ਜੱਸਾ ਸਿੰਘ ਰੱਮਗੜ੍ਹੀਆ ਦਾ ਜੱਸ - ਰਵਿੰਦਰ ਸਿੰਘ ਕੁੰਦਰਾ

ਜੱਸ ਖੱਟਣਾ ਜੱਗ ਤੇ ਬੜਾ ਔਖਾ, 
ਘਾਲਣਾ ਰੱਜ ਕੇ ਬਹੁਤ ਕਮਾਣੀ ਪੈਂਦੀ।
ਜ਼ਿੰਦਗੀ ਵਿੱਚ ਅਸੂਲਾਂ ਨੂੰ ਗੁੰਨ੍ਹ ਕੇ ਤੇ, 
ਰੋਟੀ ਸਿਦਕ ਦੀ ਤਵੇ ਤੇ ਪਾਣੀ ਪੈਂਦੀ।
ਟੁੱਟ ਭੱਜ ਕੇ ਮੁੜ ਕੁਠਾਲੀਂ ਪੈਕੇ, 
ਪਿਘਲ ਕੰਚਨ ਦੀ ਦੇਹ ਬਣਾਣੀ ਪੈਂਦੀ।
ਠੋਹਕਰਾਂ ਖਾਕੇ ਪੈਰਾਂ ਦੇ ਵਿੱਚ ਰੁਲਕੇ, 
ਨਿਮਰਤਾ ਨਾਲ ਫਿਰ ਗਲੇ ਲਗਾਣੀ ਪੈਂਦੀ।
ਦੁੱਖ ਦਰਦ ਝੱਲ, ਤਿਆਗ ਕੇ ਸੁੱਖ ਤਾਈਂ, 
ਯਾਰੀ ਗਰੀਬ ਮਜ਼ਲੂਮ ਨਾਲ ਲਾਣੀ ਪੈਂਦੀ।
ਬਹਾਦਰੀ ਝੋਲੀ ਵਿੱਚ ਐਵੇਂ ਨਹੀਂ ਪੈ ਜਾਂਦੀ, 
ਝੋਲੀ ਰੱਬ ਦੇ ਅੱਗੇ ਫੈਲਾਣੀ ਪੈਂਦੀ।
 
ਕੁੱਝ ਵਿਰਲੇ ਹੀ ਹੁੰਦੇ ਨੇ ਜੱਗ ਅੰਦਰ, 
ਉੱਤਰਨ ਪੂਰੇ ਜਿਹੜੇ ਐਸੀ ਪਰਖ ਉੱਤੇ।
ਨਾਮ ਕੌਮ ਦਾ ਉੱਚਾ ਉਹ ਕਰਨ ਖਾਤਰ, 
ਕਰਮ ਕਰਨ ਉਹ ਹਰ ਇੱਕ ਤਰਕ ਉੱਤੇ।
ਤੋਲ ਮਾਪ ਕੇ ਹਰ ਉਹ ਕਦਮ ਚੁੱਕਦੇ, 
ਚੜ੍ਹਦੀ ਕਲਾ ਦੀ ਰਹਿਣ ਉਹ ਚੜ੍ਹਤ ਉੱਤੇ।
ਭਲਾ ਸਰਬੱਤ ਦਾ ਸਦਾ ਹੀ ਮੰਗਦੇ ਉਹ, 
ਯਕੀਨ ਰੱਖਦੇ ਕਦੀ ਨਾ ਫਰਕ ਉੱਤੇ।
ਤਾਣ ਛਾਤੀਆਂ ਸਦਾ ਉਹ ਡਟ ਜਾਵਣ, 
ਰਹਿਣ ਅਰਸ਼ ਤੇ ਜਾਂ ਭਾਵੇਂ ਫਰਸ਼ ਉੱਤੇ।
ਪਿੱਠ ਕਦੀ ਦਿਖਾਣ ਨਾ ਜੰਗ ਅੰਦਰ, 
ਸੀਸ ਤਲੀ ਤੇ ਰਹੇ ਜਾਂ ਧਰਤ ਉੱਤੇ।
 
ਐਸਾ ਕੌਮ ਨੂੰ ਮਿਲਿਆ ਸੀ ਇੱਕ ਯੋਧਾ, 
ਜਿਸ ਨੇ ਤਾਰੀਖ ਹੀ ਸਾਰੀ ਪਲਟਾ ਦਿੱਤੀ।
ਹਿੰਦੋਸਤਾਨ ਦੀ ਸੁੱਤੀ ਜ਼ਮੀਰ ਉਸਨੇ, 
ਝੰਜੋੜ ਸੰਵਾਰ ਕੇ ਸਦੀਵੀ ਜਗਾ ਦਿੱਤੀ।
ਦਿੱਤਾ ਸਬਕ ਸੀ ਐਸਾ ਜਰਵਾਣਿਆਂ ਨੂੰ, 
ਧੂੜ ਉਨ੍ਹਾਂ ਨੂੰ ਐਸੀ ਚਟਾ ਦਿੱਤੀ।
ਮੁੜ ਪੱਛਮ ਤੋਂ ਕਰੇ ਨਾ ਕੋਈ ਹਮਲਾ, 
ਪਿੱਠ ਲੁਟੇਰਿਆਂ ਦੀ ਐਸੀ ਲਗਾ ਦਿੱਤੀ।
ਨਜ਼ਰ ਭੈੜੀ ਨਾਲ ਦੇਖੇ ਜੋ ਵੱਲ ਸਾਡੇ, 
ਅੱਖ ਉਸ ਦੀ ਕੱਢ ਫੜਾ ਦਿੱਤੀ।
ਛੁਰੀ ਹੱਥ ਵਿੱਚ ਫੜਨ ਤੋਂ ਡਰਨ ਜਿਹੜੇ, 
ਸ਼ਮਸ਼ੀਰ ਉਨ੍ਹਾਂ ਦੇ ਹੱਥੀਂ ਥਮ੍ਹਾ ਦਿੱਤੀ।
 
ਜੱਸਾ ਸਿੰਘ ਰਾਮਗੜ੍ਹੀਆ ਅਜ਼ੀਮ ਯੋਧਾ, 
ਜੱਸ ਜੱਗ ਤੇ ਸਦਾ ਲਈ ਖੱਟ ਗਿਆ ਉਹ।
ਝੁਲਦੇ ਰਹਿਣ ਸਦਾ ਲਈ ਸ਼ਾਨਾਮੱਤੇ, 
ਝੰਡੇ ਐਸੇ ਆਜ਼ਾਦੀ ਦੇ ਗੱਡ ਗਿਆ ਉਹ।
ਧੁਰ ਕਾਂਗੜੇ ਕਸ਼ਮੀਰ ਤੋਂ ਚੱਲ ਕੇ ਤੇ, 
ਦਿੱਲੀ ਤਖਤ ਤੇ ਜਾ ਫਿਰ ਗਰਜਿਆ ਉਹ।
ਬਦਲੇ ਲੈਕੇ ਗਿਣ ਗਿਣ ਜ਼ਾਲਮਾਂ ਤੋਂ, 
ਨਾਮਣਾ ਸਿਦਕ ਤੇ ਮਾਣ ਦਾ ਖੱਟ ਗਿਆ ਉਹ।
ਟਕੇ ਟਕੇ ਤੇ ਵਿਕਦੀਆਂ ਇੱਜ਼ਤਾਂ ਨੂੰ, 
ਮਾਣ ਤਾਣ ਨਾਲ ਘਰੋ ਘਰੀਂ ਛੱਡ ਗਿਆ ਉਹ।
ਦਰਬਾਰ ਸਾਹਿਬ ਦੀ ਪਾਵਨ ਧਰਤ ਤਾਈਂ, 
ਦਿੱਲੀ ਤਖਤ ਤੋਂ ਉੱਚੀ ਫੇਰ ਕਰ ਗਿਆ ਉਹ।
 
ਰੁਲ਼ਦੀ ਅਣਖ ਨੂੰ ਆਖਰ ਧਰਵਾਸ ਆਇਆ, 
ਜਦੋਂ ਮਜ਼ਲੂਮਾਂ ਦਾ ਆ ਤੂੰ ਹੱਥ ਫੜਿਆ।
ਫੂਕੀ ਐਸੀ ਰੂਹ ਤੂੰ ਬਹਾਦਰੀ ਦੀ, 
ਤੇਰੀ ਕੌਮ ਨੇ ਨਵਾਂ ਫੇਰ ਸਬਕ ਪੜ੍ਹਿਆ।
ਧੰਨ ਤੂੰ ਤੇ ਧੰਨ ਕਮਾਈ ਤੇਰੀ, 
ਤਾਹੀਉਂ ਚੱਲਦਾ ਤੇਰਾ ਅੱਜ ਨਾਮ ਅੜਿਆ। 
ਰਹੇ ਕੀਰਤੀ ਸਦਾ ਤੇਰੀ ਜੱਗ ਅੰਦਰ, 
ਸਿੱਕਾ ਤੇਰਾ ਵੀ ਅੱਜ ਕੋਈ ਜਾਵੇ ਘੜਿਆ।
ਮਨ ਵਿੱਚ ਸਿੱਖੀ ਦੇ ਰਾਜ ਦਾ ਲੈ ਸੁਪਨਾ, 
ਜੰਗ ਐਸਾ ਵੀ ਅੱਜ ਫਿਰ ਜਾਵੇ ਲੜਿਆ।
ਜਿੱਤ ਹੋਵੇ ਤੇ ਤੇਰੇ ਸੰਕਲਪ ਦੀ ਹੀ, 
ਮਨਸੂਬਾ ਜ਼ਾਲਮ ਦਾ ਅੱਜ ਰਹਿ ਜਾਏ ਧਰਿਆ।
ਮਨਸੂਬਾ ਜ਼ਾਲਮ ਦਾ ਅੱਜ ਰਹਿ ਜਾਏ ਧਰਿਆ।

ਰਵਿੰਦਰ ਸਿੰਘ ਕੁੰਦਰਾ 
ਕੌਵੈਂਟਰੀ ਯੂ ਕੇ