
ਚੁੰਝਾਂ-ਪ੍ਹੌਂਚੇ - - ਨਿਰਮਲ ਸਿੰਘ ਕੰਧਾਲਵੀ
01.10.2025
ਅਮਰੀਕਾ ਲਈ ਭਾਰਤ ਨਾਲ ਚੰਗੇ ਸਬੰਧ ਬਹੁਤ ਅਹਿਮ- ਅਮਰੀਕੀ ਵਿਦੇਸ਼ ਮੰਤਰੀ
ਓ ਭਰਾਵਾ, ਬਿਆਨ ਦੇਣ ਤੋਂ ਪਹਿਲਾਂ ਟਰੰਪ ਨੂੰ ਪੁੱਛ ਲਿਆ ਸੀ ਕਿ ਨਹੀਂ?
ਹੜ੍ਹ ‘ਚ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਮਾਲ ਅਧਿਕਾਰੀ- ਇਕ ਖ਼ਬਰ
ਅਗਲੇ ਆਪਣਾ ਮਾਲ ਬਣਾਉਣ ਕਿ ਤੁਹਾਡੇ ਮਸਲੇ ਸੁਣਨ।
ਕੇਂਦਰ ਕਿਸੇ ਵੀ ਸੂਬੇ ਉਪਰ ਕੋਈ ਵੀ ਭਾਸ਼ਾ ਨਹੀਂ ਥੋਪ ਰਿਹਾ- ਕੇਂਦਰੀ ਵਿੱਦਿਆ ਮੰਤਰੀ ਧਰਮੇਂਦਰ ਪਰਧਾਨ
ਹਾਥੀ ਕੇ ਦਾਂਤ ਖਾਨੇ ਕੇ ਔਰ, ਦਿਖਾਨੇ ਕੇ ਔਰ।
ਜੀ.ਐੱਸ.ਟੀ. ਸੁਧਾਰਾਂ ਨਾਲ ਹੋਵੇਗਾ ਚਾਰ ਹਜ਼ਾਰ ਕਰੋੜ ਰੁਪਏ ਦਾ ਫ਼ਾਇਦਾ- ਨਾਇਬ ਸੈਣੀ
ਜਿਹੜੀ ਅੱਠ ਸਾਲ ਇਸ ਜੀ.ਐੱਸ.ਟੀ. ਨੇ ਗ਼ਰੀਬਾਂ ਦੀ ਖੱਲ ਉਤਾਰੀ ਉਸ ਦਾ ਹਿਸਾਬ ਵੀ ਦੇ ਦਿਉ।
ਆਉਂਦੇ ਬਜਟ ਵਿਚ ਔਰਤਾਂ ਨੂੰ 1100 ਰੁਪਏ ਦਾ ਵਾਅਦਾ ਵੀ ਪੂਰਾ ਕਰ ਦਿਆਂਗੇ-ਭਗਵੰਤ ਮਾਨ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਤੇ ਹੋਰ ਊਰਜਾ ਵਪਾਰ ਕਰਨਾ ਚਾਹੁੰਦੇ ਹਾਂ- ਅਮਰੀਕੀ ਮੰਤਰੀ
ਹੱਥਕੜੀਆਂ ਤੇ ਬੇੜੀਆਂ ਲਗਾ ਲੋਕਾਂ ਨੂੰ ਵਾਪਸ ਭੇਜਣ ਤੋਂ ਹੀ ਤੁਹਾਡੇ ਪਿਆਰ ਦਾ ਪਤਾ ਲਗ ਜਾਂਦੈ।
ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਹੈ ਕੇਂਦਰ ਸਰਕਾਰ- ਕੇਂਦਰੀ ਮੰਤਰੀ ਕਮਲੇਸ਼ ਪਾਸਵਾਨ
ਬਸ ਖੜ੍ਹੀ ਐ, ਕਰਨਾ ਕਰਾਉਣਾ ਕੁਝ ਨਹੀਂ।
ਲਾਹੌਰ ਹਾਈ ਕੋਰਟ ‘ਚ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ- ਇਕ ਖ਼ਬਰ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।
ਪੰਜਾਬ ਨੂੰ ਆਪਣੇ ਡੈਮਾਂ ਲਈ ਆਪਣਾ ਸੁਰੱਖਿਆ ਐਕਟ ਬਣਾਉਣ ਦੀ ਲੋੜ- ਪਰਗਟ ਸਿੰਘ
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।
ਹਾਈਕੋਰਟ ਦੇ ਕੁਝ ਜੱਜ ਆਪਣੇ ਕੰਮ ਨਿਭਾਉਣ ‘ਚ ਅਸਮਰੱਥ ਹਨ- ਸੁਪਰੀਮ ਕੋਰਟ
ਫੇਰ ਇਹ ਖੱਟਾ ਪੀਣ ਲਈ ਰੱਖੇ ਹੋਏ ਐ, ਛੁੱਟੀ ਕਰੋ ਇਹਨਾਂ ਦੀ।
ਮੋਦੀ ਦੀਆਂ ਜੱਫੀਆਂ ਨੇ ਭਾਰਤ ਨੂੰ ਕੂਟਨੀਤਕ ਤੌਰ ‘ਤੇ ਅਲੱਗ- ਥਲੱਗ ਕੀਤਾ- ਕਾਂਗਰਸ
ਤੇਰੀਆਂ ਜੱਫੀਆਂ ਵੱਫੀਆਂ ਵੇ, ਕੰਮ ਕਿਸੇ ਨਾ ਆਈਆਂ।
ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਇਆ ਟ੍ਰੈਕਟਰਾਂ ਦਾ ਹੜ੍ਹ- ਇਕ ਖ਼ਬਰ
ਨਾਮਦੇਵ ਨੂੰ ਗਵਾਂਢਣ ਪੁੱਛਦੀ, ਕੀਹਤੋਂ ਤੈਂ ਬਣਾਈ ਛੱਪਰੀ।
ਤਾਜ਼ਾ ਸਰਵੇਖਣਾਂ ‘ਚ ਬਹੁਗਿਣਤੀ ਅਮਰੀਕਨ ਲੋਕਾਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਨਕਾਰਿਆ- ਇਕ ਖ਼ਬਰ
ਕਾਦਰਯਾਰ ਅਣਹੋਣੀਆਂ ਕਰਨ ਜੇਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।
ਦੋ ਵੱਡੇ ਕਿਸਾਨ ਆਗੂ ਉਗਰਾਹਾਂ ਤੇ ਡੱਲੇਵਾਲ ਆਹਮੋ- ਸਾਹਮਣੇ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।
ਡੇਰਾ ਬਿਆਸ ਮੁਖੀ ਨੇ ਜੇਲ੍ਹ ‘ਚ ਬੰਦ ਮਜੀਠੀਆ ਨਾਲ਼ ਕੀਤੀ ਮੁਲਾਕਾਤ- ਇਕ ਖ਼ਬਰ
ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।
===================================================================