
ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਭਾਰਤ ਨੂੰ ਮੁੜ ਵਿਸ਼ਵ ਗੁਰੂ ਬਣਨ ਲਈ ਮਹਾਰਿਸ਼ੀ ਦਯਾ ਨੰਦ ਦੀਆਂ ਸਿਖਿਆਵਾਂ ‘ਤੇ ਚਲਣ ਦੀ ਲੋੜ- ਮੁੱਖ ਮੰਤਰੀ ਸੈਣੀ
ਭਾਰਤ ਤਾਂ ਵਿਸ਼ਵ ਗੁਰੂ ਬਣਿਆ ਪਿਐ ਗਿਆਰਾਂ ਸਾਲਾਂ ਤੋਂ , ਸੈਣੀ ਸਾਬ ਆਪਣਾ ਪੱਤਾ ਨਾ ਕਟਵਾ ਲਿਉ ਕਿਤੇ।
ਅਮਰੀਕਾ ‘ਚ ਸ਼ੱਟ ਡਾਊਨ ਕਾਰਨ 4 ਕਰੋੜ ਲੋਕਾਂ ਦਾ ਰਾਸ਼ਨ ਬੰਦ- ਇਕ ਖ਼ਬਰ
ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ।
ਵੰਸ਼ਵਾਦ ਦੀ ਸਿਆਸਤ ਭਾਰਤੀ ਲੋਕਤੰਤਰ ਲਈ ਗੰਭੀਰ ਖ਼ਤਰਾ- ਸ਼ਸ਼ੀ ਥਰੂਰ
ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ।
ਪੰਜਾਬ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਤੋਂ ਨਾਕਾਮ- ਵੜਿੰਗ
ਤੁਹਾਡੇ ਵੇਲੇ ਵੀ ਇਹੋ ਕੁੱਤੀ-ਚੀਕਾ ਪੈਂਦਾ ਸੀ ਵੜਿੰਗ ਸਾਬ।
ਜੇ.ਐੱਨ.ਯੂ. ਵਿਦਿਆਰਥੀ ਚੋਣਾਂ: ਚਾਰੇ ਸੀਟਾਂ ‘ਤੇ ਖੱਬੇ ਪੱਖੀ ਕਾਬਜ਼- ਇਕ ਖ਼ਬਰ
ਲਗਦੈ ਇਨ੍ਹਾਂ ਚੋਣਾਂ ‘ਚ ਈ.ਵੀ.ਐਮ. ਮਸ਼ੀਨਾਂ ਨਹੀਂ ਵਰਤੀਆਂ ਗਈਆਂ।
ਪੰਜਾਬ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤੇ ਵਧਾਉਣ ਦੀ ਤਿਆਰੀ- ਇਕ ਖ਼ਬਰ
ਮੇਰੀ ਸੱਸ ਨੇ ਬਾਣੀਆਂ ਕੀਤਾ, ਲੱਡੂਆਂ ਦੀ ਮੌਜ ਲੱਗ ਗਈ।
ਮਮਦਾਨੀ ਦੇ ਮੇਅਰ ਬਣਨ ਨਾਲ ਅੱਠ ਲੱਖ ਲੋਕ ਸ਼ਹਿਰ ਛੱਡਣ ਲਈ ਤਿਆਰ- ਇਕ ਖ਼ਬਰ
ਚਲ ਉੜ ਜਾ ਰੇ ਪੰਛੀ, ਅਬ ਯੇਹ ਦੇਸ਼ ਹੂਆ ਬੇਗਾਨਾ।
ਗੁਰੂ ਤੇਗ਼ ਬਹਾਦਰ ਜੀ ਪੂਰੇ ਵਿਸ਼ਵ ਦੇ ਮਨੁੱਖੀ ਅਧਿਕਾਰਾਂ ਦੇ ਪਹਿਲੇ ਮਹਾਂਨਾਇਕ- ਮੁੱਖ ਮੰਤਰੀ ਸੈਣੀ
ਸੈਣੀ ਸਾਹਿਬ ਇਹ ਗੱਲ ਆਪਣੇ ਭਾਜਪਾ ਦੇ ਸਾਥੀਆਂ ਨੂੰ ਵੀ ਕਹੋ ਕਿ ਉਹ ਆਪਣੇ ਬਿਆਨਾਂ ‘ਚ ਸੋਧ ਕਰਨ।
ਵਿਆਹੁਤਾ ਨੇ ਕੈਨੇਡਾ ਪਹੁੰਚਦਿਆਂ ਹੀ ਕੀਤਾ ਪਤੀ ਦਾ ਨੰਬਰ ਬਲੌਕ- ਇਕ ਖ਼ਬਰ
ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਮਿੱਤਰਾਂ ਨੂੰ ਦਗ਼ਾ ਦੇਣੀਏਂ।
ਮੋਟੇ ਤੇ ਬਿਮਾਰ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ- ਟਰੰਪ
ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ, ਤੇਰੇ ਪਿੱਛੇ ਗੋਰੀਏ ਰੰਨੇ।
ਜ਼ੋਹਰਾਨ ਮਮਦਾਨੀ ਦੀ ਜਿੱਤ ਨੇ ਸ਼ਹਿਰ ਦੇ ਅਰਬਪਤੀਆਂ ਦੀਆਂ ਮੁਸ਼ਕਿਲਾਂ ਵਧਾਈਆਂ- ਇਕ ਖ਼ਬਰ
ਗੋਰੇ ਰੰਗ ਤੋਂ ਬਦਲ ਗਿਆ ਕਾਲ਼ਾ, ਕੀ ਗ਼ਮ ਖਾ ਗਿਆ ਮਿੱਤਰਾ।
ਟਰੰਪ ਨੇ ਜੀ-20 ਸੰਮੇਲਨ ਦਾ ਕੀਤਾ ਬਾਈਕਾਟ- ਇਕ ਖ਼ਬਰ
ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਂਉਂ ਚੱਬਣੇ।
ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਰਹੀ ਦਲਿਤਾਂ ਦੀ ਦੁਸ਼ਮਣ- ਐਡਵੋਕੇਟ ਭੁੱਟਾ
ਨਾ ਮੇਰਾ ਧਰਮ ਰਿਹਾ, ਨਾ ਘੁੱਗ ਕੇ ਵਸੀ ਘਰ ਤੇਰੇ।
ਭਾਰਤ ਰੂਸ ਤੋਂ ਕੱਚੇ ਤੇਲ ਦੀ ਸਿੱਧੀ ਆਯਾਤ ‘ਤੇ ਦਸੰਬਰ ਤੋਂ ਕਰੇਗਾ ਕਟੌਤੀ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਗਿਆ।
ਕਾਨੂੰਨੀ ਭਾਸ਼ਾ ਸਰਲ ਅਤੇ ਸਥਾਨਕ ਹੋਣੀ ਚਹੀਦੀ ਹੈ- ਮੋਦੀ
ਬਗਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।
ਭਾਰਤ ਦੇ ਸਿਖਰਲੇ 1 ਫ਼ੀ ਸਦੀ ਅਮੀਰਾਂ ਦੀ ਦੌਲਤ ‘ਚ ਹੋਇਆ 62 ਫ਼ੀ ਸਦੀ ਵਾਧਾ- ਇਕ ਖ਼ਬਰ
ਚੱਪਾ ਕੁ ਚੰਨ ਮੁੱਠ ਕੁ ਤਾਰੇ, ਸਾਡਾ ਮੱਲ ਬੈਠੇ ਆਸਮਾਨ।
================================================================