
ਨੌਕਰਸ਼ਾਹਾਂ ਵੱਲੋਂ ਲਿਖੀਆਂ ਪੁਸਤਕਾਂ ਸਿੱਖ ਸੰਘਰਸ਼ ਦੀ ਪਵਿੱਤਰ ਮਨੋ ਭਾਵਨਾ ਨੂੰ ਝੂਠਾ ਕਰਨ ਦਾ ਬਿਰਤਾਂਤ ਸਿਰਜਦੀਆਂ ਹਨ - ਬਘੇਲ ਸਿੰਘ ਧਾਲੀਵਾਲ
ਜੂਨ ਦੇ ਪਹਿਲੇ ਹਫਤੇ ਜਦੋ ਸਿੱਖ ਉਸ ਤੀਜੇ ਘੱਲੂਘਾਰੇ ਦੀ ਪਵਿੱਤਰ ਯਾਦ ਨੂੰ ਦੁਵਾਰਾ ਤਾਜਾ ਕਰਦੇ ਹਨ,ਤਾਂ ਉਹਨਾਂ ਦਿਨਾਂ ਵਿੱਚ ਬਹੁਤ ਸਾਰੀਆਂ ਉਹ ਪੁਸਤਕਾਂ ਦੀਆਂ ਲਿਖਤਾਂ ਅਕਸਰ ਹੀ ਅਖਬਾਰਾਂ ਦੇ ਪੰਨਿਆਂ ਤੇ ਪਰਮੁਖਤਾ ਨਾਲ ਛਪਦੀਆਂ ਹਨ,ਜਿਹੜੀਆਂ ਸਾਬਕਾ ਨੌਕਰਸ਼ਾਹਾਂ ਵੱਲੋਂ ਲਿਖੀਆਂ ਗਈਆਂ ਹਨ।ਭਾਂਵੇ ਇਹਨਾਂ ਨੂੰ ਛਾਪਣ ਦੇ ਪਿੱਛੇ ਕੋਈ ਮੰਦਭਾਵਨਾ ਨਹੀ ਹੁੰਦੀ,ਸਗੋ ਇਹ ਮਹਿਜ਼ ਇਤਿਹਾਸਿਕ ਸਰੋਤਾਂ ਦੀ ਜਾਣਕਾਰੀ ਨੂੰ ਜਨਤਕ ਕਰਨਾ ਹੀ ਅਸਲ ਮਕਸਦ ਹੁੰਦਾ ਹੈ,ਪਰ ਜਾਣੇ ਅਣਜਾਣੇ ਵਿੱਚ ਛਾਪੀਆਂ ਇਹ ਲਿਖਤਾਂ ਕੌਂਮ ਲਈ ਬੇਹੱਦ ਘਾਤਕ ਹਨ।ਜਦੋਂ ਵੀ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਫੌਜੀ ਹਮਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਕੌਂਮੀ ਸ਼ਹੀਦਾਂ ਅਤੇ ਲੱਖਾਂ ਦੀ ਗਿਣਤੀ ਚ ਬੇਦੋਸਿਆਂ ਦੀਆਂ ਸ਼ਹਾਦਤਾਂ ਜਾਂ ਉਸ ਤੋਂ ਬਾਅਦ ਚੱਲੇ ਸਿੱਖ ਸੰਘਰਸ਼ ਦੀ ਗੱਲ ਹੁੰਦੀ ਹੈ ਤਾਂ ਬੇਹੱਦ ਖਤਰਨਾਕ ਸਿਰਜੇ ਗਏ ਝੂਠੇ ਬਿਰਤਾਂਤ ਦਾ ਸੱਚ ਸਾਹਮਣੇ ਰੂਪਮਾਨ ਹੋਇਆ ਦਿਖਾਈ ਦਿੰਦਾ ਹੈ।ਸਿੱਖਾਂ ‘ਤੇ ਆਪਣੇ ਇਤਿਹਾਸ ਪ੍ਰਤੀ ਲਾਪਰਵਾਹੀ ਦੇ ਦੋਸ ਮੁੱਢੋਂ ਹੀ ਲੱਗਦੇ ਰਹੇ ਹਨ,ਇਹ ਸੱਚ ਵੀ ਹੈ,ਕਿਉਂਕਿ ਮਹਿਜ਼ ਸਾਢੇ ਪੰਜ ਕੁ ਸੌ ਸਾਲ ਦੇ ਇਤਿਹਾਸ ਵਿੱਚ ਦੁਬਿਧਾ ਹੋਣੀ ਕੌਂਮ ਦੀ ਲਾਪਰਵਾਹੀ ਨੂੰ ਸਪੱਸਟ ਕਰਦੀ ਹੈ।ਗੁਰੂ ਕਾਲ ਅਤੇ ਉਸ ਤੋ ਬਾਅਦ ਦੇ ਇਤਿਹਾਸ ਵਿੱਚ ਸਿੱਖ ਵਿਰੋਧੀ ਤਾਕਤਾਂ ਵੱਲੋਂ ਬਹੁਤ ਕੁੱਝ ਰਲਗੱਡ ਕਰਕੇ ਇਤਿਹਾਸ ਨੂੰ ਝੂਠਾ ਕਰਨ ਦੇ ਯਤਨ ਕੀਤੇ ਗਏ ਹਨ,ਪਰ ਕੌਂਮ ਨੇ ਇਸਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀ ਲਿਆ,ਇੱਥੋਂ ਤੱਕ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਈ ਪੁਸਤਕਾਂ ਵੀ ਅਜਿਹੇ ਵਿਵਾਦਾਂ ਵਿੱਚ ਘਿਰੀਆਂ ਹੋਈਆਂ ਹਨ।ਜੇਕਰ 1984 ਵਾਲੇ ਦੌਰ ਦੀ ਗੱਲ ਕੀਤੀ ਜਾਵੇ,ਤਾਂ ਇਥੇ ਵੀ ਬੇਹੱਦ ਗੰਭੀਰ ਸਵਾਲ ਉੱਠਦੇ ਹਨ ਕਿ ਆਖਿਰ ਉਸ ਸਮੇਂ ਦਾ ਇਤਿਹਾਸ ਕਿਹੜੀਆਂ ਕਲਮਾਂ ਨੇ ਲਿਖਿਆ ਹੈ, ਕਿਹੜੀ ਨਜ਼ਰ ਨਾਲ ਲਿਖਿਆ ਗਿਆ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਉਸ ਖਤਰਨਾਕ ਬਿਰਤਾਂਤ ਨੂੰ ਸਮਝਿਆ ਕਿਉਂ ਨਹੀ ਗਿਆ।ਅਫਸੋਸ ਦੀ ਗੱਲ ਇਹ ਹੈ ਕਿ ਉਸ ਦੌਰ ਤੋਂ ਬਾਅਦ ਪੰਜਾਬ ਵਿੱਚ ਤਾਇਨਾਤ ਰਹੇ ਪੁਲਿਸ ਅਫਸਰਾਂ, ਖੁਫੀਆ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ, ਫੌਜੀ ਅਧਿਕਾਰੀਆਂ,ਪੱਤਰਕਾਰਾਂ ਅਤੇ ਦਿੱਲੀ ਦੇ ਸੱਤਾ ਕੇਂਦਰ ਨਾਲ ਜੁੜੇ ਲੋਕਾਂ ਨੇ ਪੁਸਤਕਾਂ ਲਿਖੀਆਂ। ਕਿਸੇ ਨੇ ਅੱਤਵਾਦ ਵਿਰੋਧੀ ਲੜਾਈ ਦੇ ਨਾਮ ਹੇਠ ਆਪਣੀ ਭੂਮਿਕਾ ਨੂੰ ਨਾਇਕ ਵਾਂਗ ਪੇਸ਼ ਕੀਤਾ,ਕਿਸੇ ਨੇ ਸਿੱਖ ਨੌਜਵਾਨਾਂ ਨੂੰ ਐਕਸਟ੍ਰੀਮਿਸਟ ਜਾਂ ਮਿਸਗਾਈਡਡ ਯੂਥ ਲਿਖਿਆ, ਕਿਸੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੱਟੜਵਾਦੀ ਆਖਿਆ ਅਤੇ ਕਿਸੇ ਨੇ ਪੂਰੇ ਸਿੱਖ ਸੰਘਰਸ਼ ਨੂੰ ਪਾਕਿਸਤਾਨੀ ਸਾਜਿਸ਼ ਜਾਂ ਕਾਨੂੰਨ-ਵਿਵਸਥਾ ਦਾ ਮਸਲਾ ਦਿਖਾ ਦਿੱਤਾ।ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਲਿਖਣ ਵਾਲੇ ਉਹੀ ਲੋਕ ਸਨ ਜੋ ਉਸ ਸਮੇਂ ਸੱਤਾ ਦਾ ਹਿੱਸਾ ਸਨ,ਰਾਜ ਦੇ ਸਿੱਖ ਵਿਰੋਧੀ ਬਿਰਤਾਂਤ ਨੂੰ ਪਰਚਾਰਨ ਵਾਲੇ,ਕੋਈ ਡੀਸੀ, ਕੋਈ ਐਸਐਸਪੀ, ਕੋਈ ਆਈਬੀ ਅਧਿਕਾਰੀ,ਕੋਈ ਰਾਅ ਅਧਿਕਾਰੀ ਅਤੇ ਕੁੱਝ ਦਿੱਲੀ ਦੇ ਨੀਤੀਕਾਰਾਂ ਨਾਲ ਜੁੜੇ ਹੋਏ ਪੱਤਰਕਾਰ, ਉਹਨਾਂ ਦੇ ਹੱਥ ਵਿੱਚ ਰਾਜ ਦੀ ਤਾਕਤ ਵੀ ਸੀ, ਰਿਕਾਰਡ ਵੀ ਸੀ, ਅਤੇ ਮੀਡੀਆ ਵੀ ਸੀ।ਫਿਰ ਉਹਨਾਂ ਨੇ ਇੱਕ ਪੱਖ ਨੂੰ ਇਤਿਹਾਸ ਬਣਾਕੇ ਪੇਸ਼ ਕਰ ਦਿੱਤਾ। ਇਸ ਬਿਰਤਾਂਤ ਦਾ ਦੁਖਦਾਈ ਪੱਖ ਇਹ ਹੈ ਕਿ ਸਿੱਖ ਸਮਾਜ ਦਾ ਵੱਡਾ ਹਿੱਸਾ ਵੀ ਉਹਨਾਂ ਲਿਖਤਾਂ ਨੂੰ ਹੀ ਅੰਤਿਮ ਸੱਚ ਮੰਨਣ ਲੱਗ ਪਿਆ,ਜਿਹੜਾ ਸਿੱਖ ਇਤਹਾਸ ਦੀ ਮੂਲ ਭਾਵਨਾ ਨੂੰ ਹੀ ਝੂਠ ਦਿਖਾ ਕੇ ਬਦਲਣ ਲਈ ਯਤਨਸ਼ੀਲ ਹੈ।ਅੱਜ ਜੇਕਰ ਕੋਈ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਜਾਣਨਾ ਚਾਹੇ ਤਾਂ ਉਸਦੇ ਹੱਥ ਵਿੱਚ ਸਭ ਤੋਂ ਪਹਿਲਾਂ ਕਿਸੇ ਰਿਟਾਇਰ ਪੁਲਿਸ ਅਫਸਰ ਦੀ, ਕਿਸੇ ਰਿਟਾਇਰ ਫੌਜੀ ਜਰਨੈਲ ਦੀ ਜਾਂ ਕਿਸੇ ਖੁਫੀਆ ਏਜੰਸੀ ਦੇ ਰਿਟਾਇਰ ਹੋਏ ਅਧਿਕਾਰੀਆਂ ਦੀ ਪੁਸਤਕ ਆਉਂਦੀ ਹੈ,ਜਾਂ ਇਹ ਕਿਹਾ ਜਾਵੇ ਕਿ ਉਹਨਾਂ ਦੀਆਂ ਲਿਖਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ,ਜਿੰਨਾਂ ਵੱਲੋਂ ਸੰਤਾਂ ਨੂੰ ਇੱਕ ਅਜਿਹੇ ਦਰਿੰਦੇ ਮਨੁੱਖ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਸਿਰਫ ਹਿੰਸਾ ਚਾਹੁੰਦਾ ਸੀ। ਪਰ ਕੋਈ ਇਹ ਨਹੀਂ ਦੱਸਦਾ ਕਿ ਉਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ,ਜਿੰਨਾਂ ਨੇ ਪਤਿਤ ਹੋ ਚੁੱਕੀ ਸਿੱਖ ਜੁਆਨੀ ਨੂੰ ਸਾਬਤ ਸੂਰਤ ਬਣਨ ਦਾ ਟਰੈਂਡ ਚਲਾਇਆ ਸੀ, ਉਹ ਪੰਜਾਬ ਦੇ ਪਾਣੀਆਂ, ਹੱਕਾਂ ਹਿਤਾਂ ਅਤੇ ਸਿੱਖ ਪਛਾਣ ਦੀ ਗੱਲ ਕਰਦੇ ਸਨ।ਉਹ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਦੀ ਲੜਾਈ ਲੜਦੇ ਸਨ,ਜਿਹੜਾ ਸਮੂਹ ਪੰਜਾਬੀਆਂ ਦੇ ਸਾਂਝੇ ਹਿਤਾਂ ਸਮੇਤ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ।ਉਪਰੋਕਤ ਪੁਸਤਕਾਂ ਵਿੱਚ ਇਹ ਬਿਲਕੁਲ ਨਹੀ ਦੱਸਿਆ ਗਿਅ ਕਿ ਸੰਤ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਿਰਲੱਥ ਸਿੰਘਾਂ ਦਾ ਨਿੱਕਾ ਜਿਹਾ ਜਥਾ ਪਹਾੜ ਜਿੱਡਾ ਦਿਲ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਮਾਰੂ ਅਤੇ ਪਾਬੰਦੀਸੁਦਾ ਰਸਾਇਣਿਕ ਹਥਿਆਰਾਂ ਨਾਲ ਲੈਸ ਭਾਰਤੀ ਫੌਜ ਨੂੰ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਦਾਖਲ ਹੋਣ ਤੋ ਰੋਕਣ ਲਈ ਵੱਡੇ ਹੌਸਲੇ ਨਾਲ ਲੜੇ ਸਨ ਅਤੇ ਸਿਫਤੀ ਦੇ ਘਰ ਨੂੰ ਬੰਬਾਂ ਤੋਪਾਂ ਟੈਂਕਾਂ ਨਾਲ ਉਡਾਉਣ ਵਾਲਿਆਂ ਸਾਹਮਣੇ ਹਿੱਕ ਡਾਂਹ ਕੇ ਖੜੇ ਸਨ।ਉਹ ਅੱਤਵਾਦੀ,ਵੱਖਵਾਦੀ ਨਹੀ ਸਨ,ਬਲਕਿ ਉਹਨਾਂ ਦਾ ਆਪਣੇ ਵਤਨ ਦੀ ਮਿੱਟੀ ਤੇ ਇਹ ਦਾਅਵਾ ਸੀ ਕਿ “ਸਿੱਖ ਭਾਰਤ ਵਿੱਚ ਦੂਜੇ ਦਰਜੇ ਦੇ ਸਹਿਰੀ ਬਣਕੇ ਨਹੀ ਸਗੋਂ ਇੱਕ ਨੰਬਰ ਦੇ ਸਹਿਰੀ ਬਣਕੇ ਰਹਿਣਗੇ”,ਪਰ ਸਰਕਾਰੀ ਕਲਮਾਂ ਨੇ ਇਹ ਪੱਖ ਇਮਾਨਦਾਰੀ ਨਾਲ ਲਿਖਣ ਦੀ ਬਜਾਏ ਬੜੀ ਚਤੁਰਾਈ ਭਰੀ ਕਮੀਨਗੀ ਨਾਲ ਲਿਖਿਆ। ਉਸ ਮੌਕੇ ਦੇ ਕੁਝ ਵਿਦੇਸ਼ੀ ਪੱਤਰਕਾਰਾਂ ਦੀਆਂ ਰਿਪੋਰਟਾਂ ਤੋਂ ਇਲਾਵਾ ਬਾਕੀ ਵੱਡਾ ਹਿੱਸਾ ਸਰਕਾਰੀ ਬਿਆਨਾਂ ਉੱਤੇ ਹੀ ਨਿਰਭਰ ਰਿਹਾ। ਅੰਮ੍ਰਿਤਸਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਪੱਤਰਕਾਰਾਂ ਵੱਲੋਂ ਲਿਖੇ ਜਾਂਦੇ ਜਮੀਨੀ ਹਾਲਤਾਂ ਨੂੰ ਦਬਾਅ ਲਿਆ ਜਾਂਦਾ ਸੀ। ਮਰਨ ਵਾਲਿਆਂ ਦੀ ਅਸਲੀ ਗਿਣਤੀ ਅੱਜ ਤੱਕ ਸਵਾਲਾਂ ਦੇ ਘੇਰੇ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਦੀਆਂ ਤਸਵੀਰਾਂ ਦੁਨੀਆ ਤੋਂ ਲੁਕਾਈਆਂ ਗਈਆਂ। ਫਿਰ ਉਸੇ ਰਾਜ ਮਸ਼ੀਨਰੀ ਨਾਲ ਜੁੜੇ ਲੋਕਾਂ ਨੇ ਸਾਲਾਂ ਬਾਅਦ ਕਿਤਾਬਾਂ ਲਿਖ ਕੇ ਆਪਣੀ ਕਾਰਵਾਈ ਨੂੰ ਜ਼ਰੂਰੀ ਅਤੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ,ਜਿਨ੍ਹਾਂ ਲੋਕਾਂ ਉੱਤੇ ਦੋਸ਼ ਸੀ ਕਿ ਉਹਨਾਂ ਨੇ ਪੰਜਾਬ ਵਿੱਚ ਜਬਰ ਕੀਤਾ, ਫਰਜ਼ੀ ਮੁਕਾਬਲੇ ਕਰਵਾਏ, ਹਜਾਰਾਂ ਨੌਜਵਾਨ ਗਾਇਬ ਕੀਤੇ, ਉਹੀ ਲੋਕ ਜਦੋਂ ਇਤਿਹਾਸ ਲਿਖਣ ਤਾਂ ਉਸਨੂੰ ਨਿਰਪੱਖ ਕਿਵੇਂ ਮੰਨਿਆ ਜਾ ਸਕਦਾ ਹੈ ? ਇਹ ਵੀ ਸੱਚ ਹੈ ਕਿ ਬਹੁਤ ਸਾਰੇ ਸਿੱਖ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸੰਘਰਸ਼ ਨੂੰ ਨੇੜੇ ਤੋਂ ਵੇਖਣ ਵਾਲਿਆਂ ਨੇ ਇਸ ਪਾਸੇ ਇਮਾਨਦਾਰੀ ਨਾਲ ਚੰਗਾ ਕੰਮ ਕੀਤਾ ਹੈ ਪਰ ਇਹ ਸਚਾਈ ਹੈ ਕਿ ਉਹਨਾਂ ਲਿਖਤਾਂ ਨੂੰ ਮੀਡੀਆ, ਪ੍ਰਕਾਸ਼ਨ ਘਰ, ਅਤੇ ਯੂਨੀਵਰਸਿਟੀ ਵਾਲਾ ਉਹ ਮੰਚ ਨਹੀਂ ਮਿਲਿਆ ਜੋ ਸਰਕਾਰੀ ਅਧਿਕਾਰੀਆਂ ਦੀਆਂ ਕਿਤਾਬਾਂ ਨੂੰ ਮਿਲਿਆ। ਨਤੀਜਾ ਇਹ ਹੈ ਕਿ ਸਿੱਖ ਵਿਰੋਧੀ ਸਿਰਜੇ ਗਏ ਵਿਰਤਾਂਤ ਨੂੰ ਅਧਿਕਾਰਕ ਇਤਿਹਾਸ ਮੰਨਿਆ ਜਾ ਰਿਹਾ ਹੈ ਅਤੇ ਦੂਜਾ ਪੱਖ ਭਾਵਨਾਤਮਕ ਲਿਖਤ ਕਹਿ ਕੇ ਪਾਸੇ ਕਰ ਦਿੱਤਾ ਗਿਆ।ਇਹ ਸਿੱਖ ਕੌਮ ਲਈ ਬਹੁਤ ਖਤਰਨਾਕ ਵਰਤਾਰਾ ਹੈ।ਜਦੋਂ ਇੱਕ ਪੀੜ੍ਹੀ ਆਪਣੇ ਸ਼ਹੀਦਾਂ ਨੂੰ ਸਰਕਾਰੀ ਸ਼ਬਦਾਵਲੀ ਵਿੱਚ ਪੜ੍ਹਨ ਲੱਗ ਪਵੇ, ਤਾਂ ਆਪਣੇ ਯੋਧੇ ਅੱਤਵਾਦੀ ਅਤੇ ਸੰਘਰਸ਼,ਲਾਅ ਐਂਡ ਆਰਡਰ ਪ੍ਰਾਬਲਮ ਵਾਂਗ ਦਿਖਾਈ ਦੇਣ ਲੱਗ ਪੈਣਾ ਸੁਭਾਵਿਕ ਹੈ,ਕਿਉ ਕਿ ਸਾਡੀ ਨਵੀਂ ਪੀੜ੍ਹੀ ਨੇ ਆਪਣਾ ਇਤਿਹਾਸ, ਆਪਣੇ ਵਿਦਵਾਨਾਂ, ਆਪਣੇ ਦਸਤਾਵੇਜ਼ਾਂ ਅਤੇ ਆਪਣੇ ਪੰਥਕ ਸਰੋਤਾਂ ਨੂੰ ਘੱਟ ਪੜ੍ਹਿਆ ਹੈ ਅਤੇ ਰਾਜ ਦੇ ਬਣਾਏ ਨੈਰੇਟਿਵ ਨੂੰ ਵੱਧ ਪੜ੍ਹਿਆ ਸੁਣਿਆ ਹੈ।ਇਹ ਵੀ ਕੌੜਾ ਸੱਚ ਹੈ ਕਿ ਬਹੁਤ ਸਾਰੇ ਸਿੱਖ ਬੁੱਧੀਜੀਵੀ ਵੀ ਅਣਜਾਣੇ ਜਾਂ ਜਾਣਬੁੱਝ ਕੇ ਉਸੇ ਸਰਕਾਰੀ ਭਾਸ਼ਾ ਨੂੰ ਸਹੀ ਦੁਹਰਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਖੁਦ ਸਿੱਖ ਲੇਖਕਾਂ ਨੇ ਵੀ ਮਿਲੀਟੈਂਸੀ,ਐਕਸਟ੍ਰੀਮਿਸਟ,ਸੈਪਰੇਟਿਸਟ ਵਾਇਲੈਂਸ ਵਰਗੇ ਸ਼ਬਦ ਵਰਤ ਕੇ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਜਦੋਂਕਿ ਸੱਚ ਇਹ ਹੈ ਕਿ ਪੰਜਾਬ ਦਾ ਉਹ ਸੰਘਰਸ਼ ਅੱਤਵਾਦ ਨਹੀ,ਬਲਕਿ ਉਹ ਪੰਜਾਬ ਦੇ ਸਾਹਾਂ ਨਾਲ ਜੁੜਿਆ ਪਾਣੀਆਂ ਦਾ ਮਸਲਾ ਸੀ, ਸੰਵਿਧਾਨਕ ਧੋਖਿਆਂ ਦਾ ਮਸਲਾ ਸੀ, 1978 ਦੀ ਨਿਰੰਕਾਰੀਆਂ ਵਾਲੀ ਹਿਰਦੇਵੇਧਕ ਘਟਨਾ ਦਾ ਮਸਲਾ ਸੀ, ਆਨੰਦਪੁਰ ਸਾਹਿਬ ਮਤੇ ਦਾ ਮਸਲਾ ਸੀ, ਸਭ ਤੋ ਮਹੱਤਵਪੂਰਨ ਗੱਲ ਕਿ ਉਹ ਸਿੱਖ ਪਛਾਣ ਨੂੰ ਜਿਉਂਦਾ ਰੱਖਣ ਦਾ ਮਸਲਾ ਸੀ।ਜੇਕਰ ਇਹ ਸਭ ਕੁਝ ਹਟਾ ਕੇ ਕੇਵਲ ਟੈਰਰਿਜਮ ਲਿਖ ਦਿੱਤਾ ਜਾਵੇ ਤਾਂ ਇਤਿਹਾਸ ਦੇ ਅਰਥ ਹੀ ਬਦਲ ਜਾਂਦੇ ਹਨ।ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਸਮੇਂ ਹਜ਼ਾਰਾਂ ਨੌਜਵਾਨ ਗਾਇਬ ਹੋਏ, ਜਿਨ੍ਹਾਂ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਦੋਸ਼ ਲੱਗੇ, ਜਿਨ੍ਹਾਂ ਦੇ ਦੌਰ ਵਿੱਚ ਫਰਜੀ ਮੁਕਾਬਲੇ ਆਮ ਸ਼ਬਦ ਬਣ ਗਿਆ, ਉਹਨਾਂ ਲੋਕਾਂ ਨੂੰ ਅੱਜ ਸ਼ਾਂਤੀ ਦੇ ਦੂਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕਈਆਂ ਦੀਆਂ ਕਿਤਾਬਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਮੀਡੀਆ ਉਹਨਾਂ ਦੇ ਇੰਟਰਵਿਊ ਕਰਦਾ ਹੈ। ਪਰ ਉਹਨਾਂ ਮਾਵਾਂ ਦੀ ਆਵਾਜ਼ ਕੌਣ ਸੁਣਦਾ ਹੈ ਜਿਨ੍ਹਾਂ ਦੇ ਪੁੱਤ ਕਦੇ ਵਾਪਸ ਨਹੀਂ ਆਏ,ਉਹਨਾਂ ਚੁੱਲਿਆਂ ਦੇ ਦਰਦ ਨੂੰ ਕੌਣ ਲਿਖੇਗਾ ਜਿੰਨਾਂ ਵਿੱਚ ਦਹਾਕਿਆਂ ਤੋਂ ਅੱਗ ਨਹੀ ਬਲ਼ੀ ਅਤੇ ਉਹਨਾਂ ਪਿੰਡਾਂ ਦੀ ਗਵਾਹੀ ਕੌਣ ਲਿਖੇਗਾ ਜਿੱਥੇ ਲੰਮੇ ਅਰਸੇ ਤੋ ਬਰਾਤ ਨਹੀ ਚੜੀ।ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਝੂਠ ਨੂੰ ਵਾਰ-ਵਾਰ ਦੁਹਰਾਕੇ ਸੱਚ ਬਣਾਇਆ ਜਾ ਰਿਹਾ ਹੈ।ਇਸ ਲਈ ਲੋੜ ਹੈ ਕਿ ਸਿੱਖ ਆਪਣੇ ਇਤਿਹਾਸ ਨੂੰ ਖੁਦ ਲਿਖਣ,ਪਿੰਡਾਂ ਦੀਆਂ ਗਵਾਹੀਆਂ ਇਕੱਠੀਆਂ ਕੀਤੀਆਂ ਜਾਣ,ਜੇਲ੍ਹਾਂ ਕੱਟ ਚੁੱਕੇ ਸਿੰਘਾਂ ਦੀਆਂ ਦਾਸਤਾਨਾਂ ਲਿਖੀਆਂ ਜਾਣ। ਸ਼ਹੀਦ ਪਰਿਵਾਰਾਂ ਦੀਆਂ ਗੱਲਾਂ ਬਾਤਾਂ ਰਿਕਾਰਡ ਕੀਤੀਆਂ ਜਾਣ। 1984 ਤੋਂ ਬਾਅਦ ਦੇ ਪੰਜਾਬ ਨੂੰ ਸਿੱਖ ਨਜ਼ਰੀਏ ਤੋਂ ਡੌਕੂਮੈਂਟ ਕੀਤਾ ਜਾਵੇ। ਯੂਨੀਵਰਸਿਟੀਆਂ ਵਿੱਚ ਖੋਜ ਹੋਵੇ। ਨੌਜਵਾਨਾਂ ਨੂੰ ਦੋਵੇਂ ਪੱਖ ਪੜ੍ਹਾਏ ਜਾਣ ਤਾਂ ਜੋ ਉਹ ਝੂਠੇ ਬਿਰਤਾਂਤ ਨੂੰ ਵੀ ਸਮਝ ਸਕਣ। ਜੇ ਸਿੱਖ ਆਪਣੇ ਇਤਿਹਾਸ ਨੂੰ ਸਾਂਭਣ ਲਈ ਗੰਭੀਰ ਨਹੀ ਹੋਣਗੇ,ਤਾਂ ਵਿਰੋਧੀ ਤਾਕਤਾਂ ਸਿੱਖ ਇਤਿਹਾਸ ਨੂੰ ਆਪਣੇ ਢੰਗ ਨਾਲ ਪਰਿਭਾਸ਼ਿਤ ਕਰਨਗੀਆਂ।ਇਸ ਲਈ ਉਸ ਝੂਠੇ ਬਿਰਤਾਂਤ ਨੂੰ ਚੁਣੌਤੀ ਦੇਣ ਦੀ ਲੋੜ ਹੈ ,ਜੋ ਜੂਨ 1984 ਨੂੰ ਓਪਰੇਸ਼ਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮੱਸਿਆ ਕਹਿੰਦਾ ਹੈ, ਪਰ ਉਹਨਾਂ ਦੇ ਪਿੱਛੇ ਖੜ੍ਹੇ ਲੱਖਾਂ ਸਿੱਖਾਂ ਦੀ ਮਨੋਸਥਿਤੀ ਨਹੀਂ ਸਮਝਦਾ,ਜਾਂ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਉਸ ਸਿੱਖ ਮਨੋ ਸਥਿੱਤੀ ਨੂੰ ਹੀ ਬਦਲਣਾ ਚਾਹੁੰਦਾ ਹੈ,ਜਿਹੜੀ ਜੂਨ 1984 ਦੇ ਫੌਜੀ ਹਮਲੇ ਨੂੰ ਤੀਜੇ ਘੱਲੂਘਾਰੇ ਦੇ ਨਾਮ ਨਾਲ ਯਾਦ ਕਰਦੀ ਹੈ,ਜਿਸਦੇ ਜਖਮ ਸਿੱਖ ਮਨਾਂ ਵਿੱਚ ਰਹਿੰਦੀ ਦੁਨੀਆਂ ਤੱਕ ਰਿਸਦੇ ਰਹਿਣਗੇ।