
ਅੱਜ 28 ਫਰਵਰੀ ਬਰਸੀ ਤੇ ਬੰਦੂਕ ਤੋਂ ਬਿਰਖ ਵੱਲ ਮੁੜਿਆ ਕਾਮਰੇਡ ਗੁਰਦਿਆਲ ਸਿੰਘ ਸ਼ੀਤਲ- ਬਘੇਲ ਸਿੰਘ ਧਾਲੀਵਾਲ
ਕਾਮਰੇਡ ਗੁਰਦਿਆਲ ਸਿੰਘ ਸ਼ੀਤਲ (ਗੁਰਦਿਆਲ ਸ਼ੇਰਪੁਰੀਆ) ਪੱਚੀ ਸਾਲ ਦੀ ਉਮਰ ਚ (2 ਫ਼ਰਵਰੀ 1969) ਨੂੰ ਇਨਕਲਾਬ ਦੀ ਭਾਲ ਵਿੱਚਘਰੋ ਨਿਕਲ ਤੁਰਿਆ।ਉਹ ਖੂੰਖਾਰ ਨਕਸਲਵਾੜੀਆ ਬਣਕੇ ਮੌਤ ਨਾਲ ਅੱਖ ਮਟੱਕੇ ਕਰਦਾ ਰਿਹਾ।ਇਸ ਸਮੇ ਦੌਰਾਨ ਪੁਲਿਸ ਕਾਮਰੇਡ ਨੂੰ ਹੀ ਨਹੀ ਲੱਭਦੀ ਨਹੀ ਰਹੀ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਪੁਲਿਸ ਤਸ਼ਦੱਦ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ।ਕਾਮਰੇਡ ਸ਼ੀਤਲ ਦੇ ਵੱਡੇ ਭਰਾ ਜੰਗੀਰ ਸਿੰਘ ਨੂੰ ਤਸ਼ਦੱਦ ਕਰਨ ਤੋ ਬਾਅਦ ਪੁਲਿਸ ਨੇ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਪਰੋ ਗੋਲ਼ੀਆਂ ਮਾਰੀਆਂ ਗਈਆਂ।ਪਰ ਜਿਸ ਨੂੰ ਪਰਮਾਤਮਾ ਨੇ ਰੱਖਣਾ ਹੋਵੇ ਉਹਨੂੰ ਕੌਣ ਮਾਰ ਸਕਦਾ ਹੈ,ਸੋ ਜਗੀਰ ਸਿੰਘ ਕੁੱਝ ਸਮੇ ਬਾਅਦ ਕਿਵੇਂ ਨਾ ਕਿਵੇਂ ਨਹਿਰ ਵਿੱਚ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ,ਪਰੰਤੂ ਦੱਸਿਆ ਜਾਂਦਾ ਹੈ ਕਿ ਉਸੇ ਦਿਨ ਕਾਮਰੇਡ ਦੇ ਸਕੇ ਭਣੋਈਏ ਨੂੰ ਪਿੰਡ ਭਲਵਾਨ ( ਸੰਗਰੂਰ) ਤੋ ਚੁੱਕ ਕੇ ਪੁਲਿਸ ਨੇ ਖਪਾ ਦਿੱਤਾ,ਜਿਸਦੀ ਮੁੜ ਕੇ ਕੋਈ ਉੱਘ ਸੁੱਘ ਹੀ ਨਹੀ ਮਿਲ ਸਕੀ। ਕਾਮਰੇਡ ਸ਼ੀਤਲ ਦਾ ਘਰ ਘਾਟ ਫੂਕ ਦਿੱਤਾ,ਪਰ ਕਾਮਰੇਡ ਗੁਰਦਿਆਲ ਸਿੰਘ ਨੇ ਨਾ ਹੀ ਹੌਸਲਾ ਹਾਰਿਆ ਅਤੇ ਨਾ ਹੀ ਪਿੱਛੇ ਮੁੜਨ ਦਾ ਕੋਈ ਵਿਚਾਰ ਮਨ ਵਿੱਚ ਲੈ ਕੇ ਹੀ ਆਂਦਾ।ਉਹਨਾਂ ਦਿਨਾਂ ਵਿੱਚ ਪੁਲਿਸ ਦੇ ਇਸ ਦਿਲ ਕੰਬਾਊ ਵਰਤਾਰੇ ਦੇ ਵਿਰੋਧ ਵਿੱਚ ਨਵਾਂ ਜਮਾਨਾ ਅਖਬਾਰ ਨੇ ਕਾਲਮ ਵੀ ਲਿਖੇ। ਪਰੰਤੂ ਇਹ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਉਹ ਦੇ ਰੂਪੋਸ ਜਿੰਦਗੀ ਤੋ ਬਾਅਦ ਦੇ ਮਨੁੱਖਤਾਵਾਦੀ ਕੰਮਾਂ ਨੂੰ ਅਖਵਾਰਾਂ ਨੇ ਕੋਈ ਮਹੱਤਵ ਨਹੀ ਦਿੱਤਾ। 22 ਸਾਲ ਰੂਪੋਸ ਰਹਿ ਕੇ ਹਥਿਆਰਬੰਦ ਸੰਘਰਸ਼ ਲੜਨ ਤੋ ਬਾਅਦ 21 ਮਾਰਚ 1991 ਨੂੰ ਇਲਾਕੇ ਦੇ 21 ਪਿੰਡਾਂ ਦੀਆਂ ਪੰਚਾਇਤਾ ਨੇ ਗੁਰਦਿਆਲ ਸਿੰਘ ਨੂੰ ਪੰਜਾਬ ਦੇ ਤਤਕਾਲੀ ਰਾਜਪਾਲ ਓ ਪੀ ਮਲਹੋਤਰਾ ਕੋਲ ਪੇਸ ਕੀਤਾ ਜਿਸ ਨੇ ਕਾਮਰੇਡ ਸੀਤਲ ਨੂੰ ਆਮ ਮੁਆਫੀ ਦੇ ਦਿੱਤੀ) ਗੁਰਦਿਆਲ ਸਿੰਘ ਸ਼ੀਤਲ ਇੱਕ ਅਜਿਹਾ ਕਾਮਰੇਡ ਸੀ ਜਿਸਨੇ ਬੰਦੂਕ ਫੜਕੇ ਵੀ ਸ਼ਿੱਦਤ ਨਾਲ ਦਹਾਕਿਆਂ ਬੱਧੀ ਇਨਕਲਾਬ ਦੀ ਲੜਾਈ ਲੜੀ ਅਤੇ ਜਦੋਂ ਫਿਰ ਆਮ ਮੁਆਫੀ ਮਿਲਣ ਤੋਂ ਬਾਅਦ ਆਪਣੇ ਪਿੰਡ ਸ਼ੇਰਪੁਰ ਪਹੁੰਚਿਆ,ਫਿਰ ਵੀ ਘਰ ਵਿੱਚ ਜਾ ਕੇ ਅਰਾਮ ਦੀ ਜਿੰਦਗੀ ਜਿਉਣ ਨੂੰ ਤਰਜੀਹ ਨਹੀ ਦਿੱਤੀ,ਬਲਕਿ ਫਿਰ ਉਹ ਦੂਸਿਤ ਹੋ ਚੁੱਕੇ ਵਾਤਾਵਰਣ,ਗੰਧਲ਼ੇ ਹੋ ਚੁੱਕੇ ਪਾਣੀ ਅਤੇ ਜਹਿਰੀਲੀ ਹੋ ਚੁੱਕੀ ਪੰਜਾਬ ਦੀ ਜਰਖੇਜ਼ ਮਿੱਟੀ ਨੂੰ ਬਚਾਉਣ ਲਈ ਦੁਵਾਰਾ ਫਿਰ ਤੋਂ ਇੱਕ ਨਵੇਂ ਇਨਕਲਾਬ ਦੇ ਰਾਹ ਪੈ ਗਿਆ।ਉਹ ਅਜਿਹਾ ਇਨਕਲਾਬ,ਜਿਸਨੇ ਇੱਕ ਬੰਦੂਕਧਾਰੀ ਲੜਾਕੂ ਨੂੰ ਫਕੀ੍ਰ ਬਣਾ ਦਿੱਤਾ। ਉਹ ਲੋਕਾਂ ਦਾ ਜਾਇਆ ਬਦੂੰਕ ਧਰ ਕੇ ਬਿਰਖਾਂ(ਬਨਸਪਤੀ) ਦਾ ਰਾਖਾ ਬਣ ਗਿਆ।ਜਿੱਥੇ ਕਿਤੇ ਪਤਾ ਲੱਗਦਾ ਕਿ ਕਾਰਪੋਰੇਟ ਜਗਤ ਵੱਲੋਂ ਪੇਡ ਪੌਦੇ ਵੱਢ ਕੇ ਕਲੌਨੀਆਂ ਉਸਾਰੀਆਂ ਜਾ ਰਹੀਆਂ ਹਨ,ਉਹਨਾਂ ਨੂੰ ਕੋਰਟ ਕਚਿਹਰੀਆਂ ਦੇ ਅਜਿਹੇ ਚੱਕਰਾਂ ਵਿੱਚ ਪਾ ਦਿੰਦਾ ਕਿ ਵੱਡੇ ਵੱਡੇ ਕਲੋਨਾਇਜਰ ਕਾਮਰੇਡ ਸ਼ੀਤਲ ਤੋ ਸੱਪ ਵਾਂਗੂ ਡਰਨ ਲੱਗ ਪਏ। ਉਹ ਵਾਤਾਵਰਣ ਲਈ ਕੰਮ ਕਰਦੀ ਸੰਸਥਾ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦਾ ਸਰਗਰਮ ਕਾਰਕੁਨ ਬਣ ਗਿਆ।ਇਸ ਰਸਤੇ ਨੂੰ ਉਹਨੇ ਆਪਣੀ ਜਿੰਦਗੀ ਦਾ ਮਕਸਦ ਬਣਾ ਲਿਆ।ਉਹਦੀ ਬਨਸਪਤੀ ਨਾਲ ਸਾਂਝ ਐਨੀ ਗੂਹੜੀ ਹੋ ਗਈ ਕਿ ਉਹ ਕਦੋ ਖੂੰਖਾਰ ਨਕਸਲੀਏ ਤੋ ਪ੍ਰਸਿੱਧ ਵਾਤਾਵਰਣ ਪਰੇਮੀ ਬਣ ਗਿਆ ਪਤਾ ਹੀ ਨਹੀ ਲੱਗਿਆ।। ਉਹ ਆਪਣੇ ਆਖ਼ਰੀ ਸਾਹ ਤੱਕ ਸਮਰਪਣ ਤੋਂ ਨਹੀ ਡੋਲਿਆ। ਪਿੰਡ ਸੇਰਪੁਰ ਦੀ ਮਿੱਟੀ ਵਿੱਚ ਜਨਮੇ ਗੁਰਦਿਆਲ ਸਿੰਘ ਸ਼ੀਤਲ ਉਹਨਾਂ ਗਿਣੇ-ਚੁਣੇ ਮਨੁੱਖਾਂ ’ਚੋਂ ਸਨ ਜੋ ਜਿੰਦਗੀ ਨੂੰ ਆਪਣੇ ਲਈ ਨਹੀਂ,ਬਲਕਿ ਲੋਕਾਂ ਲਈ ਜੀਉਂਦੇ ਹਨ। ਉਹ ਮੁੱਛਫੁੱਟ ਉਮਰ ਵਿੱਚ ਘਰੋਂ ਨਿਕਲੇ ਸਨ , ਉਸ ਵੇਲੇ ਜਦੋਂ ਬਹੁਤੇ ਨੌਜਵਾਨ ਆਪਣੇ ਉਜਲੇ ਭਵਿੱਖ ਦੇ ਸੁਪਨੇ ਬੁਣਦੇ ਹਨ, ਉਹਨਾਂ ਨੇ ਆਪਣੇ ਸੁਪਨੇ ਸਮਾਜ ਨੂੰ ਸਮਰਪਿਤ ਕਰ ਦਿੱਤੇ।ਉਹ ਸਮਾਂ ਨਕਸਲਬਾੜੀ ਲਹਿਰ ਦਾ ਸੀ, ਇੱਕ ਅਜਿਹੀ ਲਹਿਰ ਜਿਸ ਨੇ ਸਰਮਾਏਦਾਰੀ ਨਿਜ਼ਾਮ ਨੂੰ ਬਿਪਤਾ ਪਾ ਦਿੱਤੀ। ਉਹਨਾਂ ਨੇ ਸੱਤਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਸੀ। ਉਸ ਸਮੇ ਗੁਰਦਿਆਲ ਸਿੰਘ ਸ਼ੀਤਲ “ਮਾਸਟਰ ਸੋਹਣ” ਦੇ ਨਾਮ ਨਾਲ ਜਾਣੇ ਜਾਂਦੇ ਸਨ। ਹੱਥ ਵਿੱਚ ਬੰਦੂਕ ਸੀ, ਪਰ ਮਨ ਵਿੱਚ ਨਫ਼ਰਤ ਨਹੀਂ, ਸਿਰਫ਼ ਬਰਾਬਰੀ ਦਾ ਸੁਪਨਾ ਸੀ। ਉਹਨਾਂ ਵੱਲੋਂ ਬੰਦੂਕ ਕਿਸੇ ਸ਼ੌਂਕ ਲਈ ਨਹੀਂ ਫੜੀ ਗਈ ਸੀ,ਬਲਕਿ ਬੰਦੂਕ ਮਜਬੂਰੀ ਦੀ ਪੈਦਾਵਾਰ ਸੀ।ਲਗਭਗ ਵੀਹ ਸਾਲ ਤੋਂ ਵੱਧ ਸਮਾਂ ਕਾਮਰੇਡ ਸ਼ੀਤਲ ਰੂਪੋਸ ਰਹੇ। ਕੜਾਕੇ ਦੀ ਠੰਡ ਅਤੇ ਰਾਤਾਂ ਦੇ ਹਨੇਰਿਆਂ ਚ ਹਰ ਪਲ ਮੌਤ ਨਾਲ ਅੱਖ ਮਟੱਕੇ ਲਾਉਣਾ, ਇਹ ਸਭ ਕੁਝ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ। ਉਹ ਆਪਣੀ ਚੜਦੀ ਜੁਆਨੀ ਲਹਿਰ ਦੇ ਲੇਖੇ ਲਾ ਗਏ ਤੇ ਆਖਰੀ ਉਮਰ ਵਾਤਾਵਰਣ ਦੀ ਸੰਭਾਲ ਵਿੱਚ ਲਾ ਗਏ।ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੰਨਾ ਕੁਝ ਗਵਾ ਕੇ ਵੀ ਉਹਨਾਂ ਦੇ ਮਨ ਵਿੱਚ ਨਿਰਾਸ਼ਾ ਨੇ ਜਨਮ ਨਹੀ ਸੀ ਲਿਆ। 1991 ਵਿੱਚ ਜਦੋਂ ਉਹ ਰੂਪੋਸ ਜੀਵਨ ਤੋਂ ਬਾਹਰ ਆਏ, ਤਾਂ ਉਹ ਕੋਈ ਟੁੱਟਿਆ ਅਤੇ ਹਾਰਿਆ ਹੋਇਆ ਮਨੁੱਖ ਨਹੀਂ ਬਲਕਿ ਦੁੱਧ ਚਿੱਟੀ ਦਾਹੜੀ ਅਤੇ ਦੁੱਧ ਚਿੱਟੇ ਕਿਰਦਾਰ ਚ ਚੜਦੀ ਕਲਾ ਵਾਲਾ ਬਾਬਾ ਸ਼ੀਤਲ ਬਣ ਕੇ ਗਏ ਸਨ। ਇਹ ਖਾਸ ਜਿਕਰਯੋਗ ਹੈ ਕਿ ਉਹਨਾਂ ਨੇ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਦੀ ਛਾਂ ਲੈ ਕੇ ਆਪਣੀ ਕੁਰਬਾਨੀ ਦਾ ਮੁੱਲ ਨਹੀਂ ਮੰਗਿਆ। ਨਾ ਹੀ ਕਿਸੇ ਸੱਤਾ ਦੇ ਦਰਵਾਜ਼ੇ ’ਤੇ ਜਾ ਕੇ ਆਪਣਾ ਕਿਰਦਾਰ ਵੇਚਿਆ।ਉਹਨਾਂ ਨੇ ਬੰਦੂਕ ਛੱਡੀ, ਪਰ ਸੰਘਰਸ਼ ਨਹੀਂ ਛੱਡਿਆ। ਬਾਈ ਸ਼ੀਤਲ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਨਵਾਂ ਮੋਰਚਾ ਵਾਤਾਵਰਣ ਦੀ ਰੱਖਿਆ ਲਈ ਵਿੱਢ ਦਿੱਤਾ,ਜਿਹੜਾ ਤਾਅ ਉਮਰ ਚੱਲਦਾ ਰਿਹਾ।ਬੰਦੂਕ ਦੀ ਥਾਂ ਬਿਰਖ, ਗੋਲੀ ਦੀ ਥਾਂ ਬੀਜ ਅਤੇ ਨਾਅਰਿਆਂ ਦੀ ਥਾਂ ਨਿਰ ਸੁਆਰਥ ਮਿਹਨਤ ਨੇ ਲੈ ਲਈ। 1991 ਤੋਂ ਲੈ ਕੇ ਆਪਣੇ ਆਖ਼ਰੀ ਸਾਹ ਤੱਕ, ਕਾਮਰੇਡ ਸ਼ੀਤਲ ਬਨਸਪਤੀ ਬਚਾਉਣ ਲਈ ਦਿਨ-ਰਾਤ ਇੱਕ ਕਰਕੇ ਲੜਦਾ ਰਿਹਾ। ਉਹ ਵਾਤਾਵਰਣ ਸੰਬੰਧੀ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਹਿੱਸਾ ਬਣਿਆ,ਸ਼ੋਸ਼ਲ ਮੀਡੀਏ ਨੂੰ ਆਪਣੇ ਮਿਸ਼ਨ ਲਈ ਵਰਤਣ ਦਾ ਉਹਨੂੰ ਪੂਰਾ ਬਲ ਆ ਗਿਆ ਸੀ,ਪਰ ਕਦੇ ਵੱਡਾ ਨਾਮ ਜਾਂ ਮਸਹੂਰ ਹੋਣ ਦੀ ਲਾਲਸਾ ਸੀਤਲ ਦੇ ਮਨ ਵਿੱਚ ਨਹੀਂ ਦੇਖੀ।ਉਹ ਮਿੱਟੀ ਨਾਲ ਜੁੜਿਆ ਮਿੱਟੀ ਦਾ ਬੀਬਾ ਪੁੱਤ ਪਿੰਡ ਸੇਰਪੁਰ ਵਿਖੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਬੰਧ ਹੇਠਲੇ ਗੁਰਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਜਮੀਨ ਵਿੱਚ ਖੁਦ ਨਰਸਰੀ ਤਿਆਰ ਕਰਦਾ ਅਤੇ ਲੋਕਾਂ ਵਿੱਚ ਮੁਫਤ ਵੰਡਦਾ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੀਤਲ ਨੇ ਨਰਸਰੀ ਤਿਆਰ ਕਰਨ ਦਾ ਕਾਰਜ ਪਹਿਲਾਂ ਸਹਿਰ ਦੇ ਇੱਕ ਸਮਸ਼ਾਨ ਘਾਟ ਵਿੱਚ ਸ਼ੁਰੂ ਕੀਤਾ ਸੀ,ਪਰ ਕੁੱਝ ਸਮੇ ਬਾਅਦ ਹੀ ਕਾਮਰੇਡ ਸੀਤਲ ਨਾਲ ਈਰਖਾ ਕਰਨ ਵਾਲੇ ਲੋਕਾਂ ਨੇ ਸਹਿਰੀਆਂ ਤੋ ਉਸ ਦਾ ਵਿਰੋਧ ਕਰਵਾ ਦਿੱਤਾ ਅਤੇ ਉਹ ਚੁੱਪ ਚਾਪ ਉੱਥੋ ਨਰਸਰੀ ਛੱਡ ਕੇ ਆ ਗਿਆ।ਜਦੋ ਇਸ ਘਟਨਾ ਦਾ ਇਲਾਕੇ ਦੇ ਸਰੋਮਣੀ ਕਮੇਟੀ ਮੈਂਬਰ ਸਵਰਗੀ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੁਰਦਿਆਲ ਸਿੰਘ ਸ਼ੀਤਲ ਨੂੰ ਉਪਰੋਕਤ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਨਰਸਰੀ ਤਿਆਰ ਕਰਨ ਦੀ ਪੇਸਕਸ਼ ਕੀਤੀ, ਜਿਸਨੂੰ ਕਾਮਰੇਡ ਸੀਤਲ ਨੇ ਤੁਰੰਤ ਸਵੀਕਾਰ ਕਰ ਲਿਆ ਅਤੇ,ਉਹ ਆਖਰੀ ਸਾਹ ਤੱਕ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਹੀ ਨਰਸਰੀ ਤਿਆਰ ਕਰਦਾ ਰਿਹਾ।ਉਹਨਾਂ ਦਾ ਇਹ ਕਾਰਜ ਕੋਈ ਧੰਦਾ ਨਹੀਂ ਸੀ, ਉਹ ਕੋਈ ਫੰਡ ਵੀ ਨਹੀਂ ਸਨ ਮੰਗਦੇ,ਬਲਕਿ ਨਿਰ ਸੁਆਰਥ ਲੋਕ ਸੇਵਾ ਉਹਨਾਂ ਦਾ ਨਿੱਤਨੇਮ ਬਣ ਗਈ।ਉਹ ਜਦੋ ਸਮਾ ਮਿਲਦਾ ਸਕੂਲਾਂ ਵਿੱਚ ਜਾਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਬੰਧੀ ਜਾਗਰੂਕ ਕਰਦੇ। ਹੁਣ ਉਹ ਕਾਰਲ ਮਾਰਕਸ,ਕਾਮਰੇਡ ਜਾਂ ਕਾਮਰੇਡ ਲੈਨਿਨ ਦੀ ਗੱਲ ਨਹੀ ਸਨ ਕਰਦੇ ਬਲਕਿ ਹੁਣ ਉਹ ਬਾਬੇ ਨਾਨਕ ਸਾਹਿਬ ਦੀ ਮਨੁੱਖਤਾਵਾਦੀ ਵਿਚਾਰਧਾਰਾ ਦੀ ਗੱਲ ਕਰਦੇ ਸਨ।ਉਹਨਾਂ ਨੇ ਗੁਰਬਾਣੀ ਦੇ ਬ੍ਰਹਿਮੰਡੀ ਵਿਚਾਰ :- “ਪਹਿਲਾ ਪਾਣੀ ਜੀਉ ਹੈ” ਅਤੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ||” ਨੂੰ ਅਮਲੀ ਰੂਪ ਚ ਆਪਣੇ ਜੀਵਨ ਚ ਲਾਗੂ ਕੀਤਾ।ਗੁਰਦਿਆਲ ਸਿੰਘ ਸ਼ੀਤਲ ਇੱਕ ਸਮਾਜ ਸੇਵੀ ਮਨੁੱਖ ਹੀ ਨਹੀ,ਬਲਕਿ ਉਹ ਬਿਨਾਂ ਬੋਰਡ, ਬਿਨਾਂ ਦਫ਼ਤਰ, ਬਿਨਾਂ ਇਸ਼ਤਿਹਾਰ ਵਾਜੀ ਤੋਂ,ਕੁਦਰਤ ਨੂੰ ਪਰਨਾਈ ਇੱਕ ਤੁਰਦੀ-ਫਿਰਦੀ ਕਾਮਯਾਬ ਸੰਸਥਾ ਸਨ। ਉਹ ਲੋਕਾਂ ਦੀ ਤੰਦਰੁਸਤੀ ਲਈ ਸਮਾਜ ਦੁਸ਼ਮਣ ਤਾਕਤਾਂ ਨਾਲ ਲੜਦਾ ਲੜਦਾ ਆਪਣੀ ਜਿੰਦਗੀ ਦੀ ਜੰਗ ਉਸ ਨਾਮੁਰਾਦ ਬਿਮਾਰੀ ਹੱਥੋਂ ਹਾਰ ਗਿਆ,ਜਿਹੜੀ ਮੁਨਾਫੇ ਖੋਰ ਸਿਸਟਮ ਨੇ ਸਮਾਜ ਨੂੰ ਰੋਗੀ ਬਣਾਉਣ ਲਈ ਪੈਦਾ ਕੀਤੀ ਹੈ। ਇਹ ਨਾਮੁਰਾਦ ਬਿਮਾਰੀ ਚੁੱਪਚਾਪ ਉਸ ਫਕੀਰ ਇਨਕਲਾਬੀ ਦੇ ਸਰੀਰ ਵਿੱਚ ਵੜ ਕੇ ਅੰਦਰੇ ਅੰਦਰ ਖਾਣ ਲੱਗ ਪਈ। ਉਹ ਸਾਰਾ ਕੁੱਝ ਜਾਣਦਾ ਹੋਇਆਂ ਇਸ ਬਿਮਾਰੀ ਤੋ ਲਾਪਰਵਾਹ ਹੋਕੇ ਆਪਣੇ ਮਿਸ਼ਨ ਵਿੱਚ ਲੱਗਿਆ ਰਿਹਾ।ਸਿਹਤ ਤਿਲ ਤਿਲ ਕਰਕੇ ਖੁਰਦੀ ਗਈ,ਦੋਸਤਾਂ ਮਿੱਤਰਾਂ ਨੇ ਫਿਕਰਮੰਦੀ ਵੀ ਜਾਹਰ ਕਰਨੀ,ਪਰ ਕਾਮਰੇਡ ਬਗੈਰ ਸਰੀਰ ਦੀ ਪ੍ਰਵਾਹ ਕੀਤਿਆਂ ਨਿਰੰਤਰ ਆਪਣੀ ਚਾਲੇ ਚੱਲਦਾ ਰਿਹਾ,ਜਿਵੇਂ ਕੁੱਝ ਹੋਇਆਂ ਹੀ ਨਾ ਹੋਵੇ। ਆਖਿਰ ਕਾਰ ਕਾਮਰੇਡ ਸ਼ੀਤਲ ਨੂੰ ਬਿਮਾਰੀ ਨੇ ਢਾਹ ਲਿਆ,ਪਰ ਕਿੰਨੀ ਦਿਲਚਸਪ ਹੈ ਇਹ ਘਟਨਾ ਕਿ ਉਹ ਮੌਤ ਦੇ ਮੰਜੇ ਤੇ ਪਿਆ ਵੀ ਆਪਣੇ ਮਿਸ਼ਨ ਪ੍ਰਤੀ ਚਿੰਤਤ ਰਿਹਾ। ਉਹਨੇ ਕਦੇ ਵੀ ਜਿੰਦਗੀ ਚ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਕੋਈ ਮਦਦ ਨਾ ਮੰਗੀ ਨਾ ਸਵੀਕਾਰ ਕੀਤੀ।ਉਹਨੇ ਕਦੇ ਵੀ ਕਿਸੇ ਤੇ ਗਿਲਾ ਵੀ ਨਹੀ ਕੀਤਾ,ਪਰੰਤੂ ਉਹ ਮੌਤ ਦੇ ਵਿਸਤਰੇ ਤੋਂ ਪਿਆ ਆਪਣੇ ਪੁਰਾਣੇ ਮਿੱਤਰਾਂ ਨੂੰ ਮਿਲਣ ਦੀਆਂ ਆਵਾਜਾਂ ਜਰੂਰ ਮਾਰਦਾ ਰਿਹਾ ਜਿੰਨਾਂ ਵਿੱਚੋਂ ਕੁੱਝ ਮਿੱਤਰਾਂ ਨੇ ਸ਼ੋਸ਼ਲ ਮੀਡੀਏ ਤੋ ਉਹਨਾਂ ਦੇ ਸੁਨੇਹਿਆਂ ਨੂੰ ਅਣ ਦੇਖਿਆ ਵੀ ਕੀਤੀਆਂ,ਸ਼ਾਇਦ ਇਹ ਗਿਲਾ ਕਾਮਰੇਡ ਸ਼ੀਤਲ ਆਪਣੇ ਮਨ ਮੰਦਰ ਵਿੱਚ ਹੀ ਸਾਂਭ ਕੇ ਬਗੈਰ ਕਿਸੇ ਨਾਲ ਸਾਂਝਾ ਕੀਤਿਆਂ ਅਨੰਤ ਦੀ ਗੋਦ ਵਿੱਚ ਸਮਾ ਗਏ। ਉਹ ਬਿਨਾਂ ਸਨਮਾਨ ਸਮਾਰੋਹ ਦੇ, ਬਿਨਾਂ ਵੱਡੀਆਂ ਸੁਰਖੀਆਂ ਬਣੇ ਇਸ ਪਦਾਰਥਵਾਦੀ ਸੰਸਾਰ ਤੋ ਚਲੇ ਗਏ। ਪਰ ਉਹ ਇੱਕ ਅਜਿਹੀ ਸੋਚ ਜਰੂਰ ਛੱਡ ਗਏ ਹਨ, ਜੋ ਹਰ ਸੋਚਵਾਨ ਮਨ ਵਿੱਚ ਮਹਿਸੂਸ ਹੁੰਦੀ ਹੈ।ਕੁੱਝ ਸਾਲ ਪਹਿਲਾਂ ਮੈਂ ਉਨ੍ਹਾਂ ’ਤੇ “ਬੰਦੂਕ ਤੋਂ ਬਿਰਖ ਤੱਕ ਦਾ ਮੁਸਾਫਰ” ਸਿਰਲੇਖ ਹੇਠ ਇੱਕ ਲੇਖ ਸਪੋਕਸਮੈਨ ਅਖਵਾਰ ਲਈ ਲਿਖਿਆ ਸੀ। ਮੈਨੂੰ ਅੱਜ ਇਹ ਮੰਨਣ ਜਾਂ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਉਸ ਸਮੇਂ ਨਾ ਸਪੋਕਸਮੈਨ ਨੇ ਉਨ੍ਹਾਂ ਨਾਲ ਪੂਰਾ ਇਨਸਾਫ਼ ਕੀਤਾ ਅਤੇ ਨਾ ਹੀ ਅਸੀ ਲਿਖਣ ਵਾਲੇ ਉਹਨਾਂ ਦੇ ਹਾਣ ਦੇ ਸਬਦ ਲੱਭ ਸਕੇ,ਕਿਉਂਕਿ ਕਾਮਰੇਡ ਸ਼ੀਤਲ ਵਰਗੇ ਲੋਕ ਸ਼ਬਦਾਂ ਵਿੱਚ ਪੂਰੇ ਆਉਂਦੇ ਹੀ ਨਹੀ ਹਨ, ਕਿਉਂਕਿ ਉਹ ਤਾਂ ਖਦ ਇਤਿਹਾਸ ਦੇ ਸਿਰਜਿਕ ਹੁੰਦੇ ਹਨ। ਕਾਮਰੇਡ ਸ਼ੀਤਲ ਦੀ ਮਨੁਖਤਾ ਪੱਖੀ ਸੋਚ ਨੂੰ ,ਉਹਨਾਂ ਦੇ ਵਿਚਾਰਾਂ ਨੂੰ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਉਹਨਾਂ ਦੀ ਸੰਸਥਾ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਵੱਲੋਂ ਪੂਰਿਆਂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।ਸੋ ਸਚਮੁੱਚ ਬਾਈ ਗੁਰਦਿਆਲ ਸਿੰਘ ਸੀਤਲ ਇੱਕੋ ਸਮੇ ਇੱਕ ਯੋਧਾ ਵੀ ਸੀ ਅਤੇ ਫਕੀਰ ਵੀ।ਸਲਾਮ ਹੈ ਉਸ ਧਰਤੀ ਦੇ ਯੋਧੇ ਪੁੱਤ ਨੂੰ,ਜਿਸਨੇ ਨਿਰਸੁਆਰਥ ਰਹਿੰਦਿਆਂ ਅਪਣਾ ਇੱਕ ਇੱਕ ਸਾਹ ਅਪਣੇ ਲੋਕਾਂ ਦੇ ਲੇਖੇ ਲਾਇਆ।
ਬਘੇਲ ਸਿੰਘ ਧਾਲੀਵਾਲ
99142-58142