
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ - ਨਿਰਮਲ ਸਿੰਘ ਕੰਧਾਲਵੀ
ਹੈ ਸ਼ਾਂਤੀ ਦਾ ਅਵਤਾਰ, ਮੇਰਾ ਅਰਜਨ ਗੁਰੂ।
ਹੈ ਸੱਚ ਦਾ ਪਹਿਰੇਦਾਰ, ਮੇਰਾ ਅਰਜਨ ਗੁਰੂ।
ਤਵੀ ਤੱਤੀ, ਰੇਤ ਤੱਤੀ, ਦੇਗ਼ਾ ਉਬਾਲ਼ੇ ਮਾਰਦਾ,
ਅੰਦਰੋਂ ਸੀ ਠੰਢਾ ਠਾਰ, ਐਪਰ ਅਰਜਨ ਗੁਰੂ।
ਸੂਰਜ ਤਪੇਂਦਾ ਜੇਠ ਦਾ, ਸੀ ਹਰ ਸ਼ੈਅ ਸਾੜਦਾ,
ਹਿਮਾਲਾ ਦੀ ਗੰਗਧਾਰ , ਐਪਰ ਅਰਜਨ ਗੁਰੂ।
ਦੇਣ ਦੇ ਲਈ ਹੌਸਲਾ, ਨਿਮਾਣੇ ਨਿਤਾਣਿਆਂ ਨੂੰ,
ਧੀਰਜ ਦਾ ਇਕ ਅੰਬਾਰ, ਮੇਰਾ ਅਰਜਨ ਗੁਰੂ।
ਪੀੜ ਪੀਤੀ ਜਗਤ ਦੀ, ਤੱਤੀ ਤਵੀ ‘ਤੇ ਬੈਠ ਕੇ,
ਹੈ ਦੁਖੀਆਂ ਦਾ ਗ਼ਮਖਾਰ, ਮੇਰਾ ਅਰਜਨ ਗੁਰੂ।
ਡਿੱਠਾ ਨਾ ਕਿਧਰੇ ਹੋਰ, ਹਰਿਮੰਦਰ ਜੋ ਸਾਜਿਆ,
ਐਸਾ ਉਹ ਇਮਾਰਤਕਾਰ, ਮੇਰਾ ਅਰਜਨ ਗੁਰੂ।
ਅੰਮ੍ਰਿਤ ਭਰਿਆ ਥਾਲ, ਲੋਕਾਈ ਨੂੰ ਉਹ ਦੇ ਗਿਆ,
ਸੱਤ, ਸੰਤੋਖ ਅਤੇ ਵਿਚਾਰ, ਮੇਰਾ ਅਰਜਨ ਗੁਰੂ।
ਸਿਰੜ, ਸਿਦਕ, ਸਦਾਕਤ ਦਾ ਉਹ ਮੁਜੱਸਮਾ,
ਹੈ ਬਾਣੀ ਦਾ ਸ਼ਾਹਸਵਾਰ, ਮੇਰਾ ਅਰਜਨ ਗੁਰੂ।
ਇਕੋ ਖੁਦਾ ਦਾ ਨੂਰ , ਸਭਨਾਂ ਵਿਚ ਉਹ ਦੇਖਦਾ,
ਯਾਰ ਸੀ ਮੀਆਂ ਮੀਰ ਦਾ, ਮੇਰਾ ਅਰਜਨ ਗੁਰੂ।
ਕੋਹੜੀਆਂ ਦੇ ਬੰਨ੍ਹੇ ਪੱਟੀਆਂ, ਉਹ ਹੱਥੀਂ ਆਪਣੀਂ,
ਦੂਖ ਨਿਵਾਰਣਹਾਰ ਉਹ, ਮੇਰਾ ਅਰਜਨ ਗੁਰੂ।
ਜ਼ੁਲਮ ਕਰਨੇ ਵਾਲਿਆਂ ਦਾ, ਭਲਾ ਹਮੇਸ਼ਾ ਮੰਗਦਾ,
ਹੈ ਸਭ ਨੂੰ ਬਖ਼ਸ਼ਣਹਾਰ, ਮੇਰਾ ਅਰਜਨ ਗੁਰੂ।
ਐਸੀ ਨਾ ਦੇਖੀ ਇੰਤਹਾ, ਜ਼ੁਲਮ ਦੀ ਪਹਿਲਾਂ ਕਦੇ,
ਸ਼ਹੀਦਾਂ ਦਾ ਸਿਰਦਾਰ ਤਾਂਹੀਂ, ਮੇਰਾ ਅਰਜਨ ਗੁਰੂ।