" ਸੁਣ ਜਾ ਨੀ ਭੈੇਣੇ" - ਰਣਜੀਤ ਕੋਰ ਗੁੱਡੀ ਤਰਨ ਤਾਰਨ

ਅੜੀਏ ਗੁੱਸਾ ਨਾ ਕਰੀ ,ਭੇੈਣੇ ਪਿਛੋਂ ਵਾਜ਼ ਮਾਰੀ ਦਾ'।ਓਦਰਿਆ ਦਿਲ ਭੈਣ,ਬੜਾ ਉਲਰਦਾ ਦੋ ਬੋਲ ਤੇਰੇ
ਂਨਾਲ ਸਾਂਝੇ ਕਰਨ ਨੂੰ।ਭੈੇਣਾ ਬੈਠ ਜਾ ਦੋ ਘੜੀ,ਕੁਝ ਦੱਸਣਾ ਕੁਝ ਪੁਛਣਾ,ਤੇ ਕੁਝ ਸੁਣ ਸੁਣਾ ਲਈਏ।
ਪਹਿਲਾਂ ਤਾ ਇਹ ਦੱਸ ਮੈਨੂੰ,ਤੇਰਾ ਦਿਲ ਬਾਹਰ ਨਿਕਲਣ ਵੇਲੇ ਘਬਰਾਂਉਂਦਾ ਨਹੀਂ?
ਤੇ ਅੰਦਰ ਭਲਾ ਕਿਹੜਾ ਚੈਨ ਆ ਦਿਲ ਨੂੰ ਭੇੈਣਾ?

ਅੱਜ ਕਲ ਜੋ ਕੁਝ ਸਮਾਜ ਵਿੱਚ ਹੋ ਰਿਹਾ ਕਿਹੜਾ ਸੁੱਖ ਦਾ ਸਾਹ ਲੇੈਣ ਦੇਂਦਾ ?।
ਤੂੰ ਤੇ ਮੈਂ ਤੇ ਆਪਣੇ ਜਿਹੀਆ ਹੋਰ ਅੋਰਤਾਂ ਸੱਭ ਆਪੋ ਵਿੱਚ ਭੈੇਣਾਂ ਹੀ ਹਨ।ਬੱਸ ਰੂਪ ਥੋੜਾ ਥੋੜ੍ਹਾ ਵੱਖਰਾ ਤੇ
ਰੰਗ ਥੋੜਾ ਫਰਕ ਹੈ।ਸੱਭ ਦੇ ਹਾਲਾਤ ਮਿਲਦੇ ਜੁਲਦੇ ਹਨ,ਹਾਂ ਸਿਆਸੀ ਅਹੁਦੇਦਾਰ ਭੈੇਣਾ ਸਾਡੇ ਨਾਲੋਂ ਬਹੁਤ
ਫਰਕ ਹਨ।ਬਾਕੀ ਇਕ ਹੀ ਗਲ ਹੈ।

ਰੱਬ ਨੇ ਜਿਸ ਕੰਮ ਲਈ ਆਪਨਾ ਵਜੂਦ ਬਣਾ ਕੇ ਧਰਤੀ ਤੇ ਭੇਜਿਆ ਸੀ,ਆਪਾਂ ਉਸ ਤੇ ਖਰੀ ਉਤਰੀਆਂ,ਤੇ
ਰੱਬ ਨੂੰ ਕਦੀ ਉਲਾਂ੍ਹਭਾ ਨਹੀਂ ਦਿੱਤਾ,ਤੇਰਾ ਭਾਣਾ ਮੀਠਾ ਕਰ ਕੇ ਜਾਣਿਆ"।ਹਾਂ ਰੱਬ ਨੂੰ ਵੀ ਆਪਣੀ ਕਾਰਗਰਦਗੀ ਤੇ ਕਦੀ ਸ਼ਰਮਸਾਰ ਨਹੀਂ ਹੋਣਾ ਪਿਆ, 'ਹਾਂ 'ਆਦਮ ਦੇ ਕੋਝ੍ਹੇ ਕਾਰਨਾਮਿਆ ਤੋਂ ਰੱਬ ਨੂੰ ਕਈ
ਵਾਰ ਨੀਵਾਂ ਹੋਣਾ ਪਿਆ ਹੈ।
ਕੀ ਨਹੀਂ ਕਰ ਸਕੀਆਂ ਆਪਾਂ ਅੋਰਤਾਂ ?ਭੱਤਾ ਢੋਂਦਿਆ,ਜਹਾਜ ਉਡਾ ਲਏ,ਗੀਟੇ
ਖੇਡਦਿਆਂ,ਉਲਪਿੰਕ ਜਿੱਤ ਲਏ।ਅਦਾਲਤਾਂ ਚਲਾਈਆਂ,ਸਕੂਲ ਚਲਾਏ,ਆਪਣੇ ਨਿਆਣਿਆਂ ਦੇ ਨਾਲ ਪੜੋਸਨ
ਦੇ ਨਿਆਣੇ ਵੀ ਔਖੀ ਵੇਲੇ ਸੰਭਾਲੇ।ਡਾਕਟਰ ਬਣ ਮ੍ਰਿਤੂ ਨੂੰ ਮਾਤ ਪਾਈ।ਸਰਹੱਦਾਂ ਤੇ ਪਹਿਰੇ ਦਿੱਤੇ,ਸਰਹੱਦਾ
ਬਚਾਈਆਂ।ਕੁਦਰਤ ਦੇ ਨੇਮਾ ਦਾ ਪਾਲਣ ਕਰ ਕੇ ਵਨਸਪਤੀ ਦਾ ਪਸਾਰਾ ਕਰ ਲਿਆ।ਸਿਆਸਤ ਵਿੱਚ ਯੋਗਦਾਨ ਪਾ ਕੇ ਸੱਭ ਤੋਂ ਉੱਚਾ ਅਹੁਦਾ ਪੈਰਾਂ ਹੇਠ ਦਬਾ ਲਿਆ।ਮਕਾਨਾਂ ਨੂੰ ਘਰ ਬਣਾਇਆ।
ਹਾਂ ਘਰ ਬਣਾਉਣ ਤੋਂ ਪਹਿਲਾਂ ਮਕਾਨ ਆਪਾਂ ਨੂੰ ਬਣਾਉਣੇ ਨਾਂ ਆਏ।ਸਿਰਾਂ ਤੇ ਇੱਟਾ ਬਹੁਤ ਢੋਈਆਂ ਪਰ ਇੱਟਾਂ ਲਾਉਣੀਆਂ ਨਾ ਸਿਖੀਆਂ।ਇਹੋ ਇਕ ਕੰਮ ਮਰਦ ਕੋਲ ਰਹਿ ਗਿਆ,ਬਾਕੀ ਕੋਈ ਪਿੜ ਐਸਾ ਨਹੀਂ ਜੋ ਆਪਾਂ ਦੇ ਕੋਲੋਂ ਜਿੱਤਿਆ ਹੋਵੇ।ਮਾਨ ਸਨਮਾਨ ਵੀ ਬਹੁਤ ਪਾਏ,ਆਦਰ,ਸਤਿਕਾਰ ਵੀ ਬਹੁਤ ਲਿਆਂ,ਤੇ ਅੱਜ ਨਿਰਾਦਰ ਵੀ ਰੱਜ ਕੇ ਸਹਿ ਲਿਆ,ਫੇਰ ਵੀ ਪਿੜ ਨਹੀਂ ਛੱਡਿਆ।

ਸੁਣ ਭੈੇਣਾ,ਆਪਾਂ ਦਾਮਨ ਕੁੰਜ ਕੇ ਤੁਰਦੀਆ ਰਹੀਆਂ ਕਿ ਕਿਤੇ ਝਾਂਜਰ ਘੁੰਗਰੂ ਨਾ ਬਣ ਜਾਵੇ,ਤੇ ਅੱਜ ਆਪ
ਹੀ ਘੁੰਗਰੂ ਪਾ ਲਏ ਤੇ ਝਾਂਜਰ ਵਗਾਹ ਮਾਰੀ,ਡੀ ਜੇ ਦੀ ਭੌਂਕਣੀ ਤੇ ਭੁੜਕਣ ਲਗ ਪਈਆਂ।
ਝਾਂਜਰ ਦੀ ਮਿੱਠੀ ਛੰਨ,ਛੰਨ ਜੋ ਮੂੰਹੋ ਚੰਨ ਚੰਨ ਕਹਿੰਦੀ ਸੀ,ਕੰਨ ਖਾਣ ਲਗੀ।ਨੱਥ ਮੱਝਾਂ ਗਾਵਾਂ ਦੀ ਨਕੇਲ ਹੈ,ਇਹ ਜਦ ਸਮਝ ਆਈ ਕਿ ਨੱਥ ਅੋਰਤ ਲਈ ਨਹੀਂ ਹੈ ਤਾਂ ਝਾੜ ਸੁੱਟੀ।ਅੱਜ ਆਪ ਹੀ ਲੌਂਗ ਦੇ ਲਿਸ਼ਕਾਰੇ ਤੋਂ ਹੋਸ਼ ਗਵਾ ਬੈਠਣ ਵਾਲੇ ਮਰਦ ਦੇ ਹੱਥ ਨੱਥ ਦੀਆਂ ਤਲਾਵਾਂ ਫੜਾ ਛੱਡੀਆਂ।ਕੀ ਕੀਤਾ ਅੜੀਏ ਇਹ ? ਇਹ ਸੱਭ ਵਾਚ ਕੇ ਮੇਰੀ ਤਾ ਸਮਝ ਖਾਨਿਉਂ ਗਈ ਲਗਦੀ,ਸ਼ੋਹਰਤ ਤੇ ਦੌਲਤ ਲਈ ਟਕਿਆਂ ਦੇ ਭਾਅ ਤਨ ਮਨ ਦੇ ਛੱਡੇ-
ਤੂੰ ਦੱਸ ਇਹ ਲੱਜਾ ਤੇ ਫਿਕਰ ਵਾਲੀ ਗਲ ਹੈ ਨਾਂ !?
ਉਹ ਵੀ ਤੇ ਸੀ ਨਾਂ ਮਮਤਾ ਦੀ ਮੂਰਤ ਜਿਹੀ ,ਇਕ ਕਤਰਾ ਅੱਖ ਚੋਂ ਡਿਗ ਜਾਂਦਾ ਤੇ ਸਮੁੰਦਰ ਡੁੱਬ ਜਾਂਦਾ!ਨਫਰਤ ਵੀ ਹੱਦ ਤੱਕ ਕੀਤੀ ਤੇ ਪਿਆਰ ਦੀਆਂ ਹੱਦਾ ਵੀ ਫਲਾਂਗੀਆਂ।ਚਿਹਰੇ ਦੇਖੇ, ਦਿਖਾਏ,ਮੰਜਲਾਂ ਦੇਖਦੀ ਆਇਨਾ ਵੇਖਣ ਲਗ ਪਈ।
ਆਪਣੇ ਜਖਮ ਰਿਸ ਰਿਸ ਕੇ ਹੱਸਦੇ ਰਹੇ ਤੇ ਹੱਸ ਹੱਸ ਰਿਸਦੇ ਰਹੇ,ਪਰ ਬੇਮੁਰੱਵਤ ਦੁਨੀਆਂ ਤੋਂ ਮਲ੍ਹਮ ਨਾਂ ਮੰਗੀ ਕਦੇ।ਫਿਲਮਾਂ ਬਣਾਈਆ,ਚਲਾਈਆਂ,ਦੂਰ ਦੂਰ ਤੱਕ ਪੁਚਾਈਆ ਵੀ,ਪੈਰਾ ਚੋਂ ਨਿਕਲ ਭੈੇਣਾਂ ਸਿਰ ਤੇ ਜਾ ਬੈਠੀਆਂ ਵੀ।ਸੀਤਾ ਨੇ ਪਾਤਾਲ ਵਿੱਚ ਵਿਹਲ ਵੱਲੀ ਤੇ ਸੁਨੀਤਾ ਨੇ ਪੁਲਾੜ ਵਿੱਚ ਜਾ ਥਾਂ ਮੱਲੀ।
ਫਾਤਮਾ ਵੀ,ਸੁੱਰਈਆਂ ਵੀ,ਮਰੀਅਮ ਵੀ,ਧਰਤੀ ਦੀ ਗੋਦ ਵਿੱਚ ਬਹਿ ਕੇ ਆਸਮਾਨ ਦੀ ਛੱਤਰੀ ਮੁੱਠੀ ਵਿੱਚ
ਕਰ ਲਈ।
ਐਂਵੇ ਆਦਮ ਨੇ ਰੌਲਾ ਪਾਇਆ," ਪਰਾਈ ਹੈ ਪਰਾਈ,ਅੜੀਏ ਤੂੰ ਤੇ ਹਰ ਥਾਂ ਆਪਣੀ ਬਣ ਜਾਂਦੀ ਰਹੀ।ਮਹਿਕਾਂ ਬਿਖੇਰਦੀ,ਮਮਤਾ ਵੰਡਦੀ,ਪਲ ਪਲ ਨਵੇਂ ਸਮਝੌਤੇ ਕਰਦੀ ਕਰਾਉਦੀ,ਕਲੇਸ਼ਾਂ ਤੇ ਮਿੱਟੀ
ਪਾਉਂਦੀ ਰਹੀ।ਦੇਖ ਭੈਣ ਇੰਨੇ ਰੁਝੇਵਿਆਂ ਵਿੱਚ ਤੂੰ ਆਪ ਤਿਲ ਤਿਲ ਘਟੀ ,ਵੇਲਾ ਸਾਂਭਦੀ ਦੇ ਹੱਥੋਂ ਵੇਲਾ
ਕੰਨੀ ਖਿਸਕਾ ਗਿਆ।
ਭੇੜੀਆਂ ਨਾਲ ਦੋ ਦੋ ਹੱਥ ਕਰਦੀ ਹਾਰ ਕੇ ਵੀ ਜਿੱਤਦੀ ਰਹੀ।ਲੱਜਾ ਦੀ ਲੱਜ ਥਮ੍ਹਾ ਕੇ ਬੋਚ ਬੋਚ ਕੇ ਪੈਰ ਟਿਕਾਉਂਦੀ ਨੂੰ ਅਚਿੰਤੇ ਬਾਜ ਆਣ ਪਏ ਅੱਜ।ਨੱਚਣ ਲਗੀ,ਜਿਵੇਂ ਵੇਲਾ ਨਚਾਉਣ ਲਗਾ।
ਭੈੇਣੇ ਜਖਮਾਂ ਨੂੰ ਲੋਰੀਆਂ ਦੇ ਕੇ ਸਬਰ ਦਾ ਪਲੂ ਗਲ ਪਾ ਲਿਆ।ਯੱਗ ਵਿੱਚ ਦੇਵੀ ਪੂਜਣ ਹੋਈ ਤੇ ਮੰਦਿਰ
ੱਿਵਚ ਦੇਵਦਾਸੀ।ਕਲੀ ਤੋਂੋਂ ਗੁਲਾਬ ਤੇ ਗਲੀ ਤੋਂ ਕੋਠੈ ਪੁਚਾਈ ਜਾਂਦੀ ਰਹੀ।ਇਕੋ ਵੇਲੇ ਸ਼ੀਸ਼ਾ ਵੀ ਤੇ ਪੱਥਰ
ਵੀ, ਭਗਤੀ ਵੀ ਤੇ ਸ਼ਕਤੀ ਵੀ,ਕਿਰਚੀ ਕਿਰਚੀ ਵੀ ਤੇ ਦੀਵਾਰ ਵੀ,,ਬੁੱਤ ਵੀ ਤੇ ਤਾਬੂਤ ਵੀ।
ਅਥਰੂ ਲਹੂ ਰੰਗੇ ਹੋ ਗਏ,ਗਮ ਦੀ ਰੰਗਤ ਬਦਲ ਗਈ ਹੈ ਅੜੀਏ ਸੁਣ!
ਪਿਛਲੇ ਕਈ ਵਰ੍ਹਿਆਂ ਤੋਂ ਆਪਾਂ ਨਂੰ ਸੌੜੀ ਸਿਅਸਤ ਨੇ 33 % ਦੇ ਝਾਸੈ ਵਿੱਚ ਪਾਇਆ ਭਲਾ ਕੋਈ ਤੁੱਕ  ਬਣਦੀ ਸਮਾਜ ਦੇ ਅੱਧੇ ਅੰਗ ਲਈ ਅੇੈਸੀ ਕਿਸੇ ਕੋਟਾਬੰਦੀ ਦੀ ?।ਨਿਯਮਤ ਬਰਾਬਰਤਾ ਹੋਣ ਤੇ ਵੀ ਪਿਛਾਂਹ ਨੂੰ ਧਕਿਆ ਜਾ ਰਿਹਾ ਹੈ ਤੇ ਆਪਾਂ ਇਹ ਵੀ ਮੰਨਜੂਰ ਕਰ ਲਿਆਂ,ਕਿਉਂ ਜੋ ਆਪਣੇ ਚੌਂ ਕੋਈ ਵੀ ਇਸਦੇ ਖਿਲਾਫ ਆਵਾਜ਼ ਨਾਂ ਉਠਾ ਸਕੀ।ਲੋੜੀਂਦੀ ਸੁਰੱਖਿਆ ਵੀ ਨਾਂ ਮਿਲੀ।
ਘਰੇਲੂ ਹਿੰਸਾ ਦਾ ਪੰਦਰਵਾੜਾ ਮਨਾਇਆ ਜਾ ਰਿਹੈ-ਹਰ ਸਾਲ ਮਨੁੱਖੀ ਅਧਿਕਾਰ ਹੇਠ ਇਹ ਮਨਾਇਆ ਜਾਂਦਾ ਹੈ ਕਿੰਨੇ ਸ਼ਰਮ ਤੇ ਅਫਸੋਸ ਦੀ ਗਲ ਹੈ ਭੇੈਣੇ ਕਿ ਇਸਦੀ ਜਰੂਰਤ ਹੀ ਕਿਉਂ ਪਈ ਫਿਰ ਦੋ ਚਾਰ ਬਿਆਨ ਕਮਿਸ਼ਨ ਚੇਅਰਮੈਨ ਦੇਂਦਾ ਹੈ ਤੇ ਦੋ ਚਾਰ ਗਲਾਂ ਨੇਤਾ ਕਰ ਜਾਂਦਾ ਹੈ ਕੀ ਪ੍ਰਭਾਵ ਤੇ ਕੀ ਨਤੀਜਾ ਹੈ ਇਸਦਾ? ਕਿਤੇ ਰੁਕੀ ਹੈ ਘਰੇਲੂ ਹਿੰਸਾ ਸਗੋਂ ਦੂਣ ਸਵਾਈ,' ਮਰਦ ਨੂੰ ਇਕੋ ਗਲ ਪਤਾ ਹੈ ," ਢੋਰ ਢੰਗਰ ਨਾਰ ਤਿੰਨੇ ਜੁੱਤੀ ਦੇ ਨੇ ਯਾਰ'ਗੁਰੂ ਦਾਂ ਸੰਦੇਸ਼ ਤੇ ਸਿਖਿਆ ਤਾਂ ਨਰ ਨੇ ਕਦੇ ਚੇਤੇ ਹੀ ਨਹੀਂ ਕੀਤਾ।ਇਹਨਾਂ ਬੇਅਕਲਾਂ  ਨੂੰ ਇਹ ਯਾਦ ਨਹੀਂ ਰਹਿੰਦਾ ਕਿ ,'ਨਾਰੀ ਨੁੰ ਜੋ ਜੁੱਤੀ ਆਖਣ ਉਹ ਖੁਦ ਇਕ ਛਿੱਤਰ ਨੇ।
ਸਰੀਰਕ ਪੀੜਾ ਤੋਂ ਕਿਤੇ ਵੱਧ ਹੈ ਮਾਨਸਿਕ ਪੀੜਾ ,ਜਿੰਂਨਾ ਤ੍ਰਿਸ਼ਕਾਰ ਨਾਰੀ ਮਨ ਨੁੰ ਬੋਲ ਕਬੋਲ ਬੋਲ ਕੇ  ਪੁਚਾਇਆ ਜਾਂਦਾ ਹੈ ਉਹ ਘਰੇਲੂ ਹਿੰਸਾ ਵਿੱਚ ਗਿਣਿਆ ਹੀ ਨਹੀਂ ਜਾਂਦਾ।ਕੋਈ ਗਵਾਹ ਨਹੀਂ ਕੋਈ ਸਬੂਤ ਨਹੀਂ।ਪੀੜਿਤ ਨੂੰ ਹੀ ਸਜ਼ਾ।
ਭੇੈਣੇ ਜੇ ਆਪਾਂ ਨੂੰ ਆਪਣੇ ਵਰਗਾ ਹੀ ਹੱਡ ਮਾਸ ਦਾ ਖ਼ਰਦ ਸਮਝ ਲਿਆ ਜਾਵੇ ਤਾਂ ਕਿੰਨੀ ਸ਼ਾਂਤੀ ਹੋ ਜਾਵੇ ਫਿਰ ਇਹੋ ਜਿਹੇ ਕਿਸੇ ਅਡੰਬਰ ਦੀ ਲੋੜ ਹੀ ਕਿਉਂ ਪਵੇ?
ਸੁਣ ਭੈਣ ਰੌਸ਼ਨੀ ਦੀ ਆਵਾਜ਼ ਸੁਣ ,ਗਲ ਸੁਣ ਮੇਰੀ, ਇਹ ਕਿਰਨ ਨਵੀਂ ਜਿੰਦਗੀ ਦੀ ਬਾਤ ਪਾਉਂਦੀ ਆ।
ਕਿਤੇ ਜੇ ਫੁਰਸਤ ਦੇ ਦੋ ਪਲ ਮਿਲੇ ਤੇ ਇਸ ਸੱਭ ਤੇ ਸੋਚੀਂ ਭੇੈਣੇ ਜਰੂਰ।ਜਰੂਰ ਵਿਚਾਰ ਕਰੀਂ।

***"ਉਸ ਕੇ ਹਾਥੋਂ ਬਿਕੇ ਹਮ,ਖੁਦਾ ਕੀ ਕੁਦਰਤ ਦੇਖੀਏ-
ਜਿਸੇ ਕਹਤੇ ਥੇ ਆਈਨੇ ਮੇਂ ਅਪਨੀ ਸ਼ਕਲ ਦੇਖੀਏ"।***
ਰਣਜੀਤ ਕੋਰ ਗੁੱਡੀ ਤਰਨ ਤਾਰਨ