ਮੇਰੀ ਜੰਗ - ਮਨਿੰਦਰ ਕੌਰ ਇੰਦੀ (ਯੂ.ਕੇ.)

ਜੀਣਾ ਕਿੰਨਾ ਵੀ ਔਖਾ ਹੋਵੇ
ਪਰ ਖੁਦ ਨੂੰ ਮਾਰਨਾ ਸੌਖਾ ਨਹੀਂ ਹੁੰਦਾ
ਸਮਝਾਵੇ ਕੋਈ ਹਾਏ! ਕਿਉਂ ਇਹ ਜੰਗ?
ਰੋਜ਼ੀ, ਰੋਟੀ ਤੋਂ ਵੱਧ ਕੀ ਏ ਮੇਰੀ ਮੰਗ?
ਕਿਸੇ ਕੋਨੇ ਉੱਤੇ ਕੌਣ ਬੈਠਾ?
ਜ਼ਮੀਨ ਦਾ ਕੁੱਲ ਮਾਪ ਕਿੱਡਾ?
ਪੂਰਾ ਇਲਮ ਵੀ ਮੈਨੂੰ ਕਿੱਥੇ ਇਸ ਦਾ
ਸੁਣਿਐ ਹੈ ਗੋਲ਼ ਆਕਾਰ ਇਸ ਦਾ
ਦੋ ਰੋਟੀਆਂ ਦਾ ਗੋਲ਼ ਜਾਂ ਤਿਰਛਾ ਆਕਾਰ ਨਾਪਣ ਵਿਚ
ਮੇਰੀ ਉਮਰ ਦਾ ਦਿਨ, ਕਿਰ ਜਾਂਦਾ ਬੇਸ਼ਕ ਦਿਨ
ਪਰ ਮੈਂ ਹਰ ਉੱਗਦੇ ਸੂਰਜ ਵਿਚੋਂ
ਉਮੀਦ ਦੀ ਕਿਰਨ ਨਵੀਂ ਫੜ ਲੈਨਾਂ 
ਜਿਊਣ ਦੀ ਜੱਦੋ-ਜਹਿਦ ਵਿਚ ਵੀ
ਹੱਸ ਲੈਨਾਂ, ਗਾ ਲੈਨਾਂ, ਨੱਚ ਲੈਨਾਂ
ਮੈਂ ਮਰ ਮਰ ਕੇ ਜੀ ਲੈਨਾਂ
ਤੇ ਜੀ ਜੀ ਕੇ ਮਰ ਲੈਨਾਂ
ਆਪਣੀ ਮਰਜ਼ੀ ਨਾਲ਼, ਸਿਰਫ਼ ਆਪਣੀ ਮਰਜ਼ੀ ਨਾਲ਼
ਮੈਨੂੰ ਹੱਕ ਹੈ ਜੀਣ ਦਾ...
ਪਰ ਤੁਹਾਨੂੰ ਕੀ ਹੱਕ ਹੈ,
ਮੇਰੀ ਹੱਕ ਦੀ ਰੋਟੀ ਦੇ ਟੁਕੜੇ ਕਰਨ ਦਾ
ਮੇਰੀ ਚਾਦਰ ਨੂੰ ਲੀਰੋ ਲੀਰ ਕਰਨ ਦਾ...?
ਮਰਨਾ ਸੱਚੀਂ ਸੌਖਾ ਨਹੀਂ
ਬੇਸ਼ੱਕ ਜੀਣਾ ਔਖਾ ਵੀ ਹੋਵੇ
ਮੈਥੋਂ ਤਾਂ ਰੋਟੀ ਦੀ ਗੋਲਾਈ ਵੀ ਮਾਪੀ ਨਹੀਂ ਜਾਂਦੀ
ਜ਼ਮੀਨ...ਕੁਰਸੀ ਤੇ ਜੰਗ ਮੈਨੂੰ ਕਿੱਥੋਂ ਸਮਝ ਆਉਣੇ?
ਮੈਂ ਆਮ ਆਦਮੀ ਹਾਂ....ਸਿਰਫ਼ ਆਮ
ਅਜ਼ਲ ਤੋਂ ਕਿਆਮਤ ਤੱਕ ਆਮ
ਜੀਣ ਦਿਓ ਮੈਨੂੰ ਸਿਰਫ਼ ਮੇਰੇ ਹੱਕ ਦੀ ਰੋਜ਼ੀ, ਰੋਟੀ ਲਈ।
ਮਨਿੰਦਰ ਕੌਰ ਇੰਦੀ (ਯੂ.ਕੇ.)