
ਮੇਰੀ ਲਿਖੀ ਜਾ ਰਹੀ ਪੁਸਤਕ :- ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ ਵਿੱਚੋਂ। - ਮੇਰੀ ਜਿੰਦਗੀ ਦੇ ਨਿੱਜੀ ਤਜਰਬੇ
ਜ਼ਰੂਰੀ ਨਹੀਂ ਹੈ ਕਿ ਮੇਰੀਆਂ ਇਹ ਗੱਲਾਂ ਹਰ ਕਿਸੇ ਨੂੰ ਪਸੰਦ ਆਉਣ, ਕਿਉਂਕਿ ਹਰ ਇੱਕ ਦੇ ਹਾਲਾਤ, ਸਮਾਂ ਅਤੇ ਸੋਚਣ ਦਾ ਢੰਗ ਵੱਖਰਾ ਵੱਖਰਾ ਹੁੰਦਾ ਹੈ, ਪਰ ਮੈਨੂੰ ਆਪਣੇ ਆਲੇ ਦੁਆਲੇ ਵਾਪਰ ਰਹੇ ਹਾਲਾਤਾਂ ਤੋਂ ਜੋ ਸਿੱਖਿਆ ਮਿਲੀ ਹੈ ਉਸ ਅਨੁਸਾਰ ਮੈਂ ਇਹ ਲਿਖ ਰਿਹਾ ਹਾਂ, ਕਿ ਬੰਦੇ ਦੀ ਨਰਮਾਈ, ਬੱਚਿਆਂ ਨੂੰ ਆਜ਼ਾਦੀ, ਬਰਾਬਰਤਾ ਅਤੇ ਹੱਦੋਂ ਵੱਧ ਸਤਿਕਾਰ ਦੇਣ ਕਾਰਨ ਬੰਦੇ ਦਾ ਇਹ ਹਾਲ ਹੋ ਜਾਂਦਾ ਹੈ ਕਿ ਕੋਈ ਵੀ ਉਸ ਦੀ ਕਦਰ ਨਹੀਂ ਕਰਦਾ, ਇਸ ਲਈ ਕਦੇ ਵੀ ਆਪਣੇ ਵੱਡੇ (ਪਿਉ) ਹੋਣ ਦੀ ਜੁਰਅੱਤ ਨੂੰ ਖਤਮ ਨਾ ਕਰੋ, ਬੇਸਮਝ ਨੂੰਹਾਂ ਪੁੱਤਾਂ ਨੂੰ ਬਰਾਬਰਤਾ ਅਤੇ ਲੋੜੋਂ ਵੱਧ ਆਜ਼ਾਦੀ ਦੇਣੀ, ਆਪਣੀ ਗੁਲਾਮੀ ਆਪ ਸਹੇੜਨੀ ਹੁੰਦੀ ਹੈ, ਤੁਹਾਡੀ ਨਰਮਾਈ ਦੀ ਕੋਈ ਵੀ ਕਦਰ ਨਹੀਂ ਕਰੇਗਾ, ਜਿੰਨੀ ਤੁਸੀਂ ਕਿਸੇ ਨੂੰ ਵੱਧ ਅਹਿਮੀਅਤ ਦੇਉਂਗੇ ਉਨੀ ਹੀ ਤੁਹਾਡੀ ਅਹਿਮੀਅਤ ਘੱਟਦੀ ਜਾਵੇਗੀ, ਮਾਂ ਪਿਓ ਦੇ ਸਤਿਕਾਰ ਨੂੰ ਨਾ ਸਮਝਣ ਵਾਲੇ ਨੂੰਹਾਂ ਅਤੇ ਪੁੱਤਾਂ ਨੂੰ ਜ਼ਿਆਦਾ ਪੁੱਤ ਪੁੱਤ ਕਰੀਂ ਜਾਣਾ ਵੀ ਠੀਕ ਨਹੀਂ ਹੁੰਦਾ, ਜੇ ਜ਼ਿਆਦਾ ਪੁੱਤ ਪੁੱਤ ਕਰੋਂਗੇ ਤਾਂ ਉਹ ਤੁਹਾਨੂੰ ਪਿਉ ਹੀ ਨਹੀਂ ਸਮਝਣਗੇ, ਜਦੋਂ ਕੋਈ ਪੁੱਤ ਜਾਂ ਨੂੰਹ ਪਹਿਲੀ ਬਾਰ ਛੋਟੀ ਜਿਹੀ ਹੀ ਵਧੀਕੀ ਕਰੇ ਤਾਂ ਉਸੇ ਸਮੇਂ ਚੌਕਸ ਹੋ ਜਾਓ, ਉਹਨਾ ਦੇ ਹੱਕ ਉਹਨਾ ਨੂੰ ਦੇ ਕੇ ਅਤੇ ਆਪਣੇ ਹੱਕਾਂ ਨੂੰ ਕਾਇਮ ਰੱਖਦਿਆਂ ਲੋੜ ਅਨੁਸਾਰ ਦੂਰੀ ਬਣਾ ਲਓ। ਤੁਹਾਡੇ ਡਰ ਅਤੇ ਤੁਹਾਡੀ ਲੋੜ ਤੋਂ ਬਗੈਰ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰੇਗਾ, ਸਾਡੇ ਬਹੁਤੇ ਲੋਕਾਂ ਦੀ ਮਾਨਸਿਕਤਾ ਗੁਲਾਮ ਹੁੰਦੀ ਹੈ, ਇਹਨਾ ਨੂੰ ਆਜ਼ਾਦੀ ਨਹੀਂ ਮਾਣਨੀ ਆਉਂਦੀ ਇਹ ਜਾਂ ਤਾਂ ਖੁਦ ਗੁਲਾਮ ਰਹਿਣਗੇ ਜਾਂ ਦੂਜੇ ਨੂੰ (ਤੁਹਾਨੂੰ) ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨਗੇ, ਇਸ ਲਈ ਅਜਿਹੇ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦਾ ਗੁਲਾਮ ਬਣਨ ਦੀ ਥਾਂ ਉਹਨਾ ਨੂੰ ਹੀ ਗੁਲਾਮ ਬਣਾ ਕੇ ਰੱਖੋ ਜਾਂ ਦੂਰੀ ਬਣਾ ਕੇ ਰਹੋ ਤਾਂ ਕਿ ਇਹ ਤੁਹਾਡੀ ਅਜ਼ਾਦੀ ਨਾ ਖੋਹ ਸਕਣ। ਆਪਣੀ ਇਸਤਰੀ ਨੂੰ, ਆਪਣੇ ਸੁਹਰਿਆਂ ਨੂੰ, ਪੁੱਤਾਂ ਨੂੰ, ਕੁੜਮਾਂ ਨੂੰ, ਨੂੰਹਾਂ ਨੂੰ ਪਿਆਰ ਸਤਿਕਾਰ ਤਾਂ ਦਿਓ ਪਰ ਕਿਸੇ ਨੂੰ ਵੀ ਆਪਣੇ ੳੱੁਪਰ ਭਾਰੂ ਨਾ ਹੋਣ ਦਿਓ, ਜੇ ਇਹ ਤੁਹਾਡੇ ਉੱਤੇ ਭਾਰੂ ਹੋ ਗਏ ਫਿਰ ਤੁਹਾਨੂੰ ਇਹਨਾ ਦੇ ਅਧੀਨ ਰਹਿਣਾ ਪਵੇਗਾ, ਇਹ ਤੁਹਾਡੀ ਸੋਚ ਅਤੇ ਯੋਗਤਾ ਹੈ ਕਿ ਤੁਸੀਂ ਕਿਸੇ ਦੇ ਅਧੀਨ ਰਹਿਣਾ ਪਸੰਦ ਕਰੋਂਗੇ ਜਾਂ ਰੱਖਣਾ, ਪਰ ਬਰਾਬਰ ਕਦੇ ਨਹੀਂ ਰਹਿ ਸਕੋਂਗੇ, ਜੇ ਇਹਨਾ ਵਿੱਚੋਂ ਕੋਈ ਬਰਾਬਰਤਾ ਦੇ ਯੋਗ ਹੋਇਆ ਤਾਂ ਉਹ ਆਪਣੀ ਯੋਗਤਾ ਸਦਕਾ ਆਪਣੀ ਥਾਂ ਲੈ ਲਵੇਗਾ, ਉਸ ਨੂੰ ਆਪਣੇ ਅਧੀਨ ਰੱਖਣ ਦੀ ਵੀ ਲੋੜ ਨਹੀਂ ਹੋਵੇਗੀ ਅਤੇ ਉਹ ਤੁਹਾਨੂੰ ਵੀ ਆਪਣੇ ਅਧੀਨ ਨਹੀਂ ਕਰੇਗਾ। ਜੇ ਤੁਹਾਡੀ ਪਤਨੀ, ਪੁੱਤ ਅਤੇ ਨੂੰਹਾਂ ਚੰਗੇ ਹੋਣਗੇ ਤਾਂ ਉਹ ਤੁਹਾਡੇ ਅਧੀਨ ਵੀ ਸੌਖਿਆਂ ਹੀ ਰਹਿ ਲੈਣਗੇ ਤੇ ਤੁਹਾਡਾ ਵਿਰੋਧ ਵੀ ਨਹੀਂ ਕਰਨਗੇ, ਜੇ ਮਾੜੇ ਹਨ ਤਾਂ ਉਹ ਤੁਹਾਡੀ ਨਰਮਾਈ ਦੀ ਵੀ ਕਦਰ ਨਹੀਂ ਕਰਨਗੇ। ਪੁੱਤਾਂ ਅਤੇ ਨੂੰਹਾਂ ਨੂੰ ਕਦੇ ਵੀ ਪਹਿਲੀ ਵਾਰ ਹੀ ਮੰਗਣ ਤੇ ਅਤੇ ਮੂੰਹ ਮੰਗੇ ਪੈਸੇ ਨਾ ਦਿਓ, ਇੱਕ ਦੋ ਵਾਰ ਮੰਗਣ ਤੇ ਦਿਓ, ਜਿੰਨੇ ਮੰਗਣ ਉਸ ਤੋਂ ਘੱਟ ਦਿਓ, ਉਹਨਾ ਨੂੰ ਪੈਸੇ ਦੀ ਅਹਿਮੀਅਤ ਵੀ ਸਮਝਾਓ, ਨੂੰਹਾਂ ਅਤੇ ਪੁੱਤਾਂ ਨੂੰ ਹਰ ਸਮੇਂ ਵੱਧ ਤੋਂ ਵੱਧ ਕੰਮ ਕਰਨ ਲਈ ਟੋਕਦੇ ਰਹੋ, ਕਦੇ ਵੀ ਇਹ ਨਾ ਕਹੋ ਕਿ ਪੁੱਤ ਕੰਮ ਘੱਟ ਕਰ ਲਓ, ਜਾਂ ਔਖੇ ਨਾ ਹੋਵੋ, ਵੱਧ ਤੋਂ ਵੱਧ ਕੰਮ ਕਰਨ ਦਿਓ ਅਤੇ ਔਖੇ ਵੀ ਹੋਣ ਦਿਓ, ਆਪਣੇ ਕੰਮ ਵਿੱਚ ਰੁੱਝੇ ਰਹਿਣ ਵਾਲੇ ਬੱਚੇ ਹੀ ਕਾਮਯਾਬ ਹੁੰਦੇ ਹਨ, ਆਪਣੀ ਸਿਹਤ, ਆਪਣੀ ਜਾਇਦਾਦ, ਆਪਣੇ ਪੈਸੇ ਦੀ ਵਰਤੋਂ ਆਪਣੇ ਲਈ ਪਹਿਲ ਦੇ ਅਧਾਰ ਤੇ ਰੱਖੋ ਬਾਕੀ ਸੱਭ ਨੂੰ ਦੂਜੇ ਨੰਬਰ ਤੇ ਰੱਖੋ, ਭਾਵ ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੀ ਜਾਇਦਾਦ ਪਹਿਲਾਂ ਹੀ ਪੁੱਤਾਂ ਨੂੰਹਾਂ ਨੂੰ ਦੇ ਕੇ ਬਾਅਦ ਵਿੱਚ ਆਪ ਆਪਣੀਆਂ ਲੋੜਾਂ ਲਈ ਮੰਗਤੇ ਬਣ ਜਾਵੋਂ, ਬੱਚਿਆਂ ਨੂੰ ਵੀ ਲੋੜ ਅਨੁਸਾਰ ਦਿਓ, ਪਰ ਇੰਨਾ ਨਾ ਦਿਓ ਕਿ ਤੁਸੀਂ ਖੁਦ ਖਾਲੀ ਹੋ ਕੇ ਬੈਠ ਜਾਵੋਂ, ਜਿੰਨਾ ਚਿਰ ਤੁਸੀਂ ਆਪਣੀ ਜਾਇਦਾਦ ਦੇ ਮਾਲਕ ਰਹੋਂਗੇ ਉਨਾ ਚਿਰ ਤੁਹਾਡੀ ਇੱਜ਼ਤ ਬਣੀ ਰਹੇਗੀ, ਤੁਹਾਡੇ ਤੋਂ ਮੰਗਣ ਵਾਲੇ ਤੁਹਾਡੀ ਕਦਰ ਕਰਨਗੇ, ਜਦੋਂ ਤੁਹਾਡੇ ਕੋਲ ਤੁਹਾਡੀ ਜਾਇਦਾਦ ਨਾ ਰਹੀ ਫਿਰ ਤੁਸੀਂ ਮੰਗਤੇ ਬਣ ਕੇ ਬੇਕਦਰੇ ਹੋ ਜਾਓਗੇ, ਇਸ ਲਈ ਜਾਇਦਾਦ ਦੇ ਬਾਅਦ ਵਿੱਚ ਹੋਣ ਵਾਲੇ ਵੰਡ ਵੰਡਾਰੇ ਦੇ ਝੰਜਟਾਂ ਨੂੰ ਖਤਮ ਕਰਨ ਲਈ ਆਪਣੇ ਬੱਚਿਆਂ ਦੇ ਨਾਮ ਵਸੀਅਤ ਤਾਂ ਕਰਵਾ ਦਿਓ, ਪਰ ਆਪਣੇ ਜਿਉਂਦੇ ਜੀਅ ਜਾਇਦਾਦ ਉਹਨਾ ਦੇ ਨਾਮ ਕਦੇ ਵੀ ਨਾ ਕਰਵਾਓ, ਜੇ ਬੱਚੇ ਚੰਗੇ ਹਨ ਤਾਂ ਵੀ ਜਾਇਦਾਦ ਉਹਨਾ ਦੇ ਨਾਮ ਨਾ ਕਰਵਾਓ, ਕਿਉਂਕਿ ਪਹਿਲਾਂ ਤਾਂ ਚੰਗੇ ਬੱਚਿਆਂ ਨੂੰ ਤੁਹਾਡੀ ਜਾਇਦਾਦ ਦੀ ਲੋੜ ਹੀ ਨਹੀਂ ਹੁੰਦੀ, ਉਹ ਖੁਦ ਕਮਾ ਸਕਦੇ ਹੁੰਦੇ ਹਨ, ਦੂਜਾ ਉਹ ਇਸ ਗੱਲ ਤੇ ਇਤਰਾਜ ਵੀ ਨਹੀਂ ਕਰਨਗੇ ਕਿ ਸਾਡੇ ਨਾਮ ਜਾਇਦਾਦ ਕਿਉਂ ਨਹੀਂ ਕਰਵਾਉਂਦੇ, ਕਿਉਂਕਿ ਉਹਨਾ ਨੂੰ ਪਤਾ ਹੁੰਦਾ ਕਿ ਅਪਣੇ ਮਾਂ ਪਿਓ ਦੀ ਜਾਇਦਾਦ ਨੇ ਕਿੱਥੇ ਜਾਣਾ ਹੈ, ਇਹ ਆਪਣੀ ਹੀ ਹੈ, ਜੇ ਬੱਚੇ ਮਾੜੇ ਹਨ ਫਿਰ ਤਾਂ ਭੁੱਲ ਵੀ ਜਾਇਦਾਦ ਉਹਨਾ ਦੇ ਨਾਮ ਕਰਵਾਉਣ ਦੀ ਗਲਤੀ ਨਾ ਕਰੋ, ਅਸਲ ਵਿੱਚ ਤਾਂ ਬੱਚਿਆਂ ਨੂੰ ਹੀ ਆਪਣੇ ਮਾਂ ਪਿਓ ਦਾ ਹੌਂਸਲਾ ਬਣਾ ਕੇ ਰੱਖਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਪਰ ਜਦੋਂ ਬੁਢਾਪੇ ਵਿੱਚ ਮਾੜੇ ਬੱਚੇ ਮਾਂ ਬਾਪ ਦੀ ਕਦਰ ਨਾ ਕਰਨ ਤਾਂ ਉਸ ਸਮੇਂ ਤੁਹਾਡੀ ਜਾਇਦਾਦ ਹੀ ਤੁਹਾਡਾ ਹੌਂਸਲਾ ਹੁੰਦੀ ਹੈ। ਵੱਡੀ ਉਮਰ ਦੇ ਬੰਦਿਆਂ ਦੀ ਕੋਈ ਕਦਰ ਨਹੀਂ ਕਰਦਾ, ਨਾ ਹੀ ਉਹਨਾ ਦਾ ਕੋਈ ਵੀ ਪੱਖੀ ਹੁੰਦਾ ਹੈ, ਬੱਚਿਆਂ ਦੀ ਤਾਂ ਜਵਾਨ ਉਮਰ ਹੁੰਦੀ ਹੈ ਉਹ ਤਾਂ ਕਮਾਉਣ ਦੇ ਵੀ ਯੋਗ ਹੁੰਦੇ ਹਨ, ਪਰ ਉਸ ਸਮੇਂ ਮਾਪੇ ਕਮਾਉਣ ਦੇ ਯੋਗ ਨਹੀਂ ਰਹਿੰਦੇ, ਫਿਰ ਉਹਨਾ ਨੂੰ ਨਿੱਕੀਆਂ ਨਿੱਕੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ ਹਨ, ਬੱਚਿਆਂ ਦੇ ਵਿਆਹ ਤੋਂ ਬਾਅਦ ਮਾਂ ਪਿਉ ਬੇਲੋੜੇ ਹੋ ਜਾਂਦੇ ਹਨ, ਜਿਵੇਂ ਕਿ ਉਹਨਾਂ ਦੀ ਡਿਉਟੀ ਖਤਮ ਹੋ ਚੁੱਕੀ ਹੁੰਦੀ ਹੈ। ਪੁੱਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਵਾਲੀਆਂ ਦੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਅਤੇ ਪਿਆਰ ਕਰਦੇ ਹੋਏ ਉਹਨਾ ਨੂੰ ਇੰਨੀ ਕੁ ਗੱਲ ਜ਼ਰੂਰ ਸਮਝਾ ਦੇਣ ਕਿ ਉਹ ਆਪਣੀ ਜਿੰਦਗੀ ਜਿਵੇਂ ਮਰਜੀ ਜਿਉਣ ਪਰ ਕਿਸੇ ਵੀ ਹਾਲਤ ਵਿੱਚ ਤੁਹਾਡੇ ਮਾਂ ਪਿਓ ਨੂੰ ਬੇਇੱਜ਼ਤ ਜਾਂ ਉਹਨਾ ਦੀ ਬੇਕਦਰੀ ਕਰਨ ਬਾਰੇ ਸੋਚ ਵੀ ਨਾ ਸਕਣ। ਮਾਪਿਆਂ ਵੀ ਨੂੰ ਚਾਹੀਦਾ ਹੈ ਕਿ ਜਦੋਂ ਬੱਚੇ ਬਾਲਗ ਹੋ ਜਾਣ ਤਾਂ ਉਹਨਾਂ ਨੂੰ ਅਜਾਦ ਕਰ ਦੇਣ, ਬੇਟੇ, ਬੇਟੀ ਨੂੰ ਆਪਣੇ ਫੈਸਲੇ ਆਪ ਲੈਣ ਦੀ ਖੁਲ੍ਹ ਦਿਓ, ਉਹਨਾਂ ਨੂੰ ਖਾਣ ਪੀਣ, ਪਹਿਨਣ, ਰਹਿਣ ਸਹਿਣ ਅਤੇ ਜਾਤਾਂ, ਧਰਮਾਂ, ਪਿੰਡਾਂ, ਸ਼ਹਿਰਾਂ ਤੋਂ ਉਪਰ ਉੱਠ ਕੇ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਦਿਓ, ਕਿਉਂਕਿ ਹਰ ਕੋਈ ਆਪਣੀ ਸੋਚ ਅਨੁਸਾਰ ਆਪਣੀ ਜਿੰਦਗੀ ਜਿਉਣਾ ਚਹੁੰਦਾ ਹੁੰਦਾ ਹੈ, ਪਰ ਧੀਆਂ ਪੁੱਤਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਸੋਚ ਕਾਰਨ ਅਸੀਂ ਆਪਣੀ ਅਤੇ ਬੱਚਿਆਂ ਦੀ ਜਿੰਦਗੀ ਨੂੰ ਬਰਬਾਦ ਕਰ ਦਿੰਦੇ ਹਾਂ, ਅਜਿਹੀ ਖਿਚੋਤਾਣ ਵਿੱਚ ਨਾਂ ਤਾਂ ਉਹ ਆਪਣੀ ਜਿੰਦਗੀ ਨੂੰ ਆਪਣੇ ਅਨੁਸਾਰ ਜਿਉਂ ਸਕਦੇ ਹਨ ਨਾ ਅਸੀਂ ਆਪਣੀ ਜਿੰਦਗੀ ਨੂੰ ਆਪਣੇ ਅਨੁਸਾਰ ਜਿਉਂ ਸਕਦੇ ਹਾਂ। ਬੱਚਿਆਂ (ਪੁੱਤਾਂ ਨੂੰਹਾਂ) ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਮਾਂ ਪਿਓ ਦੀ ਜਿੰਦਗੀ ਵਿੱਚ ਦਖਲ ਅੰਦਾਜੀ ਕਰਨ ਦੀ ਥਾਂ ਉਹਨਾ ਨੂੰ ਆਪਣੇ ਹਿਸਾਬ ਨਾਲ ਖੁਲ੍ਹ ਕੇ ਜਿੰਦਗੀ ਜਿਉਣ ਦਾ ਹੱਕ ਦੇਣ। ਤੁਹਾਡੀ ਨੂੰਹ ਦੇ ਮਾਪੇ ਅਤੇ ਹੋਰ ਸਕੇ ਸਬੰਧੀ ਤੁਹਾਡੇ ਰਿਸ਼ਤੇਦਾਰ ਨਹੀਂ ਹੁੰਦੇ, ਉਹ ਤੁਹਾਡੇ ਨੂੰਹ ਪੁੱਤ ਦੇ ਹੀ ਰਿਸ਼ਤੇਦਾਰ ਹੁੰਦੇ ਹਨ, ਉਹਨਾਂ ਨੂੰ ਆਪਣੇ ਰਿਸ਼ਤੇਦਾਰ ਸਮਝਣ ਦੀ ਗਲਤੀ ਕਦੇ ਨਾ ਕਰੋ, ਇਹਨਾਂ ਤੋਂ ਕਦੇ ਵੀ ਆਪਣੇ ਭਲੇ ਜਾਂ ਚੰਗੇ ਦੀ ਆਸ ਨਾ ਰੱਖੋ। ਤੁਸੀਂ ਆਪਣਿਆਂ ਰਿਸ਼ਤੇਦਾਰਾਂ ਨਾਲ ਵਰਤੋ, ਬੱਚਿਆਂ ਨੂੰ ਆਪਣਿਆਂ ਨਾਲ ਵਰਤਣ ਦਿਓ, ਕਿਉਂਕਿ ਤੁਹਾਡਾ ਬੱਚਿਆਂ ਨਾਲੋਂ ਲੱਗਪਗ ਪੱਚੀ ਸਾਲ ਦਾ ਫਰਕ ਹੁੰਦਾ ਹੈ, ਪੱਚੀ ਸਾਲ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ, ਇਸ ਲਈ ਮੈਨੂੰ ਤਾਂ ਲੱਗਦਾ ਹੈ ਕਿ ਆਪੋ ਆਪਣੀ ਅਜਾਦ ਜਿੰਦਗੀ ਜਿਉਣ ਲਈ ਆਪਣੇ ਪੁੱਤਰਾਂ ਦੇ ਵਿਆਹ ਤੋਂ ਪਹਿਲਾਂ ਹੀ ਪਿਆਰ ਸਤਿਕਾਰ ਨਾਲ ਅੱਡ ਹੋ ਜਾਣਾ ਚਾਹੀਦਾ ਹੈ, ਰੋਟੀ ਟੁੱਕ, ਘਰ ਜਮੀਨ ਆਦਿ ਸੱਭ ਕੁੱਝ ਵੰਡ ਲੈਣਾ ਚਾਹੀਦਾ ਹੈ, ਪਰ ਵਿਆਹ ਤੱਕ ਇਕੱਠੇ ਰਹਿਣਾ ਚਾਹੀਦਾ ਹੈ, ਵਿਆਹ ਵਾਲ਼ੇ ਦਿਨ ਆਪਣੇ ਬੱਚਿਆਂ ਦੇ ਵਿਆਹ ਵਿੱਚ ਮਹਿਮਾਨ ਬਣ ਕੇ ਸ਼ਾਮਲ ਹੋਣਾ ਚਾਹੀਦਾ ਹੈ, ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਵਾਂਗ ਹੀ ਆਪਣੇ ਘਰ ਚਲੇ ਜਾਣਾ ਚਾਹੀਦਾ ਹੈ, ਬਾਅਦ ਵਿੱਚ ਜੇ ਦੇ ਸਕੋਂ ਤਾਂ ਇੱਕ ਦੂਜੇ ਦੀ ਸੋਚ ਅਨੁਸਾਰ ਹੀ ਉਸ ਦਾ ਸਾਥ ਦਿਓ ਪਰ ਕਦੇ ਵੀ ਉਹਨਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਾ ਕਰੋ ਅਤੇ ਨਾ ਹੀ ਉਹਨਾ ਨੂੰ ਆਪਣੇ ਕੰਮ ਵਿੱਚ ਦਖਲ ਅੰਦਾਜੀ ਕਰਨ ਦਿਓ, ਹਾਂ ਜੇ ਉਹ ਤੁਹਾਡੇ ਤੋਂ ਕੋਈ ਸਲਾਹ ਮੰਗਣ ਤਾਂ ਜ਼ਰੂਰ ਦਿਓ ਪਰ ਬਿਨਾ ਮੰਗੀ ਸਲਾਹ ਵੀ ਨਾ ਦਿਓ ਤਾਂ ਕਿ ਤੁਹਾਡਾ ਨੂੰਹ ਪੁੱਤ ਅਤੇ ਮਾਂ ਪਿਓ ਵਾਲ਼ਾ ਪਿਆਰ ਸਤਿਕਾਰ ਕਾਇਮ ਰਹਿ ਸਕੇ, ਤੁਸੀਂ ਸਾਰੀ ਉਮਰ ਸਤਿਕਾਰ ਯੋਗ ਬਣੇ ਰਹੋਂ ਅਤੇ ਪਿਆਰ ਨਾਲ ਮਿਲਦੇ ਰਹਿ ਸਕੋਂ, ਜੇ ਲੜ ਝਗੜ ਕੇ ਬਾਅਦ ਵਿੱਚ ਅੱਡ ਹੋਏ ਤਾਂ ਕੀ ਹੋਏ, ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਹਰ ਹਾਲਤ ਵਿੱਚ ਅੱਡ ਹੋਣਾ ਚਾਹੀਦਾ ਹੈ, ਜੇ ਆਪਸ ਵਿੱਚ ਪਿਆਰ ਹੈ ਤਾਂ ਇਕੱਠੇ ਰਹਿਣ ਵਰਗਾ ਆਨੰਦ ਵੀ ਕਿਤੇ ਨਹੀਂ ਹੁੰਦਾ, ਮੇਰਾ ਮਤਲਬ ਤਾਂ ਇਹ ਹੈ ਕਿ ਆਉਣ ਵਾਲੇ ਸਮੇਂ ਲਈ ਆਰਥਿਕ ਅਤੇ ਮਾਨਸਿਕ ਤੌਰ ਪਹਿਲਾਂ ਹੀ ਤਿਆਰੀ ਰਖੋ, ਜੇ ਪਿਆਰ ਹੈ ਤਾਂ ਇਕੱਠੇ ਮਿਲ ਕੇ ਰਹੋ ਪਰ ਜੇ ਕੁੱਝ ਫਰਕ ਵਿਖਾਈ ਦੇਵੇ ਤਾਂ ਉਸ ਫਰਕ ਨੂੰ ਹੋਰ ਵੱਧਣ ਤੋਂ ਪਹਿਲਾਂ ਹੀ ਪਿਆਰ ਰਹਿੰਦੇ ਖੁਸ਼ੀ ਖੁਸ਼ੀ ਵੱਖ ਹੋ ਜਾਓ। ਕਹੇ ਜਾਂਦੇ ਖੂਨ ਜਾਂ ਨੇੜੇ ਦੇ ਰਿਸ਼ਤੇ ਕੁੱਝ ਵੀ ਨਹੀਂ ਹੁੰਦੇ, ਇੱਥੇ ਸੱਭ ਦੀਆਂ ਆਪੋ-ਆਪਣੀਆਂ ਸੋਚਾਂ ਮੱਤਾਂ ਅਤੇ ਲੋੜਾਂ ਹੁੰਦੀਆਂ ਹਨ, ਕੋਈ ਤਾਂ ਬੇਗਾਨਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ ਅਤੇ ਕੋਈ ਆਪਣਿਆਂ ਨੂੰ ਵੀ ਬੇਗਾਨਿਆਂ ਤੋਂ ਮਾੜਾ ਬਣਾ ਦਿੰਦਾ ਹੈ, ਅਸਲ ਵਿੱਚ ਗੱਲ ਪਿਆਰ ਅਤੇ ਲੋੜ ਦੀ ਹੁੰਦੀ ਹੈ, ਜਿੱਥੇ ਤਾਂ ਪਿਆਰ ਹੀ ਲੋੜ ਹੈ ਉੱਥੇ ਤਾਂ ਕੋਈ ਵੀ ਕਦੇ ਬੇਲੋੜਾ ਨਹੀਂ ਹੁੰਦਾ, ਜਿੱਥੇ ਲੋੜ ਲਈ ਪਿਆਰ ਹੈ ਉੱਥੇ ਲੋੜ ਪੂਰੀ ਹੋਣ ਤੱਕ ਹੀ ਪਿਆਰ ਰਹਿੰਦਾ ਹੈ, ਅਸੀਂ ਆਪਣੀ ਜਿੰਦਗੀ ਵਿੱਚ ਆਮ ਹੀ ਵੇਖਦੇ ਹਾਂ ਕਿ ਕਿਵੇਂ ਅਣਜਾਣ ਲੋਕ ਸਾਡੇ ਨੇੜੇ ਹੋ ਜਾਂਦੇ ਹਨ ਅਤੇ ਕਿਵੇਂ ਸਾਡੇ ਖੂਨ ਦੇ ਰਿਸ਼ਤੇ ਖੂਨੀ ਬਣ ਜਾਂਦੇ ਹਨ। ਬੱਚਿਆਂ ਦੇ ਵਿਆਹ ਤੋਂ ਚਾਹੇ ਸਾਲ ਬਾਅਦ ਹੀ ਤੁਸੀਂ ਛੋਟੀ ਉਮਰ ਵਿੱਚ ਵੀ ਕਿਉਂ ਨਾ ਮਰ ਜਾਉਂ ਤਾਂ ਕਿਸੇ ਦੇ ਵੀ ਰੋਣ ਵਿੱਚ ਤੁਹਾਡੇ ਲਈ ਦਰਦ ਨਹੀਂ ਹੋਵੇਗਾ, ਸਿਵਾਏ ਤੁਹਾਡੇ ਪਤੀ ਪਤਨੀ ਦੇ। ਚੰਗਾ ਹੋਵੇ ਜਾਂ ਮਾੜਾ ਤੁਹਾਡੇ ਲਈ ਤੁਹਾਡਾ ਪਤੀ ਪਤਨੀ ਹੀ ਸੱਚਾ ਹਮਦਰਦ ਹੁੰਦਾ ਹੈ, ਇਸ ਰਿਸ਼ਤੇ ਨੂੰ ਸੱਭ ਤੋਂ ਵੱਧ ਮਹੱਤਵ ਦਿਓ, ਪਤੀ ਪਤਨੀ ਨੂੰ ਇੱਕ ਦੂਜੇ ਦੇ ਸਤਿਕਾਰ ਲਈ ਝੁਕਣਾ ਵੀ ਚਾਹੀਦਾ ਹੈ ਪਰ ਜੇ ਕਿਤੇ ਜ਼ਿਆਦਾ ਹੀ ਗਲਤ ਰਿਸ਼ਤਾ ਜੁੜ ਜਾਵੇ ਜਿੱਥੇ ਸੁਧਾਰ ਦੀ ਕੋਈ ਆਸ ਨਾ ਹੋਵੇ ਤਾਂ ਸਮਾਂ ਬਰਬਾਦ ਕਰਨ ਦੀ ਥਾਂ ਤਲਾਕ ਦੇ ਕੇ ਵੱਖ ਹੋ ਜਾਓ, ਫਿਰ ਤੋਂ ਹੋਰ ਕਿਸੇ ਨਾਲ ਨਵਾਂ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰੋ। ਸਾਡੇ ਬਹੁਤ ਲੋਕ ਹਾਲੇ ਇੰਨੇ ਅਜ਼ਾਦ ਨਹੀਂ ਹੋਏ ਕਿ ਉਹ ਆਪਣੀ ਜਿੰਦਗੀ ਦਾ ਫ਼ੈਸਲਾ ਆਪ ਕਰ ਸਕਣ, ਉਹ ਦੂਜੇ ਲੋਕਾਂ ਵੱਲ ਹੀ ਵੇਖਦੇ ਰਹਿੰਦੇ ਹਨ ਕਿ ਜੇ ਮੈਂ ਤਲਾਕ ਕਰਵਾਕੇ ਦੂਜਾ ਵਿਆਹ ਕਰਵਾਇਆ ਤਾਂ ਲੋਕ ਕੀ ਕਹਿਣਗੇ, ਇਸੇ ਕਾਰਨ ਬਹੁਤੇ ਪਤੀ ਪਤਨੀ ਸਾਰੀ ਉਮਰ ਨਰਕ ਭਰੀ ਜਿੰਦਗੀ ਜਿਉਂ ਜਾਂਦੇ ਹਨ, ਮਾੜਾ ਰਿਸ਼ਤਾ ਜੁੜਨਾ ਇੱਕ ਘਟਨਾ ਹੁੰਦੀ ਹੈ, ਇਸ ਨੂੰ ਇੱਕ ਦੁਰਘਟਨਾ ਤੋਂ ਵੱਧ ਕੁੱਝ ਵੀ ਨਾ ਸਮਝੋ, ਜਿਵੇਂ ਕਿ ਜੇ ਕਿਤੇ ਕਿਸੇ ਯਾਤਰਾ ਸਮੇਂ ਤੁਹਾਡੇ ਸਾਧਨ (ਵਹੀਕਲ) ਦਾ ਐਕਸੀਡੈਂਟ ਹੋ ਜਾਵੇ ਜਾਂ ਤੁਹਾਨੂੰ ਮਾੜਾ ਸਾਧਨ ਮਿਲ ਜਾਵੇ ਫਿਰ ਕੀ ਤੁਸੀਂ ਅੱਗੇ ਤੋਂ ਕਿਤੇ ਜਾਣਾ ਆਉਣਾ ਬੰਦ ਕਰ ਦਿਉਂਗੇ? ਨਹੀਂ, ਹਾਂ ਇਸ ਤੋਂ ਸਬਕ ਸਿੱਖਦੇ ਹੋਏ ਅਗਲੀ ਬਾਰ ਧਿਆਨ ਰੱਖ ਕੇ ਸਫਲ ਯਾਤਰਾ ਦੀ ਕੋਸ਼ਿਸ਼ ਕਰੋਂਗੇ, ਇਸੇ ਤਰਾਂ ਇਹ ਸਾਡੀ ਜੀਵਨ ਯਾਤਰਾ ਹੈ ਜੇ ਇਸ ਵਿੱਚ ਸਹੀ ਤਾਲਮੇਲ ਨਾ ਬੈਠੇ ਤਾਂ ਇਸ ਤੋਂ ਸਬਕ ਸਿੱਖਦੇ ਹੋਏ ਦੁਬਾਰਾ ਚੰਗਾ ਕਰਨ ਦੀ ਕੋਸ਼ਿਸ਼ ਕਰੋ, ਰਹਿੰਦੇ ਜੀਵਨ ਤੱਕ ਅਜਿਹੀ ਕੋਸ਼ਿਸ਼ ਕਰਦੇ ਰਹੋ। ਤਲਾਕ ਹੋਣ ਜਾਂ ਰਿਸ਼ਤਾ ਟੁੱਟਣ ਤੇ ਇੱਕ ਦੂਜੇ ਦੇ ਦੁਸ਼ਮਣ ਨਾ ਬਣੋ, ਇੱਕ ਦੂਜੇ ਨਾਲ ਨਫਰਤ ਨਾ ਕਰੋ, ਕਿਉਂਕਿ ਜੇ ਤੁਹਾਡਾ ਰਿਸ਼ਤਾ ਟੱੁਟਿਆ ਤਾਂ ਤੁਹਾਡੇ ਸਾਥੀ ਦਾ ਵੀ ਟੁੱਟਿਆ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਉਹ ਮਾੜਾ ਸੀ ਤਾਂ ਤੁਸੀਂ ਵੀ ਉਸ ਲਈ ਮਾੜੇ ਹੀ ਸੀ, ਇਸ ਲਈ ਸਹਿਣਸ਼ੀਲਤਾ ਬਣਾ ਕੇ ਰੱਖਦੇ ਹੋਏ ਇੱਕ ਦੂਜੇ ਤੋਂ ਵੱਖ ਹੋਵੋ, ਜੇ ਅਦਾਲਤ ਵਿੱਚ ਜਾਣਾ ਪਵੇ ਤਾਂ ਵੀ ਇੱਕ ਦੂਜੇ ਦੇ ਸਤਿਕਾਰ ਤੇ ਹੱਕਾਂ ਨੂੰ ਸਮਝਦੇ ਹੋਏ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਥਾਂ ਬਿਨਾ ਤਕਰਾਰ ਤੋਂ ਇੱਕ ਦੂਜੇ ਦਾ ਸਮਾਂ ਬਰਬਾਦ ਕਰਨ ਤੋਂ ਬਚਾਉਂਦੇ ਹੋਏ ਖੁਸ਼ੀ ਖੁਸ਼ੀ ਤਲਾਕ ਦੇ ਕਾਗਜ਼ਾਂ ਤੇ ਦਸਤਖ਼ਤ ਕਰਕੇ ਮਾਮਲਾ ਖਤਮ ਕਰ ਦਿਓ। ਕਿਸੇ ਵੀ ਉਮਰ ਵਿੱਚ ਪਤੀ ਪਤਨੀ ਦੀ ਮੌਤ ਹੋ ਜਾਵੇ ਤਾਂ ਬਿਨਾ ਸਮਾਂ ਬਰਬਾਦ ਕਰੇ ਜਲਦੀ ਆਪਣੇ ਲਈ ਜੀਵਨ ਸਾਥਣ/ਸਾਥੀ ਲੱਭ ਲੈਣਾ ਚਾਹੀਦਾ ਹੈ, ਜੇ ਤੁਹਾਡੇ ਰਿਸ਼ਤੇਦਾਰ ਅਤੇ ਬੱਚੇ ਤੁਹਾਡੇ ਨਾਲ ਸਹਿਮਤ ਹੋਣ ਤਾਂ ਵੀ, ਜੇ ਨਾ ਸਹਿਮਤ ਹੋਣ ਤਾਂ ਵੀ ਤੁਹਾਨੂੰ ਇਹ ਕੰਮ ਜਲਦੀ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੀ ਜਿੰਦਗੀ ਦਾ ਫੈਸਲਾ ਹੈ, ਜੀਵਨ ਸਾਥੀ ਦੀ ਲੋੜ ਤੁਹਾਨੂੰ ਹੈ, ਨਾ ਕਿ ਤੁਹਾਡੇ ਰਿਸ਼ਤੇਦਾਰਾਂ ਜਾਂ ਬੱਚਿਆਂ ਨੂੰ, ਕਦੇ ਵੀ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ, ਲੋਕ ਤਾਂ ਹਰ ਸਮੇਂ ਕੁੱਝ ਨਾ ਕੁਝ ਕਹਿੰਦੇ ਹੀ ਰਹਿਣਗੇ, ਤੁਸੀਂ ਕਦੇ ਵੀ ਲੋਕਾਂ ਦੇ ਮੂੰਹ ਬੰਦ ਨਹੀਂ ਕਰਵਾ ਸਕਦੇ, ਨਾ ਹੀ ਤੁਸੀਂ ਲੋਕਾਂ ਦੀਆਂ ਸ਼ਰਤਾਂ ਉੱਤੇ ਪੂਰੇ ਉੱਤਰ ਸਕਦੇ ਹੋਂ, ਤੁਸੀਂ ਆਪਣੇ ਲਈ ਜਿਉਣ ਆਏ ਨਾ ਕਿ ਲੋਕਾਂ ਲਈ, ਜਦੋਂ ਕਿਸੇ ਵੀ ਇਸਤਰੀ ਪੁਰਸ਼ ਦੇ ਜੀਵਨ ਸਾਥੀ ਦੀ ਮੌਤ ਹੋ ਜਾਂਦੀ ਹੈ ਜਾਂ ਤਲਾਕ ਹੋ ਜਾਂਦਾ ਹੈ ਤਾਂ ਉਹਨਾ ਦੀ ਜਿੰਦਗੀ ਅਧੂਰੀ ਹੋ ਜਾਂਦੀ ਹੈ, ਉਹ ਇਕੱਲੇ ਰਹਿ ਜਾਂਦੇ ਹਨ, ਜੇ ਧੀਆਂ, ਪੁੱਤ, ਨੂੰਹਾਂ ਚੰਗੇ ਵੀ ਹੋਣ ਫਿਰ ਵੀ ਉਹ ਆਪਣੀ ਥਾਂ ਹੁੰਦੇ ਹਨ, ਪਤੀ ਪਤਨੀ ਵਾਲੀ ਥਾਂ ਕੋਈ ਨਹੀਂ ਲੈ ਸਕਦਾ ਹੁੰਦਾ, ਪਤੀ ਪਤਨੀ ਦੀ ਲੋੜ ਸਿਰਫ ਸਰੀਰਕ ਸਬੰਧਾਂ ਲਈ ਹੀ ਨਹੀਂ ਹੁੰਦੀ, ਪਤੀ ਪਤਨੀ ਦਾ ਸਾਥ ਜਿੰਦਗੀ ਨੂੰ ਜਿਉਣ ਲਈ ਹਰ ਉਮਰ ਵਿੱਚ ਜ਼ਰੂਰੀ ਹੁੰਦਾ ਹੈ, ਬੇਸ਼ੱਕ 50 ਕੁ ਸਾਲ ਦੀ ਉਮਰ ਤੋਂ ਬਾਅਦ ਸਰੀਰਕ ਸਬੰਧਾਂ ਦੀ ਲੋੜ ਬੇਸ਼ੱਕ ਘਟ ਜਾਂਦੀ ਹੈ ਪਰ ਜੀਵਨ ਸਾਥੀ ਦੀ ਲੋੜ ਸਗੋਂ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਸ ਉਮਰ ਵਿੱਚ ਤੁਹਾਡੇ ਬੱਚੇ ਵਿਆਹੇ ਜਾਂਦੇ ਹਨ, ਉਹਨਾ ਦੀ ਆਪਣੀ ਨਵੀਂ ਦੁਨੀਆਂ ਬਣ ਜਾਂਦੀ ਹੈ ਜੋ ਬਣਨੀ ਵੀ ਚਾਹੀਂਦੀ ਹੈ, ਪਰ ਤੁਸੀਂ ਬੇਲੋੜੇ ਹੋ ਜਾਂਦੇ ਹੋਂ, ਇਸ ਸਮੇਂ ਤੁਹਾਡੀ ਗੱਲ ਦਾ ਹੁੰਗਾਰਾ ਭਰਨ ਵਾਲਾ ਹੋਰ ਕੋਈ ਨਹੀਂ ਹੁੰਦਾ, ਸਿਰਫ ਤੁਹਾਡਾ ਜੀਵਨ ਸਾਥੀ ਹੀ ਹੁੰਦਾ ਹੈ, ਤੁਸੀਂ ਅਤੇ ਤੁਹਾਡੀਆਂ ਗੱਲਾਂ ਕਿਸੇ ਦੇ ਪਸੰਦ ਦੀਆਂ ਨਹੀਂ ਰਹਿੰਦੀਆਂ ਕਿਉਂਕਿ ਉਮਰਾਂ ਦੇ ਫਰਕ, ਪੀੜੀ ਦੇ ਪਾੜੇ ਕਾਰਨ ਤੁਹਾਡੀਆਂ ਵਿਚਾਰਾਂ, ਤੁਹਾਡੀਆਂ ਲੋੜਾਂ ਖਾਸ਼ ਕਰ ਮਾੜੇ ਬੱਚਿਆਂ ਲਈ ਬੇਲੋੜੀਆਂ ਹੋ ਜਾਂਦੀਆਂ ਹਨ ਪਰ ਪਤੀ ਪਤਨੀ ਲਈ ਤੁਸੀਂ ਜਵਾਨੀ ਦੇ ਸਮੇਂ ਵਾਂਗ ਹੀ ਲੋੜੀਂਦੇ ਹੁੰਦੇ ਹੋਂ। ਤੁਹਾਡੀ ਬਣੀ ਇੱਜ਼ਤ ਦੀ ਕੀਮਤ ਦਾ ਤੁਹਾਨੂੰ ਹੀ ਪਤਾ ਹੁੰਦਾ ਹੈ, ਇਸ ਦੀ ਸੰਭਾਲ ਵੀ ਤੁਹਾਨੂੰ ਹੀ ਕਰਨੀ ਪਵੇਗੀ, ਤੁਹਾਡੀ ਇੱਜ਼ਤ ਦਾ ਤੁਹਾਡੀਆਂ ਮਾੜੀਆਂ ਨੂੰਹਾਂ ਲਈ ਕੋਈ ਮੁੱਲ ਨਹੀਂ ਹੁੰਦਾ, ਇਹ ਤੁਹਾਡੀ ਇੱਜ਼ਤ ਨੂੰ ਬਰਬਾਦ ਕਰਨ ਲੱਗੀਆਂ ਇੱਕ ਪਲ ਵੀ ਨਹੀਂ ਲਾਉਣਗੀਆਂ। ਤੁਹਾਡੇ ਘਰ ਨੂੰ ਤੁਹਾਡਾ ਕੋਈ ਵੀ ਵਿਰੋਧੀ ਜੋਰ ਲਾ ਕੇ ਵੀ ਖਰਾਬ ਨਹੀਂ ਕਰ ਸਕਦਾ, ਪਰ ਤੁਹਾਡੀਆਂ ਮਾੜੀਆਂ ਨੂੰਹਾਂ ਇਹ ਕੰਮ ਬਹੁਤ ਸੌਖਿਆਂ ਹੀ ਕਰ ਦਿੰਦੀਆਂ ਹਨ, ਤੁਸੀਂ ਹਰ ਕਿਸੇ ਨੂੰ ਟੱਕਰ ਦੇ ਕੇ ਆਪਣੇ ਘਰ ਅਤੇ ਆਪਣੀ ਇੱਜ਼ਤ ਨੂੰ ਬਚਾ ਸਕਦੇ ਹੋਂ, ਪਰ ਮਾੜੀਆਂ ਨੂੰਹਾਂ ਤੋਂ ਨਹੀਂ ਬਚਾ ਸਕਦੇ। ਬੰਦਾ ਆਪਣੇ ਲੱਖਾਂ ਦੁਸ਼ਮਣਾਂ ਨੂੰ ਹਰਾ ਸਕਦਾ ਹੈ, ਪਰ ਮਾੜੀਆਂ ਨੂੰਹਾਂ ਨੂੰ ਨਹੀਂ ਹਰਾ ਸਕਦਾ, ਕਿਉਂਕਿ ਤੁਸੀਂ ਮਾੜੀ ਨੂੰਹ ਦੇ ਵਿਰੁੱਧ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਪੁੱਤ ਅਤੇ ਪੋਤਿਆਂ ਦੇ ਭਵਿੱਖ ਬਾਰੇ ਵੀ ਜ਼ਰੂਰ ਸੋਚੋਂਗੇ, ਇਸ ਲਈ ਤੁਸੀਂ ਉਹਨਾਂ ਦਾ ਕਦੇ ਵੀ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਕਰ ਸਕੋਂਗੇ, ਪਰ ਤੁਹਾਡੀਆਂ ਮਾੜੀਆਂ ਨੂੰਹਾਂ ਦੇ ਤੁਸੀਂ ਕੁੱਝ ਨਹੀਂ ਲੱਗਦੇ ਹੁੰਦੇ ਉਹ ਕੋਈ ਵੀ ਗਲਤ ਫੈਸਲਾ ਲੈ ਕੇ ਤੁਹਾਡਾ ਨੁਕਸਾਨ ਕਰ ਸਕਦੀਆਂ ਹਨ, ਬੇਸ਼ੱਕ ਤੁਸੀਂ ਆਪਣੀ ਨੂੰਹ ਦੇ ਵਿਰੁੱਧ ਕੋਈ ਫੈਸਲਾ ਕਰਨ ਲੱਗੇ ਆਪਣੇ ਪੁੱਤ ਅਤੇ ਪੋਤਿਆਂ ਦੇ ਭਵਿੱਖ ਵੱਲ ਜ਼ਰੂਰ ਵੇਖੋਂਗੇ, ਪਰ ਤੁਹਾਡੀ ਮਾੜੀ ਨੂੰਹ ਤੁਹਾਡਾ ਵਿਰੋਧ ਕਰਨ ਸਮੇਂ ਤੁਹਾਡੇ ਪੁੱਤ ਪੋਤਿਆਂ (ਆਪਣੇ ਪਤੀ ਪੁੱਤ) ਦੇ ਭਵਿੱਖ ਵੱਲ ਵੀ ਨਹੀਂ ਵੇਖੇਗੀ, ਇਸ ਲਈ ਜਦੋਂ ਵੀ ਤੁਹਾਨੂੰ ਆਪਣੀ ਮਾੜੀ ਨੂੰਹ ਦੇ ਸੁਭਾਅ ਦਾ ਪਤਾ ਲੱਗ ਜਾਵੇ ਤਾਂ ਹੋਰ ਦੂਰੀਆਂ ਬਣਨ ਅਤੇ ਘਰ ਵਿੱਚ ਕਲੇਸ਼ ਹੋਣ ਤੋਂ ਪਹਿਲਾਂ ਹੀ ਆਪਣੇ ਨੂੰਹ ਪੁੱਤ ਨੂੰ ਵੱਖ ਕਰ ਦਿਓ। ਇੱਥੇ ਮੇਰੇ ਵੱਲੋਂ ਨੂੰਹਾਂ ਬਾਰੇ ਇਸ ਤਰ੍ਹਾਂ ਲਿਖਣਾ ਸਾਰੀਆਂ ਨੂੰਹਾਂ ਲਈ ਨਹੀਂ ਹੈ, ਤਾਂ ਹੀ ਮੈਂ ਨਾਲ ਮਾੜੀਆਂ ਨੂੰਹਾਂ ਸ਼ਬਦ ਲਿਿਖਆ ਹੈ, ਚੰਗੀਆਂ ਨੂੰਹਾਂ ਨਰਕਾਂ ਵਰਗੇ ਘਰਾਂ ਨੂੰ ਸਵਰਗ ਵੀ ਬਣਾ ਦਿੰਦੀਆਂ ਹਨ, ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਥਾਂ ਨੂੰਹਾਂ ਦਾ ਹੀ ਕਸੂਰ ਹੋਵੇ, ਬਹੁਤ ਥਾਵਾਂ ਤੇ ਸੱਸ ਸਹੁਰੇ ਅਤੇ ਪੁੱਤ ਵੀ ਨੂੰਹਾਂ ਦਾ ਜਿਉਣਾ ਹਰਾਮ ਕਰ ਕੇ ਘਰਾਂ ਨੂੰ ਬਰਬਾਦ ਕਰ ਦਿੰਦੇ ਹਨ। ਕਦੇ ਕਿਸੇ ਨੂੰ ਵੀ ਆਪਣੀ ਚੰਗੀ ਜਾਂ ਮਾੜੀ ਪਰਦੇ ਦੀ ਗੱਲ ਨਾ ਦੱਸੋ, ਕਿਸੇ ਕੋਲ ਆਪਣਾ ਦੁੱਖ ਨਾ ਰੋਵੋ, ਕਿਉਂਕਿ ਕੁੱਝ ਸਮੇਂ ਬਾਅਦ ਤੁਹਾਨੂੰ ਕਿਸੇ ਨੂੰ ਦੱਸੇ ਗਏ ਦੁੱਖ ਦਾ ਵੀ ਦੁੱਖ ਹੀ ਹੋਣਾ ਹੈ, ਸਮੇਂ ਨਾਲ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨਾਲ ਸਬੰਧ ਬਦਲਦੇ ਰਹਿੰਦੇ ਹਨ, ਇਸ ਲਈ ਕਿਸੇ ਨੂੰ ਵੀ ਆਪਣੇ ਮਨ ਦਾ ਭੇਤ ਨਾ ਦਿਓ, ਕਿਸੇ ਨੂੰ ਵੀ ਜ਼ਿਆਦਾ ਸਤਿਕਾਰ ਦੇ ਕੇ ਉਸ ਨੂੰ ਆਪਣੇ ਸਿਰ ਨਾ ਚੜ੍ਹਾਓ। ਆਪਣੇ ਘਰ ਦੇ ਮਾਹੌਲ ਨੂੰ ਆਪ ਠੀਕ ਰੱਖੋ, ਜੇ ਠੀਕ ਨਹੀਂ ਰੱਖ ਸਕੇ ਤਾਂ ਉਸ ਦਾ ਦੋਸ਼ ਦੂਜਿਆਂ ਨੂੰ ਨਾ ਦਿਓ ਕਿ ਫਲਾਨੇ ਨੇ ਸਾਡਾ ਘਰ ਖਰਾਬ ਕਰ ਦਿੱਤਾ ਜਾਂ ਕਿ ਫਲਾਨੇ ਨੇ ਮੇਰੇ ਪੁੱਤਾਂ ਜਾਂ ਨੂੰਹਾਂ ਨੂੰ ਗਲਤ ਸਿੱਖਿਆ ਦੇ ਦਿੱਤੀ ਹੈ, ਜਦੋਂ ਕੋਈ ਬੇਗਾਨਾ ਤੁਹਾਡੇ ਬੱਚਿਆਂ ਨੂੰ ਕੁੱਝ ਕੁ ਸਮੇਂ ਵਿੱਚ ਗਲਤ ਸਿੱਖਿਆ ਦੇ ਸਕਦਾ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇੰਨੇ ਸਮੇਂ ਵਿੱਚ ਸਹੀ ਸਿੱਖਿਆ ਕਿਉਂ ਨਹੀਂ ਦੇ ਸਕੇ? ਕਿਉਂਕਿ ਤੁਹਾਡੇ ਬੱਚੇ ਜਾਂ ਪਰਿਵਾਰ ਦੂਜਿਆਂ ਨਾਲੋਂ ਤੁਹਾਡੇ ਕੋਲ ਵੱਧ ਸਮਾਂ ਰਹਿੰਦੇ ਹਨ, ਇਹ ਵੀ ਨਾ ਕਹੋ ਕਿ ਫਲਾਨੇ ਨੇ ਮੇਰੀ ਮਦਦ ਨਹੀਂ ਕੀਤੀ, ਕਿਉਂਕਿ ਜਦੋਂ ਤੁਹਾਡੇ ਘਰ ਦਾ ਮਾਹੌਲ ਖਰਾਬ ਹੁੰਦਾ ਹੈ, ਉਸ ਸਮੇਂ ਜੇ ਕੋਈ ਬਾਹਰਲਾ ਬੰਦਾ ਤੁਹਾਡੀ ਇੱਕ ਧਿਰ ਨੂੰ ਚੰਗਾ ਕਹੇਗਾ ਤਾਂ ਦੂਜੀ ਧਿਰ ਉਸ ਨੂੰ ਆਪਣਾ ਦੁਸ਼ਮਣ ਸਮਝੇਗੀ, ਕਿਉਂਕਿ ਦੋਹੇਂ ਧਿਰਾਂ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਸਮਝਦੀਆਂ ਹੁੰਦੀ ਹਨ, ਬੇਸ਼ੱਕ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿ ਕੇ ਸਾਂਝੇ ਬੰਦੇ ਤੁਹਾਡੇ ਕਲੇਸ਼ ਨੂੰ ਮੁਕਾਅ ਵੀ ਸਕਦੇ ਹੁੰਦੇ ਹਨ, ਪਰ ਜੇ ਕੋਈ ਅਜਿਹਾ ਨਾ ਵੀ ਕਰੇ ਤਾਂ ਦੁੱਖੀ ਨਾ ਹੋਵੋ, ਆਪਣੇ ਮਸਲੇ ਨੂੰ ਜਿਸ ਢੰਗ ਨਾਲ ਹੱਲ ਕਰ ਸਕਦੇ ਹੋਂ ਉਸੇ ਤਰ੍ਹਾਂ ਖੁਦ ਆਪ ਹੀ ਹੱਲ ਕਰੋ, ਜੇ ਹੱਲ ਨਾ ਕਰ ਸਕੇ ਤਾਂ ਕਿਸੇ ਨੂੰ ਦੋਸ਼ ਦੇਣ ਦੀ ਥਾਂ ਦੋਸ਼ ਆਪਣੇ ਸਿਰ ਲਓ, ਜਾਂ ਜੇ ਮਸਲਾ ਹੱਲ ਨਾ ਹੋਵੇ ਤਾਂ ਵੀ ਚਿੰਤਾ ਨਾ ਕਰੋ ਕਿਉਂਕਿ ਸਾਰੇ ਮਸਲੇ ਅੱਜ ਤੱਕ ਕਿਸੇ ਦੇ ਵੀ ਹੱਲ ਨਹੀਂ ਹੋਏ, ਅਜਿਹੇ ਮਸਲੇ ਨੂੰ ਵਿਚੇ ਛੱਡ ਕੇ “ਜਾਂ ਅਜਿਹੇ ਮਸਲੇ ਦੇ ਹੁੰਦਿਆਂ ਵੀ” ਆਪਣੀ ਜਿੰਦਗੀ ਨੂੰ ਜਿਉਣਾ ਸਿੱਖੋ, ਆਪਣੇ ਆਪ ਨੂੰ ਸਹੀ ਰੱਖੋ ਅਤੇ ਸਹੀ ਸਮਝੋ ਵੀ, ਪਰ ਇਹ ਚਿੰਤਾ ਨਾ ਕਰੋ ਕਿ ਦੂਜੇ ਮੈਨੂੰ ਸਹੀ ਕਿਉਂ ਨਹੀਂ ਸਮਝਦੇ, ਸਾਰਿਆਂ ਨੂੰ ਸਹੀ ਕੋਈ ਵੀ ਨਹੀਂ ਲੱਗਦਾ ਹੁੰਦਾ, ਤੁਹਾਨੂੰ ਵੀ ਸਾਰੇ ਚੰਗੇ ਨਹੀਂ ਲੱਗਦੇ ਹੁੰਦੇ। ਸੱਭ ਦੀ ਆਪੋ ਆਪਣੀ ਮੱਤ ਹੁੰਦੀ ਹੈ, ਤੁਸੀਂ ਆਪਣੀ ਸੋਚ ਅਨੁਸਾਰ ਜੀਓ, ਅਗਲੇ ਨੂੰ ਆਪਣੀ ਸੋਚ ਅਨੁਸਾਰ ਜਿਉਣ ਦਿਓ, ਜਿੰਦਗੀ ਵਿੱਚ ਜੋ ਵੀ ਚੰਗਾ ਮਾੜਾ ਮਿਿਲਆ ਹੈ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰੋ ਪਰ ਜੇ ਸਹੀ ਨਾ ਹੋਵੇ ਤਾਂ ਆਪਣੇ ਆਪ ਨੂੰ ਉਸੇ ਵਿੱਚ ਰਾਜੀ ਰੱਖਣ ਦੀ ਜਾਂਚ ਸਿੱਖੋ। ਬੱਸ ਇਹੀ ਕੁਦਰਤ ਹੈ ਜਿਸ ਨੂੰ ਸਮਝਣਾ ਔਖਾ ਹੈ, ਪਤਾ ਨਹੀਂ ਇੱਥੇ ਕੌਣ ਕਿਸ ਦੇ ਚੰਗੇ ਮਾੜੇ ਦੀ ਵਜ੍ਹਾ ਬਣ ਰਿਹਾ ਹੈ, ਕੁੱਝ ਮਾੜਾ ਹੋਣਾ ਵੀ ਕਿਸੇ ਲਈ ਚੰਗਾ ਹੋ ਜਾਂਦਾ ਹੈ, ਇਸ ਲਈ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਆਪਣੇ ਵੱਲੋਂ ਕੁੱਝ ਮਾੜਾ ਨਾ ਕਰੋ, ਜੇ ਕੋਈ ਤੁਹਾਡੇ ਨਾਲ ਮਾੜਾ ਕਰਦਾ ਹੈ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰੋ ਪਰ ਨਿਰਾਸ਼ ਨਾ ਹੋਵੋ, ਹੋ ਸਕਦੈ ਉਸ ਵੱਲੋਂ ਕੀਤੇ ਜਾ ਰਹੇ ਮਾੜੇ ਵਿੱਚ ਹੀ ਤੁਹਾਡੇ ਲਈ ਭਲਾਈ ਛੁੱਪੀ ਹੋਵੇ। ਜਿੰਦਗੀ ਵੀ ਇੱਕ ਤਾਸ ਦੀ ਖੇਡ ਵਾਂਗ ਹੈ, ਇਸ ਵਿੱਚ ਜਿੱਤਾਂ ਹਾਰਾਂ ਚਲਦੀਆਂ ਹੀ ਰਹਿੰਦੀਆਂ ਹਨ, ਇਹ ਜਿੱਤਾਂ ਹਾਰਾਂ ਹੀ ਅਸਲ ਵਿੱਚ ਜਿੰਦਗੀ ਹਨ, ਜੇ ਤੁਸੀਂ ਜਿੱਤ ਜਾਂ ਹਾਰ ਨਹੀਂ ਰਹੇ, ਤਾਂ ਸਮਝੋ ਕਿ ਤੁਸੀਂ ਜਿੰਦਗੀ ਦੀ ਖੇਡ ਨੂੰ ਖੇਡ ਹੀ ਨਹੀਂ ਰਹੇ ਜਾਂ ਤੁਸੀਂ ਮੁਰਦਾ ਹੋਂ, ਜਿੱਤਾਂ ਹਾਰਾਂ ਤੋਂ ਨਿਰਾਸ਼ ਨਾ ਹੋਵੋ, ਨਾ ਹੀ ਦੂਜਿਆਂ ਦੇ ਪੱਤੇ ਵੇਖ ਕੇ ਇਹ ਸੋਚੋ ਕਿ ਮੇਰੇ ਕੋਲ ਚੰਗੇ ਪੱਤੇ ਨਹੀਂ ਆਏ, ਹੋ ਸਕਦੈ ਕੋਈ ਤੁਹਾਡੇ ਵਰਗੇ ਪੱਤਿਆਂ ਨੂੰ ਵੀ ਤਰਸਦਾ ਹੋਵੇ, ਇਸ ਲਈ ਜੋ ਵੀ ਪੱਤੇ ਤੁਹਾਨੂੰ ਮਿਲੇ ਹਨ ਉਹਨਾ ਨਾਲ ਹੀ ਖਿਡਾਰੀ ਦੀ ਭਾਵਨਾ ਨਾਲ ਵਧੀਆ ਖੇਡੋ ਅਤੇ ਖੁਸ਼ ਹੋ ਕੇ ਖੇਡੋ, ਅਖੀਰ ਵਿੱਚ ਤਾਂ ਚੰਗੇ ਮਾੜੇ ਪੱਤਿਆਂ ਨੇ ਇੱਕੋ ਡੱਬੀ ਵਿੱਚ ਇਕੱਠੇ ਹੋ ਜਾਣਾ ਹੈ ਅਤੇ ਸਾਰੇ ਖਿਡਾਰੀਆਂ ਨੇ ਖਾਲੀ ਹੱਥ ਉੱਠ ਕੇ ਚਲੇ ਜਾਣਾ ਹੁੰਦਾ ਹੈ। ਇਹ ਕੁੱਝ ਮੈਂ ਆਪਣੇ ਆਲੇ ਦੁਆਲੇ ਅਤੇ ਆਪਣੀ ਜਿੰਦਗੀ ਦੇ ਨਿੱਜੀ ਤਜਰਬੇ ਵਿੱਚੋਂ ਲਿਿਖਆ ਹੈ।
ਤਾਰੀਖ 29 ਜੂਨ 2026
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com