
ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਹਾਈ ਕੋਰਟ ਦੇ ਸਾਰੇ ਜੱਜ ਪੂਰੀ ਪੈਨਸ਼ਨ ਲੈਣ ਦੇ ਹੱਕਦਾਰ- ਸੁਪਰੀਮ ਕੋਰਟ
ਸੁਪਰੀਮ ਕੋਰਟ ਜੀ ਕਦੀ ਗ਼ਰੀਬ ਮੁਲਾਜ਼ਮਾਂ ਲਈ ਵੀ ਅਜਿਹਾ ਫ਼ੈਸਲਾ ਦਿਉ।
ਭਾਰਤ ਤੇ ਪਾਕਿਸਤਾਨ ਵਿਚਾਲੇ ‘ਸਥਾਈ ਜੰਗਬੰਦੀ’ ਕਰਵਾਉਣ ਲਈ ਅਸੀਂ ਅਹਿਮ ਭੂਮਿਕਾ ਨਿਭਾਵਾਂਗੇ-ਚੀਨ
ਯਾਨੀ ਕਿ ਬੋਹਲ ਦੀ ਰਾਖੀ ਬੱਕਰਾ ਬੈਠੇਗਾ।
ਰੂਸ ਨੇ ਐਮਨੈਸਟੀ ਇੰਟਰਨੈਸ਼ਨਲ ’ਤੇ ਲਾਈ ਪਾਬੰਦੀ- ਇਕ ਖ਼ਬਰ
ਉੱਪਰ ਢੱਕਣ ਦੇ ਦਿਉ, ਭਾਫ਼ ਨਾ ਨਿਕਲੇ ਬਾਹਰ।
ਟਰੰਪ ਵਲੋਂ ਰੂਸ- ਯੂਕਰੇਨ ਵਿਚਕਾਰ ਜੰਗਬੰਦੀ ਕਰਵਾਉਣ ਲਈ ਕੋਸ਼ਿਸ਼ਾਂ ਤੇਜ਼- ਇਕ ਖ਼ਬਰ
ਜ਼ਰੂਰ ਬਈ ਜ਼ਰੂਰ! ਹੁਣ ਤਜਰਬਾ ਜੁ ਹੋ ਗਿਐ ਭਾਰਤ ਤੇ ਪਾਕਿਸਤਾਨ ਦੀ ਜੰਗਬੰਦੀ ਕਰਵਾ ਕੇ।
ਦੁਨੀਆਂ ਭਰ ਦੀਆਂ ਜੇਲ੍ਹਾਂ ‘ਚ 23 ਹਜ਼ਾਰ ਤੋਂ ਵੱਧ ਪਾਕਿਸਤਾਨੀ ਬੰਦ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਰਾਹੁਲ ਗਾਂਧੀ ਨੇ ਜੈ ਸ਼ੰਕਰ ਦੇ ਬਿਆਨ ‘ਤੇ ਫਿਰ ਨਿਸ਼ਾਨਾ ਵਿੰਨ੍ਹਿਆਂ- ਇਕ ਖ਼ਬਰ
ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲਿਆ।
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕੇਂਦਰੀ ਟੈਕਸਾਂ ਵਿਚ 50 % ਦੀ ਹਿੱਸੇਦਾਰੀ ਮੰਗੀ- ਇਕ ਖ਼ਬਰ
ਸਾਡਾ ਹੱਕ, ਏਥੇ ਰੱਖ।
ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦਾ ਹੈ ਕੈਨੇਡਾ- ਪ੍ਰਧਾਨ ਮੰਤਰੀ ਕਾਰਨੀ
ਤੇਰੇ ਦਿਲ ਦੀ ਸਮਝ ਲਾਂ ਸਾਰੀ, ਮਿੱਤਰਾ ਤਵੀਤ ਬਣ ਜਾ।
ਗੜਗੱਜ ਦੇ ਫ਼ੈਸਲੇ ਨਾਲ਼ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਫੇਰ ਆਮਣੋ-ਸਾਹਮਣੇ- ਇਕ ਖ਼ਬਰ
ਚੰਦ ਕੌਰ ਚੱਕਵਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਟਰੰਪ ਨਾਲ ਤਿੱਖੀ ਬਹਿਸ- ਇਕ ਖ਼ਬਰ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਚਿੰਤਾਜਨਕ, ਸਰਕਾਰ ਨਹੀਂ ਦੇ ਰਹੀ ਧਿਆਨ- ਇਕ ਖ਼ਬਰ
ਸਿਆਲਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।
ਸ੍ਰੀ ਅਕਾਲ ਤਖ਼ਤ ਅਤੇ ਪੰਥ ਤੋਂ ਭਗੌੜੇ ਹੋਏ ਧੜੇ ਦਾ ਮੈਂਬਰ ਬਣਨ ਦਾ ਮੇਰਾ ਕੋਈ ਵਿਚਾਰ ਨਹੀਂ- ਇਯਾਲੀ
ਜਿਹੜੇ ਪਿੰਡ ਵੀ ਅਸੀਂ ਨਹੀਂ ਜਾਣਾ, ਰਾਹ ਉਹਦਾ ਕਿਉਂ ਪੁੱਛੀਏ।
ਭਗੌੜੇ ਨੀਰਵ ਮੋਦੀ ਦੀ ਲੰਡਨ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਰੱਦ- ਇਕ ਖ਼ਬਰ
ਜੱਗ ਡਾਰ ਜਨੌਰਾਂ ਦੀ, ਇਕ ਦਿਨ ਕਾਲ਼ ਬਾਜ਼ ਨੇ ਪੈਣਾ।
ਅਮਰੀਕਾ ਨੇ ਭਾਰਤੀ ਟਰੈਵਲ ਏਜੰਸੀਆਂ ‘ਤੇ ਲਾਈ ਵੀਜ਼ਾ ਪਾਬੰਦੀ- ਇਕ ਖ਼ਬਰ
ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਲਾਲੂ ਆਪਣੇ ਛੋਟੇ ਪੁੱਤਰ ਤੇਜਸਵੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ- ਪ੍ਰਸ਼ਾਂਤ ਕਿਸ਼ੋਰ
ਹੱਟੀ ਖੋਲ੍ਹ ਹੱਟੀ ਵਾਲਿਆ, ਮੇਰੇ ਪੁੱਤ ਨੇ ਪਤਾਸੇ ਲੈਣੇ।