ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20.05.2025

ਭਾਰਤ-ਪਾਕਿ ਤਣਾਅ ਦੌਰਾਨ ਸਰਕਾਰ ਨੇ ਵਿਰੋਧੀ ਨੇਤਾਵਾਂ ਦਾ ਵਫ਼ਦ ਵਿਦੇਸ਼ਾਂ ‘ਚ ਭੇਜਣ ਦਾ ਫ਼ੈਸਲਾ ਕੀਤਾ-ਇਕ ਖ਼ਬਰ

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।

ਸਰਨਿਆਂ ਦਾ ਪੁਰਾਣਾ ਵਫ਼ਾਦਾਰ ਕੁਲਤਾਰਨ ਸਿੰਘ ਕੋਛੜ ਅਕਾਲੀ ਦਲ ਦਿੱਲੀ ਸਟੇਟ ‘ਚ ਸ਼ਾਮਲ- ਇਕ ਖ਼ਬਰ

ਛੱਡ ਗਈ ਯਾਰ ਪੁਰਾਣੇ, ਨਵਿਆਂ ਦੇ ਸੰਗ ਲਗ ਕੇ।

ਪੁੰਛ ‘ਚ ਹਮਲਿਆਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਰਹੇ ਬੁਲੰਦ- ਇਕ ਖ਼ਬਰ

ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ।

ਪਹਿਲਗਾਮ ਅੱਤਵਾਦੀ ਹਮਲੇ ‘ਤੇ ਕਾਂਗਰਸ ਨੇ ਸਰਕਾਰ ਤੋਂ ਮੰਗਿਆ ਜਵਾਬ- ਇਕ ਖ਼ਬਰ

ਅਗਲੀ ‘ਮਨ ਕੀ ਬਾਤ’ ਤਕ ਇੰਤਜ਼ਾਰ ਕਰੋ।

ਪੰਜਾਬ ਸਰਕਾਰ ਵਲੋਂ ਵਿਕਾਸ ਫੰਡਾਂ ਲਈ ਕੋਈ ਕਮੀ ਨਹੀਂ- ਵਿਧਾਇਕ ਜਸਵੀਰ ਰਾਜਾ

ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।

ਸੰਗਰੂਰ ਸ਼ਰਾਬ ਕਾਂਡ ਤੋਂ ਸਰਕਾਰ ਸਬਕ ਲੈਂਦੀ ਤਾਂ ਇਹ ਹਾਦਸਾ ਨਾ ਵਾਪਰਦਾ- ਰੱਖੜਾ, ਢੀਂਡਸਾ

ਤ੍ਰਾਸਦੀ ਤਾਂ ਇਹੋ ਹੈ ਕਿ ਸਰਕਾਰਾਂ ਸਬਕ ਲੈਂਦੀਆਂ ਨਹੀਂ ਸਗੋਂ ਡਾਂਗ ਫੇਰ ਕੇ ਲੋਕਾਂ ਨੂੰ ‘ਸਬਕ’ ਦਿੰਦੀਆਂ।

ਭਾਰਤ ਪਾਕਿ ਦਰਮਿਆਨ ਜੰਗ ਰੁਕਵਾਉਣ ਦਾ ‘ਸਿਹਰਾ’ ਮੈਨੂੰ ਨਹੀਂ ਮਿਲੇਗਾ- ਟਰੰਪ

ਰਾਂਝਾ ਪੱਜ ਮੱਝੀਆਂ ਦਾ ਲਾਵੇ, ਕੰਢੇ ਕੰਢੇ ਹੀਰ (ਨੋਬਲ ਪ੍ਰਾਈਜ਼) ਭਾਲ਼ਦਾ।

ਸਿਖਿਆ ਦੇ ਖੇਤਰ ‘ਚ ਸਰਕਾਰੀ ਸਕੂਲ ਹੁਣ ਪੈੜਾਂ ਪਾ ਰਹੇ ਹਨ- ਵਿਧਾਇਕ ਗੈਰੀ ਵੜਿੰਗ

ਪੰਜਾਬੀ ਵਿਸ਼ੇ ‘ਚ ਹੀ ਹਜ਼ਾਰਾਂ ਵਿਦਿਆਰਥੀ ਫੇਲ੍ਹ ਹੋ ਰਹੇ ਹਨ, ਬਾਕੀ ਸਭ ਠੀਕ ਹੈ।

ਸਰਬ ਪਾਰਟੀ ਮੀਟਿੰਗ ‘ਚ ਵਿਰੋਧੀ ਧਿਰ ‘ਜੰਗਬੰਦੀ’ ਅਤੇ ਟਰੰਪ ਦੇ ਦਾਅਵਿਆਂ ਬਾਰੇ ਸਵਾਲ ਪੁੱਛੇਗੀ- ਖੜਗੇ

ਜਦ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

ਕਸ਼ਮੀਰ ਮਾਮਲੇ ‘ਚ ਭਾਰਤ ਨੂੰ ਕਿਸੇ ਤੀਸਰੇ ਦੇਸ਼ ਦੀ ਵਿਚੋਲਗੀ ਮੰਨਜ਼ੂਰ ਨਹੀਂ-ਵਿਦੇਸ਼ ਮੰਤਰਾਲਾ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।

ਅਕਾਲੀ ਦਲ ਲੀਡਰਸ਼ਿੱਪ ਦੀਆਂ ਗ਼ਲਤੀਆਂ ਕਾਰਨ ਨਿਘਾਰ ਵਲ ਗਿਆ- ਇਯਾਲੀ

ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਅਮਲੀ ਨੇ ਘਰ ਪੁੱਟ ‘ਤਾ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਸੰਸਦ ਰਤਨ ਪੁਰਸਕਾਰ- ਇਕ ਖ਼ਬਰ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।

ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ਼ ਸਮਝੌਤਾ ਹੋਇਆ- ਇਕ ਖ਼ਬਰ

ਆਪਾਂ ਦੋਵੇਂ ‘ਤਾਸ਼’ ਖੇਡੀਏ, ਬੋਤਾ ਬੰਨ੍ਹ ਕੇ ਬੋਹੜ ਦੀ ਛਾਂਵੇਂ।

ਟਰੰਪ ਪਲਟਿਆ ਆਪਣੇ ਬਿਆਨ ਤੋਂ “ਮੈਂ ਵਿਚੋਲਗੀ ਨਹੀਂ ਸਿਰਫ਼ ਮਦਦ ਕੀਤੀ”।

ਦੋ ਘੁੱਟ ਪੀ ਕੇ ਦਾਰੂ, ਪੈਰ ‘ਤੇ ਮੁਕਰ ਗਿਆ।

ਰੂਸ ਅਤੇ ਯੂਕਰੇਨ ‘ਚ ਤਿੰਨ ਸਾਲਾਂ ‘ਚ ਪਹਿਲੀ ਵਾਰ ਹੋਈ ਸ਼ਾਂਤੀ ਵਾਰਤਾ- ਇਕ ਖ਼ਬਰ

ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

===================================================================