ਚੰਦ ਦਾ ਚਾਅ - ਰਵਿੰਦਰ ਸਿੰਘ ਕੁੰਦਰਾ

ਚਾੜ੍ਹ ਦਿੱਤਾ ਹੈ, ਇਸਰੋ ਨੇ ਵੀ ਚੰਦ ਨਵਾਂ,
ਚੰਦਰਯਾਨ ਜਾ ਪਹੁੰਚਾ, ਚੱਲਦਾ ਰਵਾਂ ਰਵਾਂ।

ਪੈ ਰਿਹਾ ਸੀ ਧਮੱਚੜ, ਕਾਫੀ ਸਾਲਾਂ ਤੋਂ,
ਕਈਆਂ ਸਿਰ ਫੜ ਕੀਤੇ, ਜ਼ਰਬਾਂ, ਘਟਾਓ, ਜਮ੍ਹਾਂ।

ਜੱਕੋ ਤੱਕੀ ਵਿੱਚ ਕਈ, ਫੋਕੇ ਫਾਇਰ ਵੀ ਹੋਏ,
ਤਰੀਕਾਂ ਹੁੰਦੀਆਂ ਰਹੀਆਂ, ਕਈ ਹੀ ਅਗਾਂਹ ਪਿਛਾਂਹ।

ਘਿਸਰਦਾ ਘਿਸਰਦਾ ਇਸਰੋ, ਆਖ਼ਰ ਜਿੱਤ ਗਿਆ,
ਪੈਰ ਜਮਾਏ ਜਿੱਥੇ ਕੋਈ, ਪਹਿਲਾਂ ਪਹੁੰਚਾ ਨਾ।

ਸੁਭ ਹਨੂਮਾਨ ਚਾਲੀਸਾ, ਪੜ੍ਹਿਆ ਕਈਆਂ ਨੇ,
ਤਾਹੀਓਂ ਚਾਲ਼ੀ ਦਿਨ ਦਾ, ਲੱਗਿਆ ਵਕਤ ਇੰਨਾ।

ਟੱਲ ਖੜਕੇ ਹਰ ਪਾਸੇ, ਮੰਦਰਾਂ, ਧਾਮਾਂ ਦੇ,
ਬੋਲ਼ੇ ਕਈ ਕਰ ਦਿੱਤੇ, ਬੁੱਢੇ ਅਤੇ ਜਵਾਂ।

ਬਾਬੇ, ਕਈ ਨਜੂਮੀ, ਥਾਪੀਆਂ ਮਾਰ ਰਹੇ,
ਕਹਿਣ ਸਾਡੇ ਜਾਦੂ ਨੇ, ਕੀਤੇ ਸਭ ਹੈਰਾਂ।

ਕਾਮਯਾਬੀ ਵਿੱਚ ਹਰ ਕੋਈ, ਝੰਡੀ ਪੱਟ ਬਣਦਾ,
ਹਾਰ ਜਾਣ 'ਤੇ ਸਾਰੇ ਹੁੰਦੇ, ਉਰਾਂਹ ਪਰਾਂਹ।

ਉਂਗਲੀਆਂ ਕਈ ਚਿੱਥ ਗਏ, ਪਾ ਕੇ ਮੂੰਹਾਂ ਵਿੱਚ,
ਯਕੀਨ ਹੀ ਨਹੀਂ ਆਉਂਦਾ, ਗੋਰਿਆਂ 'ਤੇ ਚੀਨਣਿਆਂ।

ਡੇਢ ਅਰਬ ਭਾਰਤੀ, ਵਜਾਵਣ ਕੱਛਾਂ ਹੁਣ,
ਹਰ ਕੋਈ ਚਾਹੇ ਮੈਂ, ਚੰਦ 'ਤੇ ਜਾ ਪੈਰ ਧਰਾਂ।

ਗਰੀਬੀ ਦੀ ਚੱਕੀ ਪੀਂਹਦਾ, ਹਰੇਕ ਪ੍ਰਾਣੀ ਵੀ,
ਸੁਪਨੇ ਵਿੱਚ ਹੀ ਪਾਉਣਾ, ਚਾਹੁੰਦਾ ਚੰਦਰਮਾ।

ਧਰਤੀ ਸਾਡੀ ਗਰੀਬੀ, ਦੂਰ ਤਾਂ ਕਰ ਨਾ ਸਕੀ,
ਚੰਦ 'ਤੇ ਜਾ ਕੇ ਕਿਉਂ ਨਾ, ਮੁਸ਼ੱਕਤ ਫੇਰ ਕਰਾਂ।

ਦੰਪਤੀਆਂ ਨੂੰ ਫਿਕਰ ਹੈ, ਕਰਵਾ ਚੌਥ ਦਾ ਹੁਣ,
ਕਿੰਝ ਗੁਜ਼ਰੇਗਾ ਚੰਦ 'ਤੇ, ਵਰਤਾਂ ਦਾ ਸਮਾਂ।

ਚੌਦਾਂ ਦਿਨ ਦਾ ਵਰਤ 'ਤੇ, ਰੱਖਿਆ ਨਹੀਂ ਜਾਣਾ,
ਜੀਵਨ ਵਿੱਚ ਆਵੇਗਾ, ਔਖਾ ਵਕਤ ਘਣਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ