ਆ ਬੈਲ ਮੁਝੇ ਮਾਰ (ਵਿਅੰਗ) - ਨਿਰਮਲ ਸਿੰਘ ਕੰਧਾਲਵੀ

ਸੱਜਣੋਂ, ਮੇਰੇ ਕਈ ਨਾਮ ਹਨ ਜਿਵੇਂ ਸਾਨ੍ਹ, ਸਾਂਢ, ਢੱਠਾ, ਬੈਲ, ਨੰਦੀ ਆਦਿ। ਮੇਰਾ ਭਾਰ ਤਕਰੀਬਨ ਛੇ ਕੁਇੰਟਲ ਦੇ ਨੇੜੇ ਤੇੜੇ ਹੈ ਤੇ ਮੇਰਾ ਕੱਦ ਚਾਰ ਫੁੱਟ ਹੈ। ਮੇਰਾ ਕੰਮ ਸਾਰਾ ਦਿਨ ਬਾਜ਼ਾਰਾਂ ‘ਚ ਆਵਾਰਾ ਫਿਰਨਾ ਹੈ। ਮੇਰੇ ਵਿਰੋਧੀਆਂ ਨੇ ਮੇਰੇ ‘ਤੇ ਨੌਂ ਕਤਲਾਂ ਦੇ ਇਲਜ਼ਾਮ ਲਗਾਏ ਹਨ। ਮੇਰੇ ਬਾਰੇ ਬਹੁਤਾ ਰੌਲ਼ਾ ਅਖ਼ਬਾਰਾਂ ਵਾਲੇ ਤੇ ਸੋਸ਼ਲ ਮੀਡੀਆ ਹੀ ਪਾਉਂਦਾ ਹੈ। ਜਿਹੜੇ ਲੋਕ ਮੇਰੇ ਕਾਰਨ ਮਰੇ ਹਨ ਉਨ੍ਹਾਂ ਦੇ ਘਰ ਵਾਲਿਆਂ ਨੂੰ ਪੁੱਛ ਕੇ ਦੇਖੋ, ਉਨ੍ਹਾਂ ‘ਚੋਂ ਕਈ ਤਾਂ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਧੰਨਭਾਗ ਹਨ ਕਿ ਉਨ੍ਹਾਂ ਦੇ ਪਰਵਾਰ ਦਾ ਜੀਅ ਗਊ ਜਾਏ ਦੇ ਹੱਥੋਂ ਮਰਨ ਕਰ ਕੇ ਸਿੱਧਾ ਸਵਰਗਾਂ ਨੂੰ ਗਿਆ ਹੈ। ਦੂਸਰੇ ਲੋਕ ਕਹਿੰਦੇ ਹਨ ਕਿ ਗਊ ਜਾਏ ਵਿਚਾਰੇ ਦਾ ਕੀ ਕਸੂਰ ਹੈ ਜਦ ਮਰਨ ਵਾਲੇ ਦੀ ਰੱਬ ਨੇ ਉਮਰ ਹੀ ਇੰਨੀ ਲਿਖੀ ਸੀ। ਹੁਣ ਤੁਸੀਂ ਹੀ ਦੱਸੋ ਕਿ ਕੀ ਮੈਂ ਕਸੂਰਵਾਰ ਹਾਂ? ਜੇ ਭਲਾ ਕੰਮ ਵੀ ਲੋਕਾਂ ਨੂੰ ਪਸੰਦ ਨਹੀਂ ਤਾਂ ਮੈਂ ਕੀ ਕਰ ਸਕਦਾ ਹਾਂ।

ਮੇਰੇ ‘ਤੇ ਇਹ ਵੀ ਇਲਜ਼ਾਮ ਲਗਦਾ ਹੈ ਕਿ ਮੈਂ ਲਾਲ ਰੰਗ ਦੇਖ ਕੇ ਭੜਕ ਜਾਂਦਾ ਹਾਂ। ਲਉ ਇਹ ਵੀ ਸੁਣ ਲਉ, ਲਾਲ ਰੰਗ ਮੈਨੂੰ ਰਾਖ਼ਸ਼ਸਾਂ ਦੇ ਮੂੰਹ ਨੂੰ ਲੱਗਿਆ ਖ਼ੂਨ ਦਿਸਦਾ ਹੈ ਜਿਸ ਕਰ ਕੇ ਮੈਨੂੰ ਗੁੱਸਾ ਚੜ੍ਹਦਾ ਹੈ। ਮੇਰੇ ‘ਤੇ ਇਹ ਵੀ ਦੋਸ਼ ਲਗਦਾ ਹੈ ਕਿ ਲਾਲ ਰੰਗ ਦੇ ਕੱਪੜੇ ਪਹਿਨਣ ਵਾਲਿਆਂ ਨੂੰ ਮੈਂ ਨਿਸ਼ਾਨਾ ਬਣਾਉਂਦਾ ਹਾਂ, ਵਿਸ਼ੇਸ਼ ਕਰ ਕੇ ਲਾਲ ਰੰਗ ਦੀ ਸਾੜ੍ਹੀ ਪਹਿਨਣ ਵਾਲ਼ੀਆਂ ਬੀਬੀਆਂ। ਹਾਂ! ਇਹ ਗੱਲ ਠੀਕ ਹੈ। ਮੈਂ ਕਹਿਨਾ ਪਈ ਜਦ ਇਨ੍ਹਾਂ ਬੀਬੀਆਂ ਦੇ ਘਰੀਂ ਹੋਰ ਰੰਗਾਂ ਦੀਆਂ ਸਾੜ੍ਹੀਆਂ ਨਾਲ ਅਲਮਾਰੀਆਂ ਭਰੀਆਂ ਪਈਆਂ ਹਨ ਤਾਂ ਇਹ ਲਾਲ ਰੰਗ ਦੀ ਸਾੜ੍ਹੀ ਪਹਿਨ ਕੇ ਹੀ ਬਾਜ਼ਾਰ ‘ਚ ਕਿਉਂ ਫਿਰਦੀਆਂ ਹਨ, ਜਦ ਪਤਾ ਹੈ ਕਿ ਮੈਂ ਲਾਲ ਰੰਗ ਪਸੰਦ ਨਹੀਂ ਕਰਦਾ? ਲਾਲ ਰੰਗ ਪਹਿਨ ਕੇ ਇਹ ਕਿੱਟੀ ਪਾਰਟੀਆਂ, ਬਰਥਡੇਅ ਪਾਰਟੀਆਂ, ਵਿਆਹਾਂ ਸ਼ਾਦੀਆਂ ‘ਚ ਜਾਣ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਲਾਲ ਰੰਗ ਦੀਆਂ ਸਾੜ੍ਹੀਆਂ ਜਾਂ ਸੂਟ ਪਹਿਨ ਕੇ ਬਾਜ਼ਾਰਾਂ ‘ਚ ਸ਼ੋ-ਆਫ਼ ਕਰਨ। ਇਨ੍ਹਾਂ ਬੀਬੀਆਂ ਨੂੰ ‘ਆ ਬੈਲ ਮੁਝੇ ਮਾਰ’ ਦੀ ਕਹਾਵਤ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ।

ਇਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਮਾਈਆਂ ਤੋਂ ਸਿੱਖਿਆ ਲੈਣ ਜਿਹੜੀਆਂ ਚਿੱਟੀ ਸਾੜ੍ਹੀ ਪਹਿਨ ਕੇ ਤੇ ਮੱਥੇ ‘ਤੇ ਚੰਦਨ ਦਾ ਟਿੱਕਾ ਲਗਾ ਕੇ ਮੈਨੂੰ ਬੜੇ ਪ੍ਰੇਮ ਨਾਲ਼ ਆਟੇ ਦਾ ਪੇੜਾ ਛਕਾਉਂਦੀਆਂ ਹਨ। ਇਹ ਮਾਈਆਂ ਭਾਰਤੀ ਸੰਸਕ੍ਰਿਤੀ ਅਨੁਸਾਰ ਵੱਖਰੇ ਵੱਖਰੇ ਦਿਨਾਂ ਨੂੰ ਪਵਿੱਤਰ ਸਮਝਦੀਆਂ ਹਨ ਸੋ ਨਤੀਜੇ ਵਜੋਂ ਮੈਨੂੰ ਸੱਤੇ ਦਿਨ ਹੀ ਆਟੇ ਦੇ ਪੇੜੇ ਛਕਣ ਲਈ ਮਿਲਦੇ ਰਹਿੰਦੇ ਹਨ। ਹੁਣ ਦੱਸੋ ਜੇ ਮੈਂ ਕਾਤਲ ਹਾਂ ਤਾਂ ਇਹ ਮਾਈਆਂ ਮੈਨੂੰ ਆਟੇ ਦੇ ਪੇੜੇ ਕਿਉਂ ਛਕਾਉਂਦੀਆਂ ਹਨ? ਮੈਂ ਤਾਂ ਸਗੋਂ ਉਡੀਕ ਰਿਹਾ ਹਾਂ ਕਿ ਕਦੋਂ ਮੈਨੂੰ ਕੋਈ ਅਵਾਰਡ ਦਿਤਾ ਜਾਵੇਗਾ। ਮੇਰੀ ਹਾਲਤ ਵੀ ਟਰੰਪ ਵਰਗੀ ਹੋਈ ਪਈ ਹੈ, ਉਹ ਵਿਚਾਰਾ ਵੀ ਨੋਬਲ ਪੀਸ ਪਰਾਈਜ਼ ਉਡੀਕ ਰਿਹਾ ਹੈ। ਚਲੋ, ਮੈਂ ਨੋਬਲ ਪੀਸ ਪਰਾਈਜ਼ ਦੀ ਚਾਹਨਾ ਤਾਂ ਨਹੀਂ ਰੱਖਦਾ ਪਰ ਪਦਮ ਸ਼੍ਰੀ ਵਿਗੈਰਾ ‘ਤੇ ਤਾਂ ਮੇਰਾ ਹੱਕ ਹੈ ਕਿ ਨਹੀਂ?

ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਘੁੰਮਦੀ ਫਿਰਦੀ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਬਾਜ਼ਾਰ ‘ਚ ਮੈਂ ਇਕ ਲਾਲ ਰੰਗ ਦੀ ਕਾਰ ਸਿੰਙਾਂ ਨਾਲ ਚੁੱਕ ਕੇ ਉਲਟਾ ਦਿਤੀ। ਮੈਨੂੰ ਹੈਰਾਨੀ ਹੁੰਦੀ ਹੈ ਜਦ ਮੈਂ ਦੇਖਦਾ ਹਾਂ ਕਿ ਚਾਰੇ ਪਾਸੇ ਜਿਧਰ ਨਜ਼ਰ ਮਾਰੋ ਚਿੱਟੇ ਰੰਗ ਦੀਆਂ ਕਾਰਾਂ ਹੀ ਨਜ਼ਰ ਆਉਂਦੀਆਂ ਹਨ, ਫੇਰ ਲਾਲ ਰੰਗ ਦੀ ਕਾਰ ਕਿੱਥੋਂ ਆ ਗਈ? ਕੀ ਲਾਲ ਰੰਗ ਦੀ ਕਾਰ ਬਣਾਉਣ ਵਾਲਿਆਂ ਨੂੰ ਭਾਰਤ ਦੀ ਸੰਸਕ੍ਰਿਤੀ ਦਾ ਨਹੀਂ ਪਤਾ?  ਜੇ ਨਹੀਂ ਪਤਾ ਤਾਂ ਉਹ ਭਾਰਤੀ ਸੰਸਕ੍ਰਿਤੀ ਨੂੰ ਸਮਝਣ ਤੇ ਲਾਲ ਰੰਗ ਤੋਂ ਪ੍ਰਹੇਜ਼ ਕਰਨ ਨਹੀਂ ਤਾਂ ਮੈਂ ਇੰਜ ਹੀ ਕਾਰਾਂ ਪੁੱਠੀਆਂ ਕਰਦਾ ਰਹਾਂਗਾ। ਮੇਰਾ ਇਹ ਸੁਝਾਉ ਨਹੀਂ ਚੇਤਾਵਨੀ ਹੈ।

ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਵੀ ਬਹੁਤ ਹੁੰਦੀਆਂ ਹਨ। ਮੈਨੂੰ ਸ਼ਹਿਰ ਚੋਂ ਬਾਹਰ ਕੱਢਣ ਦੇ ਮਨਸੂਬੇ ਬਣਾਏ ਜਾਂਦੇ ਹਨ। ਪਰ ਜਿਊਂਦੀਆਂ ਰਹਿਣ ਉਹ ਜਥੇਬੰਦੀਆਂ ਜੋ ਮੈਨੂੰ ਬਚਾਉਣ ਲਈ ਧਾਰਮਿਕ ਭਾਵਨਾਵਾਂ ਉਭਾਰ ਕੇ ਮੇਰੇ ਲਈ ਜ਼ੈੱਡ ਸਕਿਉਰਿਟੀ ਦਾ ਕੰਮ ਕਰਦੀਆਂ ਹਨ।