
ਪੰਜਾਬ ਦੇ ਸ਼ੇਰਾਂ ਤੇ ਬਾਜਾਂ ਨੂੰ ਗਟਰ ਦੇ ਗੰਦੇ ਕੀੜੇ ਬਣਾਉਣ ਦਾ ਮਨੋ ਵਿਗਿਆਨ - ਬਘੇਲ ਸਿੰਘ ਧਾਲੀਵਾਲ
ਭਾਰਤ ਦੀ ਰਾਜਨੀਤੀ ਵਿੱਚ ਪਿਛਲੇ ਡੇਢ ਕੁ ਦਹਾਕੇ ਦੌਰਾਨ ਅਜਿਹੇ ਕਈ ਪ੍ਰਯੋਗ ਹੋਏ ਹਨ ਜਿਸ ਦੌਰਾਨ ਲੋਕ ਭਾਵਨਾਵਾਂ ਨੂੰ ਕੈਸ਼ ਕਰਨ ਦੇ ਸਫਲ ਤੁਜੱਰਬੇ ਸਾਹਮਣੇ ਆਏ।ਪਹਿਲਾਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਮ ਹੇਠ “ਭ੍ਰਿਸ਼ਟਾਚਾਰ ਵਿਰੋਧੀ ਲਹਿਰ” ਖੜੀ ਕੀਤੀ ਗਈ, ਫਿਰ ਉਸੇ ਅੰਦੋਲਨ ਦੇ ਭਾਵਨਾਤਮਿਕ ਜੋਸ਼ ਵਿੱਚੋਂ ਦੋ ਵੱਡੀਆਂ ਰਾਜਨੀਤਿਕ ਤਾਕਤਾਂ ਨਿਕਲ ਕੇ ਸਾਹਮਣੇ ਆਈਆਂ। ਇੱਕ ਤਾਂ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਤਾਕਤਬਰ ਹੋਈ,ਜਿਸਨੇ ਸ਼ਕਤੀਸਾਲੀ ਕਾਂਗਰਸ ਪਾਰਟੀ ਨੂੰ ਲਗਭਗ ਜੜੋਂ ਉਖਾੜ ਕੇ,ਦੇਸ਼ ਦੀ ਸੱਤਾ ਹਾਸਲ ਕੀਤੀ ਅਤੇ ਦੂਜੀ ਪਾਰਟੀ ਦੇਸ਼ ਚੋ ਗੰਦੀ ਰਾਜਨੀਤੀ ਦਾ ਸਫਾਇਆ ਕਰਨ ਲਈ ਹੱਥ ਵਿੱਚ ਝਾੜੂ ਲੈ ਕੇ“ਆਮ ਆਦਮੀ” ਦੇ ਕਪਟੀ ਲਾਰੇ ਅਤੇ ਨਾਅਰੇ ਹੇਠ ਹੋਂਦ ਵਿੱਚ ਆਈ,ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦੇ ਹੱਥਾਂ ਚੋਂ ਤਿੰਨ ਫੁੱਟੀ ਕਿਰਪਾਨ ਛੁਡਵਾ ਕੇ ਝਾੜੂ ਫੜਾ ਦਿੱਤੇ ਅਤੇ ਪੰਜਾਬ ਵਰਗੇ ਸੁਚੇਤ ਸੂਬੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ।ਉਸ ਵੇਲੇ ਵੀ ਪੰਜਾਬ ਦੀ ਜਨਤਾ ਨੂੰ ਇਹ ਕਹਿ ਕੇ ਭਰਮਾਇਆ ਗਿਆ ਸੀ ਕਿ ਹੁਣ ਪੰਜਾਬ ਅੰਦਰ ਗੁਰੂ ਆਸੇ ਦੇ ਅਨੁਸਾਰੀ ਨਵੀਂ ਰਾਜਨੀਤੀ ਆਵੇਗੀ, ਵੀਆਈਪੀ ਕਲਚਰ ਖਤਮ ਹੋਵੇਗਾ, ਆਮ ਲੋਕਾਂ ਦੀ ਸਰਕਾਰ ਬਣੇਗੀ, ਇਮਾਨਦਾਰ ਲੋਕ ਸੱਤਾ ਵਿੱਚ ਆਉਣਗੇ, ਭਾਵ ਮੁਕੰਮਲ ਬਦਲਾਅ ਲੈਕੇ ਆਵੇਗੀ ਲੋਕਾਂ ਵਿੱਚੋਂ ਪੈਦਾ ਹੋਈ ਲੋਕਾਂ ਦੀ ਪਾਰਟੀ,ਪਰ ਕੁਝ ਸਾਲਾਂ ਦੇ ਅੰਦਰ ਹੀ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿ ਜਿਹੜੇ ਲੋਕ ਲਾਲ ਬੱਤੀਆਂ ਦੇ ਵਿਰੋਧ ਵਿੱਚ ਨਿਕਲੇ ਸਨ, ਉਹਨਾਂ ਦੇ ਆਪਣੇ ਵੱਡੇ ਵੱਡੇ ਕਾਫਲੇ ਸਾਇਰਨਾਂ ਨਾਲ ਦੌੜਣ ਲੱਗ ਪਏ,ਆਮ ਆਦਮੀ ਤੋ ਵਿਸ਼ੇਸ ਬਣਨ ਵਾਲਿਆਂ ਦੇ ਕਾਰੋਬਾਰ ਅਮਰਵੇਲ ਵਾਂਗ ਵਧਣ ਲੱਗ ਪਏ,ਜਿਹੜੇ ਲੋਕ ਪੁਰਾਣੀ ਰਾਜਨੀਤੀ ਨੂੰ ਗਾਲਾਂ ਕੱਢਦੇ ਸਨ, ਉਹਨਾਂ ਨੇ ਉਹੀ ਪੁਰਾਣੀ ਰਾਜਨੀਤੀ ਹੋਰ ਵਧੇਰੇ ਚਾਲਾਕੀ ਨਾਲ ਖੇਡਣੀ ਸ਼ੁਰੂ ਕਰ ਦਿੱਤੀ,ਬਲਕਿ ਉਹਨਾਂ ਨੇ ਰਾਜਨੀਤੀ ਨੂੰ ਅਸਲੋਂ ਆਪਣਾ ਕਾਰੋਬਾਰ ਬਣਾ ਲਿਆ। ਅੱਜ ਫਿਰ ਇੱਕ ਨਵਾਂ ਪ੍ਰਯੋਗ ਭਾਰਤ ਦੀ ਧਰਤੀ ਉੱਤੇ ਕੀਤਾ ਜਾ ਰਿਹਾ ਹੈ,ਜਿਸਦਾ ਸਿੱਧਾ ਪਰਭਾਵ ਪੰਜਾਬ ਉੱਤੇ ਪੈਂਦਾ ਦਿਖਾਈ ਦੇ ਰਿਹਾ ਹੈ। “ਕਾਕਰੋਚ ਜਨਤਾ ਦਲ” ਨਾਮ ਦੀ ਇੱਕ ਨਵੀਂ ਪਾਰਟੀ ਨੂੰ ਰਾਤੋ-ਰਾਤ ਇਸ ਤਰ੍ਹਾਂ ਉਭਾਰਿਆ ਗਿਆ ਹੈ ਜਿਵੇਂ ਕੋਈ ਬਹੁਤ ਵੱਡੀ ਲੋਕ ਲਹਿਰ ਖੜੀ ਹੋ ਗਈ ਹੋਵੇ। ਸੋਸ਼ਲ ਮੀਡੀਆ ਦੇ ਰਾਹੀਂ ਇਸ ਪਾਰਟੀ ਦਾ ਐਨਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਮ ਬੰਦਾ ਵੀ ਹੈਰਾਨ ਹੋ ਰਿਹਾ ਹੈ ਕਿ ਆਖਿਰ ਇਹ ਤਾਕਤ ਆਈ ਕਿੱਥੋਂ। ਕੱਲ੍ਹ ਤੱਕ ਜਿਸ ਪਾਰਟੀ ਦਾ ਨਾਮ ਕਿਸੇ ਨੇ ਨਹੀਂ ਸੁਣਿਆ ਸੀ,ਉਹ ਅਚਾਨਕ ਲੱਖਾਂ ਮੈਂਬਰਾਂ ਵਾਲੀ ਪਾਰਟੀ ਕਿਵੇਂ ਬਣ ਗਈ,ਇਹੀ ਉਹ ਸਵਾਲ ਹਨ,ਜਿੰਨਾਂ ਨੂੰ ਸਮਝਣ ਦੀ ਲੋੜ ਹੈ।ਇਹ ਵੀ ਸ਼ਿੱਦਤ ਨਾਲ ਸਮਝਣ ਅਤੇ ਯਾਦ ਰੱਖਣ ਦੀ ਲੋੜ ਹੈ ਕਿ ਭਾਰਤ ਦੀ ਰਾਜਨੀਤੀ ਵਿੱਚ ਕਦੇ ਵੀ ਕੋਈ ਵੱਡਾ ਪ੍ਰਯੋਗ ਅਚਾਨਕ ਨਹੀਂ ਹੁੰਦਾ,ਹਰ ਵਰਤਾਰੇ ਪਿੱਛੇ ਕੋਈ ਡੂੰਘੀ ਸਾਜਿਸ਼ ਜਰੂਰ ਹੁੰਦੀ ਹੈ।ਹਰ ਪ੍ਰਯੋਗ ਦੇ ਪਿੱਛੇ ਵੱਡੀਆਂ ਤਾਕਤਾਂ ਦੀ ਕੋਈ ਨਾ ਕੋਈ ਡੂੰਘੀ ਰਣਨੀਤੀ ਕੰਮ ਕਰਦੀ ਹੈ। ਅੰਨਾ ਹਜ਼ਾਰੇ ਦਾ ਅੰਦੋਲਨ ਵੀ ਸਿਰਫ਼ “ਭ੍ਰਿਸ਼ਟਾਚਾਰ ਵਿਰੋਧੀ ਲਹਿਰ” ਨਹੀਂ ਸੀ, ਬਲਕਿ ਉਸ ਦੇ ਪਿੱਛੇ ਵੱਡੀਆਂ ਤਾਕਤਾਂ ਦੀ ਦੰਭੀ ਸੋਚ ਕੰਮ ਕਰਦੀ ਸੀ,ਨਤੀਜੇ ਵਜੋਂ ਭਾਰਤੀ ਰਾਜਨੀਤੀ ਦਾ ਪੂਰਾ ਪਾਵਰ ਸੈਂਟਰ ਹੀ ਬਦਲ ਗਿਆ। ਉਸ ਅੰਦੋਲਨ ਨੇ ਇੱਕ ਪਾਸੇ ਕਾਂਗਰਸ ਨੂੰ ਇਤਿਹਾਸਕ ਤੌਰ ਤੇ ਬੁਰੀ ਤਰਾਂ ਕਮਜ਼ੋਰ ਕਰ ਦਿੱਤਾ ਅਤੇ ਦੂਜੇ ਪਾਸੇ ਨਵੀਂਆਂ ਰਾਜਨੀਤਿਕ ਤਾਕਤਾਂ ਨੂੰ ਅੰਨ੍ਹਾ ਬਲ ਪਰਦਾਨ ਕੀਤਾ।ਇਸ ਲਈ ਅੱਜ ਜਦੋਂ ਕਾਕਰੋਚ ਨਾਮ ਹੇਠ ਇੱਕ ਨਵੀਂ ਰਾਜਨੀਤਿਕ ਲਹਿਰ ਨੂੰ ਖੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਅੰਨਾ ਹਜਾਰੇ ਦੇ ਅੰਦੋਲਨ ਤੇ ਝਾਤ ਪਾ ਲੈਣੀ ਜਰੂਰੀ ਹੈ,ਇਸ ਨੂੰ ਸਿਰਫ਼ ਇੱਕ ਮਜ਼ਾਕ ਜਾਂ ਨੌਜਵਾਨਾਂ ਦੀ ਭਾਵਨਾਤਮਕ ਪ੍ਰਤੀਕਿਰਿਆ ਸਮਝਣਾ ਵੱਡੀ ਭੁੱਲ ਹੋਵੇਗੀ।ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਚੀਫ ਜਸਟਿਸ ਵੱਲੋਂ ਨੌਜਵਾਨਾਂ ਲਈ ਕਾਕਰੋਚ ਵਰਗਾ ਮਾੜਾ ਸ਼ਬਦ ਵਰਤਿਆ ਗਿਆ ਅਤੇ ਉਸੇ ਤੋਂ ਪ੍ਰੇਰਿਤ ਹੋ ਕੇ ਇਹ ਪਾਰਟੀ ਹੋਂਦ ਵਿੱਚ ਆਈ। ਜੇਕਰ ਇਹ ਨੂੰ ਸੱਚ ਵੀ ਮੰਨ ਲਿਆ ਜਾਵੇ,ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ,ਕੀ ਕਿਸੇ ਗਾਲ੍ਹ ਨੂੰ ਆਪਣੀ ਪਹਿਚਾਣ ਬਣਾਉਣਾ ਕੋਈ ਸਿਆਣਪ ਹੈ ? ਕਾਕਰੋਚ ਗਟਰ ਦਾ ਇੱਕ ਗੰਦਾ ਕੀੜਾ ਹੈ। ਲੋਕ ਆਪਣੇ ਘਰਾਂ ਵਿੱਚੋਂ ਕਾਕਰੋਚਾਂ ਨੂੰ ਮਾਰਨ ਲਈ ਜਹਿਰੀਲੀਆਂ ਦਵਾਈਆਂ ਛਿੜਕਦੇ ਹਨ। ਫਿਰ ਕਿਸ ਤਰ੍ਹਾਂ ਇੱਕ ਗੈਰਤਮੰਦ ਕੌਮ ਦਾ ਨੌਜਵਾਨ ਆਪਣੇ ਆਪ ਨੂੰ ਉਸ ਗਟਰ ਦੇ ਕੀੜੇ ਦੇ ਨਾਮ ਨਾਲ ਜੋੜ ਕੇ ਮਾਣ ਮਹਿਸੂਸ ਕਰ ਸਕਦਾ ਹੈ ? ਇਹ ਉਹ ਮਾਨਸਿਕ ਗੁਲਾਮੀ ਹੈ ਜਿਸ ਨੂੰ ਮਨ ਮਸਤਕ ਵਿੱਚੋਂ ਕੱਢਣਾ ਪਵੇਗਾ।ਪੰਜਾਬ ਦੀ ਧਰਤੀ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਦੀ ਧਾਰ ਚੋਂ ਇੱਕ ਐਸੀ ਕੌਮ ਤਿਆਰ ਕੀਤੀ ਸੀ ਜੋ ਗੁਲਾਮੀ ਨੂੰ ਕਦੇ ਕਬੂਲ ਨਾ ਕਰੇ। ਉਹਨਾਂ ਨੇ ਮੁਰਦਾ ਜ਼ਮੀਰਾਂ ਵਿੱਚ ਜਾਨ ਪਾਈ ਸੀ। ਡਰੇ ਹੋਏ ਗੀਦੀ ਲੋਕਾਂ ਨੂੰ ਸ਼ੇਰ ਬਣਾਇਆ ਸੀ। ਇਸ ਲਈ ਹੀ ਸਿੰਘ ਸਿਰਦਾਰ ਦਾ ਖਿਤਾਬ ਦਿੱਤਾ ਗਿਆ ਸੀ।ਸਿੰਘ ਦਾ ਅਰਥ ਹੀ ਆਜ਼ਾਦੀ, ਦਲੇਰੀ ਅਤੇ ਖੁਦਦਾਰੀ ਹੈ।ਗੁਰੂ ਸਾਹਿਬਾਨਾਂ ਨੇ ਬਾਜ ਰੱਖ ਕੇ ਜਿੱਥੇ ਸਮੇ ਦੇ ਹਾਕਮ ਨੂੰ ਚਣੌਤੀ ਦਿੱਤੀ,ਓਥੇ ਆਪਣੇ ਸਿੱਖਾਂ ਨੂੰ ਵੀ ਬਾਜ ਪਰਵਿਰਤੀ ਨਾਲ ਜਿਉਣ ਦੀ ਪ੍ਰੇਰਣਾ ਦਿੱਤੀ।ਕਿਉਂਕਿ ਬਾਜ ਕਦੇ ਗੁਲਾਮ ਨਹੀਂ ਰਹਿੰਦਾ। ਬਾਜ ਪਿੰਜਰੇ ਵਿੱਚ ਬੰਦ ਹੋ ਕੇ ਜੀਉਣ ਨਾਲੋਂ ਮਰਨਾ ਬਿਹਤਰ ਸਮਝਦਾ ਹੈ। ਬਾਜ ਆਪਣੀ ਉਡਾਣ ਲਈ ਜਾਣਿਆ ਜਾਂਦਾ ਹੈ, ਆਪਣੀ ਖੁਦਮੁਖਤਿਆਰੀ ਲਈ ਜਾਣਿਆ ਜਾਂਦਾ ਹੈ।ਪਰ ਅੱਜ ਭਾਰਤ ਦੇ ਨਾਲ ਪੰਜਾਬ ਦੇ ਨੌਜਵਾਨਾਂ ਅੰਦਰ ਵੀ ਕਾਕਰੋਚ ਬਣਨ ਵਾਲੀ ਮਾਨਸਿਕਤਾ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਆਪਣੀ ਬੇਇਜ਼ਤੀ ਨੂੰ ਵੀ ਮਾਣ ਸਮਝੋ। ਗਾਲ਼ ਨੂੰ ਆਪਣੀ ਪਛਾਣ ਬਣਾਓ।ਇਹ ਇੱਕ ਬਹੁਤ ਗਹਿਰਾ ਮਨੋਵਿਗਿਆਨਿਕ ਹਮਲਾ ਹੈ।ਇਹ ਉਹੀ ਨੀਤੀ ਹੈ ਜਿਸ ਰਾਹੀਂ ਪਹਿਲਾਂ ਲੋਕਾਂ ਦੀ ਸੋਚ ਨੂੰ ਬਦਲਿਆ ਜਾਂਦਾ ਹੈ, ਫਿਰ ਉਹਨਾਂ ਦੀ ਰਾਜਨੀਤਿਕ ਦਿਸ਼ਾ ਅਤੇ ਦਸ਼ਾ ਨੂੰ।ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਇੱਥੇ ਇੱਕ ਝੂਠ ਨੂੰ ਵੀ ਹਜ਼ਾਰ ਵਾਰ ਦੁਹਰਾ ਕੇ ਸੱਚ ਬਣਾ ਦਿੱਤਾ ਜਾਂਦਾ ਹੈ। ਟਰੈਂਡ ਚਲਾਏ ਜਾਂਦੇ ਹਨ। ਰਾਤੋ-ਰਾਤ ਨਾਇਕ ਬਣਾਏ ਜਾਂਦੇ ਹਨ ਅਤੇ ਰਾਤੋ-ਰਾਤ ਖਲਨਾਇਕ। ਦਿੱਲੀ ਅੰਦੋਲਨ ਦੌਰਾਨ ਲਾਲ ਕਿਲੇ ਦੀ ਘਟਨਾ ਤੋ ਬਾਅਦ ਮਰਹੂਮ ਦੀਪ ਸਿੱਧੂ ਦੇ ਖਿਲਾਫ ਵੀ ਇਸੇ ਤਰਜ ਦਾ ਝੂਠਾ ਵਿਰਤਾਂਤ ਸਿਰਜ ਕੇ ਪਲਾਂ ਵਿੱਚ ਹੀ ਉਹਦੀ ਸਬੀ, ਲੋਕ ਦੁਸ਼ਮਣ ਵਾਲੀ ਬਣਾ ਦਿੱਤੀ ਗਈ ਸੀ,ਜਦੋਂ ਕਿ ਉਹਨੂੰ ਪੰਜਾਬ ਪ੍ਰਸਤੀ ਬਦਲੇ ਅਪਣੀ ਜਾਨ ਤੱਕ ਗੁਆਉਣੀ ਪਈ।ਇਸ ਕਰਕੇ ਜਦੋਂ ਕੋਈ ਅਜਿਹਾ ਨਵਾਂ ਵਿਰਤਾਂਤ ਸਿਰਜਿਆ ਜਾਂਦਾ ਹੈ,ਕੋਈ ਨਵੀਂ ਰਾਜਨੀਤਿਕ ਲਹਿਰ ਅਚਾਨਕ ਖੜੀ ਹੁੰਦੀ ਹੈ ਤਾਂ ਉਸ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਕਾਕਰੋਚ ਰਾਜਨੀਤੀ ਦਾ ਅਸਲ ਏਜੰਡਾ ਕੀ ਹੈ ?ਕੀ ਇਹ ਨੌਜਵਾਨਾਂ ਦੀ ਨਿਰਾਸ਼ਾ ਨੂੰ ਵਰਤ ਕੇ ਇੱਕ ਹੋਰ ਰਾਜਨੀਤਿਕ ਪ੍ਰਯੋਗ ਕੀਤਾ ਜਾ ਰਿਹਾ ਹੈ ? ਕੀ ਇਹ ਪਾਰਟੀ ਸੱਤਾ ਵਿੱਚ ਆ ਕੇ ਵਾਕਈ ਕੋਈ ਨਵਾਂ ਪ੍ਰਬੰਧ ਦੇਵੇਗੀ ਜਾਂ ਫਿਰ ਉਹੀ ਪੁਰਾਣਾ ਢਾਂਚਾ ਨਵੇਂ ਚਿਹਰਿਆਂ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਲੋਕ ਇੱਕ ਵਾਰ ਫਿਰ ਠੱਗੇ ਜਾਣਗੇ।ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਪੰਜਾਬ ਪਹਿਲਾਂ ਹੀ ਕਈ ਰਾਜਨੀਤਿਕ ਪ੍ਰਯੋਗਾਂ ਦੀ ਮਾਰ ਝੱਲ ਚੁੱਕਿਆ ਹੈ।ਕਦੇ ਨਸ਼ਿਆਂ ਅਤੇ ਪੈਸੇ ਦੀ ਰਾਜਨੀਤੀ ਨਾਲ ਨੌਜਵਾਨੀ ਨੂੰ ਤਬਾਹ ਕੀਤਾ ਗਿਆ। ਕਦੇ ਬਦਲਾਅ ਦੇ ਲਾਰੇ ਤੇ ਨਾਅਰੇ ਦੀ ਦੰਭੀ ਰਾਜਨੀਤੀ ਲੋਕ ਭਾਵਨਾਵਾਂ ਨਾਲ ਖੇਡਣ ਵਿੱਚ ਸਫਲ ਹੋ ਜਾਂਦੀ ਹੈ। ਹਰ ਵਾਰੀ ਪੰਜਾਬ ਨੇ ਵਿਸ਼ਵਾਸ ਕੀਤਾ ਅਤੇ ਹਰ ਵਾਰੀ ਪੰਜਾਬ ਨੂੰ ਧੋਖਾ ਮਿਲਿਆ।ਇਸ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨੀ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਪੜ੍ਹ ਕੇ ਉਸ ਦੇ ਪਿੱਛੇ ਅੱਖਾਂ ਬੰਦ ਕਰਕੇ ਲੱਗ ਜਾਣਾ ਸਿਆਣਪ ਨਹੀਂ ਹੁੰਦੀ। ਸਿਆਣਪ ਇਹ ਹੁੰਦੀ ਹੈ ਕਿ ਪਹਿਲਾਂ ਉਸ ਪਾਰਟੀ ਦੇ ਪਿੱਛੇ ਖੜੀਆਂ ਤਾਕਤਾਂ ਨੂੰ ਸਮਝਿਆ ਜਾਵੇ। ਉਸ ਦੀ ਫੰਡਿੰਗ ਨੂੰ ਸਮਝਿਆ ਜਾਵੇ। ਉਸ ਦੇ ਏਜੰਡੇ ਨੂੰ ਸਮਝਿਆ ਜਾਵੇ।ਕਿਉਂਕਿ ਇਤਿਹਾਸ ਗਵਾਹ ਹੈ ਕਿ ਭਾਰਤ ਵਿੱਚ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਬਹੁਤ ਵੱਡੇ ਰਾਜਨੀਤਿਕ ਖੇਡ ਖੇਡੇ ਗਏ ਹਨ।ਪੰਜਾਬ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇੱਥੋਂ ਦੀ ਨੌਜਵਾਨੀ ਪਹਿਲਾਂ ਹੀ ਬੇਰੁਜ਼ਗਾਰੀ, ਨਸ਼ਿਆਂ, ਮਾਈਗ੍ਰੇਸ਼ਨ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਹੈ। ਐਸੇ ਮਾਹੌਲ ਵਿੱਚ ਜੇਕਰ ਕੋਈ ਨਵੀਂ ਲਹਿਰ ਉਹਨਾਂ ਨੂੰ ਬਗਾਵਤ ਦੇ ਨਾਮ ਤੇ ਆਪਣੇ ਨਾਲ ਜੋੜਦੀ ਹੈ ਤਾਂ ਨੌਜਵਾਨ ਬੜੀ ਤੇਜ਼ੀ ਨਾਲ ਪ੍ਰਭਾਵਿਤ ਹੋ ਸਕਦੇ ਹਨ।ਪਰ ਬਗਾਵਤ ਅਤੇ ਭਟਕਾਵੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ।ਗੁਰੂ ਸਾਹਿਬਾਨਾਂ ਨੇ ਵੀ ਜ਼ੁਲਮ ਦੇ ਖਿਲਾਫ਼ ਬਗਾਵਤ ਕਰਨ ਦੀ ਤਾਕੀਦ ਕੀਤੀ ਸੀ,ਉਹ ਬਗਾਵਤ ਇਨਸਾਨੀ ਅਜ਼ਾਦੀ ਲਈ ਸੀ,ਉਹ ਖੁਦਦਾਰੀ ਲਈ ਸੀ।ਪਰ ਜੇਕਰ ਕੋਈ ਭਾਵਨਾਤਮਕ ਲਹਿਰ ਤੁਹਾਡੀ ਪਛਾਣ ਹੀ ਇੱਕ ਗੰਦੇ ਕੀੜੇ ਨਾਲ ਜੋੜ ਕੇ ਕਰਦੀ ਹੋਵੇ,ਤਾਂ ਫਿਰ ਜਰੂਰ ਇਹ ਸੋਚਣ ਦੀ ਲੋੜ ਹੈ ਕਿ ਤੁਹਾਨੂੰ ਮਾਨਸਿਕ ਤੌਰ ਤੇ ਹੋਰ ਹੇਠਾਂ ਕਿਉਂ ਸੁੱਟਿਆ ਜਾ ਰਿਹਾ ਹੈ। ਪੰਜਾਬ ਦੀ ਨੌਜਵਾਨੀ ਨੂੰ ਯਾਦ ਰੱਖਣਾ ਪਵੇਗਾ ਕਿ ਉਹ ਗੁਰੂਆਂ ਦੇ ਵਾਰਸ ਹਨ।ਉਹ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਨਲੂਏ,ਰਣਜੀਤ ਦੀ ਖਾਲਸ਼ਾਹੀ ਜਾਹੋ ਜਲਾਲ ਨਾਲ ਲਬਰੇਜ ਧਰਤੀ ਦੇ ਪੁੱਤਰ ਹਨ।ਉਹਨਾਂ ਦੀ ਪਛਾਣ ਸਿੰਘ,ਸਿਰਦਾਰ ਅਤੇ ਬਾਜ ਹੈ, ਕਾਕਰੋਚ ਬਿਲਕੁਲ ਵੀ ਨਹੀਂ।ਅੱਜ ਲੋੜ ਇਸ ਗੱਲ ਦੀ ਨਹੀਂ ਕਿ ਹਰ ਨਵੀਂ ਪਾਰਟੀ ਦੇ ਪਿੱਛੇ ਭੇਡਾਂ ਵਾਂਗ ਦੌੜਿਆ ਜਾਵੇ। ਲੋੜ ਇਸ ਗੱਲ ਦੀ ਹੈ ਕਿ ਹਰ ਨਵੀਂ ਲਹਿਰ ਦੇ ਪਿੱਛੇ ਕੰਮ ਕਰ ਰਹੀ ਰਾਜਨੀਤਿਕ ਇੰਜਨੀਅਰਿੰਗ ਨੂੰ ਸਮਝਿਆ ਜਾਵੇ।ਡੀਪ ਸਟੇਟ ਦੇ ਏਜੰਡੇ ਨੂੰ ਸਮਝਣ ਦੇ ਯਤਨ ਕੀਤੇ ਜਾਣ।ਕਿਉਂਕਿ ਜਿਹੜੀਆਂ ਕੌਮਾਂ ਸੋਚਣਾ ਛੱਡ ਦਿੰਦੀਆਂ ਹਨ, ਉਹ ਮਹਿਜ਼ ਭੀੜ ਬਣ ਕੇ ਰਹਿ ਜਾਂਦੀਆਂ ਹਨ।ਸੋ ਪੰਜਾਬ ਦੀ ਗੈਰਤਮੰਦ ਜੁਆਨੀ ਨੂੰ ਇਹ ਸੋਚਣਾ,ਸਮਝਣਾ ਪਵੇਗਾ ਕਿ ਉਹ ਕਾਕਰੋਚ ਨਹੀ, ਉਹ ਤਾਂ ਸਿੰਘ ਹਨ,ਬਾਜ ਹਨ,ਗੁਰੂ ਗੋਬਿੰਦ ਸਿੰਘ ਦੇ ਉਹ ਨਾਦੀ ਸ਼ੇਰ ਪੁੱਤਰ ਹਨ,ਜਿਹੜੇ ਹਿੰਦੂ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਦਸ ਲੱਖ ਫੌਜ ਤੇ ਭਾਰੂ ਪੈ ਗਏ ਸਨ।,ਜਿੰਨਾਂ ਨੇ ਕਦੇ ਅਫਗਾਨੀਆਂ,ਇਰਾਨੀਆਂ ਦੇ ਰਾਹ ਰੋਕੇ ਸਨ, ਜਿੰਨਾਂ ਨੇ ਰੂਸ,ਬਰਤਾਨੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਚੜਕੇ ਆਏ,ਟੈਂਕਾਂ ਤੋਪਾਂ ਸਮੇਤ ਰਸ਼ਾਇਣਕ ਹਥਿਆਰਾਂ ਨਾਲ ਲੈਸ ਭਾਰਤੀ ਫੌਜਾਂ ਦੇ ਮੂੰਹ ਮੋੜ ਦਿੱਤੇ ਸਨ।ਸੋ ਪੰਜਾਬ ਵੱਲ ਕਹਿਰੀ ਅੱਖ ਨਾਲ ਦੇਖਣ ਵਾਲਿਆਂ ਦਾ ਰਾਹ ਰੋਕਣ ਵਾਲੀ ਪੰਜਾਬ ਦੀ ਜੁਆਨੀ ਜੇਕਰ ਦੁਵਾਰਾ ਫਿਰ ਗੁਮਰਾਹ ਹੋ ਕੇ ਕੁਰਾਹੇ ਪੈ ਗਈ,ਤਾਂ ਪੰਜਾਬ ਇੱਕ ਵਾਰ ਫਿਰ ਕਿਸੇ ਨਵੇਂ ਰਾਜਨੀਤਿਕ ਪ੍ਰਯੋਗ ਦੀ ਲੈਬ ਬਣ ਕੇ ਰਹਿ ਜਾਵੇਗਾ।ਪੰਜਾਬ ਨੂੰ ਕਾਕਰੋਚ ਬਣਨ ਦੀ ਬਜਾਏ ਆਪਣੀ ਰਾਜਨੀਤਕ ਤਾਕਤ ਨੂੰ ਮਜਬੂਤ ਕਰਨ ਦੀ ਜਰੂਰਤ ਹੈ,ਇਸ ਸੋਚ ਤੇ ਪਹਿਰਾ ਦਿੱਤੇ ਤੋ ਬਗੈਰ ਪੰਜਾਬ ਦਾ ਭਲਾ ਸੰਭਵ ਨਹੀ ਹੈ।