ਸਿਆਣਪ - ਗੁਰਮੀਤ ਕੌਰ ਕਾਹਲੋਂ

ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਸਿਆਣਪ ਦੇ ਨਾਲ ਨਾਲ ਥੋੜ੍ਹਾ ਜਿਹਾ ਬਚਪਨ ਵੀ ਜਰੂਰੀ ਹੈ। ਸਿਆਣਪ ਸਾਨੂੰ ਤਜਰਬਾ ਦਿੰਦੀ ਹੈ, ਗਲਤ-ਸਹੀ ਦੀ ਪਹਿਚਾਣ ਕਰਵਾਉਂਦੀ ਹੈ, ਪਰ ਜਦੋਂ ਇਹ ਬਹੁਤ ਵੱਧ ਜਾਂਦੀ ਹੈ ਤਾਂ ਜੀਵਨ ਤੋਂ ਹਾਸੇ ਤੇ ਮਾਸੂਮ ਖੁਸ਼ੀਆਂ ਦੂਰ ਹੋਣ ਲੱਗਦੀਆਂ ਹਨ। ਹਰ ਗੱਲ ਨੂੰ ਬਹੁਤ ਸੋਚਣ ਨਾਲ ਜ਼ਿੰਦਗੀ ਬੇਰਸ ਹੋ ਜਾਂਦੀ ਹੈ। ਬਚਪਨ ਦੀ ਮਾਸੂਮੀਅਤ ਤੇ ਚੁਲਬੁਲਾਪਨ ਜੀਵਨ ਦੇ ਰੰਗਾਂ ਨੂੰ ਬਣਾਈ ਰੱਖਦਾ ਹੈ। ਬੱਚਿਆਂ ਨਾਲ ਬੱਚਿਆਂ ਵਾਂਗ ਗੱਲ ਕਰਨਾ, ਛੋਟੀਆਂ ਗੱਲਾਂ ਵਿੱਚ ਖੁਸ਼ ਹੋਣਾ ਅਤੇ ਸਾਦਗੀ ਨਾਲ ਹੱਸਣਾ ਹੀ ਜ਼ਿੰਦਗੀ ਦੇ ਸੁਆਦ ਨੂੰ ਵਧਾਉਂਦਾ ਹੈ। ਅੱਜਕੱਲ੍ਹ ਦੇ ਵੱਧਦੇ ਤਣਾਓ ਵਾਲੇ ਮਾਹੌਲ ਵਿੱਚ ਬਚਪਨ ਵਾਲੀ ਭੋਲਭਾਲੀ ਸੋਚ ਮਨੁੱਖ ਲਈ ਦਿਲ ਦੀ ਦਵਾਈ ਸਾਬਤ ਹੁੰਦੀ ਹੈ।
ਕਈ ਮਾਵਾਂ ਕਹਿੰਦੀਆਂ ਹਨ ਕਿ ਉਹ ਆਪਣੇ ਬੇਟਿਆਂ ਨਾਲ ਬੱਚਿਆਂ ਵਾਂਗ ਹੀ ਗੱਲ ਕਰਦੀਆਂ ਹਨ। ਕਈ ਵਾਰ ਤੋਤਲੀ ਆਵਾਜ਼ ਵਿੱਚ ਗੱਲ ਕਰਨ ‘ਤੇ ਬੱਚੇ ਹੱਸ ਪੈਂਦੇ ਹਨ, ਪਰ ਉਹ ਪਲ ਜੀਵਨ ਦੇ ਸਭ ਤੋਂ ਸੁਹਾਵਣੇ ਪਲ ਬਣ ਜਾਂਦੇ ਹਨ। ਇਹੀ ਅਸਲੀ ਖੁਸ਼ੀ ਹੈ ਜੋ ਮਨੁੱਖ ਨੂੰ ਦਿਲੋਂ ਜੀਣ ਦੀ ਪ੍ਰੇਰਣਾ ਦਿੰਦੀ ਹੈ। ਸਮਾਜ ਦੇ ਵਿਦਵਾਨ ਮੰਨਦੇ ਹਨ ਕਿ ਜ਼ਿੰਦਗੀ ਨੂੰ ਰੰਗੀਨ ਤੇ ਮਾਣਯੋਗ ਬਣਾਉਣ ਲਈ ਸਿਆਣਪ ਦੇ ਨਾਲ ਥੋੜ੍ਹਾ ਜਿਹਾ ਬਚਪਨ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਹੈ। ਇਹੀ ਬਚਪਨ ਮਨੁੱਖ ਨੂੰ ਮੁਸਕਰਾਉਣਾ ਸਿਖਾਉਂਦਾ ਹੈ ਅਤੇ ਜੀਵਨ ਦੇ ਹਰ ਪਲ ਨੂੰ ਖੁਸ਼ੀ ਨਾਲ ਜੀਣ ਦਾ ਮੌਕਾ ਦਿੰਦਾ ਹੈ।
ਗੁਰਮੀਤ ਕੌਰ ਕਾਹਲੋਂ
ਗੱਗੜਪੁਰ