
ਤੇਰੇ ਰੰਗ ਨਿਰਾਲੇ ਰੱਬਾ - ਰਵੇਲ ਸਿੰਘ
ਤੇਰੇ ਰੰਗ ਨਿਰਾਲੇ ਰੱਬਾ ।
ਸਮਝ ਸਕੇ ਨਾ ਹਾਲੇ ਰੱਬਾ ।
ਕਈਆਂ ਨੂੰ ਰੁੱਗ ਭਰ ਭਰ ਵੰਡੇ ,
ਕਈਆਂ ਨੂੰ ਹਨ ਟਾਲ਼ੇ ਰੱਬਾ ।
ਕਈਆਂ ਨੂੰ ਹੈ ਕੰਢੇ ਲਾਇਆ ,
ਕਈ ਨੇ ਵਿੱਚ ਵਿਚਾਲੇ ਰੱਬਾ ।
ਕਈਆਂ ਨੂੰ ਤੂੰ ਲਾਰੇ ਲਾਇਆ,
ਕਈ ਗੋਦੀ ਵਿੱਚ ਬਿਠਾਲੇ ਰੱਬਾ ।
ਕਈ ਰੱਖੇ ਕਰਮਾਂ ਤੋਂ ਵਾਂਝੇ ,
ਕਈ ਨੇ , ਕਰਮਾਂ ਵਾਲੇ ਰੱਬਾ ।
ਤੇਰੀਆਂ ਬਾਤਾਂ , ਤੂੰ ਹੀ ਜਾਣੇਂ ,
ਤੇਰੇ ਰੰਗ , ਨਿਰਾਲੇ ਰੱਬਾ ।
ਸਮਝ ਸਕੇ ਨਾ , ਹਾਲੇ ਰੱਬਾ ।
।।।।।।।।।।।।।।।।।।।।।।।।
2.
ਬੰਦੇ ਲਈ ਇਸ਼ਾਰਾ ਕਾਫੀ
ਬੰਦੇ ਲਈ ਇਸ਼ਾਰਾ ਕਾਫੀ ।
ਗੱਧੇ ਲਈ , ਹੈ ਸੋਟੀ ।
ਅਮੀਰ ਲਈ ਚੁਬਾਰਾ ਹੁੰਦਾ,
ਗਰੀਬ ਲਈ , ਬ੍ਰੋਟੀ ।
ਡਿੱਗਦੇ ਨੂੰ ਸਹਾਰਾ ਹੁੰਦਾ ,
ਭੁੱਖੇ ਲਈ ਹੈ , ਰੋਟੀ ।
ਲਹੂ ਨੂੰ ਇਹ ਸਾਫ ਕਰੇ ,
ਜੇ ਪੀ ਲਓ , ਨਿੰਮ ਘੋਟੀ।
ਬੜੀ ਲੱਗਦੀ ਸੁਆਦ ,
ਮਾਸ ਦੀ ਇਹ , ਬੋਟੀ ।
ਵਿਆਹ ਵੇਲੇ ਘੋੜੀ ਹੁੰਦੀ ,
ਚੋਣ ਲਈ ਮੱਝ,ਗਾਂ , ਝੋਟੀ ।
ਰੱਜੇ ਲਈ , ਲਿਬਾਸ ਬੜੇ ,
ਨੰਗੇ ਲਈ , ਲੰਗੋਟੀ।
ਤਗੜੇ ਦੀ ਮਾੜੇ ਨਾਲ,
ਕਦੇ ਬਣਦੀ , ਨਾ ਜੋਟੀ ।
ਲੰਮੇ ਨੂੰ ਮਧਰੀ , ਨਾ ਸੋਭੇ ,
ਪਤਲੇ ਨੂੰ , ਨਾ ਮੋਟੀ ।
ਮਾਰੇ ਭਾਈ ਵਾਲ ਸਦਾ ਹੀ ,
ਜੇ ਨੀਯਤ ਹੋਵੇ ਖੋਟੀ ।
ਬੰਦੇ ਲਈ . ਇਸ਼ਾਰਾ ਕਾਫੀ,
ਗੱਧੇ ਲਈ ਹੈ ਸੋਟੀ ।
।।।।।।।।।।।।।।।।।।।।।।
3.
ਮੇਰੇ ਮਨ ਨੂੰ ਟਿਕਾਓ
ਮੇਰੇ ਮਨ ਨੂੰ ਟਿਕਾਓ ।
ਨਾ ਹੋਰ ਭਟਕਾਓ ।
ਹੁਣ ਥੱਕ ਕੇ ਤੇ ਹਾਰ,
ਪਹੁੰਚਾ ਮੰਜ਼ਿਲਾਂ ਹਾਂ ਮਾਰ,
ਆਇਆ ਤੇਰੇ ਦਰਬਾਰ,
ਸਾਰੇ ਫਿਰ ਕੇ ਤੇ ਦੁਆਰ ।
ਮੈਨੂੰ ਗਲੇ ਨਾਲ ਲਾਓ ,
ਨਾ ਹੋਰ ਭਟਕਾਓ ।
ਤੇਰੇ ਪਿਆਰ ਦੇ ਮੁਥਾਜ,
ਬੜੇ ਹੋਏ ਹਾਂ ਖਰਾਬ ,
ਹੁਣ ਤੇਰੇ ਹੱਥ ਲਾਜ ,
ਚਾਰੇ ਪਾਸਿਉਂ ਜੁਵਾਬ ,
ਮੇਰੀ ਝੋਲੀ ਖੈਰ ਪਾਓ ।
ਨਾਲ ਚਰਨਾਂ ਦੇ ਲਾਓ।
ਤੇਰੇ ਭਰੇ ਨੇ ਭੰਡਾਰ ,
ਇਸ ਵਿੱਚ ਸੰਸਾਰ ,
ਸੱਭ ਦਾਤਾਂ ਦੇ , ਦਾਤਾਰ ,
ਮੇਰੀ ਏਹੋ ਹੈ , ਪੁਕਾਰ ,
ਮੈਨੂੰ ਡਿਗੇ ਨੂੰ ਉਠਾਓ ,
ਮੇਰੀ ਹਉਮੈ ਨੂੰ ਮਿਟਾਓ।
ਸਾਰੇ ਜਾਣ ਇਹ ਵਿਕਾਰ,
ਮੇਰੀ , ਸੱਚੀ ਸਰਕਾਰ ।
ਹੋਰ ਪਾਸਿਉਂ ਹਟਾਓ ,
ਲਾਲਓ ਚਰਨਾਂ ਦੇ ਨਾਲ,
ਰੱਖੋ ਸਦਾ ਹੀ ਨਿਹਾਲ ,
ਨਾਮ ਆਪਣਾ ਜਪਾਓ ।
ਮੇਰੇ ਸੱਚੇ , ਸ਼ਹਿਨਸ਼ਾਓ ।
ਮੇਰੇ ਸੱਚੇ ਪਾਤਸ਼ਾਓ ।
।।।।।।।।।।।।।।।।।
ਵੈਸਾਖ ਮਹੀਨੇ ਦੀ ਪਵਿਤ੍ਰ ਸੰਗ੍ਰਾਂਦ ਤੇ ਗੁਰ ਉਪਦੇਸ਼
ਮਾਝ ਮਹਲਾ ਪੰਜਵਾਂ ਘਰ ਚੌਥਾ
ਇੱਕ ਓਂਕਾਰ ਸਤਿ ਗੁਰ ਪ੍ਰਸਾਦਿ ।।
ਵੈਸਾਖ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ।।
ਹਰਿ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਧੋਹੁ ।।
ਪੁਤ੍ਰ ਕਲੱਤ੍ਰ ਨ ਸੰਗ ਧਨਾ ਹਰ ਅਵਿਨਾਸੀ ਓਹ ।।
ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹੁ ।।
ਇੱਕਸੁ ਹਰਿ ਕੇ ਨਾਮ ਬਿਨੁ ਅਗੇ ਲਈਅਹਿ ਖੋਹਿ।।
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਇ ।।
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ।।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ।।
ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰ ਸੋਇ ।।
।। 3।।
(ਧੰਨ ਧੰਨ ਗੁਰੂ ਪੰਚਮ ਪਾਤਸ਼ਾਹ )
ਤੂੰ ਧੰਨ ਬਾਜਾਂ ਵਾਲਿਆ
ਤੂੰ ਧੰਨ ਬਾਜਾਂ ਵਾਲਿਆ , ਤੂੰ ਧੰਨ ਸੱਚੇ ਪਾਤਸ਼ਾਹ ।
ਪੰਥ ਦਿਆ ਮਾਲਕਾ , ਤੇ ਜੱਗ ਦਿਆ ਮਾਲਕਾ ।
ਅੰਮ੍ਰਿਤ ਛਕਾਇਆ , ਸ਼ੇਰ ਗਿਦੜੋਂ ਬਣਾਇਆ ।
ਵਿਸਾਖੀ ਵਾਲੇ ਦਿਨ ਸਜਾਇਆ ਸੁਹਣਾ ਖਾਲਸਾ ।
ਖੰਡੇ ਵਾਲੀ ਪੁੱਠ ਦੇ ਕੇ , ਤਿਆਰ ਕੀਤਾ ਖਾਲਸਾ,
ਊਚ ਨੀਚ ਵਾਲਾ ਸੀ ਮਿਟਾਇਆ ਸਾਰਾ ਫਾਸਲਾ ।
ਸਵਾ ਸਵਾ ਲੱਖ ਨਾਲ , ਇੱਕ ਨੂੰ ਲੜਾਇਆ ,
ਮੋਇਆਂ ਵਿੱਚ ਜਾਨ ਪਾਈ ਕਰਾਇਆ ਤੂੰ ਮੁਕਾਬਲਾ।
ਦੁੱਖੀਆਂ ਦੀ ਬਾਂਹ ਫੜੀ , ਜਾਲਿਮਾਂ ਦਾ ਨਾਸ ਕੀਤਾ ,
ਡਿੱਗੇ ਨੂੰ ਸਹਾਰਾ ਦਿੱਤਾ ਮਿਟਾਇਆ ਸਾਰਾ ਤੌਖਲਾ ।
ਵਾਰ ਕੇ ਤੇ ਸਾਰਾ ਪ੍ਰਿਵਾਰ , ਇਸ ਖਾਲਸੇ ਤੋਂ ,
ਸ਼ੁਕਰ ਮਨਾਇਆ , ਧੰਨ ਤੇਰਾ ਜੇਰਾ ਅਤੇ ਹੌਸਲਾ।
ਖੈਰ ਮੰਗੀ ਖਾਲਸੇ ਦੀ , ਆਪ ਲਈ ਦੁੱਖ ਸਾਰੇ ,
ਤੂੰ ਧੰਨ ਬਾਜਾਂ ਵਾਲਿਆ , ਤੂੰ ਧੰਨ ਸੱਚੇ ਪਾਤਸ਼ਾਹ ।
।।।।।।।।।।।।।।।।।।।।।।।।।।।।।।।।।।।।।।।।