ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

23.06.2026

ਅਮਰੀਕਾ ਨੂੰ ਭਾਰਤ ਦੀ ਤਰੱਕੀ ਰੜਕਦੀ ਹੈ- ਸੰਤ ਸੀਚੇਵਾਲ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਪ੍ਰੋ. ਦਰਸ਼ਨ ਸਿੰਘ ਵਾਲੀ ਸੀ.ਡੀ. ਦੀ ਜਾਂਚ ਕਿਉਂ ਨਹੀਂ ਸੀ ਕੀਤੀ ਗਈ?

ਕਿਉਂਕਿ ਇਹ ਸੀ.ਡੀ. ਇਕ ਸਾਜ਼ਿਸ਼ ਅਧੀਨ ਬਣਾਈ ਗਈ ਸੀ। 

ਬਿਹਾਰ ‘ਚ ਮਨਰੇਗਾ ਬਕਾਏ ਦਾ ਹੋਵੇਗਾ ਭੁਗਤਾਨ- ਕੇਂਦਰ ਸਰਕਾਰ

ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਪੰਜਾਬ ਕਾਂਗਰਸ ਦੀ ਲੀਡਰਸ਼ਿੱਪ ਦਾ ਫ਼ੈਸਲਾ ਰਾਹੁਲ ਅਤੇ ਖੜਗੇ ਹੱਥ- ਇਕ ਖ਼ਬਰ

ਕੋਈ ਡਰਦੀ ਪੀਹਣ ਨਾ ਜਾਵੇ, ਛੜਿਆਂ ਦੇ ਦੋ ਦੋ ਚੱਕੀਆਂ।

ਟਰੰਪ ਸਾਬ, ਮੇਰੀ ਮਕਬੂਲੀਅਤ ਤੁਹਾਡੀ ਚਿੰਤਾ ਦਾ ਵਿਸ਼ਾ ਨਹੀਂ, ਤੁਸੀਂ ਆਪਣਾ ਫ਼ਿਕਰ ਕਰੋ- ਜੌਰਜੀਆ ਮੇਲੋਨੀ

ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ- ਨਿਤਿਨ ਨਬੀਨ

ਹੋਕਾ ਦੇਣਗੇ ਵੰਙਾਂ ਦਾ, ਕੱਢ ਦਿਖਾਉਣਗੇ ਚੱਕੀਰਾਹੇ।

ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਆਉਣ ‘ਤੇ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ- ਪਰਮਜੀਤ ਸਿੰਘ ਸਰਨਾ

ਪਹਿਲੀਆਂ ਅਕਾਲੀ ਸਰਕਾਰਾਂ ਕੀ ਖੱਟਾ ਪੀਂਦੀਆਂ ਰਹੀਆਂ, ਸਰਨਾ ਸਾਹਿਬ?

ਅਕਾਲੀ ਦਲ ਪੁਨਰ ਸੁਰਜੀਤ ਅਤੇ ਤਿੰਨ ਹੋਰ ਅਕਾਲੀ ਦਲ ਹੋਏ ਇਕੱਠੇ- ਇਕ ਖ਼ਬਰ

ਪਰ ਕਿੰਨੇ ਕੁ ਚਿਰ ਲਈ?

ਜਥੇਦਾਰ ਨੂੰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਹੀਂ ਕਰਨਾ ਚਾਹੀਦਾ- ਬਲਤੇਜ ਪੰਨੂੰ

ਮੇਰੇ ਮਾਹੀ ਨੂੰ ਅਕਲ ਜੇ ਆਵੇ, ਮੈਂ ਸੁੱਖ ਲਵਾਂ ਪੰਜ ਮੱਸਿਆ।

ਮੇਰੇ ਬਿਨਾਂ ਇਜ਼ਰਾਈਲ ਦੀ ਹੋਂਦ ਸੰਭਵ ਨਹੀਂ-ਟਰੰਪ

ਤੇਰੀ ਮੇਰੀ ਇਕ ਜਿੰਦੜੀ, ਐਵੇਂ ਦੋ ਕਲਬੂਤ ਬਣਾਏ।

ਕਾਂਗਰਸ ਡੁੱਬਦਾ ਜਹਾਜ਼ ਨਹੀਂ, ਵੱਖ ਹੋਏ ਨੇਤਾ ਫੇਰ ਇਕੱਠੇ ਹੋਣ- ਸੰਜੇ ਰਾਉਤ

ਵੇ ਮੈਂ ਤ੍ਰਿੰਞਣਾਂ ‘ਚ ਬੋਲ ਪਛਾਣਿਆਂ, ਗਲ਼ੀਆਂ ‘ਚ ਫਿਰਦੇ ਦਾ।

ਇਰਾਨ ਨੇ ਸ਼ਰਤਾਂ ਨਾ ਮੰਨੀਆਂ ਤਾਂ ਫੇਰ ਬੰਬਾਰੀ ਕਰਾਂਗੇ- ਟਰੰਪ

ਹੋਰ ਜੇ ਕੋਈ ਲੈ ਆਇਆ ਤੇਰੀ ਜੰਞ ਨੀ, ਜੰਗ ਦਾ ਮੈਦਾਨ ਬਣੂੰ ਬੇਲਾ ਝੰਗ ਨੀ।

ਅਸੀਂ ਦੱਖਣੀ ਲਿਬਨਾਨ ਤੋਂ ਪਿੱਛੇ ਨਹੀਂ ਹਟਾਂਗੇ- ਇਜ਼ਰਾਈਲ

ਪੂਛ ਕੁੱਤੇ ਦੀ ਕਦੇ ਨਾ ਹੋਏ ਸਿੱਧੀ, ਬਾਰਾਂ ਸਾਲ ਵਿਚ ਨੌਲ਼ਕੇ ਰੱਖੀਏ ਜੀ।

ਚੰਡੀਗੜ੍ਹ ਦੇ ਟਕਸਾਲੀ ਆਗੂਆਂ ਨੇ ਅਕਾਲੀ ਦਲ ਪੁਨਰ ਸੁਰਜੀਤ ਦਾ ਪੱਲਾ ਫੜਿਆ- ਇਕ ਖ਼ਬਰ

ਨੀ ਮੈਂ ਜਾਣਾ ਜੋਗੀ ਦੇ ਨਾਲ਼, ਕੰਨੀਂ ਮੁੰਦਰਾਂ ਪਾ ਕੇ।

ਟਰੰਪ ਪ੍ਰਸ਼ਾਸਨ ਦਾ ਵੀਜ਼ਾ ਫ਼ੀਸ ਵਧਾਉਣ ਦਾ ਫ਼ੈਸਲਾ ਅਦਾਲਤ ਵਲੋਂ ਗ਼ੈਰ-ਕਾਨੂੰਨੀ ਕਰਾਰ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

================================================================================