
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
12.05.2025
ਭਾਖੜਾ ਡੈਮ ‘ਤੇ ਹੋਏ ਘਟਨਾਕ੍ਰਮ ਦਾ ਮਾਮਲਾ ਹਾਈਕੋਰਟ ਪਹੁੰਚਿਆ- ਇਕ ਖ਼ਬਰ
ਹਾਈ ਕੋਰਟ ਤਾਂ ਬਹਾਨਾ ਏਂ, ਦਿੱਲੀ ਦੀ ਅੱਖ ਟੀਰੀ ਏ, ਕਿਤੇ ਹੋਰ ਹੀ ਨਿਸ਼ਾਨਾ ਏ।
ਪਾਕਿ ਦੇ ਰੱਖਿਆ ਮੰਤਰੀ ਦਾ ਬਿਆਨ ਹਾਸੋਹੀਣਾ, ‘ ਅਖੇ ਅਸੀਂ ਜਾਣ ਬੁੱਝ ਕੇ ਭਾਰਤ ਦੇ ਡਰੋਨ ਨਹੀਂ ਰੋਕੇ’
ਦਾਖੇ ਹੱਥ ਨਾ ਅੱਪੜੇ, ਆਖੇ ਥੂ ਕੌੜੀ।
ਪਾਣੀਆਂ ਦੇ ਮਸਲੇ ‘ਤੇ ਪੰਜਾਬ ਸਰਕਾਰ ਸਿਆਸੀ ਰੋਟੀਆਂ ਸੇਕ ਰਹੀ ਹੈ- ਨਾਇਬ ਸੈਣੀ
ਸੈਣੀ ਸਾਹਿਬ ਤੌਣ ਤੁਹਾਨੂੰ ਗੁਆਂਢੋਂ ਮਿਲਦੀ ਐ ਤੇ ਰੋਟੀਆਂ ਸਗੋਂ ਤੁਸੀਂ ਸੇਕਦੇ ਹੋ।
ਦੇਸ਼ ਦਾ ਸੰਵਿਧਾਨ ਸਰਬਉੱਚ ਹੈ: -ਨਵੇਂ ਚੀਫ਼ ਜਸਟਿਸ ਆਫ਼ ਇੰਡੀਆ, ਬੀ. ਆਰ.ਗਵਈ
ਨੀ ਉਹ ਆਉਂਦਾ ਪਰੈਣੀ ਕੱਸੀ, ਹੁਣ ਮੈਂ ਕੀ ਕਰਾਂ।
ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੇ ਭਾਜਪਾ ਵਿਰੁੱਧ ਖੋਲ੍ਹਿਆ ਮੋਰਚਾ- ਇਕ ਖ਼ਬਰ
ਮੱਥਾ ਭਾਜਪਾ ਦੇ ਨਾਲ਼ ਲਾਉਣਾ ਪੈਣਾ ਏ ਪੰਜਾਬ ਵਾਸੀਓ।
ਰੂਸ-ਯੂਕਰੇਨ ਜੰਗ ਰੁਕਣ ਦੇ ਆਸਾਰ ਬਣਨ ਲੱਗੇ- ਇਕ ਖ਼ਬਰ
ਕਾਲੀਆਂ ਘਟਾਵਾਂ ਵਿਚ ਬਗਲਾ, ਬੋਤਾ ਆਵੇ ਮੇਰੇ ਵੀਰ ਦਾ।
ਚੰਡੀਗੜ੍ਹ ਦੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਹੁਣ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣਗੇ- ਇਕ ਖ਼ਬਰ
ਨੈਣ ਹੀਰ ਦੇ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਏ।
ਜੇਬ ਵਿਚ ਚਿੱਟਾ ਲੁਕੋ ਕੇ ਜੇਲ੍ਹ ‘ਚ ਲਿਜਾਂਦਾ ਥਾਣੇਦਾਰ ਫੜਿਆ ਗਿਆ- ਇਕ ਖ਼ਬਰ
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।
ਕਮਲਾ ਹੈਰਿਸ ਵਲੋਂ ਰਾਸ਼ਟਰਪਤੀ ਟਰੰਪ ਵਿਰੁੱਧ ਇਕਜੁੱਟ ਹੋਣ ਦਾ ਸੱਦਾ- ਇਕ ਖ਼ਬਰ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਸਿੰਧੂ ਜਲ ਸਮਝੌਤੇ ਬਾਰੇ ਸਾਡੀ ਭੂਮਿਕਾ ਸਿਰਫ਼ ਵਿਚੋਲੀਏ ਵਾਲ਼ੀ ਹੈ- ਅਜੇ ਬੰਗਾ, ਪ੍ਰਧਾਨ ਵਿਸ਼ਵ ਬੈਂਕ
ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਪਾਕਿਸਤਾਨ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ- ਉਮਰ ਅਬਦੁੱਲਾ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਵੀ ਸੁਣਨੀਆਂ ਪੈ ਰਹੀਆਂ ਹਨ ਲੋਕਾਂ ਦੀਆਂ ਕੌੜੀਆਂ ਗੱਲਾਂ- ਇਕ ਖ਼ਬਰ
ਜਿਹੜਾ ਪੜ੍ਹੇ ਨਵਾਜ਼ ਤੇ ਹਲਾਲ ਖਾਵੇ, ਉਹਨੂੰ ਮੇਹਣਾ ਮਸ਼ਕਰੀ ਲਾਂਵਦੇ ਹੋ।
ਅੱਤਵਾਦ ਵਿਰੁੱਧ ਜੰਗ ਵਿਚ ਅਮਰੀਕਾ ਭਾਰਤ ਨਾਲ਼ ਖੜ੍ਹਾ ਹੈ-ਇਕ ਖ਼ਬਰ
ਇਹ ਦੁਨੀਆਂ ਮਤਲਬ ਦੀ, ਇਥੇ ਕੋਈ ਨਹੀਂ ਕਿਸੇ ਦਾ ਦਰਦੀ।
ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਠੇਸ ਨਾ ਪਹੁੰਚਾਵੇ ਪੰਜਾਬ ਸਰਕਾਰ- ਜਾਖੜ
ਜਿਹੜੇ ਸਾਡੇ ਹੱਕ ‘ਚ ਖਲੋਏ, ਸਾਰੇ ਸਾਨੂੰ ਯਾਦ ਨੇ।
ਪਰਤਾਪ ਸਿੰਘ ਬਾਜਵਾ ਨੂੰ ਪੁਲਿਸ ਪ੍ਰੇਸ਼ਾਨ ਨਾ ਕਰੇ-ਹਾਈ ਕੋਰਟ
ਵੀਰਾ ਤੇਰੇ ਫੁਲਕੇ ਨੂੰ, ਮੈਂ ਖੰਡ ਦਾ ਪ੍ਰੇਥਣ ਲਾਵਾਂ।
=====================================================================