ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਸਪਸ਼ਟ ਬਹੁਮੱਤ ਨਾ ਮਿਲਣ ਕਰ ਕੇ ਭਾਜਪਾ ਦੀ ਮਜਬੂਰੀ ਬਣੇ ਨਿਤੀਸ਼ ਅਤੇ ਨਾਇਡੂ-ਇਕ ਖ਼ਬਰ

ਫ਼ਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣ ਵਿਚ ਗੰਨਾ।

ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਹਾਰ ਲਈ ਸੁਖਬੀਰ ਬਾਦਲ ਜ਼ਿੰਮੇਵਾਰ- ਢੀਂਡਸਾ

ਢੀਂਡਸਾ ਸਾਹਿਬ, ਗੰਢੇ ਵੀ ਖਾਈ ਜਾਂਦੇ ਹੋ, ਛਿੱਤਰ ਵੀ ਤੇ ਜ਼ੁਰਮਾਨਾ ਵੀ ਭਰੀ ਜਾਂਦੇ ਹੋ।

ਕੈਥਲ ‘ਚ ਸਿੱਖ ਦੀ ਹੋਈ ਕੁੱਟਮਾਰ ਬਾਰੇ ਪੁਲਿਸ ਕਾਰਵਾਈ ਬਹੁਤ ਹੌਲ਼ੀ ਚਲ ਰਹੀ ਹੈ- ਇਕ ਖ਼ਬਰ

ਇੱਲਾਂ ਦੇ ਆਲ੍ਹਣਿਆਂ ‘ਚੋਂ ਮਾਸ ਭਾਲਦੇ ਹੋ।

ਸ਼ਰਾਬ ਪੀ ਕੇ ਸਕੂਲ ਬਸ ਚਲਾਉਣ ਦੇ ਦੋਸ਼ ‘ਚ ਡਰਾਈਵਰ ਨੂੰ 14 ਸਾਲ ਦੀ ਜੇਲ੍ਹ- ਇਕ ਖ਼ਬਰ

ਓ ਭਾਈ ਇਹ ਭਾਰਤ ਦੀ ਨਹੀਂ, ਅਮਰੀਕਾ ਦੀ ਖ਼ਬਰ ਹੈ। 

ਮੋਦੀ ਵਜ਼ਾਰਤ ਵਿਚ ਦੋ ਸਿੱਖ, ਦੋ ਬੋਧੀ, ਦੋ ਈਸਾਈ ਮੰਤਰੀ, ਮੁਸਲਿਮ ਇਕ ਵੀ ਨਹੀਂ- ਇਕ ਖ਼ਬਰ

ਮੁਸਲਿਮ ਮੁਕਤ ਵਜ਼ਾਰਤ।

ਪੁਲਿਸ ਤੇ ਬੀ,ਐਸ.ਐਫ਼. ਨੇ ਅੰਤਰਰਾਸ਼ਟਰੀ ਸਰਹੱਦ ਤੋਂ 580 ਗ੍ਰਾਮ ਹੈਰੋਇਨ ਬਰਾਮਦ ਕੀਤੀ- ਇਕ ਖ਼ਬਰ

ਗਰਾਮਾਂ ‘ਚ ਹੀ ਫ਼ਸੇ ਰਹੋਗੇ ਕਿ ਕਦੇ ਬੰਦਰਗਾਹਾਂ ‘ਤੇ ਆਉਂਦੇ ਕੰਟੇਨਰਾਂ ਵਲ ਵੀ ਗੇੜਾ ਮਾਰੋਗੇ।

ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਮਣੀਪੁਰ- ਮੋਹਨ ਭਾਗਵਤ

ਅਗਲਾ ਮੰਗਲਸੂਤਰ ਤੇ ਟੂਟੀਆਂ ਬਚਾਵੇ ਕਿ ਮਣੀਪੁਰ ਨੂੰ ਦੇਖੇ

ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਦੀ ਪ੍ਰਧਾਨਗੀ ਬਚਾਉਣ ਲਈ ਤਰਲਾ ਮਾਰਿਆ- ਇਕ ਖ਼ਬਰ

ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।

ਗ਼ਲਤ ਟਿੱਪਣੀਆਂ ਤੇ ਗ਼ਲਤ ਬੋਲਣਾ ਸਿੱਖ ਕੌਮ ਨੇ ਕਦੇ ਬਰਦਾਸ਼ਤ ਨਹੀਂ ਕੀਤਾ- ਪ੍ਰੋ.ਜਲਵੇੜਾ

ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਈਂ ਕਨੌੜ ਝੱਲਣੀ।

ਲੋਕਤੰਤਰ ਵਿਚ ਹਾਰ- ਜਿੱਤ ਹੁੰਦੀ ਰਹਿੰਦੀ ਹੈ- ਸੁਖਬੀਰ ਬਾਦਲ

ਟੋਏ ‘ਚ ਡਿਗਿਆ ਗਿੱਦੜ ਕਹਿੰਦਾ, ਯਾਰ ਤਾਂ ਰਹਿੰਦੇ ਈ ਏਥੇ ਆ।

ਮੈਨੂੰ ਮੰਤਰੀ ਬਣਾ ਕੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਤਰਜੀਹ ਦਿਤੀ- ਰਵਨੀਤ ਬਿੱਟੂ

ਢੇਰ ਕੂੜੇ ਦੀ ਜੂਠੀ ਪੱਤਲ, ਸੁਰਗ ਜਾਣ ਦੀ ਆਸਾ ਹੂ।

ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ- ਐਮ.ਪੀ. ਡਾ.ਅਮਰ ਸਿੰਘ

ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਤਾਮਿਲਨਾਡੂ ਦੀ ਇਕ ਪਾਰਟੀ ਵਲੋਂ ਕੁਲਵਿੰਦਰ ਕੌਰ ਨੂੰ ਸੋਨੇ ਦੀ ਅੰਗੂਠੀ ਨਾਲ ਸਨਮਾਨਿਤ ਕਰਨ ਦਾ ਐਲਾਨ- ਇਕ ਖ਼ਬਰ

ਨਿੰਮ ਹੇਠ ਕੱਤਦੀ ਦੀ, ਮੇਰੀ ਗੂੰਜ ਪਵੇ ਦਰਵਾਜ਼ੇ।

ਨੀਰਵ ਮੋਦੀ, ਮਾਲੀਆ ਤੇ ਚੋਕਸੀ ਇਸ ਕਰ ਕੇ ਭੱਜਣ ‘ਚ ਕਾਮਯਾਬ ਹੋਏ ਕਿਉਂਕਿ ਸਮੇਂ ਸਿਰ ਗ੍ਰਿਫ਼ਤਾਰ ਨਹੀਂ ਕੀਤੇ ਗਏ- ਹਾਈਕੋਰਟ

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਤੂੰ ਕੰਨ ਪਾਟਿਆਂ ਦੀਆਂ।

ਪੰਥ ਵਲੋਂ ਬਣਾਏ ਅਕਾਲੀ ਦਲ ਨੂੰ ‘ਜ਼ੀਰੋ’ ਤੱਕ ਲਿਜਾਣ ਦਾ ਬਾਦਲੀ ਪ੍ਰੋਗਰਾਮ ਜਾਰੀ ਹੈ- ਨਿਮਰਤ ਕੌਰ

ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।

======================================================