਆ ਹੈ ।
ਹੁਣ ਬੰਦੇ ਦੀ ਕੋਈ ਕੀਮਤ ਨਹੀਂ .ਉਸ ਨੂੰ ਨਾ ਹੀ ਸੜਕ ਤੇ ਤੁਰਨ ਦਾ ਅਧਿਕਾਰ ਹੈ. ਉਸਨੂੰ ਪਹਿਰਾਵੇ ਦੇ ਕਾਰਨ ਜਾਨ ਦੇ ਕੇ ਕੀਮਤ ਦੇਣੀ ਪੈੰਦੀ ਹੈ.ਤੁਹਾਡਾ ਕਤਲ ਕਿਤੇ ਵੀ ਹੋ ਸਕਦਾ, ਪਰ ਤੁਸੀਂ ਜ਼ਿੰਦਗੀ ਕਿਵੇਂ ਬਸਰ ਕਰਦੇ ਹੋ? ਇਸਦਾ ਜਿਉਣ ਨਾਲ ਕੋਈ ਸੰਬੰਧ ਨਹੀ।
ਇਹ ਝੁੱਗੀਆਂ-ਝੌਪੜੀਆਂ ਵਿੱਚ ਕਿਵੇਂ ਨਰਕ ਭਰੀ ਜ਼ਿੰਦਗੀ ਕਿਵੇਂ ਜਿਉਂਦੇ ਹਨ? ਇਸ ਪਾਸੇ ਸੱਤਾਧਾਰੀਆਂ ਨੇ ਤਾਂ ਕੀ ਦੇਖਣਾ ਹੈ, ਆਮ ਲੋਕ ਵੀ ਇਨ੍ਹਾਂ ਵੱਲ 'ਨੱਕ ਝੜਾ' ਕੇ ਲੰਘ ਜਾਂਦੇ ਹਨ।
ਪਰ ਇਹ ਲੋਕ ਹੀ ਹਨ ਜੋ ਤੁਹਾਡਾ ਗੰਦ ਸਾਫ ਕਰਦੇ ਹਨ, ਤੁਹਾਡੇ ਪਾਏ ਗੰਦ ਦੇ ਵਿੱਚੋਂ ਦੋ ਡੰਗ ਦੀ ਰੋਟੀ ਲੱਭਦੇ ਹਨ.. ਪਰ ਇਸ ਦੇ ਬਦਲੇ ਤੁਹਾਡੀ ਮੁਸਕਾਨ ਭਾਲਦੇ ਹਨ, ਪਰ ਤੁਹਾਡੇ ਮੱਥੇ ਦੀਆਂ ਤਿਊੜੀਆਂ ਮਾਰ ਦੇਦੀਆਂ ਉਹਨਾਂ ਦੇ ਸੁਪਨੇ,  ਕਤਲ ਹੋ ਜਾਂਦੇ ਹਨ ਭਾਵਨਾਵਾਂ ਭੜਕ ਉਠਦੀਆਂ ਤੇ ਜਿਉਂਦੇ ਹੋਣ ਦਾ ਮੁਕ ਜਾਂਦਾ ਹੈ ਭਰੋਸਾ । ਉਹ ਹੱਕ ਤੇ ਵਿਸ਼ਵਾਸ ਜੋ ਤੁਸੀਂ ਨਹੀਂ ਸੰਵਿਧਾਨ ਨੇ ਦਿੱਤਾ ਹੈ। ਕੁਲੀ, ਗੁਲੀ ਤੇ ਜੁਲੀ ਸਭ ਦਾ ਮੌਲਿਕ ਅਧਿਕਾਰ ਹੈ। ਸਿਹਤ, ਸਿਖਿਆ, ਰੁਜ਼ਗਾਰ ਤੇ ਸਮਾਜਿਕ ਮੌਲਿਕ ਤੇ ਸੰਵਿਧਾਨਕ ਹੱਕ ਹੈ ਪਰ ਸਾਰੇ ਹੀ ਹੱਕ ਹੁਣ ਕੁਲੀਨ ਵਰਗ ਕੋਲ ਰਾਂਖਵੇਂ ਹਨ.
"ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ " ਵਰਗੀ ਹਾਲਤ ਹੈ ਹੁਣ ਇਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਿਸ ਨੇ ਕਰਨਾ ਹੈ? ਹਰ ਭਾਰਤੀ ਹਰ ਤਰ੍ਹਾਂ ਦਾ ਟੈਕਸ ਦੇਦਾ ਹੈ, ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਤੋਂ ਸਾਰੇ ਵੀ ਮੌਲਿਕ ਅਧਿਕਾਰ ਖੋ ਲਏ ਹਨ । ਮਹਿੰਗੀਆਂ ਵਸਤਾਂ ਖਰੀਦੋ ਵੱਡਿਆਂ ਦੇ ਢਿੱਡ ਭਰੋ ।
ਸਿਹਤ ਤੇ ਸਿਖਿਆ ਉਹਨਾਂ ਮਾਫੀਆਂ ਨੂੰ ਦੇ ਦਿੱਤੀ ਜੋ ਹੁਣ ਮੱਧ ਵਰਗ ਦੇ ਲਈ ਵੀ ਖੂਨ ਪੀਣੀਆਂ ਜੋਕਾਂ ਬਣ ਗਈਆਂ ਹਨ । ਇਹਨਾਂ ਨੂੰ ਤਾਂ ਨਾ ਸਿਖਿਆ ਹਾਸਲ ਕਰਨ ਦਾ ਅਧਿਕਾਰ ਹੈ ਤੇ ਸਿਹਤ ਦੇ ਇਲਾਜ ਦੀ ਲੋੜ ਹੈ ? ਜਿਨ੍ਹਾਂ ਨੂੰ ਲੋੜ ਹੈ ਉਹ ਜੋਕਾਂ ਦਾ ਭੋਜਨ ਬਣ ਗਏ ਹਨ, ਪਰ ਉਹਨਾਂ ਨੂੰ ਕੀ ਲੋੜ ਹੈ ਉਹ ਸਵਾਲ ਕਰਨ।
ਝੁੱਗੀ ਝੌਪੜੀ ਵਿੱਚ ਕਿਹੜਾ ਇਨਸਾਨ ਵਸਦੇ ਹਨ... ਉਹ ਤਾਂ ਕੀੜੇ ਮਕੌੜੇ ਹਨ... ਜੋ ਜੰਮਦੇ ਹਨ ਤੇ ਪਿਸ ਪਿਸ ਕੇ ਮਰ ਜਾਂਦੇ ਹਨ, ਸਦੀਆਂ ਤੋਂ ਸਿਲਸਿਲਾ ਜਾਰੀ ਹੈ.
ਇਨ੍ਹਾਂ ਦਾ ਸਾਹਿਤ ਵਿੱਚ ਜ਼ਿਕਰ ਵੀ ਨਾ ਮਾਤਰ ਹੀ ਹੈ ਪਰ ਲਾਲ ਸਿੰਘ ਦਿਲ ਦੀ ਕਵਿਤਾਵਾਂ ਵਿੱਚ ਇਨ੍ਹਾਂ ਦੀ ਜ਼ਿੰਦਗੀ ਦੀ ਧੜਕਦੀ ਹੈ। ਇਸੇ ਤਰ੍ਹਾਂ ਬੂਟਾ ਸਿੰਘ ਦੇ ਦੋ ਨਾਵਲ ਵਿੱਚ ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲਿਆਂ ਦਾ ਮਾਰਮਿਕ ਜ਼ਿਕਰ ਹੈ। ਇਸ ਤੋਂ ਬਿਨਾਂ ਪੰਜਾਬੀ ਦੇ ਕਿਸੇ ਲੇਖਕ ਨੂੰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਵੱਲ ਝਾਤ ਮਾਰਨ ਦੀ ਵਿਹਲ ਨਹੀਂ ਜਾਂ ਫਿਰ ਉਨ੍ਹਾਂ ਦੇ ਲਈ ਇਹ ਲੋਕ ਵੀ ਸਿਰਫ਼ 'ਵੋਟਾਂ' ਹੀ ਹਨ।
ਪਰ ਸ਼ਹਿਰਾਂ ਦੇ ਪੁੱਲਾਂ ਹੇਠ ਵਸਦੇ ਇਹ ਲੋਕ ਹੀ ਨਹੀਂ, ਹਰ ਸ਼ਹਿਰ ਵਿੱਚ ਇਹ ਸੜਕਾਂ ਦੇ ਕਿਨਾਰੇ ਝੁੱਗੀਆਂ ਝੌਪੜੀਆਂ ਵਿੱਚ ਜ਼ਿੰਦਗੀ ਕੱਟ ਰਹੇ ਹਨ ਪਰ ਇਹਨਾਂ ਪੁੱਲਾਂ ਹੇਠਲੇ ਇਨ੍ਹਾਂ ਲੋਕਾਂ ਦਾ ਆਪਣਾ ਇੱਕ ਸੰਸਾਰ ਹੈ। ਹਰ ਸ਼ਹਿਰ ਦੇ ਉਚੇ ਪੁੱਲ ਤੋਂ ਪੁਰਾਣੇ ਬੱਸ ਅੱਡੇ ਤੱਕ ਇਨ੍ਹਾਂ ਦੀ ਪੁਰਾਣੇ ਕੱਪੜਿਆਂ ਦੀ ਮਾਰਕੀਟ ਲੱਗਦੀ ਹੈ। ਉੱਥੇ ਹਰ ਰੋਜ਼ ਸ਼ਹਿਰ ਦੇ ਹੀ ਨਹੀਂ ਸਗੋਂ ਪਿੰਡਾਂ ਦੇ ਲੋਕ ਵੀ ਖਰੀਦੋ ਫ਼ਰੋਖਤ ਕਰਦੇ ਹਨ।
ਇਨ੍ਹਾਂ ਕੋਲ ਲੋਕਾਂ ਦੇ ਪੁਰਾਣੇ ਕੱਪੜੇ ਹੁੰਦੇ ਹਨ, ਜਿਹੜੇ ਇਹ ਭਾਂਡਿਆਂ ਬਦਲੇ ਲੈਂਦੇ ਹਨ। ਉਨ੍ਹਾਂ ਨੂੰ ਇਸ ਥਾਂ ਲਿਆ ਕੇ ਉਹ ਲੋਕਾਂ ਲਈ ਬਹੁਤ ਘੱਟ ਕੀਮਤ 'ਤੇ ਵੇਚਦੇ ਹਨ। ਇਹ ਪੁਰਾਣੇ ਕੱਪੜੇ ਵੇਚਣ ਵਾਲਿਆਂ ਦੀਆਂ ਧਰਤੀ 'ਤੇ ਲੱਗੀਆਂ ਦੁਕਾਨਾਂ ਹਰ ਸ਼ਹਿਰ ਦੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਦੇ ਰਸਤਿਆਂ 'ਤੇ ਆਮ ਮਿਲਦੀਆਂ ਹਨ। ਐਤਵਾਰ ਨੂੰ ਇੱਥੇ ਰੌਣਕ ਦੇਖਣ ਵਾਲੀ ਹੁੰਦੀ ਹੈ। ਇੱਥੇ ਵੇਚਣ ਤੇ ਖਰੀਦਣ ਵਾਲੇ ਆਮ ਲੋਕ ਹੀ ਹੁੰਦੇ ਹਨ। ਜਿਹੜੇ ਇੱਕ ਦੂਜੇ ਦਾ ਦਰਦ ਸਮਝ ਸਕਦੇ ਹਨ।
ਪਰ ਸ਼ਹਿਰ ਨੂੰ "ਸਮਾਰਟ ਸਿਟੀ" ਬਣਾਉਣਾ ਹੈ ਇਸ ਕਰਕੇ ਇਹ ਮਾਰਕੀਟ ਨੂੰ ਸਾਫ ਕਰ ਦਿੱਤਾ ਹੈ.. ਉਹਨਾਂ ਨੂੰ ਇਥੇ ਤੋਂ ਹਟਾਇਆ ਨਹੀਂ ਗਿਆ ਸਗੋਂ ਜਿੰਦਗੀ ਦੇ ਵਿੱਚੋਂ ਬੇਦਖਲ ਕਰ ਦਿੱਤਾ ਹੈ । ਸ਼ਹਿਰ ਦੇ ਪੌਸ਼ ਇਲਾਕਿਆਂ ਦੇ ਕਬਜ਼ੇ ਨੀ ਦਿਖਦੇ ਜੋ ਸੜਕਾਂ ਉਤੇ ਹੀ ਨਹੀਂ ਘਰਾਂ ਦੇ ਬਾਹਰ ਵੀ ਕਬਜ਼ਾ ਕਰੀ ਬੈਠੇ ਹਨ..ਉਹ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਜਾਂ ਵੱਡਾ ਹੈ, ਕਿਸੇ ਦਾ ਮੰਤਰੀ ਤੇ ਕਿਸੇ ਸੰਤਰੀ ਦਾ ਜਾਣੂ ਹੈ .... ਪਰ ਇਹਨਾਂ ਦਾ ਕੋਈ ਮਿੱਤਰ ਨਹੀਂ ,  ਕੋਈ ਰਿਸ਼ਤੇਦਾਰ ਅਫਸਰ ਨਹੀਂ ... ਇਹ ਤਾਂ ਵੋਟਾਂ ਦੀਆਂ ਪਰਚੀਆਂ ਹਨ.... ਪਰ ਹੁਣ ਤਾਂ ਵੋਟਾਂ ਦਾ ਵੀ ਝੰਮਟ ਮਿਟਾ ਦਿੱਤਾ ਹੈ .... ਈਵੀ ਜਿੰਦਾਬਾਦ । ਹੁਣ ਇਹੋ ਹੀ ਹੋਇਆ ਹੈ ।
ਕੂੜ ਫਿਰੇ ਪਰਧਾਨ ਵੇ ਲਾਲੋ.
ਜੋਰੀ ਮੰਗੇ ਦਾਨ ਵੇ ਲਾਲੋ
ਇੱਥੋਂ ਦੀ ਪੁਲਾਂ ਉੱਪਰ ਤੇ ਆਲੇ ਦੁਆਲੇ ਲੰਘਣ ਵਾਲਿਆਂ ਨੂੰ ਇਨ੍ਹਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ । ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਉਤਰ ਕੇ ਅਸੀਂ ਕਦੋਂ ਦੇਖਾਂਗੇ?
ਇਹ ਸਵਾਲ ਅੱਜ ਹਰ ਚੇਤਨ ਮੱਥੇ ਦੇ ਅੰਦਰ ਉਪਜਦਾ ਤਾਂ ਹੈ ਪਰ ਪੁੱਲਾਂ ਦੇ ਹੇਠਲੇ ਲੋਕਾਂ ਬਾਰੇ ਸੋਚਣ ਤੇ ਸਮਝਣ ਤਾਂ ਸਮਾਂ ਹੁਣ ਕਿਸੇ ਕੋਲ ਅਮੀਰ, ਲੇਖਕ ਤੇ ਮੀਡੀਏ ਕੋਲ ਨਹੀਂ। ਲੇਖਕ ਵਰਗ ਤਾਂ ਅਜੇ 'ਰੁਮਾਂਸ' ਤੋਂ ਬਾਹਰ ਨਹੀਂ ਆਇਆ ਤੇ ਫੇਰ ਇਨ੍ਹਾਂ ਬਾਰੇ ਕੌਣ ਲਿਖੇਗਾ ? ਕੌਣ ਦੱਸੇਗਾ ਉਹਨਾਂ ਦੇ ਵਿੱਚ ਬਲਦੀ ਅੱਗ ਨੂੰ ਤੇ ਮਰਦੇ ਸੁਪਨਿਆਂ ਦੇ ਕਾਤਲ ਕੌਣ ਹਨ? ..... ਕੌਣ ਜਗਾਏਗਾ ਅੱਖਾਂ ਦੇ ਵਿੱਚ ਮਰ ਗਈ ਜਿਉਣ ਦੀ ਭਾਵਨਾ ?...
ਅੱਜ ਫਿਰ ਉਸ ਵੈਸਾਖ ਦੇ ਦਿਹਾੜੇ ਦੀ ਲੋੜ ਹੈ... ਜਦੋਂ ਸੁੱਤੀ ਪਈ ਸ਼ਕਤੀ ਨੂੰ ਜਗਾਉਣ ਦੇ ਲਈ ਆਵਾਜ਼ ਉਠੀ ਸੀ... ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ... ਹੁਣ ਲੋੜ ਹੈ ਫੈਸਲਾ ਕੁੰਨ ਜੰਗ ਦੀ … ਸੁੱਤੀ ਆਤਮਾ ਨੂੰ ਜਗਾਉਣ ਦੀ....!
ਕੌਣ ਜਗਾਏਗਾ ਜਾਗਦੇ ਹੋਏ ਸੁੱਤਿਆਂ ਨੂੰ ? ਮੁਰਦੇ ਤਾਂ ਕਬਰਾਂ ਵਿੱਚ ਵਸਦੇ ਹਨ!! ਇਹ ਸਮਾਂ ਅੰਦਰਲੀਆਂ ਸ਼ਕਤੀਆਂ ਨੂੰ ਇਕੱਠੀ ਕਰਨ ਦਾ ਹੈ। ਗੁਲਾਮੀ ਦਾ ਜੂਲਾ ਉਤਾਰਨ ਦਾ ਏ। ਤਾੜੀਆਂ ਮਾਰਨ ਦਾ ਨਹੀਂ ਨਾ ਹੀ ਚੁੱਪ ਚਾਪ ਸਿਤਮ ਸਹਿਣ ਦਾ ਹੈ । ਇਹਨਾਂ ਚੁੱਪ ਕੀਤੇ ਲੋਕਾਈ ਨੂੰ ਕੌਣ ਜਾਏਗਾ?
ਬੁੱਧ ਸਿੰਘ ਨੀਲੋਂ
ਸੰਪਰਕ : 94643 70823