ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

28 - 06- 2026

ਬਰਤਾਨਵੀ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਆਹ ਲੈ ਫੜ ਮਿੱਤਰਾ, ਮੇਰੇ ਬਾਂਕਾਂ ਮੇਚ ਨਾ ਆਈਆਂ।

ਭਾਜਪਾ ਨੇ ਰਾਹੁਲ ਗਾਂਧੀ ਨੂੰ ਦੱਸਿਆ ‘ਸੈਰ-ਸਪਾਟਾ’ ਆਗੂ- ਇਕ ਖ਼ਬਰ

ਵੈਸੇ ਇਹ ਲਕਬ ਇਕ ਹੋਰ ‘ਬੰਦੇ’ ‘ਤੇ ਜ਼ਿਆਦਾ ਢੁੱਕਦਾ ਹੈ।

ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਢਾਅ ਲਾਉਣ ਲਈ ਜਥੇਦਾਰ ਗੜਗੱਜ ਜ਼ਿੰਮੇਵਾਰ- ਧਰਮੀ ਫੌਜੀ

ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ।
                                                                                                              

ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ਲਈ ਸਹਿਮਤ- ਇਕ ਖ਼ਬਰ

ਆਪਾਂ ਭੈਣ ਭਰਾ, ਆ ਜਾ ਆਪਾਂ ਦੋਵੇਂ ਨੱਚੀਏ।

ਪੰਜਾਬ ਦੇ 21 ਜ਼ਿਲ੍ਹਿਆਂ ‘ਚ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਮੋਦੀ-ਟਰੰਪ ਦੇ ਫੂਕੇ ਪੁਤਲੇ- ਇਕ ਖ਼ਬਰ

ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ‘ਚ ਐੱਸ.ਆਈ.ਟੀ. ਨੇ ਚੰਪਤ ਰਾਏ ਸਮੇਤ 17 ਨੂੰ ਦੋਸ਼ੀ ਮੰਨਿਆਂ- ਇਕ ਖ਼ਬਰ

ਪਾਪ ਪੁੰਨ ਤੇਰੇ ਬੰਦਿਆ, ਤੱਕੜੀ ‘ਤੇ ਤੁਲ ਜਾਣਗੇ।

ਸ਼ਿਵ ਸੈਨਾ ਦੇ ਛੇ ਬਾਗ਼ੀ ਸਾਂਸਦਾਂ ਨੂੰ ਮਿਲੀ ‘ਵਾਈ-ਪਲੱਸ’ ਸੁਰੱਖਿਆ- ਇਕ ਖ਼ਬਰ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਇਜ਼ਰਾਈਲ ਦੀ ਲਿਬਨਾਨ ਤੋਂ ਵਾਪਸੀ ਤੱਕ ਕੋਈ ਸਮਝੌਤਾ ਨਹੀਂ- ਇਰਾਨ

ਲਾਲੀ ਮੇਰੀਆਂ ਅੱਖਾਂ ਵਿਚ ਰੜਕੇ, ਅੱਖ ਮੇਰੇ ਯਾਰ ਦੀ ਦੁਖੇ।

ਊਧਵ ਠਾਕਰੇ ਦੀ ਸੈਨਾ ਬਿਖਰੀ, 6 ਸਾਂਸਦ ਹੋਏ ਬਾਗ਼ੀ- ਇਕ ਖ਼ਬਰ

ਚੁਗ਼ ਲੈ ਕਬੂਤਰ ਬਣ ਕੇ, ਮੋਤੀ ਖਿਲਰ ਗਏ।

ਰਾਜਾ ਵੜਿੰਗ ਨੇ ਐਸ.ਸੀ. ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਕਿਸੇ ਵੀ ਕੀਮਤ ‘ਤੇ ਇਰਾਨ ਨੂੰ ਪਰਮਾਣੂੰ ਹਥਿਆਰ ਨਹੀਂ ਰੱਖਣ ਦਿਆਂਗੇ- ਇਜ਼ਰਾਈਲ

ਜਿਊਣਾ ਮੌੜ ਵੱਢਿਆ ਨਾ ਜਾਵੇ, ਛਵ੍ਹੀਆਂ ਦੇ ਘੁੰਡ ਮੁੜ ਗਏ।

ਹਰਿਆਣਾ ਦਾ ਆਈ.ਏ.ਐਸ. ਅਧਿਕਾਰੀ ਪ੍ਰਦੀਪ ਕੁਮਾਰ 590 ਕਰੋੜ ਦੇ ਘਪਲੇ ‘ਚ ਫ਼ਰਾਰ- ਇਕ ਖ਼ਬਰ

ਤੁਸੀਂ ਕੀ ਚਾਹੁੰਦੇ ਹੋ ਕਿ ਉਹ ਘਰੇ ਬੈਠਾ ਫੜਿਆ ਜਾਂਦਾ!

ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਐਕਟ ਰੱਦ ਕਰਨ ਵਿਰੁੱਧ ਗੁਰਮਤਾ ਜਾਰੀ- ਇਕ ਖ਼ਬਰ

ਮੋੜੀਂ ਮੋੜੀਂ ਵੇ ਮੁਲਾਹਜ਼ੇਦਾਰਾ, ਮੱਝੀਆਂ ਹੀਰ ਦੀਆਂ।

ਭਗੌੜੇ ਲੋਕ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਣ ਦੀ ਕਰ ਰਹੇ ਹਨ ਤਾਕੀਦ- ਗਿ. ਹਰਪ੍ਰੀਤ ਸਿੰਘ

ਆਪ ਨਾ ਵੱਸੀ ਸਹੁਰੇ, ਲੋਕਾਂ ਮੱਤੀਂ ਦੇ।

ਰਾਜੇਵਾਲ, ਪੰਧੇਰ ਅਤੇ ਚੜੂਨੀ ਨੇ ਸਾਂਝੇ ਸੰਘਰਸ਼ ਲਈ ਮੁੜ ਹੱਥ ਮਿਲਾਇਆ- ਇਕ ਖ਼ਬਰ

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।