
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ: ਸਿੱਖ ਕੌਮ ਦੇ ਨਿਡਰ ਯੋਧੇ ਦੀ ਅਮਰ ਕਹਾਣੀ - ਸਿਰਦਾਰ ਨਿਰਮਲ ਸਿੰਘ ਹੰਸਪਾਲ
ਸਿੱਖ ਇਤਿਹਾਸ ਸ਼ਹਾਦਤਾਂ ਦੀ ਇੱਕ ਅਜੋਕੀ ਰੋਸ਼ਨ ਮਿਸਾਲ ਹੈ। ਜਿੱਥੇ ਹਰ ਦੌਰ ਵਿੱਚ ਅਜਿਹੇ ਯੋਧਿਆਂ ਨੇ ਜਨਮ ਲਿਆ ਜਿਨ੍ਹਾਂ ਨੇ ਧਰਮ, ਇਨਸਾਫ ਅਤੇ ਕੌਮ ਲਈ ਆਪਣੀ ਜਿੰਦਗੀ ਵਾਰ ਦਿੱਤੀ। ਇਨ੍ਹਾਂ ਸ਼ਹੀਦਾਂ ਵਿੱਚ ਇੱਕ ਅਮਰ ਨਾਂ ਹੈ — ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ।
ਜਨਮ ਅਤੇ ਪਰਿਵਾਰਕ ਪਿਛੋਕੜ
10 ਜੁਲਾਈ 1963 ਨੂੰ ਭਾਈ ਬਲਵਿੰਦਰ ਸਿੰਘ ਜੀ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਵਿਖੇ ਹੋਇਆ। ਉਹ ਇੱਕ ਗੁਰਸਿੱਖ ਰਾਮਗੜ੍ਹੀਆ ਤਰਖਾਣ ਪਰਿਵਾਰ ਵਿੱਚ ਜਨਮੇ, ਜਿੱਥੇ ਪਿਤਾ ਸ. ਸੋਹਣ ਸਿੰਘ ਅਤੇ ਮਾਤਾ ਬੀਬੀ ਨਸੀਬ ਕੌਰ ਨੇ ਉਨ੍ਹਾਂ ਦੀ ਪਰਵਿਰਸ਼ ਸਿੱਖ ਧਰਮ ਦੇ ਵਿਰਸੇ ਵਿਰਾਸਤ ਦੀਆ ਕਦਰਾਂ ਕੀਮਤਾ ਦੀ ਗੁੜਤੀ ਦੇ ਕੇ ਕੀਤੀ ।
ਵਿਦਿਆ ਅਤੇ ਜਾਗਰੂਕਤਾ
ਭਾਈ ਸਾਹਿਬ ਨੇ ਆਪਣੀ ਸ਼ੁਰੂਆਤੀ ਵਿਦਿਆ ਬੇਲੇ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਰੂਪਨਗਰ ਕਾਲਜ ਤੋਂ M.A. ਕਰ ਰਹੇ ਸਨ। ਵਿਦਿਆ ਨਾਲ-ਨਾਲ ਉਨ੍ਹਾਂ ਵਿੱਚ ਕੌਮੀ ਜਾਗਰੂਕਤਾ ਦਾ ਚਿਰਾਗ ਵੀ ਜ਼ੋਰ ਫੜਦਾ ਗਿਆ।
ਜਿਵੇਂ-ਜਿਵੇਂ ਪੰਜਾਬ 'ਚ ਧਰਮਿਕ ਅਤੇ ਰਾਜਨੀਤਿਕ ਅਨਿਆਏ ਵਧਣ ਲੱਗੇ, ਉਹ ਸਿੱਖ ਸੰਘਰਸ਼ ਨਾਲ ਜੁੜ ਗਏ। ਉਨ੍ਹਾਂ ਨੇ ਨਾ ਸਿਰਫ਼ ਧਾਰਮਿਕ ,ਰਾਜਨੀਤਕ ਨੀਤੀਆਂ ਤੇ ਵਿਸ਼ਵਾਸ ਕੀਤਾ, ਸਗੋਂ ਉਸ ਦੇ ਰੱਖਵਾਲੇ ਵਜੋਂ ਅੱਗੇ ਆਏ।
ਬਹਾਦਰੀ ਦੀ ਮਿਸਾਲ
ਭਾਈ ਬਲਵਿੰਦਰ ਸਿੰਘ ਜਟਾਣਾ ਦੀ ਜਿੰਦਗੀ ਇੱਕ ਨਿਡਰ ਯੋਧੇ ਵਾਂਗ ਜੀਵਨ ਦਾ ਯੁੱਧ ਸੀ। ਉਹਨਾਂ ਨੇ ਨਾ ਕਿਸੇ ਤਾਕਤ ਤੋਂ ਡਰਿਆ, ਨਾ ਹੀ ਕਦੇ ਕਿਸੇ ਤਾਕਤ ਅਗੇ ਝੁਕਣ ਦੀ ਸੋਚੀ। ਉਹਨਾਂ ਦੇ ਜੀਵਨ ਦਾ ਮਕਸਦ ਸਿੱਖੀ ਦੇ ਮੂਲ ਸਿਧਾਂਤਾਂ ਦੀ ਰੱਖਿਆ ਕਰਨਾ ਸੀ — ਇਨਸਾਫ, ਬਰਾਬਰੀ ਅਤੇ ਆਪਣੇ ਹੱਕ ਹੋਂਦ ਪੰਜਾਬ ਦੇ ਭਵਿੱਖ ਲਈ ਸਮਰਪਿਤ ਸਨ।
ਇਹ ਗੱਲ ਭਾਈ ਜਟਾਣਾ ਜੀ ਦੀ ਸੋਚ ਵਿੱਚ ਸੀ, ਤੇ ਉਹਨਾਂ ਦੀ ਕਾਰਵਾਈਆਂ ਵਿੱਚ ਵੀ। ਉਹ ਸਮਝਦੇ ਸਨ ਕੇ:
ਜਦੋ ਇਨਸਾਫ ਨਹੀਂ ਮਿਲਦੇ,
ਫਿਰ ਸਿੱਖ ਰਵਾਇਤਾ ਅਨੁਸਾਰ
ਫੈਸਲੇ ਲੈਣ ਵੀ ਪੈਂਦੇ ਨੇ
ਨਿਆ ਕਰਨਾ ਵੀ ਪੈਂਦਾ ਹੈ।
ਇਹ ਸ਼ਬਦ ਸਿਰਫ਼ ਕਵਿਤਾ ਨਹੀਂ, ਸਗੋਂ ਸਿੱਖੀ ਸੂਝ ਦੀ ਰੂਹਾਨੀ ਆਵਾਜ਼ ਹਨ। ਇਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਕਦੇ ਕਦੇ ਚੁੱਪ ਰਹਿਣਾ ਅਨਿਆਏ ਦਾ ਸਾਥ ਹੁੰਦਾ ਹੈ। ਪਰ ਸਿੱਖ ਕੌਮ ਨੇ ਹਰ ਦੌਰ ਵਿੱਚ ਬੁਲੰਦ ਅਵਾਜ਼ ਨਾਲ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਗੁਰੂ ਬਖਸ਼ਿਸ਼ ਹਿੰਮਤ ਦਿਖਾਈ ਹੈ।
ਵਿਰਾਸਤ ਅਤੇ ਯਾਦਗਾਰੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ SYL ਵਿੱਚ ਉਨ੍ਹਾਂ ਦਾ ਜ਼ਿਕਰ ਕਰਕੇ ਨੌਜਵਾਨੀ ਨੂੰ ਉਨ੍ਹਾਂ ਦੀ ਬੇਮਿਸਾਲ ਸ਼ਹਾਦਤ ਨਾਲ ਜੋੜਿਆ ਜਾਣੂ ਕਰਵਾਇਆ। ਇਸ ਦੇ ਨਤੀਜੇ ਵਜੋਂ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਸਥਾਪਿਤ ਕੀਤੀ।
ਅੰਤਿਮ ਸ਼ਬਦ
ਭਾਈ ਬਲਵਿੰਦਰ ਸਿੰਘ ਜਟਾਣਾ ਜੀ ਸਾਨੂੰ ਸਿਖਾਉਂਦੇ ਹਨ ਕਿ ਇਨਸਾਫ ਲਈ ਸੰਘਰਸ਼ ਕਰਨਾ ਕੋਈ ਵਿਕਲਪ ਨਹੀਂ, ਸਗੋਂ ਜ਼ਿੰਮੇਵਾਰੀ ਹੈ। ਉਹਨਾਂ ਦੀ ਸ਼ਹਾਦਤ ਸਿਰਫ਼ ਇਤਿਹਾਸ ਦਾ ਪੰਨਾ ਨਹੀਂ, ਸਗੋਂ ਹਰ ਨੌਜਵਾਨ ਦੇ ਅੰਦਰ ਇਕ ਚੀਕ ਹੈ — ਜਦ ਤੱਕ ਇਨਸਾਫ ਨਹੀਂ ਮਿਲਦਾ, ਸੱਚੇ ਸਿੱਖ ਫੈਸਲੇ ਲੈਣ ਤੋਂ ਪਛਾਂਹ ਨਹੀਂ ਮੁੜਦੇ।ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।।
ਕੋਟਿਨ ਕੋਟਿ ਪ੍ਰਨਾਮ। ।