ਭਾਰਾ ਦਾਜ - ਪ੍ਰਵੀਨ ਸ਼ਰਮਾ
ਨਵਰੀਤ -- ਇੱਕ ਪੜ੍ਹੀ-ਲਿਖੀ ਅਤੇ ਹੋਣਹਾਰ ਕੁੜੀ , ਚੰਗੇ ਸੰਸਕਾਰਾਂ ਦੇ ਨਾਲ-ਨਾਲ ਸਾਦਗੀ ਅਤੇ ਸੁੰਦਰਤਾ ਦਾ ਵੀ ਕੀ ਕਹਿਣਾ । ਚੰਗੀ ਸੋਚ ਅਤੇ ਚੰਗੇ ਖਿਆਲਾਤ ਉਸਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾਉਂਦੇ । ਆਪਣੀ ਮੇਹਨਤ ਅਤੇ ਲਗਨ ਨਾਲ ਸਰਕਾਰੀ ਨੌਕਰੀ ਵੀ ਹਾਸਿਲ ਕਰ ਲਈ ।
ਹੁਣ ਵਿਆਹ ਦੀ ਉਮਰ ਵੀ ਸੀ , ਚੰਗੇ ਪੜ੍ਹੇ-ਲਿਖੇ ਸਰਕਾਰੀ ਨੌਕਰੀ ਵਾਲੇ ਮੁੰਡੇ ਦੀ ਤਲਾਸ਼ ਹੋਣ ਲੱਗੀ । ਤਾਂ ਜੋ ਪੜ੍ਹੇ ਲਿਖੇ , ਨੌਕਰੀ ਪੇਸ਼ਾ ਪਰਿਵਾਰ ਚ' ਬੇਟੀ ਦੇ ਗੁਣਾਂ ਅਤੇ ਕੰਮ ਦੀ ਕਦਰ ਹੋਵੈ । ਚਲੋ ਜੀ , ਵਿਚੋਲੇ ਨੇ ਇੱਕ ਘਰ ਲੱਭ ਕੇ ਰਿਸ਼ਤਾ ਕਰਵਾ ਦਿੱਤਾ । ਸਭ ਤੈਅ ਹੋ ਗਿਆ - ਜਿਵੇਂ ਕੀ ਆਪਾਂ ਜਾਣਦੇ ਹਾਂ ਆਪਣੇ ਸਮਾਜ ਦੀ ਰੀਤਿ ਕਹਿ ਲਵੋ, ਜਾ ਕੁਰੀਤੀ , ਦਾਜ ਦਾ ਦੇਣਾਂ ਤਾਂ ਬਣਦਾ ਹੈ , ਚਾਹੇ ਕਿਸੇ ਵੀ ਰੂਪ ਚ' ਹੋਵੇ । ਦਾਜ ਤਾਂ ਨਵਰੀਤ ਨੂੰ ਵੀ ਦੇਣਾਂ ਸੀ ।
ਨਵਰੀਤ ਦੇ ਸੋਹਰੇ ਵਾਲਿਆ ਨੇ ਸੋਚ ਲਿਆ ਕੇ -- ਸ਼ਰਮਾ ਜੀ ਸਿਆਣੇ ਨੇ , ਪੜ੍ਹਿਆ ਲਿਖਿਆ , ਚੰਗਾ ਨੌਕਰੀ ਪੇਸ਼ੇ ਵਾਲਾ ਮੁੰਡਾ ਮਿਲਿਆ - ਦਾਜ ਦਹੇਜ ਵੀ ਚੰਗਾ ਦੇਣਗੇ । ਕੁੱਝ ਕੂ ਗੱਲਾਂ ਵਿਚੋਲੇ ਨੇ ਕੰਨਾਂ ਰਾਹੀਂ ਕੱਢ ਦਿੱਤੀਆਂ ਕੇ -- ਦਾਜ ਭਾਰਾ ਹੋਣਾ ਚਾਹੀਦਾ ਹੈ , ਜੋ ਕਿ ਸਮਾਜ ਅਤੇ ਬਿਰਾਦਰੀ ਵਿੱਚ ਵਿਖੇ ।
ਸ਼ਰਮਾ ਜੀ ਨੇ ਭਾਰਾ ਦਾਜ ਪਹਿਲਾਂ ਹੀ ਆਪਣੀ ਬੇਟੀ ਲਈ ਇੱਕਠਾ ਕਰ ਰੱਖਿਆ ਸੀ - ਸੋ ਕੋਈ ਚਿੰਤਾ ਨਹੀਂ ਕੀਤੀ ।
ਚਲੋ ਜੀ ਵਿਆਹ ਵਾਲਾ ਦਿਨ ਆ ਗਿਆ , ਨਵਰੀਤ ਆਪਣੇ ਸੌਹਰੇ ਘਰ ਵਿਦਾ ਹੋਣ ਲਈ ਤਿਆਰ ਸੀ , ਕੇ -- ਦਾਜ ਦੀ ਗੱਲ ਚੱਲ ਪਈ । ਵਿਚੋਲਾ ਆ ਕੇ ਕਹਿੰਦਾ - ਸ਼ਰਮਾ ਜੀ , ਮੁੰਡੇ ਵਾਲਿਆ ਦਾ ਦੇਣ-ਲੈਣ ਕਿਥੇ ਹੈ , ਕਰੀਏ ਰਸਮਾਂ । ਕੋਈ ਦਾਜ ਦਹੇਜ ਦੀ ਚੀਜ਼ ਨਹੀਂ ਦਿਸਦੀ । ਇੰਜ ਲੱਗਦਾ ਹੈ ਜਿਵੇਂ ਤੁਸੀਂ ਦਾਜ ਕਿਤੇ ਲੁਕੋ ਰੱਖਿਆ ਹੈ ।
ਸ਼ਰਮਾ ਜੀ ਹੱਸ ਕੇ ਕਹਿੰਦੇ -- ਕਿਤੇ ਨਹੀਂ ਲੁਕੋ ਰੱਖਿਆ ਜੀ , ਦਾਜ ਤਾਂ ਬੇਟੀ ਦੇ ਨਾਲ ਹੀ ਹੈ । ਤੁਸੀਂ ਭਾਰੇ ਦਾਜ ਦੀ ਗੱਲ ਕੀਤੀ ਸੀ , ਮੈਂ ਸਾਰੀ ਉਮਰ ਮੇਰੀ ਬੇਟੀ ਲਈ ਭਾਰਾ ਦਾਜ ਹੀ ਇੱਕਠਾ ਕਰਦਾ ਰਿਹਾ ਹਾਂ । ਬਹੁਤ ਕੁੱਝ ਉਸਨੇ ਆਪਣੇ-ਆਪ ਬਣਾਇਆ ਹੈ , ਜੋ ਮੇਰੇ ਅਤੇ ਇਸਦੀ ਮਾਂ ਦੇ ਦੇਣ ਵਾਲਾ ਸੀ ਉਹ ਅਸੀਂ ਦੇ ਤਾ ।
ਵਿਚੋਲਾ ਕਹਿੰਦਾ - ਸ਼ਰਮਾ ਜੀ, ਕਿਥੇ ਹੈ ਫੇਰ ? ਫਰਨੀਚਰ , ਏ.ਸੀ , ਫਰਿੱਜ , ਕੋਈ ਟੂਮ-ਛੱਲਾ ਵਗੈਰਾ। ਇਨ੍ਹਾਂ ਨੂੰ ਤਾਂ ਗੱਡੀ ਤੱਕ ਦੀ ਉਮੀਦ ਸੀ । ਵਿਖਾਓ ਫੇਰ - ਕੀ ਕੁੱਝ ਇੱਕਠਾ ਕੀਤਾ ਹੈ । ਤੁਸੀਂ ਲੱਗਦਾ ਮੇਰਾ ਇਸ਼ਾਰਾ ਨਹੀਂ ਸੀ ਸਮਝੇਂ , ਹੁਣ ਸਿੱਧਾ ਤਾਂ ਮੰਗ ਕੇ ਲੈ ਨਹੀਂ ਸਕਦੇ ।
ਸ਼ਰਮਾ ਜੀ ਬੜੀ ਨਿਮਰਤਾ ਨਾਲ ਕਹਿੰਦੇ - ਵਿਚੋਲਾ ਜੀ , ਇਹ ਜਿਹੜੀਆਂ ਚੀਜ਼ਾਂ ਦੇ ਨਾਂ ਲਿੱਤੇ ਨੇ ਇਹ ਤਾਂ ਸਾਰਾ ਹੌਲਾ ਸਾਮਾਨ ਹੈ , ਤੇ ਮੈਂ ਭਾਰੇ ਤੋ ਭਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਬੇਸ਼ੱਕ ਤੁਸੀਂ ਜੋ ਮੰਗਿਆ , ਉਹ ਵਜਨ ਚ' ਭਾਰਾ ਹੋ ਸਕਦਾ ਹੈ ਪਰ - ਜੇ ਫੇਰ ਵੀ ਤੱਕੜੀ ਤੋਲ ਵੇਖੀਏ , ਤਾਂ ਮੇਰੀ ਬੇਟੀ ਨੂੰ ਦਿੱਤੀ ਗਈ ਸਿੱਖਿਆ , ਉਸਦੀ ਸਾਦਗੀ , ਸੁੰਦਰਤਾ , ਸੰਸਕਾਰ , ਸ਼ਾਲੀਨਤਾ , ਉਸਦੇ ਸਵੈਮਾਣ ਅੱਗੇ ਸਭ ਹੌਲਾ ਹੈ । ਮੇਰੀ ਨਵਰੀਤ ਹੀ ਕਿਉਂ -- ਹਰ ਉਸ ਬੇਟੀ ਦੇ , ਜੋ ਅੱਜ ਆਪਣੇ ਪੈਰਾਂ ਤੇ ਖੜੀ ਹੈ , ਕਾਬਿਲ ਹੈ , ਗੁਣੀਂ ਹੈ ।
ਕੀ ?? ਇਹ ਘੱਟ ਹੈ - ਕੇ ਇੱਕ ਬੱਚਾ, ਇੱਕ ਪਵਿੱਤਰ ਰਸਮ ਨਾਲ ਬੰਨ੍ਹਿਆ ਆਪਣਾ ਘਰ ਛੱਡ ਕੇ ਸਾਰੀ ਉਮਰ ਵਾਸਤੇ ਇੱਕ ਦੁਜੇ ਘਰ ਲਈ ਸਮਰਪਿਤ ਹੋ ਜਾਂ ਹੈ । ਕੀ?? ਉਸਦੇ ਸਮਰਪਣ ਦਾ ਕੋਈ ਮੁੱਲ ਨਹੀਂ - ਉਸਦੇ ਗੁਣਾਂ ਦਾ , ਉਸਦੀ ਸਿੱਖਿਆ ਦਾ ਕੋਈ ਮੁੱਲ ਨਹੀਂ । ਇਹ ਚੀਜ਼ਾਂ ਕਿਉਂ ਕਾਰਾਂ, ਏਸੀਆਂ , ਗਹਿਣੇ-ਗੱਟਿਆਂ ਅੱਗੇ ਹੌਲੀਆਂ ਹੋ ਜਾਦੀਆਂ ਨੇ । ਮੁਆਫ ਕਰਨਾ ਵਿਚੋਲਾ ਜੀ, ਜੋ ਤੁਸੀਂ ਸੋਚਿਆ ਸੀ ਉਹ --
---- ਭਾਰਾ ਦਾਜ ਮੈਂ ਨਹੀਂ ਖਰੀਦਿਆ ----
ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044
16 Oct. 2018