
ਉਦੋਂ ਦਾ ਜੁਆਨ, ਹੁਣ ਦਾ ਜੌਹਨ : ਕਹਾਣੀ - ਅਵਤਾਰ ਐਸ. ਸੰਘਾ
ਸੱਤਰਵਿਆਂ ਵਿੱਚ ਐਮ. ਏ ਪਾਸ ਕਰਕੇ ਮਿੰਟੂ ਪੰਜਾਬ ਨੈਸ਼ਨਲ ਬੈਂਕ ਵਿੱਚ ਕਲਰਕ ਭਰਤੀ ਹੋ ਗਿਆ ਸੀ। ਉਹ ਪੜ੍ਹੇ ਲਿਖੇ ਪਰਿਵਾਰ ਚੋਂ ਆਇਆ ਸੀ। ਦੇਖਣ ਪਾਖਣ ਨੂੰ ਸੋਹਣਾ ਨੌਜਵਾਨ ਸੀ। ਕੱਦ ਕਾਠ ਦਰਮਿਆਨਾ ਸੀ। ਬੋਲ ਚਾਲ ਵਿੱਚ ਪੰਜਾਬੀਆਂ ਜਿਹਾ ਖੁੱਲ੍ਹਦਿਲਾ। ਥੋੜ੍ਹੇ ਸਮੇਂ ਵਿੱਚ ਹੀ ਬੈਂਕ ਦੇ ਮੁਲਾਜ਼ਮਾਂ ਵਿੱਚ ਸੋਹਣੀ ਸਾਖ ਕਇਮ ਕਰ ਗਿਆ ਸੀ। ਗ੍ਰਾਹਕ ਸੇਵਾ ਵਿੱਚ ਵੀ ਸੋਹਣਾ ਮਾਹਰ ਬਣ ਗਿਆ ਸੀ। ਆਪਣੇ ਕਾਊਂਟਰ ਮੂਹਰੇ ਬਣੀ ਗ੍ਰਾਹਕਾਂ ਦੀ ਭੀੜ ਨੂੰ ਜਲਦੀ ਜਲਦੀ ਨਿਪਟਾ ਦਿਆ ਕਰਦਾ ਸੀ।
ਬੈਂਕ ਦੇ ਮੂਹਰੇ ਸਕਿਊਰਿਟੀ ਗਾਰਡ ਦੇ ਤੌਰ ਤੇ ਇੱਕ ਅਧਖੜ੍ਹ ਫੌਜੀ ਬੈਠਾ ਹੋਇਆ ਕਰਦਾ ਸੀ। ਇਸਦਾ ਨਾਮ ਜਾਗਰ ਸੀ। ਸ਼ਬਦ ‘ਜਵਾਨ’ ਉਸਦਾ ਤਕੀਆ ਕਲਾਮ ਹੁੰਦਾ ਸੀ। ਕੋਈ ਜਵਾਨ ਹੋਵੇ, ਅਧਖੜ੍ਹ ਹੋਵੇ, ਬੁੱਢਾ ਹੋਵੇ – ਸਭ ਨੂੰ ਉਹ ‘ਜਵਾਨ’ ਸ਼ਬਦ ਨਾਲ਼ ਹੀ ਮੁਖਾਤਿਬ ਹੋਇਆ ਕਰਦਾ ਸੀ। ਉਹ ਸਿਰਫ ਬੈਂਕ ਦੇ ਮੈਨੇਜਰ, ਖਜ਼ਾਨਚੀ, ਲੋਨ ਅਫਸਰ ਆਦਿ ਨੂੰ ਇਹ ਸ਼ਬਦ ਨਾਲ਼ ਮੁਖਾਤਿਬ ਹੋਣ ਤੋਂ ਝਿਜਕਦਾ ਸੀ, ਬਾਕੀ ਸਭ ਨਾਲ਼ ਉਸਦਾ ਵਰਤਾਰਾ ਇੱਕੋ ਜਿਹਾ ਹੀ ਸੀ। ਬੈਂਕ ਦੇ ਕਲਰਕਾਂ ਨੂੰ ਵੀ ਉਹ ਅਕਸਰ ‘ਜੁਆਨ’ ਕਹਿ ਕੇ ਹੀ ਬੁਲਾ ਲਿਆ ਕਰਦਾ ਸੀ। ਮਿੰਟੂ ਤਾਂ ਸੀ ਹੀ ਅਜੇ ਮੁੰਡਾ ਖੁੰਡਾ। ਉਹ ਤਾਂ ਸੀ ਹੀ ਪੂਰਾ ਜੁਆਨ। ਫੌਜੀ ਉਸਨੂੰ ਤਾਂ ਅਕਸਰ ‘ਜੁਆਨ’ ਹੀ ਕਹਿ ਦਿਆ ਕਰਦਾ ਸੀ। ਉਹ ਬਾਹਰ ਜਦ ਸਾਨੂੰ ਮਿਲਦਾ ਸੀ ਤਾਂ ਇਸ ਫੌਜੀ ਦੇ ਵਰਤਾਰੇ ਬਾਰੇ ਬੋਲ ਬੋਲ ਕੇ ਸੁਹਣਾ ਖੁਸ਼ ਹੋਇਆ ਤੇ ਸਾਨੂੰ ਖੁਸ਼ ਕਰਿਆ ਕਰਦਾ ਸੀ।
“ਕੀ ਇਹ ਫੌਜੀ ਆਪਣੇ ਘਰ ਵੀ ਹਰ ਕਿਸੇ ਨੂੰ ਜੁਆਨ ਕਹਿ ਕੇ ਬੁਲਾਉਂਦਾ ਹੋਊ?” ਮੈਂ ਮਿੰਟੂ ਨੂੰ ਪੁੱਛਿਆ।
“ਹਾਂ, ਇਹਦਾ ਆਪਣੇ ਘਰ ਵਿੱਚ ਹੀ ਨਹੀਂ, ਪਿੰਡ ਵਿੱਚ ਵੀ ਇਹੀ ਹਾਲ ਏ। ਇਹ ਫੌਜੀ ਏ। ਫੌਜੀਆਂ ਦੇ ਦਿਮਾਗ ਦੀ ਸੂਈ ਇੱਕ ਥਾਂ ਅਟਕੀ ਹੁੰਦੀ ਏ। ਉਨ੍ਹਾਂ ਦੇ ਸੁਭਾਅ ਅਤੇ ਵਰਤਾਰੇ ਨੂੰ ਬਦਲਣਾ ਬੜਾ ਔਖਾ ਹੁੰਦਾ ਏ। ਉਹ ਹਰ ਵਰਤਾਰੇ ਨੂੰ ਜੈਕ ਬੂਟ ਅਨੁਸ਼ਾਸ਼ਨ ਵਾਂਗ ਹੀ ਕਰਦੇ ਹੁੰਦੇ ਹਨ। ਸਾਡੇ ਪਿੰਡ ਦੋ ਫੌਜੀ ਹਨ- ਜੈਲਾ ਤੇ ਘੋਟੀ। ਇੱਕ ਫੋਜ ਵਿੱਚ ਹੌਲਦਾਰ ਏ ਤੇ ਦੂਜਾ ਅਜੇ ਸਿਪਾਹੀ ਹੀ ਏ। ਉਹ ਜਦ ਵੀ ਛੁੱਟੀ ਆਉਂਦੇ ਹਨ, ਪਿੰਡ ਵਿੱਚ ਚੌਪਾਲ ਜਾਂ ਸੱਥ ਵਿੱਚ ਆ ਪਹੁੰਚਦੇ ਹਨ। ਫਿਰ ਗੱਲਾਂ ਦੀ ਝੜੀ ਲਗਾ ਦਿੰਦੇ ਹਨ- ਕਿਸੇ ਲੜਾਈ ਤੇ ਜਾਣ ਦੀਆਂ ਗੱਲਾਂ, ਫੋਜ ਵਿੱਚੋਂ ਰਮ ਦੀਆਂ ਬੋਤਲਾਂ ਲਿਆਉਣ ਦੀਆਂ ਗੱਲਾਂ, ਆਪਣੇ ਅਫਸਰਾਂ ਦੀ ਪ੍ਰਸੰਸ਼ਾ ਦੇ ਪੁਲ਼, ਛੁੱਟੀ ਕੈਂਸਲ ਹੋਣ ਨੂੰ ਫਿਰਦੀ ਸੀ ਮੁਸ਼ਕਲ ਨਾਲ਼ ਬਚਾਈ, ਯੂਨਿਟ ਚੋਂ ਚਾਰ ਜਣੇ ਇਕੱਠੇ ਟਰੇਨ ਤੇ ਚੜ੍ਹੇ ਤੇ ਆ ਕੇ ਲੁਧਿਆਣੇ ਉੱਤਰੇ, ਬਾਕੀ ਤਿੰਨੇ ਕਿਹੜੇ ਕਿਹੜੇ ਪਿੰਡਾਂ ਦੇ ਹਨ ਉਨ੍ਹਾਂ ਦੇ ਪਿੰਡਾਂ ਦਾ ਖੁੱਲ੍ਹਾ ਵੇਰਵਾ, ਹੁਣ ਤਾਂ ਫੌਜ ਵਿੱਚ ਵੀ ਤਨਖਾਹਾਂ ਸੋਹਣੀਆਂ ਹੋ ਗਈਆਂ ਹਨ, ਨਵੀਂਆਂ ਹੋ ਰਹੀਆਂ ਭਰਤੀਆਂ ਦੇ ਵੇਰਵੇ, ਨਾਲ਼ ਦੇ ਸ਼ਹੀਦ ਹੋ ਚੁੱਕੇ ਜੁਆਨਾ ਦੀ ਬਹਾਦਰੀ ਦੀਆਂ ਕਹਾਣੀਆਂ ਤੇ ਹੋਰ ਅੰਤਾਂ ਦੀਆਂ ਗੱਲਾਂ।“
“ਮਿੰਟੂ ਇਹ ਸਭ ਕੁਝ ਤਾਂ ਹੋਇਆ, ਕੀ ਇਹ ਜਾਗਰ ਫੌਜੀ ਆਪਣੇ ਵੱਡਿਆਂ ਨੂੰ ਵੀ ਘਰ ਵਿੱਚ ‘ਜੁਆਨ’ ਕਹਿ ਕੇ ਹੀ ਮੁਖਾਤਿਬ ਹੁੰਦਾ ਏ?”
“ਸੁਣਿਐ, ਵੱਡਿਆਂ ਨੂੰ ਤਾਂ ਤਾਇਆ, ਚਾਚਾ, ਮਾਮਾ, ਭਾਜੀ ਆਦਿ ਕਹਿ ਕੇ ਬੁਲਾਉਂਦਾ ਏ, ਬਾਕੀ ਸਭ ਨੂੰ ਇਹ ਜੁਆਨ ਹੀ ਕਹਿੰਦਾ ਏ। ਇਹ ਤਾਂ ਨਿੱਕੇ ਨਿੱਕੇ ਜੁਆਕਾਂ ਨੂੰ ਵੀ ਜੁਆਨ ਕਹਿ ਕੇ ਬੁਲਾਉਂਦਾ ਦੇਖਿਆ ਏ।“
“ਕੀ ਇਹਦੇ ਇੰਝ ਕਰਨ ਤੇ ਦੇਖਣ ਵਾਲਿਆਂ ਨੂੰ ਹਾਸਾ ਨਹੀਂ ਆਉਂਦਾ?”
“ਇਹ ਹਾਸੇ ਦੀ ਪਰਵਾਹ ਹੀ ਨਹੀਂ ਕਰਦਾ। ਜਿਵੇਂ ਆਪਾਂ ਕਿਸੇ ਨੂੰ ਸਰ, ਮੈਡਮ, ਭਾਜੀ, ਭੈਣਜੀ, ਭਾਬੀ ਜੀ ਆਦਿ ਕਹਿ ਕੇ ਰਿਸ਼ਤੇ ਮੁਤਾਬਕ ਬੁਲਾਉਂਦੇ ਹਾਂ, ਓਵੇਂ ਹੀ ਇਹ ਤਕਰੀਬਨ ਹਰ ਇੱਕ ਨੂੰ ‘ਜੁਆਨ’ ਕਹਿ ਕੇ ਮੁਖਾਤਿਬ ਹੁੰਦਾ ਏ।“
“ਜੇ ਪੁਲਿਸ ਵਾਲ਼ੇ ਆ ਜਾਣ?”
“ਫਿਰ ਇਹ ਸਭ ਨੂੰ ਸਾਹਿਬ ਕਹਿੰਦਾ ਏ।“
“ਥਾਣੇਦਾਰ ਤੇ ਸਿਪਾਹੀ ਦੋਨੋਂ ਹੀ ਇਹਦੇ ਲਈ ‘ਸਾਹਿਬ’ ਹੁੰਦੇ ਹਨ?”
“ਨਹੀਂ, ਥਾਣੇਦਾਰ ਨੂੰ ਇਹ ‘ਬੜਾ ਸਾਹਿਬ’ ਤੇ ਸਿਪਾਹੀ ਨੂੰ ‘ਛੋਟਾ ਸਾਹਿਬ’। ਇਹ ਬੈਂਕ ਦੇ ਮੈਨੇਜਰ ਅਤੇ ਖਜ਼ਾਨਚੀ ਨੂੰ ਵੀ ਸਾਹਿਬ ਹੀ ਕਹਿ ਕੇ ਬੁਲਾਉਂਦਾ ਹੈ।”
“ਇਸਦਾ ਮਤਲਕ ਇਹ ਕਿ ਇਸਨੂੰ ਬੰਦੇ ਕੁ ਬੰਦੇ ਦੇ ਫਰਕ ਦਾ ਪਤਾ ਏ?”
“ਪਤਾ ਤਾਂ ਇਹ ਪੂਰਾ ਰੱਖਦਾ ਹੈ ਪਰ ਕਦੀ ਕਦੀ ਅਚੇਤ ਮਾਨਸਿਕ ਅਵਸਥਾ ਵਿੱਚ ਇਹ ਕਿਸੇ ਨੂੰ ਵੀ ‘ਜੁਆਨ’ ਕਹਿ ਸਕਦਾ ਏ।“
“ਜੇ ਕੋਈ ਗੁੱਸਾ ਕਰ ਲਵੇ?”
“ਇਹਦਾ ਅੰਦਾਜ਼ ਅਕਸਰ ਏਦਾਂ ਦਾ ਹੁੰਦਾ ਏ ਕਿ ਇਹਦੇ ਵਰਤਾਰੇ ਨੂੰ ਕੋਈ ਵੀ ਬੁਰਾ ਨਹੀਂ ਮਨਾਉਂਦਾ, ਬਸ ਮਾੜਾ ਜਿਹਾ ਮੁਸਕੁਰਾ ਕੇ ਟਾਲ਼ ਦੇਂਦਾ ਏ ਤੇ ਅੱਗੇ ਤੁਰ ਜਾਂਦਾ ਏ। ਇਹਦੀ ਇੱਕ ਹੋਰ ਖਾਸੀਅਤ ਵੀ ਏ।“
“ਉਹ ਕੀ?”
“ਜਦ ਸਾਲ ਬਾਅਦ ਇਹਦੇ ਪਿੰਡ ਛਿੰਝ ਲਗਦੀ ਏ ਤਾਂ ਇਹਦੀ ਬੱਲੇ ਬੱਲੇ ਹੁੰਦੀ ਏ। ਇਹਨੂੰ ਸਾਰੇ ‘ਜਮਾਂਦਾਰ’ ਸਾਹਿਬ ਕਹਿ ਕੇ ਬੁਲਾਉਂਦੇ ਹੁੰਦੇ ਹਨ। ਇਹ ਛਿੰਝ ਦੇ ਅਖਾੜੇ ਦੇ ਪ੍ਰਬੰਧਕੀ ਕੰਮਾਂ ਵਿੱਚ ਬਹੁਤ ਰੀਝ ਨਾਲ਼ ਹਿੱਸਾ ਲੈਂਦਾ ਏ। ਛਿੰਜ ਵਿੱਚ ਅਕਸਰ ਇਹ ਜਜਮੈਂਟ ਵੀ ਕਰਦਾ ਹੁੰਦਾ ਏ। ਘੋਲਾਂ ਕਰਵਾੳੇਣ ਵਿੱਚ ਇਹ ਰੈਫਰੀ ਦੀ ਭੂਮਿਕਾ ਵੀ ਅਕਸਰ ਨਿਭਾਉਂਦਾ ਏ। ਜਦ ਕੋਈ ਪਹਿਲਵਾਨ ਘੋਲ ਜਿੱਤ ਕੇ ਅਖਾੜੇ ਦਾ ਚੱਕਰ ਲਗਾਉਂਦਾ ਹੈ ਤਾਂ ਇਹ ਉਸਦੇ ਨਾਲ਼ ਨਾਲ਼ ਪਰਕਰਮਾਂ ਕਰਦਾ ਏ। ਕਦੀ ਕਦੀ ਢੋਲ ਤੇ ਡਗਾ ਵੀ ਲਗਾ ਦਿੰਦਾ ਏ। ਪਹਿਲਵਾਨਾਂ ਲਈ ਤਿਆਰ ਹੋ ਰਹੀ ਰਸਦ ਦੀ ਦੇਖ ਰੇਖ ਵੀ ਕਰਦਾ ਏ। ਪਿੰਡ ਦੇ ਲੋਕ ਵੀ ਇਸਦੀ ਬੜੀ ਇੱਜ਼ਤ ਕਰਦੇ ਹਨ। ਸੁਣਿਐਂ, ਪਿੰਡ ਵਿੱਚ ਇਸਦੀ ਘੁੰਨੇ ਅਮਲੀ ਨਾਲ਼ ਵੀ ਸੋਹਣੀ ਉੱਠਣੀ ਬੈਠਣੀ ਏ। ਉਹਦੀ ਹਵੇਲੀ ਇਹ ਛੁੱਟੀ ਵਾਲ਼ੇ ਦਿਨ ਅਕਸਰ ਬਾਣ ਦੇ ਮੰਜੇ ਤੇ ਲੰਮਾ ਪਿਆ ਹੁੰਦਾ ਏ।“
“ਕੀ ਕੋਈ ਅਮਲ ਵੀ ਖਾਂਦਾ ਏ?”
“ਇਹਦਾ ਸਾਰਾ ਪਿੰਡ ਹੀ ਅਮਲੀਆਂ ਦਾ ਪਿੰਡ ਏ। ਉਸ ਪਿੰਡ ਵਿੱਚ ਹੁੱਕਾ ਤੇ ਪੋਸਤ ਵੀ ਆਮ ਪ੍ਰਚੱਲਤ ਹਨ। ਹੋ ਸਕਦਾ ਏ ਇਹ ਘੁੰਨੇ ਅਮਲੀ ਨੂੰ ਵੀ ਰਮ ਦੇ ਦੋ ਤਿੰਨ ਪੈੱਗ ਲੁਆ ਦਿੰਦਾ ਹੋਵੇ। ਇਹਨੂੰ ਰਮ ਦਾ ਨਿਸ਼ਚਿਤ ਕੋਟਾ ਤਾਂ ਮਿਲਦਾ ਹੀ ਏ। ਸੁਣਿਐ, ਉਹ ਇਹਨੂੰ ਪੋਸਤ ਦੀ ਬਾਟੀ ਪਿਆ ਦਿੰਦਾ ਏ। ਨਸ਼ਾ ਕਰਨ ਤੋਂ ਬਾਅਦ ਤਾਂ ਇਹ 80 ਸਾਲ ਦੇ ਟਹਿਲ ਸਿਹੁੰ ਨੂੰ ਵੀ ‘ਜੁਆਨ’ ਕਹਿ ਕੇ ਹੀ ਹਾਕ ਮਾਰਦਾ ਏ। ਇਹ ਟਹਿਲ ਸਿੰਘ ਦੇ ਭਈਏ ਨੂੰ ਵੀ ‘ਜੁਆਨ’ ਹੀ ਕਹਿੰਦਾ ਏ, ਟਹਿਲ ਸਿੰਘ ਦੇ ਸੱਤ ਸਾਲ ਦੇ ਪੋਤੇ ਨੂੰ ਵੀ ‘ਜੁਆਨ’ ਕਹਿੰਦਾ ਏ। ਇਹਨੇ ਤਾਂ ਕਸ਼ਮੀਰ ਵਲੋਂ ਲੋਈਆਂ ਵੇਚਣ ਆਏ ਰਾਸ਼ਿਆਂ ਨੂੰ ਵੀ ‘ਜੁਆਨ’ ਕਹਿ ਮਾਰਿਆ। ਉਹ ਇਹਦੇ ਮਸਤ ਮੌਲੇ ਸੁਭਾਅ ਤੇ ਹੱਸੀ ਜਾਣ ਤੇ ਆਪਣੀਆਂ ਲੋਈਆਂ ਵੇਚਣ ਦੀਆਂ ਬਾਤਾਂ ਪਾਈ ਜਾਣ। ਇਹ ਲੋਈਆਂ ਨੂੰ ਨਿਹਾਰੀ ਜਾਵੇ, ਖਰੀਦੇ ਕੁਝ ਨਾ। ਮਿੰਟੂ ਬੈਂਕ ਵਿੱਚ ਪੰਜ ਸਾਲ ਨੌਕਰੀ ਕਰਕੇ ਵਿਆਹ ਦੇ ਆਧਾਰ ਤੇ ਲੰਡਨ ਚਲਾ ਗਿਆ। ਜਾਗਰ ਤੋਂ ਪੰਜ ਸਾਲ ਵਾਰ ਵਾਰ ‘ਜੁਆਨ’ ‘ਜੁਆਨ’ ਤਕੀਆ ਕਲਾਮ ਸੁਣਨ ਤੋਂ ਬਾਅਦ ਮਿੰਟੂ ਦੇ ਮੂੰਹ ਤੇ ਇਹ ਸ਼ਬਦ ਕਾਫੀ ਹੱਦ ਤੱਕ ਚੜ੍ਹ ਹੀ ਗਿਆ। ਜਦ ਸਾਡਾ ਆਪਸ ਵਿੱਚ ਫੋਨ ਹੋਣਾ, ਉਹਨੇ ਓਧਰੋਂ ਪੁੱਛਣਾ, ‘ਹੋਰ ਕੀ ਹਾਲ ਏ, ਜੁਆਨ?’
ਮੈਂ ਕਹਿਣਾ, ‘ਹੁਣ ਤਾਂ ਮੈਂ 50 ਸਾਲ ਦਾ ਹੋ ਗਿਆ ਹਾਂ, ਤੂੰ ਮੈਨੂੰ ਹੁਣ ਵੀ ‘ਜੁਆਨ’ ‘ਜੁਆਨ’ ਕਹਿ ਕੇ ਬੁਲਾਈ ਜਾਨਾ ਏਂ।’ ਉਹ ਕਹਿੰਦਾ ਕਿ ਮੇਰੇ ਮੂੰਹ ਤੇ ‘ਜੁਆਨ’ ਅੇਸਾ ਚੜ੍ਹਿਆ ਕਿ ਮੈਥੋਂ ਤਾਂ ਇਹ ਡਾਕਖਾਨੇ ਵਿੱਚ ਚਿੱਠੀਆਂ ਦੀ ਛਾਂਟੀ ਦੀ ਜਾਬ ਕਰਦੇ ਹੋਏ ਕਈ ਵਾਰ ਨਾਲ਼ ਕੰਮ ਕਰਦੇ ਗੋਰੇ ਨੂੰ ਵੀ ‘ਜੁਆਨ’ ਕਹਿ ਹੋ ਗਿਆ। ਜਦ ਉਹਨੇ ਮੇਰਾ ਸੰਬੋਧਨ ਹੱਸ ਕੇ ਟਾਲ਼ਿਆ ਤਾਂ ਕਿਤੇ ਮੈਂ ਉਹਨੂੰ ‘ਯੰਗ ਮੈਨ’ ਕਹਿ ਕੇ ਮੁਖਾਤਿਬ ਹੋਣਾ ਸ਼ੁਰੂ ਹੋਇਆ। ਮੇਰੇ ‘ਜੁਆਨ’ ਸ਼ਬਦ ਨੇ ਗੋਰੇ ਵਿੱਚ ਪੰਜਾਬੀ ਸਿੱਖਣ ਦਾ ਜਜ਼ਬਾ ਜਰੂਰ ਪੈਦਾ ਕਰ ਦਿੱਤਾ। ਕਹਿੰਦਾ, “ਮਿੰਟੂ, ਪਲੀਜ਼ ਟੈਲ ਮੀ ਮੋਰ ਪੰਜਾਬੀ ਵਰਡਜ਼?’
‘ਵਹੱਟ ਟਾਈਪ ਆਫ ਵਰਡਜ਼?’ ਮੈਂ ਪੁੱਛਿਆ।
‘ਪੰਜਾਬੀ ਸੈਲੂਟੇਸ਼ਨਜ਼?’
‘ਸਤਿ ਸ਼੍ਰੀ ਅਕਾਲ’, ਮੈਂ ਕਿਹਾ।
‘ਸਟ ਸੀ ਅਕਾਲ’, ਉਹ ਮੇਰੇ ਮਗਰ ਬੋਲਿਆ।
‘ਵਨ ਮੋਰ?’
‘ਨਮਸਤੇ’, ਮੈਂ ਕਿਹਾ, ‘ਬੋਲ ਕੇ ਦੱਸ?’
‘ਨਮਸਟੇ’, ਉਹਨੇ ਕਿਹਾ, ‘ਡੂ ਯੂ ਬਿਲੀਵ ਇਨ ਵਨ ਗਾਡ ਔਰ ਮੈਨੀ ਗਾਡਜ਼? ਵਹੱਟ ਇਜ਼ ਦਾ ਨੇਮ ਆਫ ਯੂਅਰ ਗਾਡ?’
‘ਵਾਹਿਗੁਰੂ’, ਮੈਂ ਕਿਹਾ।
ਉਹਤੋਂ ਇਹ ਚੱਜ ਨਾਲ਼ ਬੋਲ ਹੀ ਨਾ ਹੋਇਆ ਪਰ ਉਹ ਮੇਰੇ ਵੱਲ ਬੜੇ ਪਿਆਰ ਸਤਿਕਾਰ ਨਾਲ਼ ਦੇਖਦਾ ਰਿਹਾ।”
ਜਦ ਮਿੰਟੂ 10 ਸਾਲ ਬਾਅਦ ਪੰਜਾਬ ਆ ਕੇ ਮੈਨੂੰ ਮਿਿਲ਼ਆ ਤਾਂ ਮੈਂ ਉਹਨੂੰ ਦੇਖ ਕੇ ਹੈਰਾਨ ਰਹਿ ਗਿਆ। ਉਹ ਤਾਂ 45 ਸਾਲ ਦੀ ਉਮਰ ਵਿੱਚ ਹੀ ਗੰਜਾ ਹੋ ਗਿਆ ਸੀ। ਸਿਰਤੇ ਇੱਕ ਵੀ ਵਾਲ਼ ਨਹੀਂ ਸੀ। ਰੰਗ ਉਹਦਾ ਪਹਿਲਾਂ ਹੀ ਗੋਰਾ ਸੀ। ਉਹ ਪੂਰਾ ਗੋਰਿਆਂ ਜਿਹਾ ਲਗਦਾ ਸੀ। ਸਿਰਫ ਨੈਣ ਨਕਸ਼ਾਂ ਤੋਂ ਉਹ ਪੰਜਾਬੀ ਲਗਦਾ ਸੀ। ਬਾਕੀ ਸਭ ਕੁਝ ਤੋਂ ਨਿਰਾ ਗੋਰਾ। ਕਲੀਨ ਸ਼ੇਵਡ ਉਹ ਪਹਿਲਾਂ ਤੋਂ ਹੀ ਸੀ। ਰੰਗ ਹੁਣ ਉਹਦਾ ਹੋਰ ਵੀ ਨਿੱਖਰ ਗਿਆ ਸੀ। ਸਿਰ ਤੇ ਵਾਲ਼ ਹੈ ਹੀ ਨਹੀਂ ਸਨ।
“ਯਾਰ, ਤੂੰ ਤਾਂ ਬਿਲਕੁਲ ਬਦਲ ਚੁੱਕਾ ਏਂ। ਹੁਣ ਤੂੰ ‘ਜੁਆਨ’ ਨਹੀਂ, ‘ਜੌਹਨ’ ਬਣ ਚੁੱਕਾ ਏਂ। ਮੈਂ ਤਾਂ ਹੁਣ ਤੈਨੂੰ ਮਿੰਟੂ ਨਹੀਂ ਜੌਹਨ ਕਹਿ ਕੇ ਬੁਲਾਇਆ ਕਰਾਂਗਾ।“
“ਜੋ ਮਰਜ਼ੀ ਕਹਿ ਲੈ ਦੋਸਤਾ, ਤੇਰੀ ਮਰਜ਼ੀ। ਲੰਡਨ ਦਾ ਪੌਣ ਪਾਣੀ ਬੰਦੇ ਦੇ ਸਰੀਰ ਤੇ ਅਸਰ ਪਾ ਹੀ ਦਿੰਦਾ ਏ। ਮੈਂ ਭਾਵੇਂ ਗੋਰਾ ਚਿੱਟਾ ਤੇ ਗੰਜਾ ਹੋ ਗਿਆ ਹਾਂ ਪਰ ਅੰਦਰੋਂ ਮੈਂ ਪੰਜਾਬੀ ਹੀ ਹਾਂ। ਜਿੱਥੇ ਮਰਜ਼ੀ ਚਲੇ ਜਾਓ ਪੰਜਾਬ ਜਿਹੀ ਥਾਂ ਕਿਤੇ ਨਹੀਂ ਮਿਲਦੀ। ਲੰਡਨ, ਟਰੌਂਟੋ, ਮੈਲਬੋਰਨ, ਲਾਸ ਏਂਜਲਸ ਨੇ ਪੰਜਾਬ ਦਾ ਕੀ ਮੁਕਾਬਲਾ ਕਰਨਾ? ਦੁੱਖ ਇਹ ਹੈ ਕਿ ਸਾਡੇ ਸਿਆਸਤਦਾਨ ਨਹੀਂ ਸੁਧਰਦੇ, ਸਾਡੀ ਅਫਸਰ ਸ਼ਾਹੀ ਦਾ ਬੇੜਾ ਗਰਕ ਏ। ਸਾਡੇ ਧਾਰਮਿਕ ਬੰਦੇ ਵੀ ਥੋੜੇ ਹੀ ਨਿਰਸੁਆਰਥ ਤੇ ਨਿਸ਼ਕਾਮ ਸੇਵਕ ਹਨ।“
“ਗੱਲ ਤਾਂ ਤੇਰੀ ਠੀਕ ਹੈ, ਜੌਹਨ।“
ਚੰਦ ਕੁ ਦਿਨ ਪੰਜਾਬ ਰਹਿ ਕੇ ਉਹ ਲੰਡਨ ਨੂੰ ਵਾਪਸ ਮੁੜ ਗਿਆ।