
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
03.11.2025
ਅੱਧੀ ਸਦੀ ਬੀਤਣ ‘ਤੇ ਵੀ ਨਹੀਂ ਸੁਧਰੀ ਮਾਂ ਬੋਲੀ ਪੰਜਾਬੀ ਦੀ ਦਸ਼ਾ- ਕੇਂਦਰੀ ਪੰਜਾਬੀ ਲੇਖਕ ਸਭਾ
ਜਦੋਂ ਪੁੱਤ ਹੀ ਕਪੁੱਤ ਬਣ ਜਾਣ ਤਾਂ ਵਿਚਾਰੀ ਮਾਂ ਕੀ ਕਰੂ ਬਈ!
ਪੰਧੇਰ ਵਲੋਂ ਸੱਦੀ ਮੀਟਿੰਗ ‘ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਨਹੀਂ ਹੋਣਗੇ-ਇਕ ਖ਼ਬਰ
ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ਼ ਸੇ।
ਵੋਟਾਂ ਲਈ ਨੱਚ ਵੀ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।
ਪੰਜਾਬ ਸਰਕਾਰ ਦੇ ਵਿਜੀਲੈਂਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋਣ ਦੀ ਸਹੁੰ ਚੁੱਕੀ- ਇਕ ਖ਼ਬਰ
ਇਹ ਤਾਂ ਇੰਜ ਹੈ ਜਿਵੇਂ ਇੱਲਾਂ ਕਹਿਣ ਕਿ ਉਹ ਹੁਣ ਮੁਰਦਾਰ ਨਹੀਂ ਖਾਣਗੀਆਂ।
ਪੰਜਾਬ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਸੈਮੀਨਾਰ ਨੂੰ ਰੋਕਣਾ ਨਿੰਦਣਯੋਗ- ਧਾਮੀ
ਹਰੇਕ ਵਧੀਕੀ ਨੂੰ ਨਿੰਦਣਯੋਗ ਕਹਿ ਕੇ ਚੁੱਪ ਕਰ ਜਾਇਆ ਕਰੋ, ਕੋਈ ਕਾਰਵਾਈ ਨਾ ਕਰਿਉ ਸ਼ੇਰੋ!
ਆਖਰ ਕੰਗਣਾ ਰਣੌਤ ਨੂੰ ਬਠਿੰਡਾ ਦੀ ਅਦਾਲਤ ‘ਚ ਮੰਗਣੀ ਹੀ ਪਈ ਮੁਆਫ਼ੀ- ਇਕ ਖ਼ਬਰ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।
ਕਮਲਾ ਹੈਰਿਸ ਨੇ ਫਿਰ ਦਿਤੇ ਚੋਣ ਲੜਨ ਦੇ ਸੰਦੇਸ਼- ਇਕ ਖ਼ਬਰ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਰਗਰਮੀਆਂ ਤੇਜ਼- ਇਕ ਖ਼ਬਰ
ਸਰਗਰਮੀਆਂ ਨਾ ਕਹੋ, ਡਰਾਮੇ ਲਈ ਰਿਹਰਸਲਾਂ ਕਹੋ।
ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿੱਪ ਰੱਦ ਕਰਨ ਦਾ ਦਿੱਲੀ ਕਮੇਟੀ ਕੋਲ ਕੋਈ ਹੱਕ ਨਹੀਂ- ਸਰਨਾ
ਧੱਕੇਸ਼ਾਹੀ ਦਾ ਜਿੱਥੇ ਰਾਜ ਹੋਵੇ, ਹੱਕ-ਹਕੂਕ ਨੂੰ ਕੌਣ ਪੁੱਛਦਾ ਏ।
ਸਰਕਾਰ ਨੇ ਪੰਜ ਰੁਪਏ ਸਸਤਾ ਕੀਤਾ ਕਮਰਸ਼ੀਅਲ ਐੱਲ.ਪੀ.ਜੀ. ਸਲੰਡਰ- ਇਕ ਖ਼ਬਰ
ਪੰਜ ਮੋੜ ’ਤੇ ਪੰਜ ਸੌ ਵਧਾ ਕੇ, ਬੱਲੇ ਓ ਚਾਲਾਕ ਮਿੱਤਰਾ।
50 ਕਰੋੜ ਦੇ ਬੀਮੇ ਲਈ ਸਾਰਾ ਪਰਵਾਰ ਮੌਤ ਦੇ ਘਾਟ ਉਤਾਰ ਦਿਤਾ- ਇਕ ਖ਼ਬਰ
ਚਿੱਟਾ ਹੋ ਗਿਆ ਲਹੂ ਓ ਲੋਕੋ, ਚਿੱਟਾ ਹੋ ਗਿਆ ਲਹੂ।
ਰਾਜਪਾਲ ਕਟਾਰੀਆ ਨੇ ਬਿਕਰਮ ਮਜੀਠੀਆ ਵਿਰੁੱਧ ਕੇਸ ਚਲਾਉਣ ਦੀ ਦਿਤੀ ਇਜਾਜ਼ਤ- ਇਕ ਖ਼ਬਰ
ਰਾਜਾ ਜੱਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ।
ਸਾਡੇ ਹੁਕਮਾਂ ਦਾ ਕੋਈ ਸਤਿਕਾਰ ਨਹੀਂ- ਸੁਪਰੀਮ ਕੋਰਟ
ਜਦੋਂ ਜਾਲ਼ ਫਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।
ਕਿਸਾਨ ਭਾਜਪਾ ਨੂੰ ਚੰਗਾ ਸਬਕ ਸਿਖਾਉਣਗੇ:- ਭਗਵੰਤ ਮਾਨ
ਭਾਜਪਾ ਨੂੰ ਛੱਡ ਮਿੱਤਰਾ, ਤੂੰ ਆਪਣੀ ਖ਼ੈਰ ਮਨਾ।
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਸਬੰਧੀ ਕੇਂਦਰ ਦਾ ਫ਼ੈਸਲਾ ਰਾਜਸੀ ਧੱਕੇਸ਼ਾਹੀ- ਹਰਜੋਤ ਬੈਂਸ
ਉਠੇ ਹੈਂ ਮਾਂ ਕੇ ਲਾਲ ਕੁਛ ਕਰ ਜਾਏਂਗੇ, ਕਰਨਾ ਕਿਆ ਹੈ ਬਿਆਨ ਦੇ ਕੇ ਸੋ ਜਾਏਂਗੇ।
========================================================================