
ਮਾਤ ਭਾਸ਼ਾ ਦਿਵਸ: ਆਪਣੀ ਹੀ ਧਰਤੀ ਉੱਤੇ ਪਰਾਈ ਹੋ ਰਹੀ ਪੰਜਾਬੀ - ਬਘੇਲ ਸਿੰਘ ਧਾਲੀਵਾਲ
21 ਫ਼ਰਵਰੀ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਸੈਮੀਨਾਰ ਹੁੰਦੇ ਹਨ, ਮੰਚ ਸਜਦੇ ਹਨ, ਵੱਡੇ-ਵੱਡੇ ਭਾਸ਼ਣ ਹੁੰਦੇ ਹਨ। ਪੰਜਾਬ ਅੰਦਰ ਇਸ ਦਿਨ ਪੰਜਾਬੀ ਦੇ ਹੱਕ ਵਿੱਚ ਨਾਹਰੇ ਲੱਗਦੇ ਹਨ, ਤਸਵੀਰਾਂ ਖਿੱਚੀਆਂ ਜਾਂਦੀਆਂ ਹਨ, ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਜਾਂਦੀਆਂ ਹਨ। ਪਰ ਸਵਾਲ ਇਹ ਹੈ,ਕਿ ਕੀ ਇਹ ਸਭ ਕੁਝ ਪੰਜਾਬੀ ਦੀ ਹਕੀਕਤ ਬਦਲ ਰਿਹਾ ਹੈ ਜਾਂ ਸਿਰਫ਼ ਇੱਕ ਦਿਨ ਦਾ ਰਸਮੀ ਸੋਗ ਮਨਾ ਕੇ ਅਗਲੇ ਦਿਨ ਫਿਰ ਉਹੀ ਅੰਗਰੇਜ਼ੀ ਦੀ ਗੋਦ ਵਿੱਚ ਬੈਠ ਜਾਣਾ ਹੈ। ਪੰਜਾਬ ਦੀਆਂ ਸੜਕਾਂ ‘ਤੇ ਤੁਰੋ। ਦੁਕਾਨਾਂ ਦੇ ਬੋਰਡ ਵੇਖੋ। ਸਕੂਲਾਂ ਦੇ ਨਾਮ ਪੜ੍ਹੋ। ਇਸ਼ਤਿਹਾਰ ਸੁਣੋ। ਇਹ ਸਾਰਾ ਵਰਤਾਰਾ ਦੇਖ ਕੇ ਸਵਾਲ ਉੱਠਦਾ ਹੈ ਕ ਪੰਜਾਬੀ ਕਿੱਥੇ ਹੈ ? ਘਰਾਂ ਵਿੱਚ ਮਾਪੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ, ਤਾਂ ਜੋ ਉਹ “ਮਾਡਰਨ” ਲੱਗਣ। ਪੰਜਾਬੀ ਬੋਲਣ ਵਾਲੇ ਨੂੰ ਅਕਸਰ ਪੇਂਡੂ ਕਹਿ ਕੇ ਮਜਾਕ ਉਡਾਇਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰਚੀ ਗਈ,ਜਿੱਥੇ ਗੁਰੂਆਂ ਨੇ ਲੋਕਾਂ ਨਾਲ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕੀਤੀ ਸੀ,ਜਿੱਥੇ ਸ਼ਬਦ ਸਿਰਫ਼ ਉਚਾਰਣ ਨਹੀਂ, ਸਗੋਂ ਆਤਮਕ ਗਿਆਨ ਦਾ ਸੋਮਾ ਬਣਦੇ ਰਹੇ ਹਨ।ਅੱਜ ਗੁਰੂਆਂ,ਪੀਰਾਂ,ਫਕੀਰਾਂ,ਭਗਤਾਂ ਦੀ ਮਿੱਠੀ ਭਾਸ਼ਾ ਨੂੰ ਦਫ਼ਤਰਾਂ ਵਿੱਚ ਹਾਸ਼ੀਏ ‘ਤੇ ਧੱਕਿਆ ਹੋਇਆ ਹੈ।ਸਰਕਾਰੀ ਫ਼ਾਈਲਾਂ ਅੰਗਰੇਜ਼ੀ ਵਿੱਚ, ਅਦਾਲਤਾਂ ਵਿੱਚ ਅੰਗਰੇਜ਼ੀ, ਉੱਚ ਸਿੱਖਿਆ ਅੰਗਰੇਜ਼ੀ ਵਿੱਚ,ਫਿਰ ਮਾਤ ਭਾਸ਼ਾ ਦਿਵਸ ਦਾ ਮਤਲਬ ਕੀ ਰਹਿ ਗਿਆ ? ਪੰਜਾਬੀ ਸਿਰਫ਼ ਲੋਕ-ਗੀਤਾਂ ਦਾ ਮਿੱਠਾਸ ਹੀ ਨਹੀਂ,ਇਹ ਵਿਰੋਧ ਦੀ ਅਵਾਜ਼ ਵੀ ਰਹੀ ਹੈ। ਜਦੋਂ ਅਨਿਆਇ ਵਧਿਆ, ਤਾਂ ਤਿੱਖੇ ਸੁਰ ਵੀ ਪੰਜਾਬੀ ਵਿੱਚ ਉੱਠੇ। ਵਾਰਿਸ ਸ਼ਾਹ ਨੇ ਇਸ਼ਕ ਦੇ ਰੂਪ ਵਿੱਚ ਸਮਾਜ ਦੀਆਂ ਕਰੜੀਆਂ ਸੱਚਾਈਆਂ ਲਿਖੀਆਂ। ਬੁੱਲੇ ਸ਼ਾਹ ਨੇ ਧਰਮ ਦੇ ਨਾਂ ‘ਤੇ ਬਣੀਆਂ ਦਿਵਾਰਾਂ ਨੂੰ ਢਾਹਿਆ।ਸ਼ਿਵ ਕੁਮਾਰ ਬਟਾਲਵੀ ਨੇ ਦਰਦ ਨੂੰ ਐਸਾ ਰੂਪ ਦਿੱਤਾ ਕਿ ਪੰਜਾਬੀ ਦੇ ਹਰ ਅੱਖਰ ਵਿੱਚ ਸਿਸਕੀਆਂ ਸੁਣਾਈ ਦਿੱਤੀਆਂ।ਅੱਜ ਉਹੀ ਪੰਜਾਬੀ ਸਿਰਫ਼ ਚਟਖਾਰੇਦਾਰ ਗੀਤਾਂ ਅਤੇ ਹਲਕੇ-ਫੁਲਕੇ ਮਨੋਰੰਜਨ ਤੱਕ ਸੀਮਿਤ ਕਰ ਦਿੱਤੀ ਗਈ ਹੈ। ਭਾਸ਼ਾ ਦੀ ਰੂਹ ਨਾਲੋਂ ਉਸਦੀ ਮਾਰਕੀਟ ਵੈਲਿਊ ਨੂੰ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਸਭ ਤੋਂ ਵੱਡਾ ਸਵਾਲ ਸਿੱਖਿਆ ਦਾ ਹੈ। ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਨਾਲ ਬੱਚੇ ਦੀ ਸਮਝ ਅਤੇ ਸੋਚ ਦੀ ਬੁਨਿਆਦ ਮਜ਼ਬੂਤ ਹੁੰਦੀ ਹੈ। ਇਹ ਗੱਲ ਵਿਦਵਾਨਾਂ ਨੇ ਮੰਨੀ ਹੈ। ਫਿਰ ਵੀ ਅਸੀਂ ਪੰਜਾਬੀ ਮਾਧਿਅਮ ਨੂੰ ਹੇਠਲਾ ਦਰਜਾ ਦੇ ਕੇ ਅੰਗਰੇਜ਼ੀ ਮਾਧਿਅਮ ਨੂੰ ਉੱਚਤਾ ਦਾ ਪ੍ਰਤੀਕ ਬਣਾਇਆ ਹੋਇਆ ਹੈ।ਇਹ ਮਨੋਵਿਰਤੀ ਸਾਡੀ ਆਪਣੀ ਹੈ। ਅਸੀਂ ਹੀ ਆਪਣੇ ਬੱਚਿਆਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਪੰਜਾਬੀ ਵਿੱਚ ਭਵਿੱਖ ਨਹੀਂ। ਸਹਿਰਾਂ ਵਿੱਚ ਘਰਾਂ ਵਿੱਚ ਪੰਜਾਬੀ ਨੂੰ ਅਸਲੋਂ ਬਾਹਰ ਕੱਢ ਦਿੱਤਾ ਗਿਆ ਹੈ।ਸਹਿਰੀਆਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਣਾ ਲਿਆ ਹੈ।ਫਿਰ ਕਿਵੇਂ ਉਮੀਦ ਕਰੀਏ ਕਿ ਨਵੀਂ ਪੀੜ੍ਹੀ ਪੰਜਾਬੀ ਸਾਹਿਤ ਪੜ੍ਹੇਗੀ, ਗੁਰਮੁਖੀ ਲਿਖੇਗੀ ਜਾਂ ਪੰਜਾਬੀ ਵਿੱਚ ਸੋਚੇਗੀ। ਇਹ ਸੋਸ਼ਲ ਮੀਡੀਆ ਅਤੇ ਤਕਨੀਕ ਦਾ ਸਮਾਂ ਹੈ। ਇੱਥੇ ਵੀ ਜਦੋਂ ਗੁਰਮੁਖੀ ਦੀ ਥਾਂ ਰੋਮਨ ਵਿੱਚ ਪੰਜਾਬੀ ਲਿਖੀ ਜਾ ਰਹੀ ਹੋਵੇ ਫਿਰ ਆਪਣੀ ਲਿਪੀ ਨਾਲ ਨਿਆਂ ਕਿਵੇਂ ਹੋਵੇਗਾ।ਲਿਪੀ ਸਿਰਫ਼ ਲਿਖਤ ਨਹੀਂ, ਸੱਭਿਆਚਾਰਕ ਪਹਿਚਾਣ ਹੁੰਦੀ ਹੈ। ਜੇ ਤਕਨੀਕ ਵਿੱਚ ਪੰਜਾਬੀ ਦੀ ਮਜ਼ਬੂਤ ਮੌਜੂਦਗੀ ਨਹੀਂ ਹੋਵੇਗੀ। ਖੋਜ, ਅਨੁਵਾਦ, ਡਿਜੀਟਲ ਕਿਤਾਬਾਂ ਲਈ ਐਪ,ਵੈਬਸਾਈਟਾਂ ਨਹੀ ਬਣਨਗੀਆਂ ਤਾਂ ਅਗਲਾ ਦਹਾਕਾ ਪੰਜਾਬੀ ਲਈ ਹੋਰ ਵੀ ਮੁਸ਼ਕਲ ਵਾਲਾ ਹੋਵੇਗਾ। ਆਮ ਤੌਰ ਤੇ ਸਾਰਾ ਦੋਸ਼ ਸਰਕਾਰ ਸਿਰ ਮੜ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ। ਬੇਸ਼ੱਕ ਨੀਤੀਆਂ ਦੀ ਕਮੀ ਹੈ, ਲਾਗੂ ਕਰਨ ਵਿੱਚ ਕਮਜ਼ੋਰੀ ਹੈ। ਪਰ ਸੱਚ ਇਹ ਹੈ ਕਿ ਜੇ ਘਰ ਵਿੱਚ ਪੰਜਾਬੀ ਨਹੀਂ ਬੋਲੀ ਜਾਵੇਗੀ, ਤਾਂ ਕਾਨੂੰਨ ਵੀ ਇਸਨੂੰ ਨਹੀਂ ਬਚਾ ਸਕੇਗਾ।ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ। ਲੇਖਕਾਂ ਅਤੇ ਪੱਤਰਕਾਰਾਂ ਨੂੰ ਪੰਜਾਬੀ ਵਿੱਚ ਲਿਖਣ ਨੂੰ ਮਾਣ ਸਮਝਣਾ ਚਾਹੀਦਾ ਹੈ। ਵਪਾਰੀਆਂ ਨੂੰ ਆਪਣੇ ਬੋਰਡਾਂ ‘ਤੇ ਪੰਜਾਬੀ ਲਿਖਣੀ ਚਾਹੀਦੀ ਹੈ। ਨੌਜਵਾਨਾਂ ਨੂੰ ਗੁਰਮੁਖੀ ਲਿਪੀ ਨੂੰ ਅਪਣਾਉਣਾ ਚਾਹੀਦਾ ਹੈ।ਭਾਸ਼ਾ ਸਿਰਫ਼ ਸਰਕਾਰੀ ਹੁਕਮ ਨਾਲ ਨਹੀਂ ਬਚਦੀ; ਇਹ ਜ਼ਮੀਰ ਨਾਲ ਬਚਦੀ ਹੈ।ਹਰ ਸਾਲ 21 ਫ਼ਰਵਰੀ ਆਉਂਦਾ ਹੈ, ਅਸੀਂ ਵਾਅਦੇ ਕਰਦੇ ਹਾਂ, ਫਿਰ ਭੁੱਲ ਜਾਂਦੇ ਹਾਂ। ਇਹ ਦਿਨ ਸਾਨੂੰ ਸ਼ਰਮਿੰਦਾ ਕਰਨ ਲਈ ਕਾਫ਼ੀ ਹੈ ਕਿ ਅਸੀਂ ਆਪਣੀ ਮਾਂ-ਬੋਲੀ ਨੂੰ ਉਹ ਮਾਣ ਨਹੀਂ ਦਿੱਤਾ ਜਿਸਦੀ ਉਹ ਹੱਕਦਾਰ ਹੈ। ਜੇ ਅਸੀਂ ਸੱਚਮੁੱਚ ਪੰਜਾਬੀ ਨਾਲ ਪਿਆਰ ਕਰਦੇ ਹਾਂ, ਤਾਂ ਇਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ। ਦਫ਼ਤਰ ਵਿੱਚ, ਸਕੂਲ ਵਿੱਚ, ਮੰਚ ‘ਤੇ,ਗੱਲ ਕੀ ਹਰ ਥਾਂ ਪੰਜਾਬੀ ਬੋਲਣ ਦਾ ਹੌਸਲਾ ਕਰਨਾ ਪਵੇਗਾ।ਬੱਚਿਆਂ ਨੂੰ ਪੰਜਾਬੀ ਕਿਤਾਬਾਂ ਤੋਹਫ਼ੇ ਵਿੱਚ ਦੇਣ ਦੀ ਆਦਤ ਪਾਉਣੀ ਹੋਵੇਗੀ।। ਪੰਜਾਬੀ ਸਾਹਿਤਕ ਸਮਾਗਮਾਂ ਨੂੰ ਸਹਿਯੋਗ ਕਰਨ ਦੀ ਲੋੜ ਹੈ।। ਜੇ ਪੰਜਾਬੀ ਕਮਜ਼ੋਰ ਹੋਵੇਗੀ ਤਾਂ ਸਾਡੀ ਪਹਿਚਾਣ ਵੀ ਕਮਜ਼ੋਰ ਪਵੇਗੀ।ਇਸ ਲਈ ਮਾਤ ਭਾਸ਼ਾ ਦਿਵਸ ‘ਤੇ ਪੰਜਾਬੀ ਨੂੰ ਹੱਕ, ਮਾਣ ਅਤੇ ਅਮਲ ਵਿੱਚ ਥਾਂ ਦੇਣ ਦੇ ਉਪਰਾਲੇ ਹੋਣੇ ਚਾਹੀਦੇ ਹਨ।।ਕਿਉਂਕਿ ਜਦੋਂ ਮਾਂ-ਬੋਲੀ ਮਜ਼ਬੂਤ ਹੁੰਦੀ ਹੈ, ਤਾਂ ਕੌਮ ਵੀ ਸਿਰ ਉੱਚਾ ਕਰਕੇ ਖੜੀ ਹੁੰਦੀ ਹੈ।
ਪੰਜਾਬੀ ਭਾਸ਼ਾ ਦੀ ਮਜ਼ਬੂਤੀ ਸਿਰਫ਼ ਕਾਗ਼ਜ਼ੀ ਨਾਰਿਆਂ ਨਾਲ ਨਹੀਂ ਹੁੰਦੀ,ਇਹ ਲੋਕਾਂ ਦੇ ਵਰਤਾਰਿਆਂ ਨਾਲ ਹੋਵੇਗੀ।ਜਦੋਂ ਮਾਂ ਆਪਣੇ ਬੱਚੇ ਨਾਲ ਪਹਿਲਾ ਸ਼ਬਦ ਪੰਜਾਬੀ ਵਿੱਚ ਬੋਲਦੀ ਹੈ, ਉਥੇ ਹੀ ਕੌਮ ਦੀ ਜੜ ਮਜ਼ਬੂਤ ਹੁੰਦੀ ਹੈ। ਜਦੋਂ ਅਧਿਆਪਕ ਕਲਾਸਰੂਮ ਵਿੱਚ ਪੰਜਾਬੀ ਨੂੰ ਮਾਣ ਦੇਂਦਾ ਹੈ, ਉਥੇ ਭਵਿੱਖ ਦੀ ਨੀਹ ਟਿਕਦੀ ਹੈ। ਪਰ ਜੇ ਅਸੀਂ ਆਪ ਹੀ ਆਪਣੀ ਮਾਂ-ਬੋਲੀ ਤੋਂ ਕਤਰਾਉਣ ਲੱਗ ਪਈਏ, ਤਾਂ ਫਿਰ ਕਿਸੇ ਹੋਰ ਤੋਂ ਕੀ ਉਮੀਦ ਰੱਖ ਸਕਾਂਗੇ। ਪੰਜਾਬੀ ਸਿਰਫ਼ ਬੋਲੀ ਨਹੀਂ, ਇਹ ਸਾਡੀ ਰੂਹ ਦੀ ਆਵਾਜ਼ ਹੈ। ਇਹੋ ਭਾਸ਼ਾ ਹੈ ਜਿਸ ਵਿੱਚ ਆਦਿ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦਾ ਅਮਰ ਸਨੇਹਾ ਉਚਾਰਿਆ ਗਿਆ, ਜਿਸ ਵਿੱਚ ਗੁਰੂਆਂ, ਭਗਤਾਂ ਅਤੇ ਫਕੀਰਾਂ ਦੀ ਬਾਣੀ ਰਾਹੀਂ ਮਨੁੱਖਤਾ ਨੂੰ ਰਾਹ ਦਿਖਾਇਆ ਗਿਆ। ਇਹੋ ਭਾਸ਼ਾ ਹੈ ਜਿਸ ਵਿੱਚ ਵਾਰਿਸ ਸ਼ਾਹ ਨੇ “ਹੀਰ” ਰਚ ਕੇ ਪੰਜਾਬ ਦੇ ਦਰਦ ਨੂੰ ਕਲਮ ਦਿੱਤੀ। ਜੇ ਅਸੀਂ ਇਸ ਭਾਸ਼ਾ ਨੂੰ ਕਮਜ਼ੋਰ ਹੋਣ ਦਿੰਦੇ ਹਾਂ, ਤਾਂ ਅਸੀਂ ਆਪਣੀ ਇਤਿਹਾਸਕ ਯਾਦਾਸ਼ਤ ਨੂੰ ਖੋਖਲਾ ਕਰਦੇ ਹਾਂ।ਅੱਜ ਸਭ ਤੋਂ ਵੱਡੀ ਲੋੜ ਇਹ ਹੈ ਕਿ ਪੰਜਾਬੀ ਨੂੰ ਘਰ, ਸਕੂਲ, ਦਫ਼ਤਰ ਅਤੇ ਡਿਜ਼ਿਟਲ ਮੰਚਾਂ ‘ਤੇ ਬਰਾਬਰ ਦਾ ਦਰਜਾ ਦੇਣ ਦੇ ਉਪਰਾਲੇ ਕੀਤੇ ਜਾਣ। ਮਾਪੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਜ਼ਰੂਰ ਸਿਖਾਉਣ, ਪਰ ਇਹ ਮਾਂ ਬੋਲੀ ਦੀ ਕੁਰਬਾਨੀ ਦੇ ਕੇ ਨਹੀਂ ਹੋਣਾ ਚਾਹੀਦਾ। ਵੱਧ ਭਾਸ਼ਾਵਾਂ ਜਾਣਣਾ ਤਾਕਤ ਹੈ, ਪਰ ਆਪਣੀ ਭਾਸ਼ਾ ਭੁੱਲ ਜਾਣਾ ਕਮਜ਼ੋਰੀ ਹੈ। ਜਿਹੜਾ ਬੱਚਾ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਸਮਝਦਾ ਹੈ, ਉਹੀ ਦੁਨੀਆ ਵਿੱਚ ਡੱਟ ਕੇ ਖੜ੍ਹ ਸਕਦਾ ਹੈ।ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਨੂੰ ਪ੍ਰਸ਼ਾਸਨਿਕ ਅਤੇ ਨਿਆਂਕਾਰੀ ਪੱਧਰ ‘ਤੇ ਲਾਗੂ ਕਰਨ ਵਿੱਚ ਸਿਰਫ਼ ਕਾਗ਼ਜ਼ੀ ਹੁਕਮ ਨਾ ਜਾਰੀ ਕਰਨ, ਸਗੋਂ ਅਮਲ ਵੀ ਕਰਵਾਉਣ। ਅਦਾਲਤਾਂ ਅਤੇ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ। ਮੀਡੀਆ ਅਤੇ ਸਾਹਿਤਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸੋਸ਼ਲ ਮੀਡੀਆ ‘ਤੇ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਣਾ ਆਸਾਨ ਹੈ, ਪਰ ਗੁਰਮੁਖੀ ਦੀ ਸੁੰਦਰਤਾ ਅਤੇ ਵਿਗਿਆਨਿਕਤਾ ਨੂੰ ਜਿੰਦਾ ਰੱਖਣਾ ਹੋਰ ਵੀ ਜ਼ਰੂਰੀ ਹੈ। ਜੇ ਲਿਪੀ ਕਮਜ਼ੋਰ ਹੋ ਗਈ, ਤਾਂ ਭਾਸ਼ਾ ਦੀ ਰੂਹ ਵੀ ਜ਼ਖ਼ਮੀ ਹੋ ਜਾਏਗੀ।ਪੰਜਾਬੀ ਦੀ ਮਜ਼ਬੂਤੀ ਲਈ ਸਿਰਫ਼ ਸਮਾਗਮ ਹੀ ਨਹੀਂ, ਬਲਕਿ ਸੰਕਲਪ ਹੋਣਾ ਚਾਹੀਦਾ ਹੈ। ਹਰ ਘਰ ਵਿੱਚ ਇਹ ਨਿਯਮ ਬਣੇ,ਰੋਜ਼ਾਨਾ ਪੰਜਾਬੀ ਪੜ੍ਹੀ ਜਾਵੇ, ਲਿਖੀ ਜਾਵੇ, ਸੁਣੀ ਜਾਵੇ। ਬੱਚਿਆਂ ਨੂੰ ਪੰਜਾਬੀ ਕਿਤਾਬਾਂ ਤੋਹਫ਼ੇ ਵਿੱਚ ਦਿੱਤੀਆਂ ਜਾਣ। ਕਵਿਤਾ-ਗੋਸ਼ਟੀਆਂ, ਨਾਟਕ ਅਤੇ ਵਿਚਾਰ ਚਰਚਾਵਾਂ ਰਾਹੀਂ ਭਾਸ਼ਾ ਨੂੰ ਤਕੜਾ ਰੱਖਿਆ ਜਾਵੇ। ਅਸਲ ਵਿੱਚ ਭਾਸ਼ਾ ਦੀ ਲੜਾਈ ਕਿਸੇ ਹੋਰ ਨਾਲ ਨਹੀਂ, ਆਪਣੇ ਆਪ ਨਾਲ ਹੈ। ਜਦੋਂ ਅਸੀਂ ਇਹ ਮੰਨ ਲਵਾਂਗੇ ਕਿ ਪੰਜਾਬੀ ਸਾਡੀ ਪਹਿਚਾਣ ਹੈ, ਸਾਡਾ ਮਾਣ ਹੈ, ਸਾਡਾ ਸਵੈਮਾਣ ਹੈ,ਉਸ ਦਿਨ ਪੰਜਾਬੀ ਭਾਸ਼ਾ ਆਪਣੇ ਆਪ ਮਜ਼ਬੂਤ ਹੋ ਜਾਵੇਗੀ। ਭਾਸ਼ਾ ਨੂੰ ਬਚਾਉਣਾ ਕੋਈ ਅਹਿਸਾਨ ਨਹੀਂ, ਇਹ ਆਪਣੀ ਵਿਰਾਸਤ ਦੀ ਰਖਿਆ ਦੀ ਜਿੰਮੇਵਾਰੀ ਹੈ।
ਬਘੇਲ ਸਿੰਘ ਧਾਲੀਵਾਲ
99142-58142