ਚੱਲ ਛੱਡ ਪਰੇ, ਆਪਾਂ ਕੀ ਲੈਣਾ! - ਬੁੱਧ ਸਿੰਘ ਨੀਲੋਂ

ਜ਼ਿੰਦਗੀ ਦੇ ਸਫਰ ਵਿੱਚ ਜਦੋਂ ਮਨੁੱਖ ਤੁਰਦਾ ਹੈ ਤਾਂ ਰਸਤੇ ਦੇ ਵਿੱਚ ਕੁੱਝ ਬਜ਼ੁਰਗ, ਉਸਤਾਦ , ਮਿੱਤਰ, ਦੋਸਤ, ਯਾਰ, ਭੈਣ ਭਰਾ, ਰਿਸ਼ਤੇਦਾਰ, ਰੁਖ, ਮੈਦਾਨ, ਜੰਗਲ, ਪਹਾੜ, ਰੇਤਲੇ ਟਿੱਲੇ, ਨਦੀ, ਦਰਿਆ, ਝੀਲ, ਪ੍ਰਕਿਰਤੀ, ਧੁੱਪ-ਛਾਂ, ਦੁੱਖ-ਸੁੱਖ, ਸੱਚ-ਝੂਠ, ਚੰਗਾ-ਬੁਰਾ, ਆਪਣਾ-ਬੇਗਾਨਾ, ਧਰਮ-ਕਰਮ, ਸੰਗ-ਸ਼ਰਮ, ਮਾਇਆ, ਨੰਗ-ਭੁੱਖ, ਆਸਤਿਕ-ਨਾਸਤਿਕ, ਸਿੱਧੇ ਰਸਤੇ, ਕੂਹਣੀ ਮੋੜ, ਕਈ ਥਾਵਾਂ ਉਤੇ ਲਿਖਿਆ ਹੁੰਦਾ ਹੈ..ਜ਼ਰਾ ਬਚ ਕੇ ਮੋੜ ਤੋਂ ?
      ਸਮਾਂ, ਸਥਾਨ ਤੇ ਸੱਚ ਤੁਹਾਨੂੰ ਸੁਚੇਤ ਕਰਦਾ ਹੈ ਪਰ ਬਚ ਕੇ ਲੰਘਣਾ ਤੁਸੀਂ ਹੈ । ਜ਼ਿੰਦਗੀ ਦੀ ਰਫਤਾਰ ਤੁਹਾਡੇ ਹੱਥ ਵਿੱਚ ਹੈ। ਸਿੱਧਾ ਜਾਣਾ ਹੈ ਜਾਂ ਹਾਦਸਾ ਕਰਕੇ ਮਰ ਜਾਣਾ ਹੈ । ਸਫਰ ਗੱਲਾਂ ਨਾਲ ਨਹੀਂ ਤੁਰਿਆ ਪੂਰਾ ਹੁੰਦਾ ਹੈ ।
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓਡੀ ਉਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਹੈ । ਇਹ ਸੁਨੇਹਾ ਹਰ ਘਰ ਦੇ ਕਮਰੇ, ਪਿੰਡ, ਸ਼ਹਿਰ, ਜਨਤਕ ਸਥਾਨ, ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਲਿਖਣ ਦੀ ਬਹੁਤ ਲੋੜ ਹੈ ਤਾਂ ਕਿ ਇਹ ਸੁਨੇਹਾ ਆਪਣੇ ਅੰਦਰ ਝਾਤੀ ਮਾਰਨ ਲਈ ਸਾਨੂੰ ਰੋਕ ਸਕੇ । ਸਾਡੀ ਮਰ ਗਈ ਸੰਵੇਦਨਾ ਤੇ ਜ਼ਮੀਰ ਨੂੰ ਜਗਾਵੇ.
     ਅਸੀਂ ਹੁਣ ਅੰਨ੍ਹੀ ਦੌੜ ਸ਼ਾਮਲ ਹਾਂ । ਇਹ ਦੌੜ ਕਦੇ ਨਹੀਂ ਮੁੱਕਣੀ ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕੀ ਸੀ ਤੇ ਕੀ ਬਣਾ ਦਿੱਤੇ ਹਾਂ। ਕੱਚੀ ਮਿੱਟੀ ਦਾ ਕੁੱਝ ਵੀ ਬਣ ਸਕਦਾ ਹੈ ।
ਘਰ ਪਰਵਾਰ, ਸਮਾਂ, ਸਾਧਨ, ਉਸਤਾਦ, ਤੇ ਵਧੀਆ ਮਿੱਤਰ !
ਸਾਂਭ ਸੰਭਾਲ ਖੁੱਦ ਕਰਨੀ ਹੈ ।
ਜ਼ਰਾ ਬਚ ਕੇ ਮੋੜ ਤੋਂ !
     ਦੱਖਣੀ ਅਫ਼ਰੀਕਾ ਦੀ ਯੂਨੀਵਰਸਿਟੀ ਦੇ ਬਾਹਰ ਇਹ ਲਿਖਿਆ ਹੋਇਆ ਹੈ। ਧਿਆਨ ਨਾਲ ਪੜ੍ਹ ਲਿਓ ਤੇ ਫੇਰ ਸੋਚੋ ਕਿ ਇਹ ਕੀ ਹੈ ਤੇ ਅਸੀਂ ਕੀ ਹਾਂ ?
     ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਏਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।"
      ਸਾਡੀ ਸਿੱਖਿਆ ਪ੍ਰਣਾਲੀ ਵਿੱਚ ਹੁਣ ਤੱਕ ਕੀ ਨਹੀਂ ਹੋਇਆ ਤੇ ਹੋ ਰਿਹਾ ਹੈ ? ਨਕਲ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਏਨੀ ਤਬਾਹੀ ਸਿਆਸੀ ਆਗੂਆਂ ਨੇ ਨਹੀਂ ਕੀਤੀ ਜਿੰਨੀ ਸਿੱਖਿਆ ਮਾਫੀਆ ਤੇ ਲੇਖਕਾਂ ਨੇ ਕੀਤੀ ਹੈ ।      ਅਖੌਤੀ ਬੁੱਧੀਜੀਵੀਆਂ ਨੇ ਸਮੇਂ ਦੇ ਸੱਚ ਨੂੰ ਲੋਕਾਂ ਤੱਕ ਪੁਜਦਾ ਨਹੀਂ ਕੀਤਾ। ਲੇਖਕ ਤੇ ਕਵੀ ਧੂੜ ਵਿੱਚ ਟੱਟੂ ਭਜਾਉਦੇ ਰਹੇ ਤੇ ਹੁਣ ਫੇਰ ਉਸੇ ਰਸਤੇ ਜਾ ਰਹੇ ਹਨ । ਸਿੱਖਿਆ ਦੇ ਉਪਰ ਵਪਾਰੀ ਮਾਫੀਆ ਕਾਬਜ਼ ਹੋ ਗਿਆ । ਜੋ ਰੁਪਈਏ ਲੈ ਕੇ ਗਿਆਨਹੀਣ ਨਸਲਾਂ ਬਣਾ ਰਿਹਾ ਹੈ । ਅਸੀਂ ਕਦਰ ਨਾ ਸੋਚਿਆ ਤੇ ਨਾ ਵਿਚਾਰਿਆ ਹੈ । ਹੁਣ ਹੋਰ ਘਪਲਿਆਂ ਦੇ ਵਿੱਚ ਸਿੱਖਿਆ ਦਾ ਘਪਲਾ ਕਰਨ ਵਾਲੇ ਉਹ ਹਨ , ਜੋ ਆਪਣੇ ਆਪ ਨੂੰ ਕੌਮ ਦੇ ਨਿਰਮਾਤਾ ਅਖਵਾਉਂਦੇ ਹਨ । ਸਿੱਖਿਆ ਦਾ ਵਪਾਰ ਕਰਨ ਵਾਲੇ ਸਿਆਸੀ ਆਗੂ, IAS, IPS ਹਨ । ਜਿਹੜੇ ਸਕੂਲ, ਕਾਲਜ ਤੇ ਯੂਨੀਵਰਸਿਟੀ ਚਲਾ ਰਹੇ ਹਨ ਤੇ ਲੁੱਟਮਾਰ ਕਰਕੇ ਹਨੇਰਾ ਫੈਲਾਅ ਰਹੇ ਹਨ । ਇਸ ਵਿਭਾਗ ਦੀ ਜਾਂਚ ਕਦੇ ਸਿਰੇ ਨਹੀਂ ਚੜ੍ਹਦੀ । ਹੁਣ ਵੀ ਸਕਾਲਰਸ਼ਿਪ ਘਪਲੇ ਦੇ ਵਿੱਚ ਉਹ ਸਿੱਖਿਆ ਅਦਾਰੇ ਸ਼ਾਮਲ ਹਨ ਜਿਹੜੇ ਸੱਤਧਾਰੀ, ਸਿਆਸੀ ਆਗੂ ਤੇ ਵੱਡੇ ਅਫਸਰ ਹਨ । "ਕੌਣ ਕਹੇ ਰਾਣੀਏ ਅੱਗਾ ਢਕ !"
     ਜਦੋਂ ਇਸ ਤਰ੍ਹਾਂ ਦੀ ਪੜ੍ਹਾਈ ਬਣ ਜਾਵੇ ਤਾਂ ਇਹੀ ਕੁੱਝ ਤਾਂ ਹੋਵੇਗਾ ਹੀ : ਸਿੱਖਿਆ ਦਾ ਵਪਾਰੀ ਲੁੱਟਮਾਰ ਕਰਦਾ ਹੈ ਤੇ ਅਸੀਂ ਕਰਵਾ ਰਹੇ ਹਾਂ । ਹੋ ਕੀ ਰਿਹਾ ਹੈ ?
     ਨਕਲੀ ਡਾਕਟਰ ਹਸਪਤਾਲ ਚਲੇ ਰਹੇ ਹਨ ਤੇ ਡਾਕਟਰਾਂ ਹੱਥੋਂ ਮਰੀਜ਼ ਮਰ ਰਹੇ ਹਨ । ਹੁਣ ਤੱਕ ਕਿੰਨੇ ਲੋਕ ਮਰ ਗਏ ਤੇ ਮਰ ਰਹੇ ਹਨ। ਫੇਰ ਮਰਿਆ ਦੇ ਬਿੱਲ ਬਣਾਏ ਜਾਂਦੇ ਹਨ ?
ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।
ਕਿੰਨੇ ਪੁੱਲ ਤੇ ਇਮਾਰਤਾਂ ਢਿੱਗ ਰਹੀਆਂ ਨੇ?
ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।
ਕਿੰਨੇ ਬੈਂਕ ਡੁੱਬ ਗਏ ਹਨ ।
ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।
ਧਰਮ ਦੇ ਨਾਮ ਹੇਠਾਂ ਵਪਾਰ ਤੇ...ਸਿਆਸਤ ਕੀ ਨਹੀਂ ਹੋ ਰਿਹਾ ?
ਜੱਜ ਨਿਆਂ ਨਹੀਂ ਕਰ ਸਕਣਗੇ।
ਪੰਚਾਇਤ ਤੋਂ ਸੁਪਰੀਮ ਕੋਰਟ ਤੱਕ ਕੀ ਨਹੀਂ ਹੋ ਰਿਹਾ ।
"ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।"
      ਸਾਡੇ ਦੇਸ਼ ਵਿੱਚ ਵੀ ਤਾਂ ਇਹੋ ਕੁੱਝ ਹੋ ਰਿਹਾ ਹੈ ਤੇ ਅਸੀਂ ਜਿਉਂਦੇ ਜੀਅ ਮਰ ਗਏ ਹਾਂ। ਅਸੀਂ ਆਪੋ ਆਪਣੀ ਲਾਸ਼ ਚੱਕ ਕੇ ਇੱਕ ਦੂਜੇ ਨੂੰ ਲਤਾੜ ਕੇ ਜਾਂ ਉਸਦੀ ਛਾਤੀ ਉਤੇ ਪੈਰ ਰੱਖ ਕੇ ਅੱਗੇ ਵੱਧ ਰਹੇ ਹਾਂ ।
ਜ਼ਰਾ ਬਚ ਕੇ ਮੋੜ ਤੋਂ !
ਸੋਚੋ ਜਗਾਓ ਆਪਣੀ ਮਰ ਚੁੱਕੀ ਜ਼ਮੀਰ ਤੇ ਸੰਵੇਦਨਾ ਨੂੰ !
ਮਰੀਆਂ ਲਾਸ਼ਾਂ ਵਿੱਚੋਂ ਹੁਣ ਬਹੁਤ ਮੁਸ਼ਕ ਆ ਰਿਹਾ ਹੈ ।
000
ਜਦ ਤਾਂਗਿਆਂ ਦਾ ਸਮਾਂ ਹੁੰਦਾ ਸੀ ਤਾਂ ਸੰਤੋਖ ਸਿੰਘ ਧੀਰ ਹੋਰਾਂ ਦੀ ਲਿਖੀ ਕਹਾਣੀ "ਕੋਈ ਇੱਕ ਸਵਾਰ" ਯਾਦ ਆ ਗਈ । ਜਿਸਦਾ ਪਾਤਰ ਬਾਰੂ ਤਾਂਗੇ ਵਾਲਾ ਤਾਂਗੇ ਦੇ ਬੰਮ ਉਤੇ ਬੈਠਾ ਕਿਸੇ ਬੇ ਧਿਆਨ ਜਾਂਦੇ ਨੂੰ ਆਪਣੇ ਘੋੜੇ ਦੇ ਛਾਂਟਾ ਮਾਰਕੇ ..ਆਖਦਾ ਹੁੰਦਾ
….. ਜ਼ਰਾ ਬਚ ਕੇ ਮੋੜ....ਤੋਂ ...
ਓ ਤੇਰੀ ਜੜ੍ਹ ਲੱਗ ਜੇ...!
ਓ ਤੇਰਾ ਭਲਾ ਹੋਵੇ..!
ਹੁਣ ਜਦੋਂ ਕੋਈ ਕਾਰ ਬੀ ਐਮ ਡਬਲਿਊ ਵਾਲਾ ਕਦੇ ਕੋਲ ਦੀ ਲੰਘਦਾ ਹੈ ਤਾਂ ਡਰ ਲੱਗਦਾ ਹੈ । ਕਾਲੇ ਰੰਗ ਦੀ ਕਾਰ ਕਿਸੇ ਦਾਦੀ ਦੀ ਉਸ ਬਾਤ ਦੇ ਦਿਓ ਪਾਤਰ ਵਰਗੀ ਲੱਗਦੀ ਹੈ, ਜਿਸਦਾ ਨਾਮ ਸੁਣ ਕੇ ਮੈਂ ਰਜਾਈ ਵਿੱਚ ਮੂੰਹ ਲੈ ਕੇ ਲੁੱਕ ਜਾਂਦਾ ਸੀ ਪਰ ਬੇਬੇ ਆਪਣੀ ਬਾਤ ਸੁਣਾ ਦੇਦੀ ਸੀ । ਮੈਂ ਅੱਖਾਂ ਮੀਚ ਕੇ ਸੌ ਜਾਂਦਾ ਸੀ । ਬੇਬੇ, ਦਾਦੀ, ਨਾਨੀ, ਦਾਦੇ, ਨਾਨੇ, ਚਾਚੇ ਤਾਏ, ਚਾਚੀ ਤਾਈ, ਵੀਰ ਭਰਜਾਈ , ਭੂਆ ਫੁਫੜ, ਮਾਮਾ ਮਾਮੀ, ਮਾਸੀ ਮਾਸੜ ਸਭ ਆਂਟੀ ਅੰਕਲ ਬਣ ਗਏ! ਮੈਂ ਰਜਾਈ ਵਿੱਚ ਸੁੱਤਾ ਪਿਆ ਰਿਹਾ, ਤੁਸੀਂ ਵੀ ਸੁੱਤੇ ਪਏ ਹੋਂ ਕਿ ਜਾਗਦੇ ਹੋ ? ਮੂੰਹ ਉਤੇ ਹੱਥ ਫੇਰ ਕੇ ਦੇਖੋ ? ਕੀ ਤੁਸੀਂ ਜਿਉਂਦੇ ਹੋ ? ਜੇ ਜਿਉਂਦੇ ਹੋ ਤਾਂ ਸੁੱਤੇ ਕਿਉਂ ਪਏ ਹੋ ?
     ਕੀ ਤੁਸੀਂ ਜਾਗਦੇ ਹੋ ? ਮੈਂ ਤਾਂ ਸੁੱਤਾ ਪਿਆ ਤਮਾਸ਼ਾ ਦੇਖ ਰਿਹਾ ਹਾਂ। ਕੀ ਤੁਸੀਂ ਵੀ ਤਮਾਸ਼ਾਬੀਨ ਤਾਂ ਨੀਂ ਬਣੇ ਹੋਏ ਜੇ ਬਣੇ ਵੀ ਹੋਵੋ ਆਪਾਂ ਕੀ ਲੈਣਾ ਚੱਲ ਛੱਡ ਪਰੇ ...! ਕੋਈ ਮਰੇ ਤੇ ਜੀਵੇ, ਸੁਥਰਾ ਘੋਲ ਪਤਾਸੇ ਪੀਵੇ!
 - ਬੁੱਧ ਸਿੰਘ ਨੀਲੋਂ
ਸੰਪਰਕ : 9464370823