
ਸਟੇਜ ਸਕੱਤਰ ਅਤੇ ਢਾਡੀ - ਨਿਰਮਲ ਸਿੰਘ ਕੰਧਾਲਵੀ
ਸਟੇਜ ਸਕੱਤਰ ਐਵੇਂ, ਦੱਬੀ ਜਾਂਦਾ ਮੇਰਾ ਪੈਰ ਜੀ।
ਪਤਾ ਨੀ ਕੀ ਸਾਡੇ ਨਾਲ, ਕਿਹੜਾ ਇਹਦਾ ਵੈਰ ਜੀ।
ਇਨ੍ਹੇ ਮਿੰਟ ਦਿਤੇ ਝੂੰਗੇ ਵਿਚੋਂ, ਕੁਲ ਸਾਨੂੰ ਵੀਹ ਜੀ।
ਕਿਹੜੀ ਗੱਲ ਛੱਡੀਏ ਤੇ ਸੁਣਾਈਏ ਅਸੀਂ ਕੀ ਜੀ।
ਅੱਧੀ ਅੱਧੀ ਰਾਤੀਂ ਉੱਠ, ਲਿਖੇ ਵਾਰ ਦੇ ਮੈਂ ਛੰਦ ਜੀ।
ਮੋਤੀਆਂ ਦੇ ਵਾਂਗ ਹੈ ਪਰੋਇਆ, ਕੱਲਾ ਕੱਲਾ ਬੰਦ ਜੀ।
ਖਨਨ ਖਨਨ, ਸਰਰ ਸਰਰ, ਚੱਲਣੀ ਹੈ ਤੇਗ਼ ਅਜੇ।
ਸਿੰਘਾਂ ਅਤੇ ਰੰਘੜਾਂ ਦਾ, ਅਜੇ ਮੈਂ ਕਰਾਉਣਾ ਜੰਗ ਜੀ।
ਜੇ ਆਗਿਆ ਸੰਗਤ ਦੇਵੇ, ਅੱਜ ਬੰਨ੍ਹ ਦੇਵਾਂ ਰੰਗ ਜੀ।
ਰੰਘੜਾਂ ਦੀ ਫੌਜ ਅੱਗੇ, ਮੈਂ ਤਾਂ ਕਰ ਦੇਵਾਂ ਕੰਧ ਜੀ।
ਕਾਮਧੇਨ ਸੰਗਤਾਂ ਨੇ ਬਾਹਾਂ ਚੁੱਕ, ਕਰ ਦਿਤੀ ਹਾਂ ਜੀ।
ਬੇਨਤੀ ਸੀ ਢਾਡੀਆਂ ਦੀ, ਕਿਵੇਂ ਕਰਦੇ ਉਹ ਨਾਂਹ ਜੀ।
ਸਾਵਧਾਨ ਹੋਵੋ ਸੰਗਤੇ, ਪ੍ਰਸੰਗ ਤੋਰੀਏ ਅਗਾਂਹ ਜੀ।
ਬਈ ਖ਼ਾਲਸੇ ਨੂੰ ਮਿਹਣਾ ਹੁੰਦਾ, ਮੁੜਨਾ ਪਿਛਾਂਹ ਜੀ।
ਚਲ ਬਈ ਸਾਰੰਗੀ ਵਾਲੇ, ਬੰਨ੍ਹ ਕੇਰਾਂ ਤਾਲ ਬਈ।
ਸੁਣ ਕੇ ਪ੍ਰਸੰਗ ਸਾਰਾ, ਹੋਵੇ ਸੰਗਤ ਨਿਹਾਲ ਬਈ।
ਇਕ ਇਕ ਪੌਂਡ ਨਾਲ, ਹੁੰਦਾ ਮਸਲਾ ਨਾ ਹੱਲ ਜੀ।
ਪੰਜ ਪੰਜ ਦੇਵੋਂਗੇ ਜੇ, ਤਾਹੀਉਂ ਬਣੂੰ ਕੁਝ ਗੱਲ ਜੀ।
ਸੱਚੀ ਗੱਲ ਕਹਿਣ ਲੱਗਾਂ, ਕਵ੍ਹਾਂ ਮੈਂ ਰੱਬੋਂ ਡਰਦਾ।
ਕਾਰ ਤੇ ਮੋਬਾਈਲ ਬਿਨਾਂ, ਸਾਡਾ ਵੀ ਨਹੀਂ ਸਰਦਾ।
ਨਿਰਮਲ ਸਿੰਘ ਕੰਧਾਲਵੀ